- ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ – ਮਾਡ਼ੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।
- ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ – ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹਡ਼ਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨੀ ਪਵੇ, ਤਾਂ ਕਹਿੰਦੇ ਹਨ।
- ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ – ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬਡ਼ਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ।
- ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ – ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।
- ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ, ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ – ਕਿਸੇ ਦੇ ਸਿਰ ਫਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੋ, ਤਾਂ ਉਹਨੂੰ ਖੂਬ ਮਿਰਚਾਂ ਲੱਗਣ।
- ਗਲ ਪਿਆ ਢੋਲ ਵਜਾਉਣਾ ਪੈਂਦਾ ਹੈ – ਜਦ ਕਿਸੇ ਨੂੰ ਕੋਈ ਅਜੇਹਾ ਕੰਮ ਕਰਨਾ ਪੈ ਜਾਵੇ, ਜੋ ਉਹ ਉੱਕਾ ਹੀ ਕਰਨਾ ਨਾ ਚਾਹੁੰਦਾ ਹੋਵੇ ਤਾਂ ਉਹ ਇਹ ਅਖਾਣ ਪਾਉਂਦਾ ਹੈ।
- ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ – ਜਿਹਡ਼ਾ ਬੰਦਾ ਫੋਕੀਆਂ ਫਡ਼੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ, ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ, ਤਾਂ ਉਸ ਬਾਰੇ ਕਹਿੰਦੇ ਹਨ।
- ਗਿੱਦਡ਼ ਦੇ ਗੂੰਹ ਦੀ ਲੋਡ਼ ਪਈ ਤਾਂ ਆਖੇ ਯਾਰ ਪਹਾਡ਼ੀਂ ਹੱਗਦੇ ਨੇ – ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋਡ਼ ਪਵੇ, ਤੇ ਉਹ ਅੱਗੋਂ ਆਕਡ਼ ਕੇ ਨਾਂਹ ਕਰ ਦੇਵੇ, ਤਾਂ ਕਹਿੰਦੇ ਹਨ।
- ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ – ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ਤਾਂ ਇਹ ਅਖਾਣ ਵਰਤਦੇ ਹਨ।
- ਗੁਡ਼ ਘਿਉ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ – ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ, ਤਾਂ ਕਹਿੰਦੇ ਹਨ।
- ਗੁਡ਼ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ? – ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋਡ਼ ?
- ਗੋਲੀ ਕਿਹਦੀ ਤੇ ਗਹਿਣੇ ਕਿਹਦੇ ? – ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ।
- ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ – ਕਰ ਮਜੂਰੀ ਤੇ ਖੀ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।