- ਬਹੁਤ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ – ਬਹੁਤਾ ਬੋਲਣਾ, ਬਹੁਤੀ ਚੁੱਪ, ਬਹੁਤਾ ਮੀਂਹ, ਬਹੁਤੀ ਧੁੱਪ – ਇਹ ਸਭ ਠੀਕ ਨਹੀਂ।
- ਬੱਕਰੀ ਆਪਣੀ ਜਾਨੋਂ ਵੀ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ – ਜਦੋਂ ਇਕ ਜਣਾ ਤਾਂ ਬਡ਼ਾ ਔਖਾ ਹੋ ਕੇ, ਬਹੁਤੀ ਸਾਰੀ ਕੁਰਬਾਨੀ ਕਰ ਕੇ, ਦੂਜੇ ਦਾ ਕੰਮ ਸੁਆਰਨ ਦਾ ਯਤਨ ਕਰੇ, ਪਰ ਉਹ ਅੱਗੋਂ ਕੀਤੇ ਦੀ ਕਦਰ ਨਾ ਪਾਵੇ, ਤਾਂ ਕਹਿੰਦੇ ਹਨ।
- ਬੱਕਰੀ ਨੇ ਦੁੱਧ ਦਿੱਤਾ, ਪਰ ਮੇਂਙਣਾਂ ਪਾ ਕੇ – ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅਡ਼ੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।
- ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ – ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
- ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ – ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਭਰਨਾ ਪਿਆ।
- ਬਾਂਦਰਾਂ ਨੂੰ ਬਣਾ ਤੀਆਂ ਟੋਪੀਆਂ – ਬਾਂਦਰ ਨੂੰ ਅਦਰਕ ਦਾ ਅਚਾਰ – ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
- ਬਾਲ ਦਾ ਪੱਜ, ਤੇ ਮਾਂ ਦਾ ਰੱਜ – ਜਦ ਕੋਈ ਜਣਾ ਕਿਸੇ ਹੋਰ ਦਾ ਬਹਾਨਾ ਲਾ ਕੇ ਕੋਈ ਸ਼ੈ ਆਪਣੇ ਲਈ ਪਰਾਪਤ ਕਰੇ ਤਾੰ ਕਹਿੰਦੇ ਹਨ।
- ਬਾਲ ਦੀ ਨਾ ਮਰੇ ਮਾਂ, ਬੁੱਢੇ ਦੀ ਜੋਰੂ – ਮਾਂ-ਮਹਿੱਟਰ ਬਾਲ ਤੇ ਰੰਡਾ ਬੁੱਢਡ਼ਾ ਦੋਵੇਂ ਔਖੇ ਤੇ ਦੁਖੀ ਹੁੰਦੇ ਹਨ।
- ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾਡ਼ ਲਈਦੀ – ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਸਿੰਦ ਕਰ ਦੇਣੀਆਂ ਠੀਕ ਨਹੀਂ।
- ਬਿਗੀਨੀ ਛਾਹ ਤੇ ਮੁੱਛਾਂ ਨਹੀਂ ਮੁਨਾਈਦੀਆਂ – ਕਿਸੇ ਤੋਂ ਲਾਭ ਪਰਾਪਤ ਕਰਨ ਦੀ ਆਸ ਵਿਚ ਆਪਣਾ ਨੁਕਸਾਨ ਨਹੀਂ ਕਰ ਲੈਣਾ ਚਾਹੀਦਾ।
- ਬਿਗਾਨੀ ਦੰਮੀਂ ਸ਼ਾਹੂਕਾਰ – ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਨਖ਼ਰਾ ਮਾਣ ਕਰੇ ਤੇ ਆਕਡ਼ ਵਿਖਾਵੇ, ਤਾਂ ਕਹਿੰਦੇ ਹਨ।
- ਬਿਗਾਨੇ ਪੁੱਤ ਚੁੰਮੇ ਲਾਲੀਂ ਭਰਿਆ – ਪਰਾਏ ਭਾਵੇਂ ਆਪਣੇ ਵੀ ਬਣਾ ਲਈਏ, ਉਹ ਪਰਾਏ ਹੀ ਰਹਿੰਦੇ ਹਨ, ਸਗੋਂ ਦੁਖੀ ਕਰਦੇ ਹਨ।
- ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ – ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ, ਤਾਂ ਕਹਿੰਦੇ ਹਨ।
- ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ – ਜਿੰਨਾ ਚਿਰ ਉੱਦਮ, ਉਪਾ ਨਾ ਕਰੀਏ, ਕਿਸੇ ਨੂੰ ਆਪਣੀ ਲੋਡ਼ ਦੱਸੀਏ ਨਾ, ਕੋਈ ਲੋਡ਼ ਪੂਰੀ ਨਹੀਂ ਹੋ ਸਕਦੀ।
- ਬਿੱਲੀ ਦੁੱਧ ਦੀ ਰਾਖੀ – ਜਦ ਕਿਸੇ ਨੂੰ ਕਿਸੇ ਸ਼ੈ ਦੀ ਸੌਂਪਨਾ ਕੀਤੀ ਜਾਂ ਰਾਖੀ ਦਿੱਤੀ ਜਾਵੇ ਜਿਸ ਦਾ ਉਹ ਆਪ ਹੀ ਬਹੁਤ ਸ਼ੌਕੀਨ ਤੇ ਲਾਲਚੀ ਹੋਵੇ ਤੇ, ਖਾ-ਪੀ ਛੱਡੇ, ਤਾਂ ਆਖਦੇ ਹਨ।
- ਬਿੱਲੀ ਨੂੰ ਚੂਹਿਆਂ ਦੇ ਸੁਫ਼ਨੇ – ਜਦ ਕਿਸੇ ਨੂੰ ਆਪਣੇ ਹੀ ਮਤਲਬ ਦੀ ਗੱਲ ਸੁੱਝੇ, ਤਾਂ ਕਹਿੰਦੇ ਹਨ।
- ਬਿੱਲੀ ਨੇ ਸ਼ੀਂਹ ਪਡ਼੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ – ਸਾਡੀ ਬਿੱਲੀ ਸਾਨੂੰ ਹੀ ਮਿਆਉਂ – ਜਦ ਕਿਸੇ ਆਦਮੀ ਨੂੰ ਪਾਲ ਪੋਸ ਕੇ, ਸਿਖਾ-ਪਡ਼੍ਹਾ ਕੇ ਵੱਡਾ ਕਰੀਏ, ਅਤੇ ਅੱਗੋਂ ਆਪਣਾ ਜ਼ੋਰ ਸਿਆਣਪ ਸਾਡੇ ਵਿਰੁਧ ਹੀ ਵਰਤਣ ਲੱਗ ਪਵੇ, ਤਾਂ ਇਹ ਅਖਾਣ ਵਰਤੀਦਾ ਹੈ।
- ਬੀਜਿਆ ਨਾ ਵਾਹਿਆ, ਘਡ਼ੰਮ ਪੱਲਾ ਡਾਹਿਆ – ਜਦ ਕੋਈ ਜਣਾ ਕਿਸੇ ਦੇ ਕੰਮ ਵਿਚ ਤਾਂ ਹਿੱਸਾ ਨਾ ਲਵੇ, ਪਰ ਇਸ ਕੰਨ ਦੇ ਫਲ ਵਿਚੋਂ ਧੱਕੇ ਨਾਲ ਹਿੱਸਾ ਮੰਗੇ, ਤਾਂ ਕਹਿੰਦੇ ਹਨ।
- ਬੁੱਢਾ ਚੋਰ ਮਸੀਤੇ ਡੇਰਾ – ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
- ਬੂਹੇ ਬੈਠੀ ਜੰਝ,ਤੇ ਵਿੰਨ੍ਹੋ ਕੁਡ਼ੀ ਦੇ ਕੰਨ – ਘਰ ਨੂੰ ਲੱਗੀ ਅੱਗ, ਤਾਂ ਖੂਹ ਪੁੱਟਣ ਜਾਓ – ਜਦ ਕੋਈ ਜਣਾ ਆਉਣ ਵਾਲੀ ਲੋਡ਼ ਲਈ ਪਹਿਲਾਂ ਵੇਲੇ ਸਿਰ ਤਿਆਰੀ ਨਾ ਕਰੇ, ਤੇ ਲੋਡ਼ ਸਿਰ ਤੇ ਪੈਣ ਤੇ ਨੱਸਣ-ਭੱਜਣ ਲੱਗ ਪਵੇ ਤਾਂ ਕਹਿੰਦੇ ਹਨ।
- ਬੇਕਾਰ ਨਾਲੋਂ ਵਗਾਰ ਚੰਗੀ – ਬਹਿ ਕੇ ਮੱਖੀਆਂ ਮਾਰਨ ਨਾਲੋਂ ਕਿਸੇ ਹੋਰ ਦਾ ਸਖਤ ਕੰਮ ਕਰ ਦੇਣਾ ਚੰਗਾ ਹੈ।