ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਸ਼ੀਸ਼ੋ

ਸ਼ੀਸ਼ੋ

ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ ।
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ ।
ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ ।
ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ ।
ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ ।
ਉੱਡਣ ਮਾਰ ਉਡਾਰੀ ਬਗ਼ਲੇ, ਜੇ ਵਾਲਾਂ ਥੀਂ ਖੋਹਲੇ ।
ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ ।
ਡੁੱਬ ਮਰੀਵਣ ਸ਼ੌਂਹ ਥੀਂ ਤਾਰੇ ਮੁੱਖ ਦੇ ਵੇਖ ਤਤੋਲੇ ।

ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ!
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ – ਥੱਲੇ ਚਰਖੀ ਡਾਹੀ!
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ, ਚਾ ਚੰਦਨ ਦੀ ਬਾਹੀ!
ਪੂਣੀਆਂ ਈਕਣ ਕੱਢੇ ਬੁੰਬਲ, ਜਿਉਂ ਸਾਵਣ ਵਿੱਚ ਕਾਹੀ!
ਹੇਕ ਸਮੁੰਦਰੀ ਪੌਣਾਂ ਵਰਗੀ, ਕੋਇਲਾਂ ਦੇਣ ਨਾ ਡਾਹੀ!
ਰਗ ਜਿਵੇਂ ਕੇਸੂ ਦੀ ਮੰਜਰੀ, ਨੂਰੀ ਮੁੱਖ ਅਲਾਹੀ!
ਵਾਲ ਜਿਵੇਂ ਚਾਨਣ ਦੀਆਂ ਨਦੀਆਂ, ਰੇਸ਼ਮ ਦੇਣ ਗਵਾਹੀ!
ਨੈਣ ਕੁੜੀ ਦੇ ਨੀਲੇ ਜੀਕਣ, ਫੁੱਲ ਅਲਸੀ ਦੇ ਆਹੀ!

ਚੰਨ ਤੀਜ ਦਾ ਵੇਖ ਰਿਹਾ ਸੀ, ਸ਼ੀਸ਼ੋ ਨਦੀਏ ਨ੍ਹਾਉਂਦੀ!
ਭਰ ਭਰ ਚੁੱਲੀਆਂ ਧੋਂਦੀ ਮੁੱਖੜਾ, ਸਤਿਗੁਰ ਨਾਮ ਧਿਆਉਂਦੀ!
ਅਕਸ ਪਿਆ ਵਿੱਚ ਨਿੱਤਰੇ ਪਾਣੀ, ਆਪ ਵੇਖ ਸ਼ਰਮਾਉਂਦੀ!
ਸੜ ਸੜ ਜਾਂਦੇ ਨਾਜ਼ੁਕ ਪੋਟੇ, ਜਿਸ ਹੱਥ ਅੰਗ ਛੁਹਾਂਉਂਦੀ ।
ਸੁੱਤੇ ਵੇਖ ਨਦੀ ਵਿੱਚ ਚਾਨਣ, ਰੂਹ ਉਹਦੀ ਕੁਰਲਾਉਂਦੀ!
ਮਾਰ ਉਡਾਰੀ ਲੰਮੀ ਸਾਰੀ, ਅਰਸ਼ੀਂ ਉੱਡਣਾ ਚਾਹੁੰਦੀ!
ਮਹਿਕਾਂ ਵਰਗਾ ਸੁਪਨਾ ਉਣਦੀ, ਝੂਮ ਗਲ ਵਿੱਚ ਪਾਉਂਦੀ!
ਸੁਪਨੇ ਪੈਰੀਂ ਝਾਂਜਰ ਪਾ ਕੇ, ਤੌੜੀ ਮਾਰ ਉਡਾਉਂਦੀ।

ਚੰਨ ਚੌਥ ਦਾ ਵੇਖ ਰਿਹਾ ਸੀ, ਖੜਿਆ ਵਾਂਗ ਡਰਾਵੇ!
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿੱਚ ਉੱਗਿਆ ਨਜ਼ਰੀਂ ਆਵੇ!
ਤੋੜ ਉਫ਼ਕ ਤੱਕ ਝੂਮ ਰਹੇ ਸਨ, ਟਾਂਡੇ ਸਾਵੇ ਸਾਵੇ!
ਹਰ ਸੂ ਨੱਚੇ ਫਸਲ ਸਿਊਲਾਂ, ਲੈ ਵਿੱਚ ਧਰਤ ਕਲਾਵੇ!
ਸ਼ੀਸ਼ੋ ਦਾ ਪਿਉ ਡਰਦਾ ਕਿਧਰੇ ਮਾਲਕ ਨਾ ਆ ਜਾਵੇ!
ਪਲ ਪਲ ਮਗਰੋਂ ਮਾਰੇ ਚਾਂਗਰ ਬੈਠੇ ਖੜਕ ਉਡਾਵੇ!
ਰਾਤ ਦਿਨੇ ਦੀ ਰਾਖੀ ਬਦਲੇ ਟੁੱਕਰ ਚਾਰ ਕਮਾਵੇ!
ਅੱਧੀ ਰਾਤੀ ਹੋਈ ਪਰ ਜਾਗੇ ਡਰ ਰੋਜ਼ੀ ਦਾ ਖਾਵੇ!

ਪੰਚਮ ਦਾ ਚੰਨ ਵੇਖ ਰਿਹਾ ਸੀ ਆਥਣ ਵੇਲਾ ਹੋਇਆ!
ਗਗਨਾਂ ਦੇ ਵਿੱਚ ਕੋਈ ਕੋਈ ਤਾਰਾ ਜਾਪੇ ਮੋਇਆ ਮੋਇਆ!
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ ਜਿਉਂ ਕਣਕਾਂ ਵਿੱਚ ਕੋਇਆ!
ਟੋਰ ਉਹਦੀ ਜਿਉਂ ਹੋਵੇ ਨਵੇਰਾ, ਬਲ਼ਦ ਭਰਾਨੇ ਜੋਇਆ!
ਨੈਣ ਉਹਦੇ ਬਰਸਾਤੀ ਪਾਣੀ – ਦਾ ਜਿਉਂ ਹੋਵੇ ਟੋਇਆ!
ਵਾਲ ਜਿਵੇਂ ਕੋਈ ਦੂਧੀ ਬੱਦਲ ਸਰੂਆਂ ਉਹਲੇ ਹੋਇਆ!
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ ਚੰਨ ਬੜਾ ਹੀ ਰੋਇਆ!

ਚੰਨ ਛਟੀ ਦਾ ਵੇਖ ਰਿਹਾ ਸੀ ਸ਼ੀਸ਼ੋ ਢਾਕੇ ਚਾਈ!
ਘੜਾ ਗੁਲਾਬੀ ਗਲ ਗਲ ਭਰਿਆ ਲੈ ਖੂਹੇ ਤੋਂ ਆਈ!
ਖੜਿਆ ਵੇਖ ਬੀਹੀ ਵਿੱਚ ਮਾਲਕ – ਖੇਤਾਂ ਦਾ ਸ਼ਰਮਾਈ!
ਡਰੀ ਡਰਾਈ ਤੇ ਘਬਰਾਈ ਲੰਘ ਗਈ ਊਂਧੀ ਪਾਈ!
ਮਟਕ-ਚਾਨਣੇ ਵਾਕਣ ਉਸਦੀ ਜਾਨ ਲਬਾਂ ਤੇ ਆਈ!
ਲੋ ਲਗਦੀ ਉਹਦੀ ਰੂਹ ਥੀਂ ਜਾਪੇ ਲੱਭੇ ਕਿਰਨ ਨਾ ਕਾਈ!
ਜਿਸ ਪਲ ਪੁੱਟਿਆ ਪੈਰ ਘਰੇ ਥੀਂ ਉਸ ਪਲ ਥੀਂ ਪਛਤਾਈ!
ਸਾਰੀ ਰੈਣ ਨਿਮਾਣੀ ਸ਼ੀਸ਼ੋ ਪਾਸੇ ਪਰਤ ਵਿਹਾਈ!

ਸੱਤਵੀਂ ਦਾ ਚੰਨ ਵੇਖ ਰਿਹਾ ਸੀ, ਚੁਪ ਚਪੀਤੇ ਖੜਿਆ!
ਪਿੰਡ ਦਾ ਮਾਲਕ ਚੂਰ ਨਸ਼ੇ ਵਿੱਚ ਵੇਖ ਬੜਾ ਹੀ ਡਰਿਆ!
ਇੱਕ ਹੱਥ ਸਾਂਭ ਬੱਕੀ ਦੀਆਂ ਵਾਗਾਂ, ਇੱਕ ਹੱਥ ਹੱਨੇ ਧਰਿਆ!
ਕੰਨੀਂ ਉਸਦੇ ਨੱਤੀਆਂ ਲਿਸ਼ਕਣ ਮੁੱਖ ਤੇ ਸੂਰਜ ਚੜ੍ਹਿਆ!
ਉਮਰੋਂ ਅੱਧਖੜ ਰੰਗ ਪਿਆਜ਼ੀ, ਸਿਰ ਤੇ ਸਾਫਾ ਹਰਿਆ!
ਅੱਡੀ ਮਾਰ ਬੱਕੀ ਦੀ ਕੁੱਖੇ ਜਾ ਖੇਤਾਂ ਵਿੱਚ ਵੜਿਆ!
ਸ਼ੀਸ਼ੋ ਦਾ ਪਿਉ ਮਾਲਕ ਸਾਹਵੇਂ ਊਂਧੀ ਪਾਈ ਖੜਿਆ!
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ ਹਾਰ ਤਲ਼ੀ ਤੇ ਧਰਿਆ!

ਚੰਨ ਅਸ਼ਟਮੀ ਦੇ ਨੇ ਤੱਕਿਆ, ਸ਼ੀਸ਼ੋ ਭੌਂ ਤੇ ਲੇਟੀ
ਚਿੱਟੀ ਦੁੱਧ ਮਰਮਰੀ ਚਿੱਪਰ ਚਾਨ੍ਹਣ ਵਿੱਚ ਵਲ੍ਹੇਟੀ!
ਸਾਹਵਾਂ ਦੇ ਵਿੱਚ ਵਿਲ੍ਹੇ ਕਥੂਰੀ ਦੂਰੋਂ ਆਣ ਉਚੇਚੀ!
ਸੂੱਤੀ ਘੂਕ ਲਵੇ ਪਈ ਸੁਫ਼ਨੇ ਚੰਨ ਰਿਸ਼ਮਾਂ ਦੀ ਬੇਟੀ!
ਸੁਫ਼ਨੇ ਦੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ!
ਡਿੱਠਾ ਕੁੱਲ ਗ੍ਰਾਂ ਉਸ ਸੜਦਾ ਸੁੱਕੀ ਸਾਰੀ ਖੇਤੀ!
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ ਕੱਫ਼ਨ ਬਦਲੇ ਵੇਚੀ!
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ ਝੱਬਦੀ ਉੱਠ ਖਲੋਤੀ!

ਨੌਵੀਂ ਦਾ ਚੰਨ ਵੇਖ ਰਿਹਾ ਸੀ ਸ਼ੀਸ਼ੋ ਤੇ ਇੱਕ ਸਾਇਆ!
ਸ਼ੀਸ਼ੋ ਸੰਗ ਟੁਰੀਂਦਾ – ਅੱਧੀ ਰਾਤ ਨਦੀ ਤੇ ਆਇਆ!
ਨਦੀਏ ਗਲ਼ ਗਲ਼ ਚਾਨਣ ਵਗਦਾ ਹੜ੍ਹ ਚਾਨਣ ਦਾ ਆਇਆ!
ਚੀਰ ਨਦੀ ਦੇ ਚਾਨਣ ਲੰਙ ਗਏ ਸ਼ੀਸ਼ੋ ‘ਤੇ ਉਹ ਸਾਇਆ!
ਬਾਂ ਬਾਂ ਕਰਦਾ ਸੰਙਣਾ ਬੇਲਾ, ਵਿੱਚ ਕਿਸੇ ਮਹਿਲ ਪੁਵਾਇਆ।
ਸ਼ੀਸ਼ੋ ਪੈਰ ਜਾ ਧਰਿਆ ਮਹਿਲੀਂ, ਕੁੱਲ ਬੇਲਾ ਕੁਰਲਾਇਆ!
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ ਪਰ ਕੁਝ ਨਜ਼ਰ ਨਾ ਆਇਆ!
ਸਾਰੀ ਰਾਤ ਰਿਹਾ ਚੰਨ ਰੋਂਦਾ ਭੁੱਖਾ ਤੇ ਤਿਰਹਾਇਆ!

ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ, ਵੱਗ ਬੱਦਲਾਂ ਦੇ ਚਾਰੇ!
ਰੁਕ ਰੁਕ ਝੱਲਾ ਪਾਈ ਜਾਵੇ, ਮਗਰੀ ਦੇ ਵਿੱਚ ਤਾਰੇ!
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ, ਮੁਸ਼ਕੀ ਵਾਲ ਖਿਲਾਰੇ!
ਲੈ ਲੈ ਜਾਣ ਸੁਨੇਹੇ ਉਸਦੇ, ਪੌਣਾ ਦੇ ਹਰਕਾਰੇ!
ਚੰਨ ਵਿਚਾਰਾ ਮਹਿਲਾਂ ਵੱਲੇ ਡਰਦਾ ਝਾਤ ਨਾ ਮਾਰੇ!
ਮਹਿਲੀਂ ਬੈਠੇ ਪੀਵਣ ਮਦਰਾ ਮਾਲਕ ਨਾਲ ਮੁਜ਼ਾਰੇ!
ਵਾਂਗ ਪੂਣੀਆਂ ਹੋਏ ਬੱਗੇ ਸ਼ੀਸ਼ੋ ਦੇ ਰੁਖਸਾਰੇ!
ਹਾਸੇ ਦਾ ਫੁੱਲ ਰਿਹਾ ਨਾ ਕਾਈ ਹੋਠਾਂ ਦੀ ਕਚਨਾਰੇ!

ਚੰਨ ਇਕਾਦਸ਼ ਦੇ ਨੇ ਤੱਕਿਆ, ਸ਼ੀਸ਼ੋ ਵਾਂਗ ਸ਼ੁਦੈਣਾਂ!
ਨੰਗੀ ਅਲਫ਼ ਫਿਰੇ ਵਿੱਚ ਮਹਿਲਾਂ, ਜਿਵੇਂ ਸੁਣੀਵਣ ਡੈਣਾਂ!
ਮੁੱਖ ‘ਤੇ ਹਲਦੀ ਦਾ ਲੇ ਚੜ੍ਹਿਆ, ਅੱਗ ਬਲੇ ਵਿੱਚ ਨੈਣਾਂ!
ਪੁੱਟੇ ਪੈਰ ਤਾਂ ਠੇਡਾ ਲੱਗੇ, ਔਖਾ ਦਿੱਸੇ ਬਹਿਣਾ!
ਥੰਮੀਆਂ ਪਕੜ ਖਲੋਵੇ ਚੰਦਰੀ ਆਇਆ ਵਕਤ ਕੁਲਹਿਣਾ!
ਮਾਂ ਮਾਂ ਕਰਦੀ ਮਾਰੇ ਡਾਡਾਂ ਸਬਕ ਰਟੇ ਜਿਉਂ ਮੈਨਾ
ਔਖਾ ਜੀਕਣ ਹੋਏ ਪਛਾਨਣ ਸੂਰਜ ਚੜ੍ਹੇ ਟਟਹਿਣਾ!
ਸੋਈਓ ਹਾਲ ਹੋਇਆ ਸ਼ੀਸ਼ੋ ਦਾ – ਸੂਰਤ ਦਾ ਕੀਹ ਕਹਿਣਾ!

ਚੰਨ ਦੁਆਦਸ਼ ਦੇ ਨੇ ਤੱਕਿਆ ਸ਼ੀਸ਼ੋ ਮਹਿਲੀਂ ਸੁੱਤੀ!
ਦਿਸੇ ਵਾਂਗ ਚਰੀ ਦੇ ਟਾਂਡੇ ਸਵਾ ਮਸਾਤਰ ਉੱਚੀ!
ਪੀਲੀ-ਭੂਕ ਹੋਈ ਵੱਤ ਪੋਹਲੀ ਨੀਮ ਜੋਗੀਆ ਗੁੱਟੀ!
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ ਤੋੜ ਤਨਾਵੋਂ ਟੁੱਟੀ!
ਕਏ ਹਟਕੋਰੇ, ਜਾਪੇ ਜੀਕਣ ਜਿਉਂ ਮੁੱਕੀ ਬਸ ਮੁੱਕੀ!
ਲੰਮੀ ਪਈ ਕਰੀਚੇ ਦੰਦੀਆਂ ਲੁੜਛੇ ਹੋ ਹੋ ਪੁੱਠੀ!
ਢਾਈਂ ਮਾਰ ਕੁਰਲਾਏ ਸ਼ੀਸ਼ੋ, ਜਿਉਂ ਢਾਬੀਂ ਤਰਮੁੱਚੀ!
ਪਰ ਚੰਨ ਬਾਝੋਂ ਕਿਸੇ ਨਾ ਵੇਖੀ ਉਹ ਹੱਡਾਂ ਦੀ ਮੁੱਠੀ!

ਚੰਨ ਤਿਰਦੌਸ ਦੇ ਨੇ ਤੱਕਿਆ ਹੋ ਮਹਿਲਾਂ ਦੇ ਨੇੜੇ!
ਪਾਣੀ ਪਾਣੀ ਕਰਦੀ ਸ਼ੀਸ਼ੋ ਜੀਭ ਲਬਾਂ ਤੇ ਫੇਰੇ!
ਸ਼ੀਸ਼ੋ ਪਲੰਘੇ ਲੇਟੀ ਹੂੰਘੇ ਪੀਲੇ ਹੋਠ ਤ੍ਰੇੜੇ!
ਪਲ ਪਲ ਮਗਰੋਂ ਨੀਮ ਗਸ਼ੀ ਵਿੱਚ ਰੱਤੇ ਨੈਣ ਉਗੇੜੇ!
ਹੂ-ਹੂ ਕਰਦੀ ਬਿੱਲ-ਬਤੌਰੀ; ਬੋਲੇ ਬੈਠ ਬਨੇਰੇ!
ਦੂਰ ਗ਼ਰਾਂ ਦੀ ਜੂਹ ਵਿੱਚ ਰੋਵਣ ਕੁੱਤੇ ਚਾਰ-ਚੁਫੇਰੇ!
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ, ਵਿੱਚ ਫੱਕਰਾਂ ਦੇ ਡੇਰੇ!
ਚਾਨਣ ਲਿੱਪੇ ਵਿਹੜੇ ਦੇ ਵਿੱਚ ਬੀ ਹੰਝੂਆਂ ਦੇ ਕੇਰੇ।

ਚੰਨ ਚੌਧਵੀਂ ਦੇ ਨੇ ਤੱਕਿਆ, ਮਹਿਲਾਂ ਦੇ ਵਿੱਚ ਗੱਭੇ!
ਨੀਲੇ ਨੈਣਾਂ ਵਾਲੀ ਸ਼ੀਸ਼ੋ ਭੁੰਜੇ ਲਾਹੀ ਲੱਗੇ!
ਸ਼ੀਸ਼ੋ ਦੇ ਸਰਹਾਣੇ ਦੀਵਾ ਆਟੇ ਦਾ ਇੱਕ ਜਗੇ!
ਲੱਗੇ ਅੱਧ-ਕੁਆਰੀ ਸ਼ੀਸ਼ੋ, ਜਿਉਂ ਮਰ-ਜਾਸੀ ਅੱਜੇ!
ਸ਼ਾਲਾ ਓਸ ਗਰਾਂ ਦੇ ਸੱਭੇ ਹੋ ਜਾਣ ਬੁਰਦ ਮੁਰੱਬੇ!
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ ਜੂਹਾਂ ਸਣੇ ਸਿਹੱਦੇ!
ਸੜ ਜਾਏ ਫਸਲ ਸਵੇ ਤੇ ਆਈ ਬੋਹਲ ਪਿੜਾਂ ਵਿੱਚ ਲੱਗੇ!
ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ, ਮੱਢਲ ਮਹਿੰਗੀ ਲੱਭੇ!

ਪੁੰਨਿਆਂ ਦਾ ਚੰਨ ਵੇਖ ਰਿਹਾ ਸੀ, ਚਾਨਣ ਆਏ ਮਕਾਣੇ!
ਪੌਣਾਂ ਦੇ ਗਲ਼ ਲੱਗ ਲੱਗ ਰੋਵਣ ਸ਼ੀਸ਼ੋ ਨੂੰ ਮਰਜਾਣੇ!
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ, ਲੋਗੜ ਵਾਂਗ ਪੁਰਾਣੇ!
ਉੱਠਦਾ ਧੂਆਂ ਬੁੱਲ੍ਹੀਆਂ ਟੇਰੇ, ਵਾਕਣ ਬਾਲ ਅੰਞਾਣੇ!
ਰੋਂਦੇ ਰਹੇ ਸਿਤਾਰੇ ਅੰਬਰੀਂ, ਫੂਹੜੀ ਪਾ ਨਿਮਾਣੇ।
ਸਾਰੀ ਰਾਤ ਰਿਹਾ ਚੰਨ ਬੈਠਾ ਸ਼ੀਸ਼ੋ ਦੇ ਸਿਰਹਾਣੇ!
ਸ਼ਾਲਾ ਬਾਂਝ ਮਰੀਵਣ ਮਾਪੇ, ਢਿੱਡੋਂ ਭੁੱਖੇ ਭਾਣੇ!
ਉਸ ਘਰ ਜੰਮੇ ਨਾ ਕਾਈ ਸ਼ੀਸ਼ੋ ਜਿਸ ਘਰ ਹੋਣ ਨਾ ਦਾਣੇ!

About SgS Sandhu

Profile photo of SgS Sandhu
To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar