- ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ – ਧੋਤੇ ਮੂੰਹ ਤੇ ਚਪੇਡ਼ ਪਈ।
- ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ – ਭਰਾ-ਭਰਾ ਜਾਂ ਗੂਡ਼੍ਹੇ ਸਾਕ ਮਿੱਤਰ ਬੇਸ਼ਕ ਕਦੇ ਆਪੋ ਵਿਚ ਲਡ਼ ਪੈਣ, ਤਾਂ ਵੀ ਉਹ ਸਦਾ ਲਈ ਟੁੱਟੇ ਨਹੀਂ ਰਹਿੰਦੇ।
- ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ– ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ।
- ਨਾਲੇ ਚੋਪਡ਼ੀਆਂ ਨਾਲੇ ਦੋ ਦੋ – ਜਿਹਡ਼ਾ ਆਦਮੀ ਹਰ ਪਾਸਿਓਂ ਹੀ ਲਾਭ ਦੀ ਇੱਛਾ ਆਸ ਕਰੇ ਉਸ ਸਬੰਧੀ ਵਰਤਦੇ ਹਨ।
- ਨਾਲੇ ਚੋਰ ਨਾਲੇ ਚਤਰ – ਕਸੂਰਵਾਰ ਹੋ ਕੇ ਚਤੁਰਾਈਆਂ ਕਰਨੀਆਂ, ਸਾਊ ਬਣ ਬਣ ਬਹਿਣਾ, ਤੇ ਹੋਰਨਾਂ ਨੂੰ ਕੋਸਣਾ।
- ਨਾਲੇ ਮਾਸੀ ਨਾਲੇ ਚੂੰਢੀਆਂ – ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੀ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।
- ਨਾਲੇ ਰਾਹ ਵਿਚ ਹੱਗੇ, ਨਾਲੇ ਆਨੇ ਪਿਆ ਟੱਡੇ – ਜਦ ਕੋਈ ਜਣਾ ਕਸੂਰ ਕਰ ਕੇ ਅੱਗੋਂ ਆਕਡ਼ੇ ਤਾਂ ਕਹਿੰਦੇ ਹਨ।
- ਨੈਂ ਲੰਘੀ, ਖਾਜਾ ਵਿੱਸਰਿਆ – ਕੋਠਾ ਉੱਸਰਿਆ ਤਰਖਾਣ ਵਿੱਸਰਿਆ।
- ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ – ਜਦ ਕੋਈ ਬੰਦਾ ਸਾਰੀ ਉਮਰ ਮਾਡ਼ੇ ਕੰਮ ਕਰਦਾ ਤੇ ਪਾਪ ਕਮਾਉਂਦਾ ਰਿਹਾ ਹੋਵੇ, ਤੇ ਮਗਰੋਂ ਬਡ਼ਾ ਭਗਤ ਲੋਕ ਤੇ ਨੇਕ ਪੁਰਸ਼ ਬਣ-ਬਣ ਵਿਖਾਵੇ, ਤਾਂ ਕਹਿੰਦੇ ਹਨ।
- ਨੌਕਰ ਕੀ ਤੇ ਨਖਰਾ ਕੀ ? – ਨੌਕਰ ਨੂੰ ਆਕਡ਼ ਕਰਨੀ ਨਹੀਂ ਬਣਦੀ।
- ਨੌਂ ਕੋਹ ਦਰਿਆ, ਸੁੱਥਣ ਮੋਢੇ ਤੇ, ਨੌਂ ਕੋਹ ਦਰਿਆ, ਤੰਬਾ ਕੱਛ ਵਿਚ – ਕਿਸੇ ਕੰਮ ਦੇ ਕਰਨ ਦਾ ਸਮਾਂ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੋ ਬਹਿਣਾ।
- ਨੌਂਵੀ ਰੂੰ ਤੇ ਤੇਰ੍ਹੀਂ ਕਪਾਹ – ਘਟੀਆ ਚੀਜ਼ ਮਹਿੰਗੀ ਤੇ ਵਧੀਆ ਸ਼ੈ ਸਸਤੀ।