ਜੀ ਆਇਆਂ ਨੂੰ
You are here: Home >> Culture ਸੱਭਿਆਚਾਰ

Culture ਸੱਭਿਆਚਾਰ

ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਤੇ ਵਿਉਂਤਣ ਲਈ ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਸੰਭਾਵਨਾਵਾਂ ਨੂੰ ਪ੍ਰਫੁਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ਹੁੰਦਾ ਹੈ। ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਪਦਾਰਥਿਕ, ਕੁਦਰਤੀ ਅਤੇ ਮੌਸਮੀ ਪਰਿਸਥਿਤੀਆਂ ਮੁਤਾਬਕ ਲੋਕ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਪੱਖ ਤੋਂ ਲੈ ਕੇ ਵੱਡੇ ਤੋਂ ਵੱਡੇ ਮਨੋਰਥ ਲਈ ਬੜਾ ਵੰਨ-ਸੁਵੰਨਾ ਸੱਭਿਆਚਾਰਿਕ ਪ੍ਰਬੰਧ ਉਸਾਰਦੇ ਆਏ ਹਨ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਪਦਾਰਥਿਕ, ਰਾਜਸੀ ਅਤੇ ਹੋਰ ਬਦਲਾਵ ਇਸ ਵਿੱਚ ਤਬਦੀਲੀ ਲਿਆਉਂਦੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਦਾ ਅਸਲ ਸਰੂਪ ਵੀ ਇਸ ਗਤੀਸ਼ਿਲਤਾ ਵਿੱਚੋਂ ਪਛਾਣਨ ਦੀ ਲੋੜ ਹੈ। ਬਹੁਤੀ ਵਾਰ ਅਸੀਂ ਅਗਿਆਨਤਾ ਵੱਸ ਪ੍ਰਾਚੀਨਤਾ ਨੂੰ ਹੀ ਸੱਭਿਆਚਾਰ ਮੰਨਣ-ਮਨਾਉਣ ਦਾ ਯਤਨ ਕਰਦੇ ਹਾਂ। ਵਾਸਤਵ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ, ਵਡੇਰੀ ਅਤੇ ਸੂਝ ਭਰੀ ਸ਼ਖ਼ਸੀਅਤ ਸਿਰਜਣ ਲਈ ਮਨੁੱਖਾਂ ਵੱਲੋਂ ਉਸਾਰਿਆ ਗਿਆ ਇੱਕ ਸਾਂਝਾ ਪ੍ਰਬੰਧ ਹੈ। ਇਸੇ ਲੋੜ ਹਿਤ ਘਰ, ਪਰਿਵਾਰ, ਭਾਈਚਾਰਾ, ਰਿਸ਼ਤਾ – ਨਾਤਾ ਪ੍ਰਬੰਧ, ਵਿਆਹ – ਪ੍ਰਬੰਧ, ਰੀਤੀ – ਰਿਵਾਜ, ਵਿਸ਼ਵਾਸ, ਕੀਮਤਾਂ, ਪ੍ਰਤਿਮਾਨ, ਕਲਾਵਾਂ, ਪਹਿਰਾਵਾ, ਹਾਰ-ਸ਼ਿੰਗਾਰ, ਲੋਕਧਾਰਾ ਅਤੇ ਅਜਿਹੀਆਂ ਹੋਰ ਵੰਨਗੀਆਂ ਦੀ ਸਿਰਜਣਾ ਹੁੰਦੀ ਆਈ ਹੈ। ਇਹ ਸਭ ਸਿਰਜਣਾਵਾਂ ਮਨੁੱਖ ਨੂੰ ਪਸੂਪੂਣੇ ਤੋਂ ਉੱਪਰ ਉਠਾ ਕੇ ਉਸਾਰੂ ਅਤੇ ਸੁਚਾਰੂ ਮਨੁੱਖ ਬਣਨ-ਬਣਾਉਣ ਲਈ ਸਿਰਜੇ ਗਏ ਵਸੀਲੇ ਹਨ।

ਪੰਜਾਬੀ ਸੱਭਿਆਚਾਰ: ਇਤਿਹਾਸਕ ਪਿਛੋਕੜ

ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਪਰ ਇਸ ਨੂੰ ਸੰਪੂਰਨ ਸੱਭਿਆਚਾਰਿਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਬਾਹਰ ਵੀ ਹਨ। ਵਾਸਤਵ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਿਕ ਅਤੇ ਮਨੋਬਣਤਰ ਦਾ ਸੂਚਕ ਹੈ।ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ-ਪੱਛਮੀ ਰਸਤਿਉਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਕਰਕੇ ਪੰਜਾਬ ਵਿੱਚ ਯੁਧਾਂ, ਮਾਰ-ਧਾੜਾਂ ਅਤੇ ਪਰਸਪਰ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਹਨ। ਇਹ ਅਸਲ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਨਾਲੋਂ ਮੂਲੋਂ ਵੱਖਰੇ ਹਨ। ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ-ਅਨੁਕੂਲ ਸਹਿੰਦਾ ਗਰਮ ਤੇ ਤਰ ਜਲਵਾਯੂ ਅਤੇ ਹਿਮਾਲਾ ਪਰਬਤ ਤੋਂ ਵਹਿੰਦੇ ਦਰਿਆਵਾਂ ਦੀ ਕੁਦਰਤੀ ਨਿਆਮਤ ਨੇ ਇਸ ਹੁਸੀਨ ਜ਼ਮੀਨ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਮਨੁੱਖੀ ਵੱਸੋਂ ਲਈ ਬਹੁਤ ਅਨੁਕੂਲ ਬਣਾਈ ਰਖਿਆ ਹੈ। ਪ੍ਰਾਣੀ-ਜੀਵਨ ਦੀਆਂ ਮੂਲ ਲੋੜਾਂ ਸਹਿਜੇ ਹੀ ਪ੍ਰਾਪਤ ਹੋ ਜਾਣ ਕਾਰਨ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਉਥਲ-ਪੁਥਲ ਅਤੇ ਤਬਾਹੀ ਦੇ ਬਾਵਜੂਦ ਇਹ ਖਿੱਤਾ ਅਬਾਦ ਰਿਹਾ ਹੈ। ਇਸੇ ਕਰਕੇ ਹੀ ਸੱਭਿਆਚਾਰ ਵਿਗਿਆਨੀ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਹੋਣ ਦਾ ਮਾਣ ਦਿੰਦੇ ਹਨ।
ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਹਨ, ਜੋ ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸ਼ਹਿਰੀ ਸੱਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ-ਘਰਾਂ ਆਦਿ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਿਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ।

ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ (ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ) ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਅਤੇ ਮਹਾਨਤਾ ਦਾ ਉੱਤਮ ਨਮੂਨਾ ਹਨ। ਉਪਨਿਸ਼ਦ ਗਿਆਨ-ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ-ਵਿਆਕਰਨ ਸੰਬੰਧੀ ਪਾਣਨੀ ਦੀ ਜਗਤ-ਪ੍ਰਸਿੱਧ ਰਚਨਾ ‘ਅਸ਼ਟਾਧਿਆਇ’ ਵੀ ਇਸੇ ਧਰਤੀ ਤੇ ਲਿਖੀ ਗਈ। ਇਸੇ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ-ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ।

ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਅਥਵਾ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ ਬਿਨ ਕਾਸਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਸੂਫ਼ੀਮਤ ਨੇ ਕੱਟੜ ਬ੍ਰਾਹਮਣੀ ਵਿਵਸਥਾ ਤੋਂ ਦੁਖੀ ਲੋਕਾਂ ਨੂੰ ਰਾਹਤ ਦਿਵਾਈ। ਪੰਜਾਬੀ ਖਾਣ-ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਲ ਹੈ।

ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ

ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖ਼ੂਬੀ ਹੈ। ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।

ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।

ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। ‘ਖਾਧਾ ਪੀਤਾ ਲਾਹੇ ਦਾ’ ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ।

ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।

ਸੱਭਿਆਚਾਰ ਰੂਪਾਂਤਰਨ

ਆਰਥਕ, ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ-ਅਸਿੱਧੇ ਢੰਗ ਨਾਲ ਬਦਲਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ। ਇਹਨਾਂ ਤਬਦੀਲੀਆਂ ਨੇ ਨਾ ਸਿਰਫ਼ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਹੈ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ। ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ, ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ। ਸਗੋਂ ਹੁਣ ਸੁਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨੀਆ ਨਾਲ ਇਸ ਤਰ੍ਹਾਂ ਜੋੜ ਰਹੇ ਹਨ ਕਿ ਨਾ ਕੇਵਲ ਮਨ ਉੱਤੇ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਹਨ।
ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ-ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਵਿੱਚ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇਗਾ।

ਪੰਜਾਬੀ ਸੱਭਿਆਚਾਰ ਦੇ ਕੁਝ ਅੰਸ਼

** ਘੋੜੀਆਂ

ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਲੋਕ-ਗੀਤ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖ਼ਾਨਦਾਨ ਦੀ ਵਡਿਆਈ ਤੇ ਵਿਆਹ ਦੇ ਰੂਪ ਵਿੱਚ ਇਸ ਖ਼ਾਨਦਾਨ ਦੇ ਜਲੌ ਦਾ ਵਰਨਣ ਹੁੰਦਾ ਹੈ। ਮੁੰਡੇ ਨਾਲ ਉਸ ਦੇ ਮਾਪਿਆਂ ਤੇ ਸਾਕ-ਸੰਬੰਧਿਆਂ ਦੇ ਲੰਮੇ ਮੋਹ ਦਾ ਰਿਸ਼ਤਾ ਤੇ ਲੁਟਾਇਆ ਜਾਂਦਾ ਲਾਡ-ਪਿਆਰ ਦੱਸਿਆ ਹੁੰਦਾ ਹੈ ਅਤੇ ਉਸ ਦੇ ਭਵਿੱਖ ਬਾਰੇ ਸ਼ੁਭ-ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ।

ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾਂ ਵਾਲਾ ਦੱਸਿਆ ਜਾਂਦਾ ਹੈ। ਉਸ ਦੇ ਜਨਮ ਤੇ ਸਾਰਿਆਂ ਵੱਲੋਂ ਕਿਵੇਂ ਖ਼ੁਸ਼ੀਆਂ ਮਨਾਈਆਂ ਗਈਆਂ, ਕਿਵੇਂ ਤੋਹਫ਼ੇ ਵੰਡੇ ਗਏ ਆਦਿ ਦਾ ਵਰਨਣ ਘੁੜੀਆਂ ਵਿੱਚ ਆਮ ਮਿਲਦਾ ਹੈ। ਮੁੰਡੇ ਦੇ ਪਰਿਵਾਰ ਦੀ ਆਰਥਿਕ ਖ਼ੁਸ਼ਹਾਲੀ ਅਤੇ ਉੱਚੇ ਸਮਾਜਿਕ ਰੁਤਬੇ ਦੀ ਵਡਿਆਈ ਵੀ ਕੀਤੀ ਜਾਂਦੀ ਹੈ। ਘੋੜੀ ਚੜ੍ਹਨ ਵੇਲੇ ਦੀ ਸ਼ਾਨ ਨੂੰ ਭਿੰਨ-ਭਿੰਨ ਤਰੀਕਿਆਂ ਨਾਲ ਬਿਆਨਿਆ ਹੁੰਦਾ ਹੈ। ਮੁੰਡੇ ਦੇ ਵਸਤਰ, ਉਸ ਦਾ ਸਿਹਰਾ, ਇੱਥੋਂ ਤੱਕ ਕਿ ਉਸ ਦੀ ਜੁੱਤੀ ਦੀ ਮਹਿਮਾ ਵੀ ਰੱਜ ਕੇ ਕੀਤੀ ਜਾਂਦੀ ਹੈ। ਉਸ ਦੇ ਸਹੁਰੇ ਘਰ ਨੂੰ ਵੀ ਉੱਚਾ ਦੱਸਿਆ ਜਾਂਦਾ ਹੈ। ਜਿਸ ਕਰਕੇ ਮੁੰਡਾ ਅਤੇ ਉਸ ਦੇ ਪਰਿਵਾਰ ਵਾਲੇ ਉਚੇਰੇ ਜਾਪਦੇ ਹਨ। ਵਿਆਹ ਕੇ ਲਿਆਂਦੀ ਜਾਣ ਵਾਲੀ ਕੁੜੀ ਦੀ ਸੁੰਦਰਤਾ ਤੇ ਉਸ ਦੇ ਗੁਣਾਂ ਦੀ ਵੀ ਤਾਰੀਫ਼ ਕੀਤੀ ਜਾਂਦੀ ਹੈ। ਘੋੜੀਆਂ ਵਿੱਚ ਹੋਰ ਨਿੱਕੇ-ਨਿੱਕੇ ਵੇਰਵੇ ਉਦਾਹਰਨ ਵਜੋਂ ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਆਦਿ ਦੇ ਵੇਰਵੇ ਹੁੰਦੇ ਹਨ। ਸੁਹਾਗ ਵਾਂਗ ਘੋੜੀਆਂ ਵਿੱਚ ਵੀ ਸਾਰੀਆਂ ਰਿਸ਼ਤੇਦਾਰੀਆਂ ਦੇ ਪ੍ਰਸੰਗ ਵਿੱਚ ਘੋੜੀ ਚੜ੍ਹਨ ਦੀ ਰਸਮ ਦਾ ਵਰਨਣ ਹੁੰਦਾ ਹੈ।
ਘੋੜੀਆਂ ਨੂੰ ਵੀ ਇਸਤਰੀਆਂ ਰਲ ਕੇ ਗਾਉਂਦੀਆਂ ਹਨ ਅਤੇ ਗਾਏ ਜਾਣ ਦੀ ਲੋੜ ਮੁਤਾਬਕ ਇਹਨਾਂ ਵਿੱਚੋਂ ਸ਼ਬਦਾਂ ਅਤੇ ਵਾਕੰਸ਼ਾਂ ਵਿੱਚ ਵਾਧੇ ਘਾਟੇ ਹੁੰਦੇ ਰਹਿੰਦੇ ਹਨ। ਬਾਕੀ ਲੋਕ-ਗੀਤਾਂ ਵਾਂਗ ਘੋੜੀਆਂ ਵੀ ਹਰ ਖਿੱਤੇ ਦੀ ਆਪਣੀ ਬੋਲੀ ਵਿੱਚ ਹੁੰਦੀਆਂ ਹਨ। ਸੁਹਾਗ ਵਾਂਗ ਘੋੜੀਆਂ ਵੀ ਭਾਗ ਅਤੇ ਬਣਤਰ ਪੱਖੋਂ ਸਰਲ ਹਨ। ਦੁਹਰਾ, ਪ੍ਰਕਿਰਤਿਕ ਛੋਹਾਂ, ਲੈਅ, ਰਵਾਨੀ ਆਦਿ ਘੋੜੀਆਂ ਦੇ ਹੋਰ ਲੱਛਣ ਹਨ।

** ਸੁਹਾਗ

ਵਿਆਹ ਦੇ ਦਿਨਾਂ ਵਿੱਚ ਕੁੜੀ ਦਾ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ-ਗੀਤ ‘ਸੁਹਾਗ’ ਅਖਵਾਉਂਦੇ ਹਨ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਅਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਿਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਆਦਿ ਦੇ ਪ੍ਰਗਟਾ ਦਾ ਮਾਧਿਅਮ ਬਣਦੇ ਹਨ। ਇਹਨਾ ਲੋਕ-ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਪਰਿਵਾਰ ਦੇ ਜੀਆਂ ਨਾਲ਼ ਵਿਭਿੰਨ ਰਿਸ਼ਤੇ ਅਤੇ ਫਿਰ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਬਾਰ-ਬਾਰ ਆਏ ਹਨ। ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿਤੇ ਨਿੱਘ ਹੈ, ਕਿਤੇ ਤਣਾਉ ਹੈ।ਇਹਨਾਂ ਵਿੱਚ ਹੀ ਸਮਾਜਿਕ ਅਤੇ ਆਰਥਿਕ ਪੱਖ ਸਿਧੇ ਜਾਂ ਅਸਿੱਧੇ ਢੰਗ ਨਾਲ਼ ਅਸਰਦਾਰ ਹੁੰਦੇ ਦਿਸਦੇ ਹਨ।

ਵਿਆਹ ਵਿਆਤਕੀ ਦੀ ਸਮਾਜਿਕ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਹੈ। ਕੁੜੀ ਲਈ ਵਿਆਹ ਲਾਡਾਂ-ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਨਿਕਲ ਕੇ ਸਹੁਰੇ ਘਰ ਦੇ ਅਣਦੇਖੇ ਨਵੇਂ ਸੰਸਾਰ ਵਿੱਚ ਪ੍ਰਵੇਸ਼ ਕਰਨ ਦੀ ਰੀਤ ਦਾ ਨਾਂ ਹੈ। ਪੇਕੇ ਘਰ ਦੀ ਸੁਰੱਖਿਆ ਦੇ ਮੁਕਾਵਲੇ ਨਵੇਂ ਸਹੁਰੇ ਘਰ ਦਾ ਓਪਰਾ ਤੇ ਅਣਜਾਇਆਂ ਮਾਹੌਲ ਹੁੰਦਾ ਹੈ ਜਿਸ ਪ੍ਰਤੀ ਕੁੜੀ ਦੇ ਮਨ ਵਿੱਚ ਕਰੀ ਪ੍ਰਕਾਰ ਦੇ ਸੰਸੇ ਹੁੰਦੇ ਹਨ। ਦੁਜੇ ਬੰਨੇ ਸਮਾਜਿਕ ਪ੍ਰਬੰਧ ਮੁਤਾਬਿਕ ਉਸ ਨੇ ਸਹੁਰੇ ਘਰ ਜਾਣਾ ਹੁੰਦਾ ਹੈ। ਬਾਲਗ ਇਸਤਰੀ ਲਈ ਸਹੁਰਾ ਘਰ ਨਵਿਆਂ ਭੂਮਿਕਾਵਾਂ ਨਿਭਾਉਣ ਦੇ ਮੌਕੇ ਦਿੰਦਾ ਹੈ, ਇਸ ਲਈ ਉਸ ਦੇ ਮਨ ਵਿੱਚ ਚਾਵਾਂ ਦੇ ਭਾਵ ਵੀ ਰਲੇ ਹੁੰਦੇ ਹਨ। ਜਿਹੜੇ ਸਮਾਜਿਕ ਵਾਤਾਵਰਨ ਵਿੱਚੋਂ ਸੁਹਾਗ ਦੇ ਇਹ ਲੋਕ-ਗੀਤ ਪੈਦਾ ਹੋਏ ਹਨ,ਉਸ ਵਿੱਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ।ਬਹੁਤੇ ਸੁਹਾਗ ਧੀ ਵਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ।ਬਾਬਲ ਲਈ ਧੀ ਦਾ ਵਿਆਹ ਇੱਕ ਅਜਿਹਾ ਕਾਰਜ ਹੁੰਦਾ ਹੈ ਜੋ ‘ਧਰਮ’ ਕਹਾਉਂਦਾ ਹੈ, ਜਿਸ ਦੇ ਕਾਰਨ ‘ਤੇ ਜਸ ਤੇ ਪੁੰਨ ਦੋਵੇਂ ਹੁੰਦੇ ਹਨ। ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ-ਕੁੜੀ ਦੇ ਚਾਚੇ, ਤਾਏ ਅਤੇ ਨੇੜੇ ਦੇ ਰਿਸ਼ਤੇਦਾਰ ਮਾਮੇ-ਨਾਨੇ ਆਦਿ ਨ਼ਾਲ ਆ ਜੁੜਦੇ ਹਨ। ਇਸ ਤਰ੍ਹਾਂ ਇਹ ਕਾਰਜ ਪਰਿਵਾਰ ਦੇ ਸਾਕ-ਸੰਬੰਧੀਆਂ ਲਈ ਸਾਂਝੀ ਜ਼ੁੰਮੇਵਾਰੀ ਬਣਿਆ ਹੁੰਦਾ ਹੈ।

ਸੁਹਾਗ ਦੇ ਲੋਕ-ਗੀਤਾਂ ਵਿੱਚ ਧੀ ਲਈ ਬਾਬਲ ਰਾਜਾ ਹੈ, ਉਸ ਦਾ ਘਰ ਮਹਿਲ ਹੈ, ਬਾਹਰ ਬਾਗ਼ ਹਨ, ਜਿਸ ਵਿੱਚ ਚੰਨਣ ਦੇ ਰੁੱਖ ਲੱਗੇ ਹਨ, ਤਲਾਅ ਹਨ ਤੇ ਚੰਬਾ ਖਿੜਦਾ ਹੈ। ਇਸ ਤਰ੍ਹਾਂ ਬਾਬਲ ਇੱਕ ਰਾਜੇ ਵਾਂਗ ਹੈ ਪਰ ਉਹ ਧੀ ਵਿਆਹੁੰਦਾ ਜਾਣੋ ਨਿਵ ਜਾਂਦਾ ਹੈ। ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਦੀ ਘੜੀ ਬਹੁਤ ਭਾਵਕਤਾ ਵਾਲ਼ੀ ਹੁੰਦੀ ਹੈ। ਤਦ ਉਸ ਦਾ ਬਾਬਲ ਹੀ ਨਹੀ ਸਾਰਾ ਪਰਿਵਾਰ ਤੇ ਸਾਕ ਸੰਬੰਧੀ ਛਮ-ਛਮ ਰੋਂਦੇ ਹਨ। ਸੁਹਾਗ ਦੇ ਗੀਤਾਂ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਗਾਉਣ ਦੀਆਂ ਲੋੜਾਂ ਅਨੁਸਾਰ ਇਹਨਾਂ ਵਿੱਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਉ ਹੁੰਦਾ ਹੈ। ਗਾਉਣ ਵਾਲੇ ਦੀ ਉਪ-ਭਾਸ਼ਾ ਅਨੁਸਾਰ ਸ਼ਬਦਾਂ ਦਾ ਰੂਪ ਕੁਝ ਬਦਲ ਜਾਂਦਾ ਹੈ ਜਿਵੇਂ ਦਾਹੜੀ ਤੋਂ ਦਾਅੜੀ, ਦੇਵੀਂ ਤੋਂ ਦੇਈਂ, ਨਿਵਿਆਂ ਤੋਂ ਨਿਮਿਆਂ। ਇਸੇ ਤਰ੍ਹਾਂ ਰਸ ਦੀ ਲੋੜ ਅਨੁਸਾਰ ਸਾਡੜੇ, (ਸਾਡੇ), ਬੇਟੜੀ (ਬੇਟੀ), ਵੱਡੜਾ (ਵੱਡਾ), ਬਾਹਲੜੇ (ਬਹੁਤੇ), ਡੱਬੜੇ (ਡੱਬੇ), ਹੁੰਦੜੀ (ਹੁੰਦੀ) ਆਦਿ ਸ਼ਬਦ ਵਰਤੇ ਜਾਂਦੇ ਹਨ। ਸੁਹਾਗ ਦੇ ਗੀਤ ਭਾਵ ਅਤੇ ਬਣਤਰ ਪੱਖੋਂ ਸਰਲ ਹਨ। ਇਹਨਾਂ ਵਿੱਚ ਦੁਹਰਾ ਹੈ। ਪ੍ਰਕਿਰਤੀ ਦੀਆਂ ਨਿਰਮਲ ਛੋਹਾਂ ਹਨ ਅਤੇ ਗਾਉਣ ਲਈ ਲੈਅ ਤੇ ਰਵਾਨੀ ਹੈ।

** ਲੋਕ ਗੀਤ

ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਝਰਕੇ, ਲੋਕ ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ। ਕਿਸੇ ਬੋਲੀ ਦੇ ਸਾਹਿਤ ਦੀ ਇਹ ਅਜਿਹੀ ਪਲੇਠੀ ਕਿਰਤ ਹੁੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਅਵਚੇਤਨ ਮਨ ਦੀਆਂ ਆਪ-ਮੁਹਾਰੀਆ ਛੱਲਾਂ ਲੈ-ਬੱਧ ਰੂਪ ਧਾਰਦੀਆਂ ਰਹਿੰਦੀਆਂ ਹਨ। ਇਹ ਕੌਮਾਂ ਦੇ ਹਿਰਦਿਆਂ ਅੰਦਰ ਸਾਂਝ ਤੇ ਅੱਪਣਤ ਦੀ ਵਗਦੀ ਸਾਂਝੀ ਰੌਂ ਨੂੰ ਪੁਨਰ ਸਰਜੀਤ ਕਰਨ ਤੇ ਲੋਕਾਂ ਨੂੰ ਸਾਂਝੀ -ਸੱਭਿਆਚਾਰਿਕ ਕੜੀ ਤੇ ਭਾਵਕ ਏਕਤਾ ਵਿੱਚ ਬੰਨ੍ਹੀ ਰੱਖਣ ਦਾ ਸਾਰਥਕ ਰੋਲ ਦਾ ਕਰਦੇ ਹਨ।

ਮਨੁੱਖੀ ਸੱਭਿਆਚਾਰ ਨਾਲ ਇਹਨਾਂ ਦਾ ਰਿਸ਼ਤਾ ਬੜਾ ਕਦੀਮੀ ਹੈ। ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪਰੰਪਰਾਗਤ ਰਹਿਣੀ -ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿੱਚੋਂ ਝਲਕਾਂ ਮਾਰਦੇ ਹਨ। ਮਨੁੱਖੀ ਸੱਭਿਆਚਾਰ ਅਤੇ ਮਾਨਵੀ ਹਿਰਦਿਆਂ ਦੇ ਇਹ ਇਤਨਾ ਕਰੀਬ ਹਨ ਕਿ ਵਸ਼ਿਸ਼ਟ ਸਾਹਿਤ, ਜਿਨ੍ਹਾਂ ਵਿਸ਼ਿਆ ਨੂੰ ਕਈ ਵਾਰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ, ਉਹਨਾਂ ਨੂੰ ਵੀ ਇਹਨਾਂ ਲੋਕ ਗੀਤਾ ਵਿੱਚ ਜ਼ਬਾਨ ਮਿਲ ਜਾਂਦੀ ਹੈ।

ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਂਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ। ਲੋਕ-ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨਿਕਟੀ ਸਾਂਝ ਦਾ ਸਦਕਾ ਹੀ ਲੋਕ-ਗੀਤਾਂ ਦੀ ਫੁੱਲਕਾਰੀ ਦਾ ਇੱਕ-ਇੱਕ ਧਾਗਾ ਸੱਭਿਆਚਾਰਿਕ ਕਦਰਾਂ-ਕੀਮਤਾਂ ਤੇ ਰਸਮਾ ਨਾਲ ਪਰੁੱਤਿਆ ਪਿਆ ਹੈ। ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਸ਼ਾਇਦ ਹੀ ਸਾਡੀ ਰਹਿਣੀ-ਬਹਿਣੀ ਦਾ ਕੋਈ ਅਜਿਹਾ ਮੌਕਾ ਹੋਵੇ ਜਿਸ ਸੰਬੰਧੀ ਲੋਕ-ਗੀਤ ਆਪਣਾ ਸਾਥ ਨਾ ਪਾਲਦੇ ਹੋਣ। ਖ਼ਸ਼ੀ-ਗ਼ਮੀ, ਜੰਮਣ-ਮਰਨ, ਮੇਲ-ਵਿਛੋੜੇ, ਰੁੱਤਾਂ-ਥਿੱਤਾਂ, ਦਿਨਾ-ਦਿਹਾਰਾਂ, ਰੀਤੀ-ਰਿਵਾਜਾਂ ਤੇ ਹੋਰ ਸਮਜਿਕ ਕਾਰਾਂ-ਵਿਹਾਰਾਂ ਵਿੱਚ ਲੋਕ ਗੀਤ ਮਨੁੱਖ ਦੇ ਅੰਗ-ਸੰਗ ਰਹਿੰਦੇ ਹਨ। ਇਸ ਕਰਕੇ ਹੀ ਇਹਨਾਂ ਨੂੰ ਲੋਕ -ਸੱਭਿਆਚਾਰ ਦਾ ਜਖ਼ੀਰਾ ਮੰਨਿਆ ਜਾਂਦਾ ਹੈ।

ਇਤਹਾਸਿਕ ਤੌਰ ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ ਜਦੋਂ ਮਨੁੱਖ ਨੇ ‘ਭਾਸ਼ਾ ਬੋਲਦੇ’ ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਮੁੱਢਲੇ ਸਮੇਂ ਵਿੱਚ ਇਹ ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਨਾਲ ਸਾਂਝੇ ਰੂਪ ਵਿੱਚ ਹੋਂਦ ਵਿੱਚ ਆਏ। ਮਨੱਖੀ ਕਿਰਤ ਦੇ ਹੁੰਗਾਰਿਆ ਵਜੋਂ ਇਹ ਮਨੁੱਖ ਦੇ ਦੁੱਖ-ਸੁੱਖ, ਤੰਗੀਆ-ਤੁਰਸ਼ੀਆ, ਰੀਝਾਂ, ਵਲਵਲਿਆਂ, ਮੇਲੇ-ਵਿਛੋੜਿਆਂ ਅਤੇ ਹਾਸਿਆਂ-ਰੋਸਿਆ ਦਾ ਸਭ ਤੋਂ ਪਹਿਲਾ ਪ੍ਰਗਟਾਉ ਮਾਧੀਅਮ ਬਣੇ, ਇਹਨਾਂ ਦੀ ਸਿਰਜਨਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਤੀਰਾ ਕਾਰਜਸ਼ੀਲ ਹੁੰਦਾ ਹੈ ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ।

ਇਹਨਾਂ ਦੀ ਸਿਰਜਨਾ ਦੇ ਸੰਬੰਧ ਵਿੱਚ ਇਹ ਆਮ ਭੁੱਲੇਖਾ ਹੈ ਕਿ ਲੋਕ-ਗੀਤਾਂ ਦੀ ਸਿਰਜਣਾ ਸ਼ਾਇਦ ‘ਜਨ ਸਮੂਹ’ ਜਾਂ ‘ਲੋਕ’ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਕੋਈ ਵੀ ਗੀਤ ਰਚਨਾ, ਲੋਕ ਸਮੂਹ ਨਹੀਂ ਰਚਦਾ ਸਗੋਂ ਹਰ ਲੋਕ ਗੀਤ ਸਿਰਜਣਾ ਵਿਅਕਤੀਗਤ ਕਿਰਤ ਹੁੰਦੀ ਹੈ। ਇਤਨਾ ਜ਼ਰੂਰ ਹੈ ਕਿ ਇਸ ਦੀ ਪ੍ਰਕਿਰਤੀ ਗੁਮਨਾਮ ਹੁੰਦੀ ਹੈ ਤੇ ਇਸ ਦਾ ਸਿਰਜਨਹਾਰ -ਵਿਅਕਤੀ, ਸਮੂਹ ਜਾਂ ਜਾਤੀਗਤ ਭਾਵਾਂ, ਤਜਰਬਿਆਂ ਤੇ ਲੋਕ-ਮੁਹਾਵਰੇ ਦੀ ਤਰਜਮਾਨੀ ਕਰਨ ਕਰਕੇ ਹੌਲੀ-ਹੌਲੀ ਗੁਮਨਾਮ ਜਾਂ ਅਲੋਪ ਹੋ ਜਾਂਦਾ ਹੈ ਤੇ ਉਸ ਰਚਨਾ ਦੇ ਅੰਦਰੋਂ ਸਮੂਹ ਬੋਲਣ ਲੱਗ ਜਾਂਦਾ ਹੈ। ਮਿਸਾਲ ਵਜੋਂ ਨਿਮਨ-ਲਿਖਤ ਲੋਕ-ਗੀਤ ਵੇਖਣ ਯੋਗ ਹੈ।

ਬਾਬਲ ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ,
…………
…………

ਬੇਸ਼ਕ ਇਹ ਗੀਤ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਹੀ ਹੋਵੇ ਪਰ ਲੋਕ-ਭਾਵਾਂ ਦੀ ਤਰਜਮਾਨੀ ਕਰਨ ਤੇ ਲੋਕ-ਮੁਹਾਵਰੇ ਵਿੱਚ ਸੁਰ ਉਚਾਰਨ ਕਰਕੇ, ਸਮੇਂ ਦੇ ਪ੍ਰਵਾਹ ਨਾਲ ਇਸਦਾ ਕਰਤਾ ਹੌਲੀ-ਹੌਲੀ ਗੁਮਨਾਮ ਹੋ ਗਿਆ ਹੋਵੇਗਾ। ਅਸਲ ਵਿੱਚ ਲੋਕ-ਗੀਤਾਂ ਦੀ ਸਰਲਤਾ, ਸਾਦਗੀ ਠੇਠਤਾ ਤੇ ਲੋਕ-ਮੁਖਤਾ ਹੀ ਇਹਨਾਂ ਨੂੰ ਲੋਕ ਪ੍ਰਵਾਨਗੀ ਦੇ ਅਮਲ ਵਿੱਚੋਂ ਗੁਜ਼ਰ ਕੇ ਲੋਕ-ਸਮੂਹ ਦੀ ਰਚਨਾ ਦਾ ਦਰਜਾ ਦਿਵਾਂਦੀ ਹੈ। ਇਸੇ ਕਰਕੇ ਲੋਕ-ਗੀਤਾਂ ਦੇ ਨਾਮ ਹੇਠ ਆਧੁਨਿਕ ਸਮੇਂ ਵਿੱਚ ਪੱਤਰ-ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੀਆਂ ਕਿਰਤਾਂ ਨੂੰ ਲੋਕ-ਕਾਵਿ ਕਹਿਣਾ ਬੜਾ ਅਲੋਕਾਰ ਪ੍ਰਤੀਤ ਹੁੰਦਾ ਹੈ ਕਿਉਂਕਿ ਇਹ ਰਚਨਾਵਾਂ ਲੋਕ ਪ੍ਰਵਾਨਗੀ, ਲੋਕ-ਮੁਹਾਵਰੇ ਤੇ ਲੋਕ-ਸਿਮਰਤੀਆਂ ਦੇ ਪ੍ਰਵਾਹ ਤੋਂ ਕੋਰੀਆਂ ਹੁੰਦੀਆਂ ਹਨ।

ਲੋਕ ਜੀਵਨ ਨਾਲ ਸੰਬਧਿਤ ਹੋਣ ਕਰਕੇ ਲੋਕ-ਗੀਤ ਆਪਣੇ ਵਿਸ਼ੇ-ਵਸਤੂ ਅਤੇ ਪ੍ਰਗਟਾਉ ਦੇ ਪੱਖ ਤੋਂ ਭਾਵੇਂ ਸਾਰੀ ਸਮਗਰੀ ਆਪਣੇ ਸੱਭਿਆਚਾਰਿਕ ਪਿਛੋਕੜ ਵਿੱਚੋਂ ਹਾਸਲ ਕਾਰਕੇ, ਆਪਣੇ ਅਤੀਤ ਨਾਲ ਜੁੜੇ ਰਹਿੰਦੇ ਹਨ ਪਰ ਇਹਨਾਂ ਵਿੱਚ ਨਿੱਤ ਨਵਿਆਂ ਵੇਰਵਿਆਂ ਨੂੰ ਗ੍ਰਹਿਣ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਜੰਗਲ ਦੇ ਰੁੱਖ ਵਾਂਗ ਭਾਵੇਂ ਇਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਧਸੀਆਂ ਰਹਿੰਦੀਆਂ ਹਨ ਪਰ ਇਹਨਾਂ ਤੇ ਨਿੱਤ ਨਵੀਆਂ ਹਰੀਆਂ-ਕਚੂਰ ਕਰੂੰਬਲਾਂ, ਡਾਲੀਆਂ ਤੇ ਫੁੱਲ, ਫਲ ਖਿੜਦੇ ਰਹਿੰਦੇ ਹਨ।

ਲੋਕ-ਗੀਤਾਂ ਦੀ ਸਿਰਜਣਾ, ਇੱਕ ਪ੍ਰਕਾਰ ਦੀ ਸਹਿਜ ਸਿਰਜਣਾ ਹੈ। ਇਹ ਸਾਹਿਤ ਦੇ ਕਰੜੇ ਨਿਯਮਾਂ, ਪਰਾਪੇਗੰਡਿਆਂ, ਬਾਹਰੀ ਉਚੇਚ ਜਾਂ ਬਣਾਵਟੀਪਣ ਤੋਂ ਉਸੇ ਤਰਾਂ ਹੀ ਕੋਰੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਦੇ ਸਿਰਜਣਹਾਰੇ ਆਮ ਜਿੰਦਗੀ ਦੀ ਤੜਕ-ਭੜਕ ਤੇ ਵਿਖਾਵਿਆਂ ਤੋ ਬੇਲਾਗ ਹੁੰਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ, ਸਾਦ-ਮੁਰਾਦੇ, ਨਿਰਛਲ ਲੋਕਾਂ ਦੇ ਸੁਤੇ-ਸਿਧ ਪ੍ਰਗਟਾਵੇ ਹਨ ਜਿਵੇਂ:
ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ,
ਨਾ ਬੈਠੀ ਸਾਂ ਡੇਰੇ,
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ,
ਬਹਿ ਕੇ ਮੋਟੇ ਨੇ੍ਰੇ।
ਗੀਤ ਅਗੰਮੀ ਨਿਕਲਣ ਅੰਦਰੋਂ,
ਵੱਸ ਨਹੀ ਕੁਝ ਮੇਰੇ।
ਮੇਲਣੇ ਨੱਚ ਲੈ ਨੀ,
ਦੇ ਕੇ ਸ਼ੌਕ ਦੇ ਗੇੜੇ।

ਪਰ ਲੋਕ-ਗੀਤ ਸਹਿਜ ਸਿਰਜਣਾ ਦੇ ਬਾਵਜੂਦ ਵੀ ਵਸ਼ਿਸ਼ਟ ਸਾਹਿਤ ਵਾਲੀ ਕਲਾ ਤੇ ਸੁਹਜ ਨਾਲ ਭਰਪੂਰ ਹੁੰਦੇ ਹਨ। ਇਹ ਤਾਂ ਸਗੋਂ ਮਨੁੱਖੀ ਸਿਰਜਣ-ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਵਿਖਾਲਾ ਹਨ। ਵਿਅਕਤੀਗਤ ਸਾਹਿਤ ਦੇ ਮੁਕਾਬਲੇ ਤੇ ਇਹਨਾਂ ਦੇ ਸਾਦ ਮੁਰਾਦੀ ਕਲਾਤਮਿਕ ਪ੍ਰਤਿਭਾ ਦੇ ਬਾਵਜੂਦ ਵੀ ਸਾਡੇ ਸੱਭਿਆਚਾਰਿਕ ਵਰਤਾਰੇ ਤੇ ਨਿਤ ਗੁੰਮਦੀ ਗੁਆਚਦੀ ਸਾਡੀ ਰਹਿਤਲ ਤੇ ਕਲਾ ਦੇ ਸੁੱਚੇ ਮੋਤੀਆਂ ਨੂੰ ਜਿਸ ਕਦਰ ਸਾਂਭਿਆ ਹੈ ਉਸ ਕਰਕੇ ਇਹਨਾਂ ਦਾ ਮਹੱਤਵ ਵਸ਼ਿਸ਼ਟ ਸਾਹਿਤ ਨਾਲੋ ਵੀ ਵਧੇਰੇ ਹੈ। ਲੋਕ ਧਰਤੀ ਦੇ ਨੇੜੇ ਰਹਿਣ ਕਰਕੇ ਇਹਨਾਂ ਵਿੱਚੋਂ ਅਸੀਂ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਇੱਥੋਂ ਦੇ ਅਨਘੜ-ਸੁਹਜ ਨੂੰ ਪਛਾਣ ਸਕਦੇ ਹਾਂ।

ਪੰਜਾਬ ਦੀ ਭੂਗੋਲਿਕ ਖ਼ੂਬਸੂਰਤੀ ਤੇ ਇਤਿਹਾਸਿਕ ਜੁਗਗਰਦੀਆਂ ਦੇ ਪ੍ਰਵਾਹ ਨੇ ਪੰਜਾਬ ਦੇ ਜੰਮਿਆ-ਜਾਇਆਂ ਨੂੰ ਇਸ ਕਦਰ ਕਰੜੇ ਬਣਾ ਦਿੱਤਾ ਹੈ ਕਿ ਉਹ ਸਦਾ ਤਿਆਰ-ਬਰ-ਤਿਆਰ, ਮੌਤ ਨੂੰ ਟਿੱਚ ਜਾਨਣ ਵਾਲੇ, ਔਖੇ ਤੋਂ ਔਖੇ ਇਮਤਿਹਾਨ ਵਿੱਚੋਂ ਸਹਿਜ ਗੁਜ਼ਰਨ ਵਾਲੇ, ਸਾਹਸੀ ਤੇ ਉੱਦਮੀ ਬਣ ਗਏ। ਤਲਵਾਰਾਂ ਦੀਆਂ ਧਾਰਾਂ ਤੇ ਪਲਣ ਵਾਲੇ ਇਹਨਾਂ ਪੰਜਾਬੀਆਂ ਨੇ ਜਿਸ ਪ੍ਰਕਾਰ ਦੇ ਨਿਵੇਕਲੇ ਸੱਭਿਆਚਾਰ ਨੂੰ ਸਿਰਜਿਆ ਉਸ ਦੇ ਭਰਪੂਰ ਨਮੂਨੇ ਅਤੇ ਵੇਰਵੇ ਪੰਜਾਬੀ ਲੋਕ-ਗੀਤਾਂ ਵਿੱਚੋਂ ਸਾਖਿਆਤ ਹੁੰਦੇ ਹਨ।

ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੇਹਾਰ ਅਤੇ ਪਹਾੜੀ ਇਲਾਇਆਂ ਵਿੱਚੋਂ ਇਤਨੀ ਵੱਡੀ ਗਿਣਤੀ ਵਿੱਚ ਲੋਕ-ਗੀਤ ਮਿਲਦੇ ਹਨ ਕਿ ਇਹਨਾਂ ਦੇ ਕਈ ਸੰਗ੍ਰਹਿ ਸੰਕਲਿਤ ਕੀਤੇ ਜਾ ਸਕਦੇ ਹਨ। ਪੰਜਾਬ ਦੇ ਇਹਨਾਂ ਵੱਖ-ਵੱਖ ਖਿੱਤਿਆਂ ਵਿੱਚੋ ਮਿਲਣ ਵਾਲੇ ਵਧੇਰੇ ਗੀਤ, ਸਥਾਨਕ ਨਾਵਾਂ, ਥਾਵਾਂ, ਵੇਰਵਿਆਂ, ਹਵਾਲਿਆਂ ਅਤੇ ਭਾਸ਼ਾਈ ਅੰਤਰਾਂ ਦੇ ਬਾਵਜੂਦ ਇੱਕੋ ਸੁਭਾਅ ਅਤੇ ਤਾਸੀਰ ਵਾਲੇ ਹਨ। ਰੂਪਕ ਅਤੇ ਭਾਸ਼ਾਈ ਵੰਨਗੀਆਂ ਦੇ ਪੱਖ ਤੋਂ ਜ਼ਰੂਰ ਕਈ ਲੋਕ ਗੀਤ ਇੱਕ ਇਲਾਕੇ ਵਿਸ਼ੇਸ਼ ਵਿੱਚ ਹੀ ਗਾਏ ਜਾਂਦੇ ਹਨ। ਪਰ ਸਮੁੱਚੇ ਰੂਪ ਵਿੱਚ ਪੰਜਾਬੀ ਦੇ ਇਹਨਾਂ ਲੋਕ-ਗੀਤਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਸਮੱਰਗ ਰੂਪ ਅੰਕਿਤ ਹੋਇਆ ਮਿਲਦਾ ਹੈ। ਉਸ ਤਰਾਂ ਆਮ ਪ੍ਰਸਿੱਧ ਹੈ ਕਿ ਕਵੀਸ਼ਰੀ ਮਾਲਵੇ ਦੀ, ਗੌਣ ਮਾਝੇ ਦਾ, ਢੋਲ ਬਾਰ ਦੇ, ਮਾਹੀਆ ਪੋਠੇਹਾਰ ਦਾ, ਬੋਲੀਆਂ ਪੁਆਧ ਦੀਆ, ਜਿੰਦੂਆ ਪਹਾੜੀਆਂ ਦਾ, ਪਰ ਇੱਥੇ ਵੱਖ-ਵੱਖ ਖਿੱਤਿਆ ਦੇ ਵੱਖ-ਵੱਖ ਗੀਤਾਂ ਦਾ ਅਧਿਐਨ ਸੰਭਵ ਨਹੀਂ ਹੈ।

ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਵਿਸ਼ੇਸ਼ ਸੱਭਿਆਚਾਰਿਕ ਪ੍ਰਵਾਹ ਵਿੱਚੋਂ ਗੁਜ਼ਰਦੀ, ਵਿਗਸਦੀ, ਮੌਲਦੀ, ਪੰਜਾਬੀ ਮਾਨਸਿਕਤਾ ਨੇ ਸੁੱਤੇ-ਸਿਧ ਹੀ ਲੋਕ-ਗੀਤਾਂ ਦੀ ਸਿਰਜਣਾ ਰਾਹੀਂ ਜੋ ਪ੍ਰਕਾਸ਼ ਪਰਾਪਤ ਕੀਤਾ ਹੈ ਉਸ ਤੋਂ ਪੰਜਾਬੀ ਸੱਭਿਆਚਾਰ ਦੀ ਇੱਕ ਬੜੀ ਰਾਂਗਲੀ ਤਸਵੀਰ ਵੇਖਣ ਨੂੰ ਮਿਲਦੀ ਹੈ। ਸਦਕੇ ਜਾਈਏ ਪੰਜਾਬੀ ਗੀਤਾਂ ਦੀਆਂ ਸਿਰਜਣਹਾਰ ਸੁਆਣੀਆਂ ਦੇ ਜਿਨ੍ਹਾਂ ਨੇ ਆਪਣੇ ਮਸਤਕਾਂ ਅੰਦਰ ਹਜ਼ਾਰਾ ਲੋਕ-ਗੀਤਾਂ ਨੂੰ ਸਾਂਭ ਕੇ ਪੰਜਾਬੀ ਸੱਭਿਆਚਾਰ ਦੀਆਂ ਉਹਨਾਂ ਕਦੀਮੀ ਰਵਾਇਤਾਂ ਨੂੰ ਪੁਨਰ-ਸੁਰਜੀਤ ਕਰ ਦਿੱਤਾ ਹੈ ਜੋ ਅੱਜ ਸਾਨੂੰ ਬਹੁਤ ਪਰਾਈਆਂ ਅਤੇ ਪੁਰਾਣੀਆਂ ਪ੍ਰਤੀਤ ਹੁੰਦੀਆਂ ਹਨ। ਪੰਜਾਬੀ ਲੋਕ-ਗੀਤਾਂ ਦੀ ਇੱਕ ਵਿਲੱਖਣਤਾ ਜੋ ਬੜੇ ਸਪੱਸ਼ਟ ਰੂਪ ਵਿੱਚ ਨਜ਼ਰੀ ਪੈਂਦੀ ਹੈ ਉਹ ਇਹ ਹੈ ਕਿ ਸਾਡੇ ਲੋਕ-ਗੀਤਾਂ ਦਾ ਵਧੇਰੇ ਹਿੱਸਾ ਸਾਡੀਆਂ ਸੁਆਣੀਆਂ ਦੇ ਹੋਠਾਂ ਅਤੇ ਚੇਤਿਆਂ ਰਾਹੀਂ ਸਾਡੇ ਤੱਕ ਪੁੱਜਾ ਹੈ। ਲੋਕ-ਗੀਤਾਂ ਦੇ ਇਹ ਭੰਡਾਰ ਜੋ ਸਾਡੀਆਂ ਸੁਆਣ਼ੀਆਂ ਨੇ ਭਰੇ ਹਨ ਇਹ ਵਧੇਰੇ ਪਰੰਪਰਾ-ਪਾਲਕ ਹਨ ਜੋ ਪੰਜਾਬੀ ਸੁਭਾਅ ਦੀ ਸਾਦਗੀ ਦੀ ਗਵਾਹੀ ਭਰਦੇ ਹਨ। ਸੋ ਇਹਨਾਂ ਲੋਕ-ਗੀਤਾਂ ਵਿੱਚ ਮਿਸ਼ਰੀ ਜਿਹੀ ਮਿਠਾਸ ਘੁਲੀ ਹੈ ਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਤੋ ਧਰਤੀ ਦੇ ਨੇੜੇ ਰਹਿਣ ਦਾ ਸ਼ੌਂਕ ਹੈ। ਮਰਦਾ ਵਲੋਂ ਬੜੇ ਘੱਟ ਗੀਤ ਰਚੇ ਗਏ ਹਨ ਤੇ ਜਿਹੜੇ ਰਚੇ ਵੀ ਗਏ ਹਨ ਉਹਨਾ ਦਾ ਸੁਭਾਅ ਪਰੰਪਰਾ-ਪਾਲਕ ਦੀ ਬਜਾਏ ਵਿਅਕਤੀਗਤ ਸੁਤੰਤਰਤਾ ਦੀ ਲੋਚਾ ਰੱਖਦਾ ਹੇ।

ਪੰਜਾਬ ਦੀਆਂ ਸੁਆਣੀਆਂ ਤੇ ਮਰਦਾ ਵਲੋਂ ਰਚੇ ਗਏ ਲੋਕ-ਗੀਤਾਂ ਦੀ ਵਿਸ਼ੇ ਪੱਖੋ ਵਰਗ ਵੰਡ ਇਸ ਤਰ੍ਹਾ ਕੀਤੀ ਜਾ ਸਕਦੀ ਹੈ ਸੂਰਮਗਤੀ ਦੇ ਗੀਤ, ਪਰੀਤ ਕਥਾਵਾਂ, ਰਾਜਨੀਤਿਕ, ਸਮਾਜਿਕ ਤੇ ਆਰਥਿਕ ਪੱਖ, ਸੰਸਕਾਰ, ਪੂਜਾ-ਪਾਠ, ਦਿਨ-ਦਿਹਾਰ,ਰੁੱਤਾਂ-ਥਿੱਤਾਂ, ਪੇਂਡੂ ਆਹਰ, ਪਿਆਰ-ਗੀਤ, ਵਿਛੋੜਾ, ਜਨਮ, ਵਿਆਹ, ਮਰਨ, ਪੇਕਾ ਘਰ, ਸਹੁਰਾ ਘਰ, ਹਾਰ-ਸ਼ਿੰਗਾਰ, ਰੁੱਖ, ਪੰਛੀ, ਫ਼ਸਲਾਂ, ਪਸੂ ਆਦਿ ਸੰਬੰਧੀ ਲੋਕ-ਗੀਤ। ਇਸੇ ਤਰਾਂ ਹੀ ਰੂਪਕ ਵੰਨਗੀਆਂ ਦੇ ਲਿਹਾਜ਼ ਨਾਲ ਲੋਕ-ਗੀਤਾਂ ਦੇ ਵੱਖ-ਵੱਖ ਰੂਪ: ਲੰਮੇ ਗੌਣ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀ, ਮਾਹੀਆ, ਢੋਲਾ, ਅਲਾਹੁਣੀ, ਵੈਣ(ਕੀਰਨਾ), ਛੰਦ ਪਰਾਗਾ, ਪੱਤਲ, ਥਾਲ, ਕਿੱਕਲੀ, ਹੇਅਰਾ, ਲੋਰੀਆਂ, ਮੰਗਲ -ਗੀਤ ਆਦਿ। ਅਸਲ ਵਿੱਚ ਪੰਜਾਬੀ ਲੋਕ-ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਵਿੱਚ ਪੰਜਾਬ ਦੇ ਲੋਕ ਨਾਇਕਾਂ, ਪ੍ਰੀਤ- ਨਾਇਕਾਂ, ਦੇਵੀ-ਦੇਵਤਿਆਂ, ਸੰਸਕਾਰਾਂ (ਪੁੱਤਰ ਜਨਮ, ਤੇਰਵਾਂ, ਤੜਾਗੀ, ਧਮਾਣ, ਨਾਮਕਰਨ, ਜਨੇਊ, ਮੁੰਡਣ, ਕੁੜਮਾਈ, ਵਿਆਹ, ਵੱਟਣਾ ਖਾਰਾ, ਸਾਹੇ ਬੰਨ੍ਹਣਾ, ਸਿਠਣੀਆਂ, ਸੁਹਾਗ, ਲਾਵਾਂ, ਬੇਦੀ, ਡੋਲੀ, ਖੱਟ, ਪਾਣੀ ਵਾਰਨਾ, ਮੁਕਲਾਵਾ, ਵੈਣ, ਕੀਰਣੇ, ਵਰ੍ਹੇ-ਗੰਢ, ਵਰੀਣਾ) ਰੁੱਤਾਂ (ਬਸੰਤ, ਸਾਵੇ, ਤੀਆਂ, ਝੂਲੇ, ਪੀਘਾਂ, ਰੱਖੜੀ, ਸੰਗਰਾਂਦ, ਹੋਲੀ, ਵਿਸਾਖੀ ) ਰਾਮ ਨੌਮੀ, ਦੇਵੀਆਂ ਦੀਆਂ ਭੇਟਾਂ, ਭਜਨ, ਆਰਤੀਆਂ, ਜਾਗੋ, ਆਹਰ ਦੇ ਗੀਤ (ਕਣਕ ਕੱਟਣ, ਕੋਹਲੂ ਚੱਲਣ, ਚੱਕੀ ਪੀਸਣ, ਚਰਖਾ ਕੱਤਣ, ਪਾਣੀ ਭਰਨ ਆਦਿ)। ਪਿਆਰ ਗੀਤਾਂ ਵਿੱਚ ਮਾਹੀਆ, ਟੱਪੇ, ਬੋਲੀਆਂ, ਜਿਦੂੰਆ ਤੋਂ ਇਲਾਵਾ ਚਿੱਠੀ, ਢੋਲਾ, ਦੋਹੜੇ, ਕਾਫ਼ੀਆਂ, ਸੱਦਾ, ਝੋਕਾਂ, ਬਿਰਹੜੇ ਆਦਿ ਸ਼ਾਮਲ ਹਨ। ਲੋਕ-ਗੀਤਾਂ ਦੇ ਇਹਨਾਂ ਰੂਪਾ ਤੋਂ ਇਲਾਵਾਂ ਡਾ: ਕਰਨੈਲ ਸਿੰਘ ਥਿੰਦ ਨੇ ਪੇਸ਼ਾਵਾਰ ਜਾਤੀਆਂ ਦੇ ਲੋਕ-ਗੀਤਾਂ ਵਿੱਚ ਤੇਲੀ, ਆਜੜੀ, ਧੋਬੀ, ਸਪੇਰੇ, ਨਾਥ, ਮਿਰਾਸੀ, ਭੰਡ, ਸਿਕਲੀਗੀਰ, ਗੁੱਜਰ, ਘੁਮਿਆਰ, ਸਾਂਸੀ, ਓਡ ਆਦਿ ਦੇ ਲੋਕ-ਗੀਤਾਂ ਨੂੰ ਵੀ ਪੰਜਾਬੀ ਕਿਰਮਾਣੀ ਜੀਵਨ ਦੇ ਲੋਕ-ਗੀਤਾਂ ਵਿਚ ਸ਼ਾਮਲ ਕੀਤਾ ਹੈ।

ਪੰਜਾਬੀ ਲੋਕ-ਗੀਤਾਂ ਵਿੱਚ ਪੰਜਾਬੀਆਂ ਦੀ ਸੂਰਮਗਤੀ ਨੂੰ ਭਾਵੇਂ ਸਿੱਧਾ ਕਾਵਿ ਪ੍ਰਗਟਾਵਾ ਤਾਂ ਨਹੀਂ ਮਿਲਿਆ ਪਰ ਪੰਜਾਬੀਆਂ ਦੇ ਲੋਕ-ਮਨਾਂ ਵਿੱਚ ਵਸਦੇ ਲੋਕ-ਨਾਇਕਾਂ ਦੇ ਕਾਰਨਾਮਿਆਂ ਅਤੇ ਲੋਕ-ਪ੍ਰਵਾਨਗੀ ਦੇ ਅਨੇਕਾਂ ਵੇਰਵਿਆਂ ਨੂੰ ਲੋਕ-ਗੀਤਕਾਰਾਂ ਨੇ ਸੁੱਤੇ-ਸਿਧ ਪਰਵਾਨ ਕਰ ਲਿਆ ਹੈ। ਲੋਕ-ਗੀਤਾਂ ਵਿੱਚ ਸਾਡੇ ਲੋਕ ਨਾਇਕਾਂ ਰਾਜਾ ਰਸਾਲੂ, ਦੁੱਲਾ ਭੱਟੀ, ਜੱਗਾ ਜੱਟ, ਸੁੱਚਾ ਸੂਰਮਾ, ਜਿਉਣਾ ਮੌੜ, ਭਗਤ ਸਿੰਘ ਆਦਿ ਦੀਆਂ ਜੀਵਨ-ਗਥਾਵਾਂ ਦੇ ਉਹਨਾਂ ਪੱਖਾਂ ਨੂੰ ਅਚੇਤ ਰੂਪ ਵਿੱਚ ਹੀ ਜ਼ਬਾਨ ਮਿਲ ਗਈ ਹੈ ਜਿਨ੍ਹਾਂ ਨੂੰ ਲੋਕ-ਮਨ ਨੇ ਆਪਣੇ ਹਿਰਦੇ ਨਾਲ ਲਾਇਆ ਹੈ। ਮਿਸਾਲ ਵਜੋਂ ਸਾਂਦਲ ਬਾਰ ਦੇ ਦੁੱਲੇ ਭੱਟੀ ਦੀ ਲੋਕ-ਪ੍ਰਸਿਧੀ ਬਾਰੇ ਨਿਮਨ-ਲਿਖਤ ਲੋਕ-ਗੀਤ ਤਾਂ ਸਮੁੱਚੇ ਪੰਜਾਬ ਵਿੱਚ ਅਮਰ ਹੋ ਗਿਆ ਹੈ:
ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਆਈ ਹੋ
ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚਾ ਗਾਲੀ ਦੇਸੇ ਹੋ
ਚਾਚਾ ਚੂਰੀ ਕੁੱਟੀ ਹੋ
ਜਿੰਮੀਦਾਰਾਂ ਲੁੱਟੀ ਹੋ
ਜਿੰਮੀਦਾਰ ਸਦਾਏ ਹੋ
ਗਿਣ ਮਿਣ ਪੱਲੇ ਪਾਏ ਹੋ।

ਇਹਨਾਂ ਲੋਕ-ਗੀਤ ਪੰਕਤੀਆਂ ਵਿੱਚ ਦੁੱਲਾ ਭੱਟੀ ਦੀ ਕਥਾ ਦੇ ਵੇਰਵੇ ਬੇਸ਼ਕ ਤਰੁੱਟ ਗਏ ਹੋਣ ਪਰ ਇਸ ਤੋਂ ਇਹ ਜ਼ਰੂਰ ਪਤਾ ਚੱਲਦਾ ਹੈ ਕਿ ਦੁੱਲਾ ਭੱਟੀ ਮੁਗਲ ਸਲਤਨਤ ਦੇ ਖਿਲਾਫ਼ ਜੂਝਦੀ ਪੰਜਾਬੀਅਤ ਦਾ ਪਰਤੀਕ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਲੋਕ ਨਾਇਕ ਰਾਜੇ ਰਸਾਲੂ ਨਾਲ ਸੰਬੰਧਿਤ ਅਨੇਕਾਂ ਲੋਕ-ਗੀਤ ਪੰਜਾਬ ਵਿੱਚ ਵਿਸ਼ੇਸ ਪ੍ਰਸਿੱਧੀ ਪ੍ਰਾਪਤ ਕਰ ਗਏ ਹਨ। ਇਵੇਂ ਹੀ ਲੋਕ-ਗੀਤਾਂ ਵਿੱਚ ਕਿੱਧਰੇ ‘ਛਵੀਆਂ’ ਦੇ ਕੁੰਢ ਮੁੜ ਜਾਣ ਦੇ ਬਾਵਜੂਦ ਵੀ ਜਿਉਣਾ ਮੌੜ ਵੱਢਿਆਂ ਨਹੀ ਜਾਂਦਾ, ਕਿੱਧਰੇ ਸੁੱਚਾ ਸੂਰਮਾ ਡਾਕੇ ਮਾਰਦਾ ਹੈ, ਕਿੱਧਰੇ ਜੱਗੇ ਜੱਟ ਦੇ ਮਰ ਜਾਣ ਤੇ ਮਣਾ ਮਣ ਰੇਤ ਭਿੱਜਦੀ ਹੈ ਤੇ ਕਿੱਧਰੇ ਉਸਦੇ ਵਿਯੋਗ ਦਾ ਅਸਰ ਪਰਿੰਦਿਆਂ ਤੱਕ ਨੂੰ ਵੀ ਹੁੰਦਾ ਹੈ:
ਜਿਥੇ ਜੱਗਾ ਮਾਰਿਆ, ਉਥੇ ਰੋਣ ਤਿੱਤਰ ਤੇ ਮੋਰ,
ਮਹਿਲੀਂ ਰੋਦੀਆਂ ਰਾਣੀਆਂ, ਪਿਛਵਾੜੇ ਰੋਂਦੇ ਚੋਰ।

ਦੁਨੀਆਂ ਦੇ ਇਤਿਹਾਸ ਅੰਦਰ ਸ਼ਾਇਦ ਇਹ ਪੰਜਾਬੀ ਮਾਵਾਂ ਦੇ ਹੀ ਹਿੱਸੇ ਆਇਆ ਹੈ ਜੋ ਆਪਣੌ ਜੰਮੇ-ਜਾਇ ਪੁੱਤਰਾਂ ਦੇ ਹੌਕੇ-ਹੇਰਵਿਆਂ ਦੀ ਬਜਾਏ ਇਸ ਤਰ੍ਹਾਂ ਦੇ ਸਵਰ ਉਚਾਰਦੀਆਂ ਹਨ:
ਪਤਾ ਹੁੰਦਾ ਜੇ ਜੱਗੇ ਨੇ ਮਰ ਜਾਣਾ,
ਇੱਕ ਦੀ ਮੈਂ ਦੋ ਜਣਦੀ।

ਪੰਜਾਬੀਆਂ ਨੇ ਬਹਾਦਰੀ ਅਤੇ ਸੂਰਮਗਤੀ ਦੇ ਨਾਲ-ਨਾਲ ਪਿਆਰ ਦੇ ਖੇਤਰ ਵਿੱਚ ਵੀ ਸਾਡੇ ਪ੍ਰੀਤ-ਨਾਇਕਾਂ ਨਾਲ ਬੇਪਨਾਹ ਮੁੱਹਬਤ ਪਾਈ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂ, ਮਿਰਜਾ-ਸਾਹਿਬਾਂ, ਸੋਹਣੀ-ਮਹੀਂਵਾਲ ਆਦਿ ਪ੍ਰੀਤ ਕਥਾਵਾਂ ਨੂੰ ਵਿਸ਼ੇਸ਼ ਥਾਂ ਮਿਲੀ ਹੈ। ਕਈ ਵਾਰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪ੍ਰੀਤ-ਨਾਇਕ ਲੋਕ-ਗੀਤਾਂ ਥਾਣੀ ਲੰਘਕੇ ਹੀ ਸਾਡੀਆਂ ਕਿੱਸਾ-ਰਚਨਾਵਾਂ ਦਾ ਅੰਗ ਬਣ ਗਏ ਹਨ। ਗੱਲ ਕੀ ਸਾਡੀਆ ਲੋਕ-ਪਰਵਾਨਿਤ ਪਰੀਤ-ਕਥਾਵਾਂ ਪਹਿਲਾ ਲੋਕ ਹਿਰਦਿਆਂ ਵਿੱਚ ਲੋਕ ਗੀਤਾ ਰਾਹੀਂ ਹੀ ਪਰਵਾਨ ਚੜ੍ਹੀਆਂ ਤੇ ਸ਼ਾਇਦ ਇਹਨਾ ਗੀਤੇਂ ਨੇ ਹੀ ਵਿਅਕਤੀਗਤ ਕਿੱਸਾਕਾਰਾਂ ਨੂੰ ਪਰੀਤ ਕਥਾਵਾਂ, ਕਿੱਸਿਆ ਵਿੱਚ ਸਮੋਣ ਲਈ ਪਰੇਰਿਤ ਕੀਤਾ। ਪੰਜਾਬ ਕਿਉਕਿ ਸੂਰਮਿਆ ਅਤੇ ਆਸ਼ਕਾ ਦੀ ਧਰਤੀ ਹੈ ਤੇ ਇੱਥੋਂ ਦੇ ਲੋਕ-ਗੀਤ ਰਚਨਹਾਰਿਆ ਨੇ ਇਹਨਾਂ ਦੇ ਨਾਇਕਾ ਦੀ ਪਛਾਣ ਕਰਕੇ ਇਹਨਾਂ ਨੂੰ ਆਪਣੇ ਗੀਤਾਂ ਦਾ ਅੰਗ ਬਣਾ ਲਿਆ ਹੈ।

ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਜਨਮ ਤੋਂ ਲੈ ਕੇ ਮੌਤ ਤੱਕ ਦੀਆ ਅਨੇਕਾ ਘਟਨਾਵਾਂ ਨੂੰ ਉਹਨਾ ਦੇ ਸਮਾਜਿਕ ਪ੍ਸੰਗ ਵਿੱਚ ਪੇਸ਼ ਕਰਨ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੇ ਸਚਿਆਰੇ ਜੀਵਨ ਤੇ ਸਾਕਾਦਰੀਆ ਦੇ ਮਿਲ ਵਰਤਣ ਦੀ ਬਹੁਰੰਗੀ ਝਲਕੀ ਪੇਸ਼ ਕਰਦਾ ਹੈ। ਇਹਨਾਂ ਵਿੱਚ ਜਿੱਥੇ ਸਮੂਹਿਕ ਭਾਈਚਾਰਕ ਜੀਵਨ ਦੀ ਝਾਕੀ ਪ੍ਸਤੁਤ ਹੁੰਦੀ ਹੈ ਉੱਥੇ ਪੱਜਾਬੀ ਰਹਿਤ-ਬਹਿਤ ਦੇ ਅਨੇਕਾ ਪੱਖਾ ਨੂੰ ਜ਼ੁਬਾਨ ਮਿਲਦੀ ਹੈ ਜਿਵੇਂ:
ਵੇ ਪਿੱਪਲਾ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਨੇ ਛਹਿਬਰ ਲਾਈ,
ਵੇ ਡਾਣਿਆ ਤੋਂ ਬਾਝ ਤੈਨੂੰ ਸਰਦਾ ਨਾਹੀ।
ਪੱਤਿਆ ਨੇ ਛਹਿਬਰ ਲਾਈ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਭਾਈਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਚਾਚਿਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਲਾਗੀਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਇਸ ਲੋਕ-ਗੀਤ ਵਿੱਚ ਪੰਜਾਬ ਦੇ ਭਾਈਚਾਰਿਕ ਜੀਵਨ ਵਿੱਚਲੀ ਅਤੁੱਟ ਸਾਂਝ ਅਤੇ ਉਸ ਦੀ ਲੋੜ ਨੂੰ ਪਿੱਪਲ ਦੇ ਚਿੰਨ੍ਹ ਰਾਹੀਂ ਰੂਪਮਾਨ ਕਿਤਾ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਂਝੀ ਰਹਿਣੀ ਅਤੇ ਸੰਯੁਕਤ ਪਰਿਵਾਰ ਦੀ ਖਾਸ ਲੋੜ ਮਹਿਸੂਸ ਕੀਤੀ ਜਾਂਦੀ ਹੈ।

ਕਿਰਸਾਣੀ ਸਮਾਜ ਵਿੱਚ ਵੀ ਵਰ-ਘਰ ਦੀ ਚੋਣ ਸਮੇਂ ਵੀ ਇਸ ਗੱਲ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਪਰਿਵਾਰ ਜਾ ਖਾਨਦਾਨ ਕਿਤਨਾ ਕੁ ਵੱਡਾ ਹੈ। ਪੰਜਾਬ ਦੇ ਸੁਹਾਗ ਗੀਤਾਂ ਵਿੱਚ ਅਨੇਕਾਂ ਥਾਈਂ ਅਜਿਹੇ ਪਰਿਵਾਰ ਦੀ ਕਲਪਨਾ ਕਿਤੀ ਗਈ ਹੈ :
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਸੱਸ ਭਲੀ, ਸਹੁਰਾ ਪ੍ਰਧਾਨ ਹੋਵੇ।
ਡਾਹ ਬਹਿੰਦੀ ਪੀੜ੍ਹਾ ਸਾਹਮਣੇ ਮੱਥੇ ਕਦੀ ਨਾ ਵੱਟ।
ਬਾਬਲ ਤੇਰਾ ਪੁੰਨ ਹੋਵੇ, ਤੇਰਾ ਹੋਵੇ ਵੱਡੜਾ ਜੱਸ ਬਾਬਲਾ।
ਦੇਵੀਂ ਵੇ ਬਾਬਲਾ ਉਸ ਘਰੇ ਜਿੱਥੇ ਸੱਸੂ ਦੇ ਬਾਹਲੜੇ ਪੁੱਤ,
ਇੱਕ ਮੰਗੀਏ ਇੱਕ ਵਿਆਹਰੀਏ ਵੇ ਮੈਂ ਸ਼ਾਦੀਆ ਵੇਖਾਂ ਨਿੱਤ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਹੋਵਣ ਸੱਠ,
ਇੱਕ ਰਿੜਕਾ ਇੱਕ ਜਮਾਵਾਂ, ਵੇ ਮੇਰਾ ਚਾਟੀਆਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੱਗਣੇ ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ, ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਇੱਕ ਲਾਹਵਾਂ, ਵੇ ਮੇਰਾ ਵਿੱਚ ਪਟਾਰੀਆ ਹੱਥ।

ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਵਰ ਦਾ ਕਿੱਧਰੇ ਜ਼ਿਕਰ ਨਹੀਂ ਆਇਆ ਅਤੇ ਸਾਰਾ ਧਿਆਨ ਕੇਵਲ ਘਰ ਅਤੇ ਖਾਨਦਾਨ ਉੱਤੇ ਕੇਂਦ੍ਰਿਤ ਹੈ। ਲੋਕ-ਗੀਤ ਦੀ ਮੂਲ ਭਾਵਨਾ ਜਿੱਥੇ ਸਰਦੇ-ਪੁੱਜਦੇ ਰੱਜੇ-ਪੁੱਜੇ ਪਰਿਵਾਰ ਨਾਲ ਸੰਬੰਧਿਤ ਹੈ ਉੱਥੇ ਸੱਸੂ ਦੇ ਬਾਹਲੜੇ ਪੁੱਤਾ ਦੀ ਅਜਿਹੀ ਸਮਾਜਿਕ ਲੋੜ ਵੱਲ ਇਸ਼ਾਰਾ ਵੀ ਹੈ ਜੋ ਕਿ ਕਿਰਸਾਣੀ ਜੀਵਨ ਦੀ ਇੱਕ ਲੋੜ ਹੈ। ਇਹ ਸਾਰੀ ਦੀ ਸਾਰੀ ਲੋਕ-ਗੀਤ ਰਚਨਾ ਕਿਰਸਾਣੀ ਸਮਾਜ ਦੇ ਘਰੋਗੀ ਜੀਵਨ ਦੀਆਂ ਤਾਲਾਂ ਨਾਲ ਓਤਪੋਤ ਹੈ। ਇਸ ਤੋਂ ਇਲਾਵਾ ਸਾਡੇ ਲੋਕ-ਗੀਤਾਂ ਵਿੱਚੋਂ ਕਿਰਸਾਣੀ ਸਮਾਜ ਵਿੱਚ ਮਰਦ ਦੀ ਸਰਦਾਰੀ ਅਤੇ ਔਰਤ ਦੀ ਅਧੀਨਗੀ ਦੇ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਿਨ੍ਹਾਂ ਵਿੱਚੋਂ ਲੜਕੀ ਵਾਲੇ ਘਰ ਦੀ ਨਿਮਨ ਸਥਿਤੀ ਦੀ ਝਲਕ ਮਿਲਦੀ ਹੈ:
ਕੋਠਾ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਕੋਠੇ ਦੀ ਛੱਤ ਪੁਰਾਣੀ, ਕੋਠਾ ਧਰਮੀ ਤਾਂ ਨਿਵਿਆਂ।
ਬਾਬਲ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਬਾਬਲ ਦੀ ਕੰਨਿਆ ਕੁਆਰੀ, ਬਾਬਲ ਧਰਮੀ ਤਾਂ ਨਿਵਿਆਂ।

ਮਰਦ ਪ੍ਰਧਾਨ ਸਮਾਜ ਵਿੱਚ ਕੁੜੀ ਦਾ ਬਾਬਲ ਚਾਹੇ ਕਿੰਨਾ ਹੀ ਵੱਡਾ ਸਰਦਾਰ ਕਿਉਂ ਨਾ ਹੋਵੇ ਉਸਨੂੰ ਕੁੜਮਾਚਾਰੀ ਦੇ ਸਾਹਮਣੇ ਨਿਵਣਾ ਹੀ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਪੁੱਤਰ ਅਤੇ ਧੀ ਦੇ ਜਨਮ ਨੂੰ ਵੱਖਰੀ-ਵੱਖਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ।

ਸਾਡੇ ਭਾਈਚਾਰੇ ਵਿੱਚ ਔਰਤਾਂ ਨੂੰ ਮਰਦ ਦੇ ਮੁਕਾਬਲੇ ਤੇ ਸਦਾ ਅਧੀਨਗੀ ਦੀ ਸਥਿਤੀ ਵਿੱਚ ਜਿਉਂਣਾ ਪੈਂਦਾ ਹੈ ਤੇ ਉਸਦੀ ਖੱਟੀ ਕਮਾਈ ਨੂੰ ਮਰਦਾਂ ਦੇ ਮੁਕਾਬਲੇ ਬੜਾ ਨਿਮਣ ਤੇ ਨਿਗੁਣਾ ਜਿਹਾ ਮੰਨਿਆ ਜਾਦਾ ਹੈ।
ਜੇਠ ਹਾੜ ਦੀਆਂ ਧੁੱਪਾਂ ਵੇ ਚੰਨਾ, ਏਥੇ ਪੈਣ ਬਲਾਈਂ,
ਵੇ ਲਾਲ ਦਮਾਂ ਦਿਆ ਲੋਭੀਆਂ, ਪ੍ਰਦੇਸ ਨਾ ਜਾਈਂ।
ਮੈ ਕੱਤੂਗੀ ਨਿੱਕੜਾ, ਤੂੰ ਬਹਿ ਕੇ ਖਾਈਂ,
ਨੀ ਲਾਜੋ ਨਾਰਾਂ ਦੀ ਖੱਟੀ ਵਿੱਚ ਕੋਈ ਬਰਕਤ ਨਾਹੀਂ,
ਨੀ ਗੋਰੀਏ, ਮਰਦਾ ਦੀ ਖੱਟੀ, ਚੂੜੇ ਛਣਕਨ ਬਾਹੀਂ।

ਇਹ ਗੀਤ ਜਿਸ ਸਮਾਜਿਕ ਮਨੋਸਥਿਤੀ ਦੀ ਉਪਜ ਹੈ ਉਸ ਵਿੱਚ ਔਰਤ ਦੀ ਖੱਟੀ ਕਮਾਈ ਨੂੰ ਕਿਸੇ ਨੌਂਗੇ ਵਿੱਚ ਨਹੀਂ ਗਿਣਿਆ ਜਾਂਦਾ ਤੇ ਸਾਰੀਆਂ ਬਰਕਤਾਂ ਮਰਦ ਦੀ ਬਦੌਲਤ ਹੀ ਮੰਨੀਆ ਗਈਆ ਹਨ। ਔਰਤ ਦੀ ਇਸ ਸਥਿਤੀ ਦੇ ਨਾਲ-ਨਾਲ ਕਿਰਸਾਣੀ ਸਮਾਜ ਦੀਆਂ ਆਰਥਿਕ ਤੰਗੀਆਂ ਤੁਰਸੀਆਂ, ਲੋੜਾਂ, ਥੁੱੜਾਂ ਤੇ ਕਸਕਾਂ ਨੂੰ ਵੀ ਲੋਕ-ਗੀਤਾਂ ਵਿੱਚ ਭਰਵੀ ਥਾਂ ਮਿਲਦੀ ਹੈ। ਪੰਜਾਬ ਦੀ ਛੋਟੀ ਕਿਰਸਾਣੀ ਅਤੇ ਆਰਥਿਕ ਸੰਕਟਾ ਤੇ ਤੰਗੀਆਂ-ਤੁਰਸੀਆਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋਏ ਕਈ ਅੰਤਰ ਵਿਰੋਧਾਂ ਨੂੰ ਵੀ ਲੋਕ-ਗੀਤ ਰੂਪਮਾਨ ਕਰਦੇ ਹਨ।

ਪੰਜਾਬੀ ਲੋਕ-ਗੀਤਾਂ ਵਿੱਚ ਕਿਰਸਾਣੀ ਸਮਾਜ ਦੇ ਆਰਥਿਕ ਰਿਸ਼ਤਿਆਂ ਦੇ ਨਾਲ-ਨਾਲ ਸਾਕਾਂ ਸਰੀਕੀਆਂ ਅਤੇ ਬਰਾਦਰੀਆਂ ਦੇ ਵਰਤ ਵਿਹਾਰ ਦੇ ਅਨੇਕਾਂ ਰੂਪ ਵੇਖਣ ਨੂੰ ਮਿਲਦੇ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਸਚਿਆਰੇ ਜੀਵਨ ਤੇ ਰਿਸ਼ਤੇ ਨਾਤਿਆ ਦੇ ਕਈ ਚਿਤਰ ਤਾਂ ਸਜੀਵ ਰੂਪਧਾਰਨ ਕਰ ਗਏ ਹਨ। ਖਾਸ ਕਰਕੇ ਸੁਹਾਗਾਂ ਅਤੇ ਘੋੜੀਆਂ ਵਿੱਚ ਨਾਨਕਿਆਂ, ਦਾਦਕਿਆਂ, ਪੇਕਿਆਂ, ਸਹੁਰਿਆਂ, ਚਾਚਿਆਂ, ਤਾਇਆਂ,ਮਾਮਿਆਂ, ਭੂਆ, ਫੁੱਫੜਾ, ਨਾਨੀਆਂ, ਨਾਨਿਆਂ, ਦਾਦੀ, ਦਾਦਿਆਂ, ਗੱਲ ਕੀ ਸਾਰੇ ਰਿਸ਼ਤੀਆਂ ਦੇ ਵਿਭਿੰਨ ਰੂਪ ਪ੍ਰਸਤੁਤ ਹੁੰਦੇ ਹਨ। ਇਹ ਸਾਰੇ ਸਾਕ ਅੰਗ, ਸਾਕ-ਸਰੀਕਿਆਂ, ਸ਼ਰੀਕੇ-ਬਰਾਦਰੀਆਂ ਸਾਡੇ ਜੀਵਨ ਵਿੱਚ ਜਿਉਂ ਦਾ ਤਿਉਂ ਵਿਚਰਦੇ ਪ੍ਰਤੀਤ ਹੁੰਦੇ ਹਨ। ਵਿਆਹ ਸ਼ਾਦੀਆਂ ਦੇ ਸਮੇਂ ਕਿੱਧਰੇ ਨਾਨਕਿਆਂ, ਦਾਦਕਿਆਂ ਦੀ ਲੋੜ ਮਹਿਸੂਸ ਹੁੰਦੀ ਹੈ। ਕਿੱਧਰੇ ਧਰਮੀ ਬਾਬਲ, ਚਾਚੇ, ਮਾਮੇ, ਵੀਰ, ਫੁੱਫੜ, ਬਾਬੇ ਆਪਣੀ ਧੀ ਲਈ ਵਰ ਟੋਲਣ ਜਾਂਦੇ ਹਨ, ਕਿੱਧਰੇ ਨਾਨਕੀਆਂ ਹੱਥੀਂ ਚੂੜੇ ਪਾ ਕੇ ਚੜੋ-ਚੜੰਦੀਆਂ ਗਾਉਂਦੀਆਂ ਆਉਂਦੀਆਂ ਹਨ। ਕਿਧਰੇ ਮਾਮਾ ਆਪਣੀ ਭਾਣਜੀ ਨੂੰ ਖਾਰਿਉਂ ਉਤਾਰਦਾ ਵਿਭਿੰਨ ਰਸਮਾਂ ਨਿਭਾਉਦਾ ਹੈ ਜਿਵੇਂ:
ਹਰੇ ਨ੍ਹਾਈ ਹਰੇ ਧੋਈ, ਹਰੇ ਠੰਡਾ ਪਾਣੀਆਂ,
ਦੇਸ ਮਾਮਾ ਵਹਿੜ ਵੱਛੀ, ਤੇਰਾ ਪੁੰਨ ਕਰਕੇ ਜਾਣੀਏ।
ਅੱਗੇ ਤਾ ਦਿੰਦਾ ਸੈਂ ਅੱਜੀਂ ਪੱਜੀਂ,
ਹੁਣ ਦਿਤੜਾ ਦਾਨ ਪਛਾਣੀਏ।

ਪੰਜਾਬੀ ਲੋਕ-ਗੀਤਾਂ ਪੰਜਾਬ ਦੇ ਕਿਰਸਾਣੀ ਸਮਾਜ ਦੇ ਸੱਭਿਆਚਾਰ ਦਾ ਜੋ ਚਿਤਰ ਸਾਕਾਰ ਕਰਦੇ ਹਨ, ਉਸ ਵਿੱਚੋਂ ਇਸ ਵਰਤਾਰੇ ਦੀ ਜਾਤਾਂ-ਜਮਾਂਤਾਂ ਦੀ ਸ਼੍ਰੇਣੀ ਵੰਡ ਵੀ ਕਿਧਰੇ ਨਜ਼ਰੀ ਪੈਂਦੀ ਹੈ। ਕਿਰਸਾਣੀ ਸਮਾਜ ਵਿੱਚ ਰਿਸ਼ਤਿਆਂ-ਨਾਤਿਆਂ ਦਾ ਜਜਮਾਨੀ-ਰਿਸ਼ਤਾ ਲੋਕ-ਗੀਤਾਂ ਦੀ ਸਿਰਜਣਾ ਪ੍ਰਕਿਰਿਆਂ ਦਾ ਅਧਾਰ ਵੀ ਬਣਦਾ ਹੇ ਜਿਵੇਂ:
ਰਾਜਾ ਤੇ ਪੁੱਛਦਾ ਰਾਣੀਏ, ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਾਰ ਦੇ ਸੁੱਚੇ ਮੋਤੀ ਕ੍ਹਿਨੂੰ ਦੇਈਏ।
ਪਾਂਧੇ ਦੇ ਜਾਈਏ ਵੇ ਰਾਜਾ, ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਉਂ।
………………………..
ਨਾਈ ਦੇ ਜਾਈਏ ਵੇ ਰਾਜਾ, ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
………………………..
ਲਲਾਰੀ ਦੇ ਜਾਈਏ ਵੇ ਰਾਜਾ, ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
………………………..
ਸੁਨਿਆਰੇ ਦੇ ਜਾਈਏ ਵੇ ਰਾਜਾ, ਕੈਂਠਾਂ ਘੜਾਈਏ, ਕੈਂਠਾਂ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ ਵੇ ਰਾਜਾ।
………………………..
ਮਾਲਣ ਦੇ ਜਾਈਏ ਵੇ ਰਾਜਾ, ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
………………………..
ਦਰਜੀ ਦੇ ਜਾਈਏ ਵੇ ਰਾਜਾ, ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
………………………..
ਮੋਚੀ ਦੇ ਜਾਈਏ ਵੇ ਰਾਜਾ, ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਇਏ।

ਇਸ ਲੋਕ-ਗੀਤ ਵਿੱਚ ਸਾਡੇ ਸੱਭਿਆਚਾਰਕ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਹੁੰਦੀ ਹੈ ਜਿਸ ਵਿੱਚ ਇੱਕ ਜੱਟ ਕਿਰਸਾਣ ਜਜਮਾਨ ਹੈ ਤੇ ਉਸ ਦੇ ਆਸੇ-ਪਾਸੇ ਲਾਗੀਆਂ ਦਾ ਇੱਕ ਝੂੰਮਰ ਹੈ। ਇਹ ਲਾਗੀ ਆਪਣੇ ਜਜਮਾਨਾ ਨਾਲ ਇੱਕ ਕਦੀਮੀ ਸਾਂਝ ਤੇ ਰਿਸ਼ਤੇ ਵਿੱਚ ਇਸ ਤਰ੍ਹਾਂ ਬੱਝੇ ਪਏ ਹਨ ਕਿ ਇਹ ਇੱਕ ਦੂਸਰੇ ਦੇ ਪੂਰਕ ਪ੍ਰਤੀਤ ਹੁੰਦੇ ਹਨ। ਭਾਵੇਂ ਜਜਮਾਨ ਇੱਕ ਰਾਜਾ ਹੈ ਪਰ ਲਾਗੀਆਂ ਨੂੰ ਸਾਡੇ ਸੱਭਿਆਚਾਰ ਵਿੱਚ ਆਦਰ ਮਾਣ ਵਾਲੇ ਨਾਵਾਂ ਨਾਲ ਪੁਕਾਰਿਆਂ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੇ ਲਾਗੀ – ਜਜਮਾਨੀ ਰਿਸ਼ਤਿਆਂ ਵਿੱਚ ਇੱਕ ਸੱਭਿਆਚਾਰਕ ਨਿੱਘ, ਅਪਣੱਤ ਤੇ ਸਾਂਝ ਦਾ ਅਹਿਸਾਸ ਹੁੰਦਾ ਹੈ।

ਜਿੱਥੋਂ ਤੱਕ ਸੰਸਕਾਰ-ਗੀਤਾਂ ਦਾ ਸੰਬਧ ਹੈ ਇਹ ਲੋਕ-ਗੀਤ ਪੰਜਾਬੀਆਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਥਾਂ-ਪਰ-ਥਾਂ ਪੰਜਾਬੀਆਂ ਦਾ ਸੰਗ ਪਾਲਦੇ ਹੋਏ ਸਾਡੀਆਂ ਭਾਈਚਾਰਿਕ ਰਸਮਾਂ ਦਾ ਅਤੁੱਟ ਅੰਗ ਬਣ ਗਏ ਹਨ ਤੇ ਸਾਡੇ ਭਾਈਚਾਰੇ ਦੀ ਸ਼ਾਇਦ ਹੀ ਕੋਈ ਅਜਿਹੀ ਰਸਮ ਹੋਵੇ ਜਿਸ ਨਾਲ ਸਾਡੇ ਲੋਕ-ਗੀਤਾਂ ਦਾ ਸਾਥ ਨਾ ਹੋਵੇ। ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਪੰਜਾਬੀ ਲੋਕ-ਗੀਤਾਂ ਵਿੱਚ ਜੰਮਦਾ, ਪਲਦਾ, ਨਿੰਮਦਾ, ਵਿਆਹਿਆ ਜਾਂਦਾ ਅਤੇ ਮਰਦਾ ਹੈ। ਇੱਥੋਂ ਤੱਕ ਕਿ ਸੰਸਕਾਰ-ਗੀਤਾਂ ਵਿੱਚ ਤਾਂ ਸਾਡਾ ਸਮੁੱਚਾ ਭਾਈਚਾਰਾ ਵਾਸਤਵਿਕ ਰੂਪ ਵਿੱਚ ਵਿਹਾਰ ਕਰਦਾ, ਮੰਨਤਾਂ-ਮਨੌਤਾਂ ਮਨਾਉਂਦਾ, ਵਿਗਸਦਾ, ਮੌਲਦਾ, ਨਜ਼ਰ ਆਉਂਦਾ ਹੈ।

ਪੰਜਾਬੀ ਲੋਕ-ਗੀਤਾਂ ਨੇ ਇੱਥੋਂ ਦੇ ਧਰਮ ਅਤੇ ਸਦਾਚਾਰ ਨਾਲ ਵੀ ਆਪਣੀ ਅਤੁੱਟ ਸਾਂਝ ਦਾ ਸਬੂਤ ਦਿੱਤਾ ਹੈ। ਵਿਸ਼ੇਸ਼ ਤੇ ਵਿਲੱਖਣ ਖੂਬੀ ਇਹ ਹੈ ਕਿ ਨਾ ਤਾਂ ਇਸ ਜ਼ਰਖੇਜ਼ ਧਰਤੀ ਵਿੱਚੋਂ ਉਪਜਿਆ ਧਰਮ ਹੀ ਗੁੰਝਲਦਾਰ ਹੈ ਅਤੇ ਨਾ ਹੀ ਇੱਥੋਂ ਦੀਆਂ ਲੋਕ-ਗੀਤ ਸਿਰਜਣਾ ਗੁੰਝਲਦਾਰ ਹਨ। ਪੰਜਾਬ ਦੇ ਲੋਕ-ਗੀਤ ਰਚਣਹਾਰਿਆਂ ਨੇ ਜੇਕਰ ਇੱਕ ਪਾਸੇ ਬਹਾਦਰ ਲੋਕ-ਨਾਇਕਾਂ, ਪ੍ਰੀਤ-ਪਾਤਰਾਂ, ਭਗਤੀਵਾਨਾ ਅਤੇ ਸ਼ਕਤੀਵਾਨਾਂ ਨੂੰ ਨਵੇਂ ਨਕਸ਼ ਪਰਦਾਨ ਕੀਤੇ ਹਨ ਤਾਂ ਦੂਸਰੇ ਪਾਸੇ ਇੱਥੋਂ ਉਪਜੇ ਧਰਮ ਅਤੇ ਸਦਾਚਾਰ ਨੂੰ ਵੀ ਬੜਾ ਸਹਿਵਨ ਹੀ ਆਪਣਾ ਅੰਗ ਬਣਾ ਲਿਆ ਹੈ ਜਿਵੇਂ:
ਧਰਤੀ ਜੇਡ ਗਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਬ੍ਰਹਮਾ ਜੇਡ ਪੰਡਤ ਨਾ ਕੋਈ
ਸੀਤਾ ਜੇਡ ਨਾ ਮਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਸਰਵਣ ਜੇਡ ਪੁੱਤਰ ਨਾ ਕੋਈ,
ਜਿਸ ਰੱਬ ਦਾ ਨਾਮ ਗਿਆਤਾ।
ਨਾਨਕ ਜੇਡ ਭਗਤ ਨਾ ਕੋਈ,
ਜਿਨ ਹਰ ਦਾ ਨਾਮ ਪਛਾਤਾ।
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਰਾਖਾ।

ਉਪਰੋਕਤ ਲੋਕ-ਗੀਤ ਵਿੱਚੋਂ ਧਾਰਮਿਕ ਰਵਾਦਾਰੀ ਅਤੇ ਸਾਦਗੀ ਦੀ ਜੋ ਤਸਵੀਰ ਝਲਕਦੀ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਸਾਰੇ ਸੰਤਾਂ ਭਗਤਾਂ ਨੂੰ ਮੰਨਦੇ ਹੋਏ ਉਹਨਾਂ ਵਿੱਚ ਕਿਸੇ ਕਿਸਮ ਦਾ ਭੇਦ-ਭਾਵ ਜਾਂ ਵਿਤਕਰਾ ਨਹੀਂ ਮੰਨਦੇ।

ਇਸ ਧਰਤੀ ਵਿੱਚੋਂ ਪੈਦਾ ਹੋਏ ਸਦਾਚਾਰ ਦੀਆਂ ਕਈ ਪ੍ਰਤੀਨਿਧ ਉਦਾਹਰਨਾ ਲੋਕ-ਗੀਤਾਂ ਵਿੱਚ ਵੀ ਮਿਲਦੀਆਂ ਹਨ – ਜਿਵੇਂ ਪੂਰਨ ਦੀ ਲੋਕ-ਕਥਾਂ ਵਿੱਚ ਪੂਰਨ ਸਦਾਚਾਰ ਦੀਆਂ ਕਰੜੀਆਂ ਪਰੀਖਿਆਵਾਂ ਵਿੱਚੋ ਨਿਕਲ ਕੇ ਹੀ ਪ੍ਰਵਾਨ ਚੜ੍ਹਦਾ ਹੈ। ਉਸ ਨੂੰ ਨਾ ਤਾਂ ਲੂਣਾ ਦੇ ਲਵਾਏ ਸੋਹਣੇ ਬਾਗ ਤੇ ਨਵਾਬ ਸੇਜਾਂ ਉਸਦੇ ਜਤ-ਸਤ ਤੋਂ ਡੁਲਾ ਸਕਦੀਆਂ ਹਨ ਅਤੇ ਨਾ ਹੀ ਸੁੰਦਰਾਂ ਦਾ ਬੇਪਨਾਹ ਹੁਸਨ ਥਿੜਕਾ ਸਕਦਾ ਹੈ:
ਵੇ ਮੈਂ ਬਾਗ ਲਵਾਇਆ ਸੁਹਣਾ,
ਵੇ ਤੂੰ ਫੁੱਲਾਂ ਦੇ ਪੱਜ ਆ
ਮੇਰਿਆ ਗੋਰਖ ਨਾਥਾ ਪੂਰਨਾ।
ਨੀਂ ਮੈਂ ਤੇਰੇ ਬਾਗੀਂ ਨਾ ਆਵਾਂ
ਤੂੰ ਤਾਂ ਲੱਗੇਂ ਧਰਮ-ਦੀ ਮਾਂ,
ਮੇਰੀਏ ਅਕਲਾਂ ਸਮਝ ਸਿਆਣੀਏ।
ਵੇ ਮੈਂ ਨਾ ਜੰਮਿਆ ਨਾ ਪਾਲਿਆ
ਮੈਂ ਕਿਸ ਬਿੱਧ ਦੀ ਮਾਂ ?
ਮੇਰਿਆ ਗੋਰਖ ਨਾਥਾ ਪੂਰਨਾ।
ਨੀ ਤੂੰ ਮੇਰੇ ਬਾਪ ਦੀ ਇਸਤਰੀ,
ਇਸ ਬਿਧ ਧਰਮ-ਦੀ ਮਾਂ
ਮੇਰੀਏ ਅਕਲਾਂ ਸਮਝ ਸਿਆਣੀਏ।

ਇਸ ਲੋਕ-ਗੀਤ ਵਿੱਚ ਅਸਲ ਝਗੜਾ ਧਰਮ ਅਤੇ ਸਦਾਚਾਰ ਦਾ ਹੈ। ਲੂਣਾ ਦੀ ਹਰ ਦਲੀਲ ਦਾ ਪੂਰਨ ਪਾਸ ਜਵਾਬ ਹੈ। ਅਸਲ ਵਿੱਚ ਪੂਰਨ ਜਿਹੀ ਸਾਬਤੀ ਅਤੇ ਸਦਾਚਾਰਿਕ ਤੇ ਦ੍ਰਿੜਤਾ ਦੇ ਮਾਰਗ ਤੇ ਤੁਰਨ ਤੋਂ ਬਗੈਰ ਕੋਈ ਲੋਕ-ਨਾਇਕ ਦੀ ਕੱਸਵਟੀ ਤੇ ਪੂਰਾ ਨਹੀਂ ਉਤਰ ਸਕਦਾ। ਇਹੀ ਕਾਰਨ ਹੈ ਕਿ ਪੰਜਾਬ ਦੇ ਸਾਰੇ ਲੋਕ-ਨਾਇਕ ਚਾਹੇ ਸੂਰਮਗਤੀ, ਧਰਮ ਤੇ ਪ੍ਰੀਤ ਦੇ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਵਿਚਰਨ ਉਹਨਾਂ ਨੂੰ ਪੰਜਾਬੀ ਸਦਾਚਾਰ ਦੀ ਕੁਠਾਲੀ ਵਿੱਚੋ ਢਲਕੇ ਹੀ ਲੋਕ ਪ੍ਰਵਾਨ ਚੜਨਾ ਪੈਂਦਾ ਹੈ।

ਪੂਰਨ ਜਿਹੀ ਫ਼ਕੀਰੀ ਤੇ ਸਦਾਚਾਰ ਦਾ ਮਾਰਗ ਹੀ ਪੰਜਾਬ ਦੇ ਸੱਭਿਆਚਾਰ ਦੀ ਅਸਲ ਕਸਵੱਟੀ ਹੈ। ਪੰਜਾਬ ਦੇ ਲੋਕ-ਨਾਇਕਾਂ ਸੰਬੰਧੀ ਰਚੇ ਗਏ ਗੀਤਾਂ ਤੋਂ ਇਲਾਵਾ ਹੋਰ ਲੋਕ-ਗੀਤਾਂ ਵਿੱਚ ਪੰਜਾਬ ਦੇ ਸਦਾਚਾਰ ਲੱਜ, ਸ਼ਰਮ, ਅਤੇ ਰਵਾਇਤੀ ਕਦਰਾਂ-ਕੀਮਤਾਂ ਦੀਆ ਕਨਸੋਆਂ ਕੰਨੀ ਪੈਂਦੀਆਂ ਹਨ।

ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਬੋਲੀਆਂ, ਟੱਪੇ, ਮਾਹੀਆ, ਸਿੱਠਣੀਆਂ, ਛੰਦ ਪਰਾਗੇ ਤੇ ਕੁਝ ਹੋਰ ਨਿੱਕੀਆ-ਨਿੱਕੀਆਂ ਗੀਤ-ਬਣਤਰਾਂ ਵਿੱਚੋਂ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਥੋਂ ਦੇ ਰਚਣਹਾਰਿਆਂ ਤੇ ਖਾਸ ਕਰਕੇ ਪੰਜਾਬ ਦੀਆਂ ਸੁਆਣੀਆਂ ਨੇ ਆਪਣੇ ‘ਗੁਭ-ਗੁਭਾਟ ‘ ਕੱਢਕੇ ਆਪਣੀਆ ਕਸਕਾਂ, ਹੌਕੇਂ-ਹਾਵਿਆਂ, ਹੇਰਵਿਆਂ ਵਿਛੋੜੇ, ਤਲਖੀਆਂ ਤੇ ਸਮਾਜਿਕ ਜਿਆਦਤੀਆਂ ਦੇ ਦਰਦ ਅਤੇ ਪੀੜਾ ਨੂੰ ਮੱਠਿਆ ਕੀਤਾ ਹੈ। ਇਸ ਕਰਕੇ ਲੋਕ-ਗੀਤਾਂ ਵਿੱਚੋਂ ਕਿੱਧਰੇ-ਕਿੱਧਰੇ ਸਥਾਪਤ ਪਰੰਪਰਾ ਤੇ ਸਦਾਚਾਰ ਦੇ ਵਿਰੁੱਧ ਨਾਬਰੀ ਦੀ ਸੁਰ ਵੀ ਉੱਚੀ ਹੁੰਦੀ ਹੈ। ਕਿਧਰੇ ਬਾਬਲ ਦੁਆਰਾ ਸਹੇੜੇ ਮਧਰੇ ਤੇ ਕਾਲੇ ਵਰ ਦਾ ਦਰਦ ਹੈ। ਕਿੱਧਰੇ ਸੱਸ ਦੀਆ ਗਾਲਾਂ ਹਨ। ਕਿਧਰੇ ਸਹੁਰੇ, ਜੇਠ ਦੀਆਂ ਘੂਰਾਂ ਹਨ, ਕਿਧਰੇ ਪਰਦੇਸ ਗਏ ਮਾਹੀ ਦੇ ਹੌਕੇਂ ਹਨ। ਕਿਧਰੇ ਅੱਲੜ ਪਤੀ ਦੀਆਂ ਬੇਪ੍ਰਵਾਹੀਆਂ ਹਨ, ਕਿਧਰੇ ਦਰਾਣੀਆਂ-ਜਠਾਣੀਆਂ ਤੇ ਨਣਦਾਂ ਦੇ ਸਰੀਕੇ ਹਨ:
ਰੱਤੀ ਰੱਤੀ ਡੱਬੀ ਵਿੱਚ ਸੀਟੀਆਂ ਵੇ ਲਾਲ,
ਤੇਰੀ ਭੈਣ ਨੇ ਸਾਨੂੰ ਗੱਲਾਂ ਕੀਤੀਆਂ ਵੇ ਲਾਲ।
ਤੇਰੀ ਭੈਣ ਲੜੇ, ਨਾ ਲੜਨਾਂ ਵੇ ਲਾਲ,
ਅਸੀਂ ਸਿਰ ਚਰਨਾ ਤੇ ਧਰਨਾ ਵੇ ਲਾਲ।
……………………….
( ਇਸੇ ਤਰਾਂ ਮਾਂ, ਦਰਾਣੀਆਂ, ਜਠਾਣੀਆਂ ਸੰਬੰਧੀ )

ਪੰਜਾਬ ਦੀ ਧਰਤੀ ਦੀਆਂ ਇਹਨਾਂ ਲੋਕ-ਗੀਤ ਰਚਣਹਾਰੀਆਂ ਸਵਾਣੀਆਂ ਨੇ ਆਪਣੇ ਜੀਵਨ ਦੇ ਨਿੱਕੇ-ਨਿੱਕੇ ਪ੍ਰਤਿਕਰਮਾਂ ਤੇ ਹੁਗਾਰਿਆਂ ਨੂੰ ਲੋਕ-ਗੀਤਾਂ ਨਾਲ ਇਸ ਤਰ੍ਹਾਂ ਜੋੜ ਦਿੱਤਾ ਹੈ ਕਿ ਲੋਕ ਸੱਭਿਆਚਾਰ ਤੇ ਲੋਕ-ਗੀਤ ਇੱਕ-ਮਿੱਕ ਹੋ ਗਏ ਪ੍ਰਤੀਤ ਹੁੰਦੇ ਹਨ। ਲੋਕ ਸੱਭਿਆਚਾਰ ਦੀ ਰਾਂਗਲੀ ਫੁਲਕਾਰੀ ਦੀਆਂ ਝਲਕਾਂ ਇਹਨਾਂ ਵਿੱਚੋਂ ਥਾਂ-ਥਾਂ ਤੇ ਖਿੰਡੀਆਂ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਕਿੱਧਰੇ ਚਰਖੇ ਹਲਾਂ ਲਾਗੇ ਲਿਜਾਏ ਜਾਂਦੇ ਹਨ, ਕਿੱਧਰੇ ਮਾਵਾਂ ਪੁੱਤਰਾਂ ਦੀਆਂ ਦੁਆਵਾਂ ਕਰਦੀਆਂ ਹਨ, ਕਿਧਰੇ ਨਾਰਾਂ ਕੰਤਾਂ ਦੀ ਸਲਾਮਤੀ ਚਾਹੁੰਦੀਆਂ ਹਨ, ਕਿਧਰੇ ਦਿਓਰ ਭਰਜਾਈਆਂ ਦੇ ਝੇੜੇ ਹਨ, ਕਿੱਧਰੇ ਹੱਥ ਪੂਣੀਆਂ ਢਾਂਕ ਤੇ ਚਰਖਾ ਹੈ, ਕਿੱਧਰੇ ਨਾਇਣ ਮੀਢੀਆਂ ਗੁੰਦ ਕੇ ਡਾਕ ਬੰਗਲਾ ਬਣਾਉਂਦੀ ਹੈ, ਕਿਧਰੇ ਉੱਚੀਆਂ ਲੰਮੀਆਂ ਟਾਹਲੀਆਂ ਤੇ ਗੁਜਰੀ ਦੀ ਪੀਂਘ ਪੈਂਦੀ ਹੈ, ਕਿਧਰੇ ਬਾਬਲ ਦੇ ਮਹਿਲਾਂ ਵਿੱਚ ਸੱਤ ਰੰਗੀਆ ਕਬੂਤਰ ਬੋਲਦਾ ਹੈ। ਕਿੱਧਰੇ ਕਾਂ ਦੇ ਹੱਥ ਵੀਰਾਂ ਨੂੰ ਸੁਨੇਹਾਂ ਭੇਜਿਆ ਜਾਂਦਾ ਹੈ, ਕਿੱਧਰੇ ਵੀਰ ਨੀਲਾ ਘੋੜਾ ਬੀੜ ਕੇ ਆਉਂਦਾ ਹੈ, ਕਿੱਧਰੇ ਵੀਰ ਦੀ ਕੁਰਸੀ ਥਾਣੇਦਾਰ ਦੇ ਬਰਾਬਰ ਡਹਿੰਦੀ ਹੈ। ਕਿਧਰੇ ਵੀਰ ਰੁੱਸੀ ਭੈਣ ਨੂੰ ਮਨਾਉਂਦਾ ਹੈ, ਕਿਧਰੇ ਚੰਦਰੀ ਸੱਸ ਵੀਰ ਨੂੰ ਸੁੱਕੀ ਖੰਡ ਪਾਉਂਦੀ ਹੈ। ਇਸ ਤਰ੍ਹਾਂ ਪੰਜਾਬੀ ਲੋਕ-ਗੀਤਾਂ ਵਿੱਚ ਥਾਂ-ਪਰ-ਥਾਂ ਪੰਜਾਬ ਦੀ ਮਿੱਟੀ ਦੀ ਮਹਿਕ ਖਿੰਡਰੀ ਨਜ਼ਰ ਆਉਂਦੀ ਹੈ।

ਅੱਜ ਇਸ ਪ੍ਰਕਾਰ ਦੀ ਰਾਂਗਲੀ ਝਾਕੀ ਪੇਸ਼ ਕਰਨ ਵਾਲੇ ਲੋਕ-ਗੀਤਾਂ ਦੇ ਸ੍ਰੋਤ ਹੌਲੀ-ਹੌਲੀ ਖੁਰਦੇ ਜਾ ਰਹੇ ਹਨ। ਸਾਡੇ ਲੋਕ-ਗੀਤਾਂ ਦੇ ਰਚਣਹਾਰੇ ਤੇ ਬੋਲਣਹਾਰੇ ਕਿਰਮਣ ਕਿਰਮਣ ਸਾਡੇ ਪਾਸੋਂ ਕਿਰਦੇ ਜਾ ਰਹੇ ਹਨ ਤੇ ਸਾਡੀ ਝੋਲ, ਸਾਡੇ ਆਪਣੇ, ਸਾਡੀ ਧਰਤੀ ਦੇ ਲੋਕਾਂ ਦੇ ਇਹਨਾਂ ਗੀਤਾਂ ਖੁਣੋਂ ਸੱਖਣੀ ਹੁੰਦੀ ਜਾ ਰਹੀ ਹੈ। ਜਦ ਸਾਡੀ ਮਾਂ-ਧਰਤੀ ਵਿੱਚੋਂ ਉਪਜੇ ਇਹ ਸੁੱਚੇ ਗੀਤ ਹੀ ਸਾਡੇ ਪਾਸ ਨਹੀਂ ਰਹਿਣਗੇ ਤਾਂ ਅਸੀਂ ਇਹਨਾਂ ਵਿੱਚ ਪੇਸ਼ ਹੋਣ ਵਾਲੀਆਂ ਪੰਜਾਬੀ ਜਨ-ਜੀਵਨ ਤੇ ਵਰਤਾਰੇ ਦੀਆਂ ਸਚਿਆਰੀਆਂ ਕਦਰਾਂ-ਕੀਮਤਾਂ ਕਿਵੇਂ ਬਰਕਰਾਰ ਰੱਖ ਸਕਾਂਗੇ। ਲੋਕ ਵਿਰਸੇ ਤੇ ਖਾਸ ਕਰਕੇ ਲੋਕ-ਗੀਤਾਂ ਦੀ ਸਾਂਭ-ਸੰਭਾਲ ਕਰਨ, ਉਹਨਾਂ ਦੇ ਸਾਰਥਕ ਪੱਖਾਂ ਦਾ ਮੁਲਾਂਕਣ ਕਰਨ ਤੇ ਉਸ ਨੂੰ ਵਰਤਮਾਨ ਨਾਲ ਜੋੜਨ ਦੀ ਜਿੰਨੀ ਲੋੜ ਅੱਜ ਮਹਿਸੂਸ ਕੀਤੀ ਜਾ ਰਹੀ ਹੈ, ਸ਼ਾਇਦ ਪਹਿਲਾਂ ਕਦੇ ਨਹੀਂ ਸੀ ਕੀਤੀ ਗਈ। ਪੰਜਾਬੀ ਲੋਕ-ਗੀਤਾਂ ਦੇ ਸੋਮਿਆ ਨਾਲ ਸਾਂਝ ਪੈਦਾ ਕਰਨ ਦੇ ਸੰਬੰਧ ਵਿੱਚ ਪੰਜਾਬੀ ਦੇ ਸਾਹਿਤ ਰਿਸ਼ੀ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਇਹ ਸਤਰਾਂ ਬਹੁਤ ਮੁੱਲਵਾਨ ਪ੍ਰਤੀਤ ਹੁੰਦੀਆਂ ਹਨ:

ਜੇ ਕਦੇ ਫੇਰ ਸਾਡੀ ਆਪਣੀ ਜ਼ਿੰਦਗੀ ਵਿੱਚ ਰੂਹ ਨੇ ਰੁਮਕਣਾ ਹੈ, ਤਾਂ ਉਸ ਲਈ ਪੁਰਾਣੀ ਲਾਗ ਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਗੀਤ-ਭੰਡਾਰ ਨੂੰ ਸਾਂਭ ਲਈਏ। ਇਹ ਗੀਤ ਹੌਲੀ ਹੌਲੀ ਸਾਡੀ ਯਾਦੋਂ ਲਹਿ ਰਹੇ ਹਨ। ਜੇਕਰ ਕੁਝ ਚਿਰ ਹੋਰ ਸਾਰ ਨਾ ਲਈ ਤਾਂ ਇਹ ਮੂਲੋਂ ਹੀ ਦੁਰਲੱਭ ਹੋ ਜਾਣਗੇ, ਫਿਰ ਅਸੀਂ ਟੈਕਸਲਾ, ਤੇ ਮੋਹਿੰਜੋਦੜੋ ਦੇ ਥੇਹਾਂ ਵਾਕਰ ਇਨ੍ਹਾਂ ਗੀਤਾਂ ਦੀਆਂ ਟੁੱਟੀਆਂ ਫੁੱਟੀਆਂ ਤੁਕਾਂ ਨੂੰ ਹੀ ਸਹਿਕਦੇ ਫਿਰਾਂਗੇ…

** ਬੋਲੀਆਂ

ਲੰਮੀਆਂ ਬੋਲੀਆਂ ਸਮੂਹਕ ਰੂਪ ਵਿੱਚ ਗਾਇਆ ਜਾਣ ਵਾਲ਼ਾ ਲੋਕ-ਕਾਵਿ ਹੈ। ਇਸ ਵਿੱਚ ਪਹਿਲੀਆਂ ਤੁਕਾਂ ਦਾ ਤੋਲ ਅਤੇ ਤੁਕਾਂਤ ਲਗ-ਪਗ ਬਰਾਬਰ ਹੁੰਦਾ ਹੈ। ਆਖਰੀ ਤੁਕ ਜਿਸ ਨੂੰ ਤੋੜਾ ਕਿਹਾ ਜਾਂਦਾ ਹੈ ਲਗ-ਪਗ ਅੱਧੀ ਹੁੰਦੀ ਹੈ। ਬੋਲੀ ਨੂੰ ਮਰਦ ਵੀ ਗਾਉਂਦੇ ਹਨ ਅਤੇ ਔਰਤਾਂ ਵੀ। ਮਰਦ ਇਸ ਨੂੰ ਭੰਗੜੇ ਵਿੱਚ ਗਾਉਂਦੇ ਹਨ ਅਤੇ ਔਰਤਾਂ ਗਿੱਧੇ ਵਿੱਚ ਗਾਉਂਦੀਆਂ ਹਨ। ਮਰਦਾਂ ਦੀਆਂ ਬੋਲੀਆਂ ਵਿੱਚ ਮਰਦਾਂ ਦੀ ਦਿ੍ਸ਼ਟੀ ਤੋਂ ਸੰਸਾਰ ਨੂੰ ਵੇਖਿਆ ਗਿਆ ਹੈ। ਇਹਨਾਂ ਵਿੱਚ ਇਸਤਰੀ-ਰੂਪ ਦੀ ਵਡਿਆਈ, ਕਿਸਾਨੀ ਜੀਵਨ ਦੇ ਅਨੁਭਵ ਵਿੱਚ ਆਉਂਦੀ ਪ੍ਰਕਿਰਤੀ,ਫ਼ਸਲੀ-ਚਕਰ,ਮੇਲੇ ਤਿਉਹਾਰ,ਆਰਥਿਕ ਤੇ ਸਮਾਜਿਕ ਪਹਿਲੂ ਝਲਕਦੇ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ ਹੋਈ ਹੈ। ਔਰਤਾਂ ਦੀਆਂ ਬੋਲੀਆਂ ਵਿੱਚ ਉਹਨਾਂ ਦੀ ਹਰ ਜੀਵਨ-ਅਵਸਥਾ ਦੇ ਅਨੁਭਵ ਤੇ ਮਾਨਸਿਕਤਾ ਅਤੇ ਜਜ਼ਬਾਤੀ ਘੁਟਣ ਨੂੰ ਪ੍ਰਗਟਾਵਾ ਮਿਲਿਆ ਹੈ। ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।

ਲੰਮੀ ਬੋਲੀ ਗਾਉਣ ਸਮੇਂ ਪਹਿਲਾਂ ਇੱਕ ਜਣਾ ਬੋਲੀ ਸ਼ੁਰੂ ਕਰਦਾ ਹੈ। ਗਾਉਣ ਸਮੇਂ ਟੋਲੀ ਦੇ ਬਾਕੀ ਮੈਂਬਰ ਨਾਲ਼ੋ-ਨਾਲ਼ ਹੁੰਗਾਰਾ ਭਰਦੇ ਹਨ ਜੋ ਕਈ ਵਾਰੀ ਪ੍ਰਸ਼ਨ ਰੂਪ ਵਿੱਚ ਜਾਂ ਵਿਸਮਿਕ ਬੋਲੀ ਦੇ ਰੂਪ ਵਿੱਚ ਹੁੰਦਾ ਹੈ। ਜਿਵੇਂ ਜਦੋਂ ਬੋਲੀ ਗਾਉਣ ਵਾਲ਼ਾ ਗਾਉਂਦਾ ਹੈ- ‘ਬਾਰ੍ਹੀਂ ਬਰਸੀਂ ਖੱਟਣ ਗਿਆ’, ਬਾਕੀ ਟੋਲੀ ਪੁੱਛਦੀ ਹੈ, ‘ਕੀ ਖੱਟ ਕੇ ਲਿਆਂਦਾ?’ ਜਾਂ ਫਿਰ ਉਹ ‘ਬੱਲੇ ਬੱਲੇ’ ‘ਵਾਹ ਬਈ ਵਾਹ’ ਆਦਿ ਬੋਲ ਕੇ ਇਸ ਗਾਇਨ ਨੂੰ ਸਮੂਹਿਕ ਬਣਾਉਂਦੇ ਹਨ। ਜਦੋਂ ਬੋਲੀ ਮੁਕੰਮਲ ਹੋਣ ‘ਤੇ ਆਉਂਦੀ ਹੈ ਤਾਂ ਤੋੜੇ ਦੀ ਤੁਕ ਨੂੰ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈਅ ਵਿੱਚ ਸਾਰੇ ਰਲ਼ ਕੇ ਗਾਉਂਦੇ ਹਨ। ਇਸ ਨੂੰ ਬੋਲੀ ਗਾਉਣ ਦੀ ਸਿਖਰ ਕਿਹਾ ਜਾਂਦਾ ਹੈ।

2 comments

  1. davinder singh sandhu

    very nice bro..

  2. ਬਹੁਤ ਵਧੀਆ ਜੀ

Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar