- ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ – ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਕੀਮਤੀ ਸ਼ੈਆਂ ਦੀ ਪਰਵਾਹ ਸੰਭਾਲ ਨਾ ਕਰਨੀ।
- ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ – ਜਿਹਡ਼ਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ।
- ਅੱਖ ਅੱਡੀ ਹੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ – ਦਿਲ ਦੀਆਂ ਤਾਂਘਾਂ ਆਸਾਂ ਵਿੱਚੇ ਹੀ ਰਹਿ ਗਈਆਂ। ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਏ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
- ਅੱਖੀਂ ਡਿੱਠਾ ਭਾਵੇ ਨਾ, ਕੁੱਛਡ਼ ਬਹੇ ਨਿਲੱਜ – ਇਹਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ, ਪਰ ਇਹ ਢੀਠ ਨੇਡ਼ੇ ਢੁਕ ਢੁਕ ਕੇ ਬਹਿੰਦਾ ਤੇ ਪਿਆਰ ਕਰਨਾ ਪੈਂਦਾ ਹੈ।
- ਅੱਗ ਖਾਵੇ, ਅੰਗਿਆਰ ਹੱਗੇ – ਜਿਹੋ ਜਿਹਾ ਕੰਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱਟਾ ਨਿਕਲੇਗਾ।
- ਅੱਗ ਲੈਣ ਆਈ ਘਰ ਵਾਲੀ ਬਣ ਬੈਠੀ – ਕਿਸੇ ਦੇ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣ ਤੇ ਕਹਿੰਦੇ ਹਨ।
- ਅੱਡ ਖਾਏ ਸੋ ਡੱਡ ਖਾਏ, ਵੰਡ ਖਾਏ ਸੋ ਖੰਡ ਖਾਏ – ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦਾ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼ ਦੇਣ ਲਈ ਵਰਤਦੇ ਹਨ।
- ਅੰਦਰ ਹੋਵੇ ਸੱਚ ਤਾਂ ਕੋਠੇ ਚਡ਼੍ਹ ਕੇ ਨੱਚ – ਸੱਚੇ ਆਦਮੀ ਨੂੰ ਡਰ-ਡਰ, ਲੁਕ-ਲੁਕ ਬਹਿਣ ਦੀ ਲੋਡ਼ ਨਹੀਂ।
- ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ – ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਾਂ ਕਿਸੇ ਦੇ ਜੁੰਮੇ ਅਜੇਹਾ ਕੰਮ ਲੱਗ ਜਾਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
- ਅੰਨ੍ਹੀ ਕੁਕਡ਼ੀ ਖਸ-ਖਸ ਦਾ ਚੋਗਾ – ਅੰਨ੍ਹਾਂ ਕੁੱਤਾ ਹਰਨਾਂ ਦਾ ਸ਼ਿਕਾਰੀ ਵਾਲਾ ਅਰਥ ਹੀ ਢੁਕਦਾ ਹੈ।
- ਅਨ੍ਹਾਂ ਕੁੱਥਾ ਵਾ ਨੂੰ ਭੋਂਕੇ – ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਏਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
- ਅੰਨ੍ਹਾਂ ਵੰਡੇ ਸ਼ੀਰਨੀਆਂ, ਮੁਡ਼ ਮੁਡ਼ ਆਪਣਿਆਂ ਨੂੰ – ਆਪਣੇ ਸਕਿਆਂ ਸੋਦਰਿਆਂ ਨੂੰ ਹੀ ਘਡ਼ੀ ਮੁਡ਼ੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ।
- ਅੰਨ੍ਹੀ ਅੰਨ੍ਹਾ ਰਲਿਆ, ਤਾਂ ਝੁੱਗਾ ਗਲਿਆ – ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈਡ਼ੇ ਜਾਂ ਬੇਸਮਝ ਹੋਣ, ਤਾਂ ਘਰ ਦੀ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
- ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ – ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰਦੇ ਨੂੰ ਮੱਤ ਦੇਣ ਹਿਤ ਸਿਰ ਖਪਾਈ ਕਰਨੀ ਜਿਹਡ਼ਾ ਕਿਸੇ ਦੀ ਦਿੱਤੀ ਲੈਣ ਨੂੰ ਤਿਆਰ ਹੀ ਨਾ ਹੋਵੇ, ਸਭ ਵਾਧੂ ਦਾ ਖੱਪਾ ਹੈ।
- ਅੰਬਾਂ ਦੀ ਭੁੱਖ ਅੰਬਾਕਡ਼ੀਆਂ ਨਾਲ ਨਹੀਂ ਲਹਿੰਦੀ – ਜਦ ਕੋਈ ਚਾਹਵਾਨ ਤੇ ਲੋਡ਼ਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ, ਤਾਂ ਕਹਿੰਦੇ ਹਨ।
- ਆਂਡੇ ਹੋਰ ਘਰ, ਕੁਡ਼ ਕੁਡ਼ ਸਾਡੇ ਘਰ – ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।
- ਆਪ ਤਾਂ ਕਿਸੇ ਜਿਹੀ ਨਾ, ਨੱਕ ਚਾਡ਼੍ਹ ਨੇ ਰਹੀ ਨਾ – ਆਪ ਤਾਂ ਭੈਡ਼ੇ ਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
- ਆਪ ਕੁਚੱਜੀ ਵਿਹਡ਼ੇ ਨੂੰ ਦੋਸ਼ – ਕੁਝ ਕਰਨ ਜੋਗੇ ਆਪ ਨਾ ਹੋਣਾ, ਪਰ ਕਹਿਣਾ ਕਿ ਸੰਦ ਨਹੀਂ ਚੰਗੇ, ਥਾਂ ਨਹੀਂ ਚੰਗਾ, ਮੈਂ ਕੰਮ ਕਿਵੇਂ ਕਰਾਂ ? ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
- ਆਪ ਨਾ ਜੋਗੀ, ਗੁਆਂਢ ਵਲਾਵੇ – ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣੇ ਪਰ ਹੋਣਾ ਆਪਣਾ ਕੰਮ ਕਰਨਾ ਜੋਗੇ ਵੀ ਨਾਂ।
- ਆਪ ਨਾ ਵੰਝੇ ਸਾਹੁਰੇ, ਹੋਰੀਂ (ਲੋਕਾਂ) ਮੱਤੀਂ ਦੇ – ਆਪ ਕੁਝ ਕਰਨਾ ਨਾ, ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।
- ਆਪ ਬੁੱਝੇ ਬੱਤੀ ਸੁਲੱਖਣਾ, ਦਿੱਤੀ ਲਵੇ ਤਾਂ ਤੇਤੀ ਸੁਲੱਖਣਾ – ਜਿਹਡ਼ਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬਡ਼ਾ ਚੰਗਾ ਹੁੰਦਾ ਹੈ ਪਰ ਜਿਹਡ਼ਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ, ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈ। ਅਮੋਡ਼ ਜਾਂ ਆਪਣੀ ਕੁਮੱਤ ਮਗਰ ਲੱਗਣ ਵਾਲਿਆਂ ਲਈ ਉਪਦੇਸ਼ ਹੈ।
- ਆਪਣਾ ਘਰ ਤੇ ਹੱਗ ਹੱਗ ਭਰ, ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ – ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ।
- ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ ? – ਜਿਹਡ਼ਾ ਆਪਣੀਆਂ ਲੋਡ਼ਾਂ ਵੀ ਪੂਰੀਆਂ ਕਰਨ ਜੋਗਾ ਨਾ ਹੋਵੇ, ਉਹਨੇ ਹੋਰਨਾਂ ਦੀ ਕੀ ਸਹਾਇਤਾ ਕਰਨੀ ਹੋਈ ?
- ਆਪਣਾ ਨੀਂਗਰ ਪਰਾਇਆ ਢੀਂਗਰ – ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ, ਹਰ ਕਿਸੇ ਨੂੰ ਆਪਣਾ ਸ਼ੈ ਚੰਗੀ ਲਗਦੀ ਹੈ ਤੇ ਪਰਾਈ ਮੰਦੀ ਤੇ ਨੁਕਸਾਂ ਭਰੀ ਦਿੱਸਦੀ ਹੈ।
- ਆਪਣਿਆਂ ਦੇ ਗਿੱਟੇ ਭੰਨਾਂ, ਚੁੰਮਾਂ ਪੈਰ ਪਰਾਇਆਂ ਦੇ – ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈਡ਼ੇ ਸਲੂਕ ਕਰਨਾ, ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
- ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ – ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ, ਜਾਂ ਹੋਰਨਾਂ ਦੇ ਧਨ ਮਾਲ ਦੀ ਗਾਂਜ ਕਰੇ ਤੇ ਆਪਣੇ ਨੂੰ ਲੁਕਾਵੇ ਤੇ ਥੋਡ਼੍ਹਾ ਦੱਸੇ, ਉਸ ਮੌਕੇ ਤੇ ਇਹ ਕਹਿੰਦੇ ਹਨ।
- ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ – ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕਡ਼-ਖਾਂ ਬਣ ਬਹਿੰਦਾ ਹੈ, ਜਿੱਥੇ ਕਿਸੇ ਦੇ ਹਮਾਇਤੀ ਸਨਬੰਧੀ ਹੋਣ, ਓਥੇ ਮਾਡ਼ਾ ਬੰਦਾ ਵੀ ਲਲਕਾਰੇ ਮਾਰਨ ਲੱਗ ਪੈਂਦਾ ਹੈ।
- ਆਪਣੀਆਂ ਜੁੱਤੀਆਂ ਤੇ ਆਪਣਾ ਸਿਰ – ਆਪਣੀ ਹੱਥੀਂ ਆਪਣਾ ਨੁਕਸਾਨ ਕਰਨਾ, ਆਪਣੀਂ ਪੈਰੀਂ ਆਪ ਕੁਹਾਡ਼ਾ ਮਾਰਨਾ।
- ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ – ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ, ਭੁੱਲਾਂ ਉਣਤਾਈਆਂ ਨਸ਼ਰ ਕਰ ਕਰ ਕੇ ਖੁਸ਼ ਹੋਣਾ।
- ਆਪਣੇ ਘਰ ਪਕਾਈਂ ਨਾ, ਤੇ ਸਾਡੇ ਘਰ ਆਈਂ ਨਾ – ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾਂ ਹੀ ਉਹਨੂੰ ਆਪ ਕਰ ਲੈਣ ਦੇਣਾ।
- ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਘਰ ਲੱਗੇ ਤਾ ਬਸੰਤਰ – ਜਿਸ ਨੂੰ ਕੋਈ ਦੁੱਖ ਲਗਦਾ ਹੈ ਬਿਪਤਾ ਪੈਂਦੀ ਹੈ, ਪੀਡ਼ ਕਸ਼ਟ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਏਵੇਂ ਕੇਵੇਂ ਹੀ ਗਿਣਦਾ ਹੈ, ਸਗੋਂ ਵੇਖ ਕੇ ਖੁਸ਼ ਹੁੰਦਾ ਹੈ। ਆਪਣੇ ਨੁਕਸਾਨ ਤੋਂ ਤਾਂ ਪੀਡ਼ ਮਨਾਉਣ, ਪਰ ਅਗਲੇ ਦੇ ਨੁਕਸਾਨ ਨੂੰ ਟਿੱਚ ਸਮਝਣ ਵਾਲੇ ਬਾਰੇ ਕਹਿੰਦੇ ਹਨ।