- ਲੰਮੀ ਜੀਭ ਤੇ ਛੇਤੀ ਮੌਤ – ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
- ਲਡ਼ਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ – ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬਡ਼ਾ ਡਰਾਕਲ ਹੈ, ਖਤਰੇ ਦੇ ਨੇਡ਼ੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
- ਲਡ਼ੀ ਘਰਦਿਆਂ ਨਾਲ, ਤੇ ਦਾਦੇ ਪਿੱਟੇ ਗੁਆਂਢੀਆਂ ਦੇ – ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ – ਕੋਠੇ ਤੋਂ ਡਿੱਗ ਪਈ ਤੇ ਵਿਹਡ਼ੇ ਨਾਲ ਰੁੱਸ ਪਈ।
- ਲਾਗੀਆਂ ਨੇ ਲਾਗ ਲੈਣਾ ਏ, ਭਾਵੇਂ ਜਾਂਦੀ ਹੀ ਰੰਡੀ ਹੋ ਜਾਵੇ – ਜਿਸ ਨੇ ਮਿਹਨਤ ਕਰਕੇ ਕਿਸੇ ਲਈ ਕੋਈ ਸ਼ੈ ਤਿਆਰ ਕੀਤੀ ਜਾਂ ਲਿਆਂਦੀ ਹੋਵੇ, ਉਹਨੇ ਤਾਂ ਆਪਣੀ ਮਜੂਰੀ ਲੈ ਹੀ ਲੈਣੀ ਹੈ, ਉਹ ਚੀਜ਼ ਦੇ ਮਾਲਕ ਦੇ ਭਾਵੇਂ ਕੰਮ ਆਵੇ ਤੇ ਭਾਵੇਂ ਨਾ ਆਵੇ।
- ਲਾਜ ਮਰੇਂਦਾ ਅੰਦਰ ਵਡ਼ੇ, ਮੂਰਖ ਆਖੇ ਮੈਥੋਂ ਡਰੇ – ਜਦ ਕੋਈ ਕੁੱਪਤਾ ਮੂਰਖ ਆਦਮੀ ਕਿਸੇ ਸਾਊ ਬੰਦੇ ਨੂੰ ਸਤਾਵੇ, ਅਤੇ ਉਹ ਅੱਗੋਂ ਆਪਣੀ ਇੱਜ਼ਤ ਦਾ ਖਿਆਲ ਕਰਕੇ ਚੁੱਪ ਰਹੇ, ਤੇ ਇਹ ਵੇਖ ਕੇ ਮੂਰਖ ਹੋਰ ਵੀ ਮੱਛਰ ਜਾਵੇ, ਤਾਂ ਕਹਿੰਦੇ ਹਨ।
- ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ – ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ ।
- ਲਿਖੇ ਮੂਸਾ ਪਡ਼੍ਹੇ ਖੁਦਾ – ਜਦ ਕਿਸੇ ਦੀ ਲਿਖਤ ਭੈਡ਼ੀ ਹੋਵੇ ਤੇ ਕਿਸੇ ਤੋਂ ਪਡ਼੍ਹੀ ਨਾ ਜਾ ਸਕੇ, ਤਾਂ ਕਹਿੰਦੇ ਹਨ।
- ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼ – ਜੌਂ-ਜੌਂ ਦਾ, ਦਾਨ ਸੌ ਸੌ ਦਾ – ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
- ਲੈਣ ਦਾ ਸ਼ਾਹ, ਦੇਣ ਦਾ ਦਿਵਾਲੀਆ – ਜਦ ਕੋਈ ਹੋਰਨਾਂ ਪਾਸੋਂ ਸ਼ੈਆਂ ਜਾਂ ਪੈਸੇ ਲੈਣ ਵਿਚ ਤਾ ਬਡ਼ਾ ਤੁਰਤ ਫੁਰਤ ਤੇ ਦਲੇਰ ਹੋਵੇ, ਪਰ ਲੈ ਕੇ ਵਾਪਸ ਨਾ ਦੇਵੇ, ਜਾਂ ਕਿਸੇ ਨੂੰ ਕੁਝ ਮੰਗਵਾਂ ਨਾ ਦੇਵੇ, ਤਾਂ ਕਹਿੰਦੇ ਹਨ।
- ਲੈਣ ਵਿਆਜੀ ਦੇਣ ਹੁਦਾਰੇ, ਉਹਨਾਂ ਦੇ ਕਿਉਂ ਨਾਂ ਰਹਿਣ ਕੁਆਰੇ ? – ਜਿਹਡ਼ਾ ਆਪ ਕਰਜ ਲੈ ਕੇ ਹੋਰਨਾਂ ਨੂੰ ਹੁਦਾਰ ਦੇ ਛੱਡੇ, ਉਹ ਗ਼ਰੀਬ ਹੀ ਰਹਿੰਦਾ ਹੈ।
- ਲੈਣੀ ਇਕ ਨਾ ਦੇਣੀ ਦੋ – ਸਾਡਾ ਇਸ ਮਾਮਲੇ ਨਾਲ ਉੱਕਾ ਹੀ ਕੋਈ ਵਾਸਤਾ ਨਹੀਂ।
- ਲੋਹੇ ਨੂੰ ਲੋਹਾ ਹੀ ਕੱਟਦਾ ਹੈ – ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
- ਲੋਕਾਂ ਨੂੰ ਲੋਕਾਂ ਨਾਲ, ਗਗਡ਼ੀ ਨੂੰ ਜੋਕਾਂ ਨਾਲ – ਹੋਰੀ ਨੂੰ ਹੋਰੀ ਦੀ, ਅੰਨ੍ਹੇ ਨੂੰ ਡੰਗੋਰੀ ਦੀ – ਜਿਸ ਸ਼ੈ ਦੀ ਕਿਸੇ ਨੂੰ ਗਰਜ਼ ਲੋਡ਼ ਹੁੰਦੀ ਹੈ, ਉਹਨੂੰ ਉਹਦਾ ਹੀ ਖਿਆਲ ਫਿਕਰ ਹੁੰਦਾ ਹੈ।
- ਲੋਡ਼ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ – ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈਡ਼ਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।