- ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ – ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘਡ਼ੀ ਮੁਡ਼ੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
- ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ – ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਯਕੀਨ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ।
- ਸਹੇ ਦੀ ਨਹੀਂ, ਮੈਨੂੰ ਪਹੇ ਦੀ ਪਈ ਹੈ – ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ।
- ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ – ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਵਰਤਦੇ ਹਨ।
- ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ – ਉੱਤੋਂ ਬੀਬੀਆਂ ਦਾਡ਼੍ਹੀਆਂ ਵਿਚੋਂ ਕਾਲੇ ਕਾਂ, ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰਮ ਕਰਨੇ ਭੈਡ਼ੇ ਤੇ ਬੇਧਰਮੀਆਂ ਵਾਲੇ।
- ਸੱਜਣ ਛੱਡੀਏ ਰੰਗ ਸਿਊ, ਬਹੁਡ਼ ਵੀ ਆਵਣ ਕੰਮ – ਜੇ ਸੱਜਣ ਮਿੱਤਰਾਂ ਤੋਂ ਵਿਛਡ਼ਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲਡ਼ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ
- ਸੱਤ ਡਿੱਗਾ ਜਹਾਨ ਡਿੱਗਾ – ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ, ਧਰਮ ਹੀਣ, ਤਾਂ ਸਭ ਹੀਣ।
- ਸੱਦੀ ਨਾ ਪੁੱਛੀ, ਮੈਂ ਲਾਡ਼ੇ ਦੀ ਫੁੱਫੀ – ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖਡ਼ਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ।
- ਸੱਦੀ ਨਾ ਬੁਲਾਈ, ਮੈਂ ਲਾਡ਼ੇ ਦੀ ਤਾਈ – ਜਦ ਕੋਈ ਬਦੇ-ਬਦੀ ਅਗਾਂਹ ਚੌਧਰੀ ਬਣਦਾ ਫਿਰੇ, ਕਿਸੇ ਕੰਮ ਵਿਚ ਵਾਧੂ ਦਖਲ ਦੇਵੇ ਤੇ ਬਦੋ-ਬਦੀ ਖਡ਼ਪੈਂਚ ਬਣਨ ਦੇ ਜਤਨ ਕਰੇ ਤਾਂ ਵਰਤਦੇ ਹਨ।
- ਸੱਪ ਨੂੰ ਸੱਪ ਲਡ਼ੇ, ਤੇ ਵਿਹੁ ਕੀਹਨੂੰ ਚਡ਼੍ਹੇ ? – ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲਡ਼ਨ ਲੱਗ ਪੈਣ, ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
- ਸੱਭੇ ਭੇਡਾਂ ਮੂੰਹ ਕਾਲੀਆਂ – ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈਡ਼ੇ ਹਨ।
- ਸਾਂਝੀ ਹਾਂਡੀ ਚੁਰਾਹੇ ਫੁੱਟੇ – ਜਿਹਡ਼ੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ
ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚਡ਼੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾ। ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ। - ਸਾਂਝਾ ਬਾਬਾ ਕੋਈ ਨਾ ਪਿੱਟੇ – ਜਿਹਡ਼ੇ ਕੰਮ ਦੀ ਜੁੰਮੇਵਾਰੀ ਬਹੁਤਿਆਂ ਦੇ ਸਿਰ ਹੋਵੇ, ਉਹ ਕਦੇ ਵੀ ਨੇਪਰੇ ਨਹੀਂ ਚਡ਼੍ਹਦਾ, ਕੋਈ ਵੀ ਉਹਦੇ ਵੱਲ ਧਿਆਨ ਨਹੀਂ ਕਰਦਾ। ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ।
- ਸਾਨੂੰ ਸੱਜਣ ਸੌ ਮਿਲੇ ਗਲੀ ਲੱਗੀਆਂ ਬਾਹੀਂ – ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਡ਼ੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ।
- ਸਾਡੇ ਉੱਤੇ ਜੁੱਲੀਆਂ, ਉਹਨਾਂ ਤੇ ਉਹ ਵੀ ਨਾਹੀਂ – ਜਦ ਕਿਸੇ ਨੂੰ ਉਹਦੇ ਨਾਲੋਂ ਵੀ ਮਾਡ਼ੇ ਜਾਂ ਗਰੀਬ ਸਾਕ ਮਿੱਤਰ ਟੱਕਰ ਪੈਣ, ਤਾਂ ਕਹਿੰਦੇ ਹਨ।
- ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਲੁਟਾ – ਜਦੋਂ ਬਹੁਤਾ ਨੁਕਸਾਨ ਹੁੰਦਾ ਦਿਸਦਾ ਹੋਵੇ, ਤੇ ਆਪਣੇ ਆਪ ਹੀ ਥੋਡ਼੍ਹਾ ਜਿਹਾ ਨੁਕਸਾਨ ਝੱਲਿਆਂ ਬਾਕੀ ਦੀ ਰਾਸ ਪੂੰਜੀ ਬਚ ਸਕਦੀ ਹੋਵੇ,ਤਾਂ ਇਹ ਥੋਡ਼੍ਹਾ ਨੁਕਸਾਨ ਖੁਸ਼ਈ ਨਾਲ ਝੱਲ ਲੈਣਾ ਚਾਹੀਦਾ ਹੈ।
- ਸਾਰੀ ਰਾਤ ਭੰਨੀ, ਤੇ ਕੁਡ਼ੀ ਜੰਮ ਪਈ ਅੰਨ੍ਹੀ – ਮਿਹਨਤ ਤਕਲੀਫ ਬਹੁਤ ਵਧੇਰੇ ਤੇ ਸਿੱਟਾ ਬਹੁਤ ਘਟੀਆ।
- ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ – ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ, ਤੇ ਉਹ ਬੇ-ਲਗਾਮੇ ਘੋਡ਼ੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ, ਤਾਂ ਕਹਿੰਦੇ ਹਨ।
- ਸੋਚ ਕਰੇ ਸੋ ਸੁੱਘਡ਼ ਨਰ, ਕਰ ਸੋਚੇ ਅਸਲ ਖਰ – ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ, ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ, ਪਰ ‘ਜੇ’ ਹੱਥ ਨਹੀਂ ਆਉਂਦੀ।
- ਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ – ਸਪਸ਼ਟ ਹੈ।
- ਸੌ ਸੁਨਿਆਰ ਦੀ, ਇਕ ਲੁਹਾਰ ਦੀ – ਮਾਡ਼ੇ ਆਦਮੀ ਸੌ ਸੱਟਾਂ ਮਾਰ ਕੇ ਉੰਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਤਕਡ਼ਾ ਆਦਮੀ ਇਕੋ ਸੱਟ ਨਾਲ ਕਰ ਸਕਦਾ ਹੈ।
- ਸੌ ਦਾਰੂ ਇਕ ਘਿਉ, ਸੋ ਚਾਚਾ ਇਕ ਪਿਉ – ਸਪਸ਼ਟ ਹੈ।
- ਸੌ ਦਿਨ ਚੋਰ ਦਾ, ਇਕ ਦਿਨ ਸਾਧ ਦਾ – ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ, ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ, ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
- ਸੌਣਾ ਰੂਡ਼ੀਆਂ ਤੇ, ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ – ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।