- ਇਕ ਅਨਾਰ ਤੇ ਸੌ ਬਿਮਾਰ – ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
- ਇਕ ਬਿੰਬੂ ਕੇ ਪਿੰਡ ਭੁੱਸਿਆਂ ਦਾ – ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
- ਇਕ ਬੋਟੀ ਤੇ ਸੌ ਕੁੱਤਾ – ਜਦ ਚੀਜ਼ ਥੋਡ਼੍ਹੀ ਹੋਵੇ ਤੇ ਉਸ ਦੇ ਲੋਡ਼ਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
- ਇਕ ਇਕ ਤੇ ਦੋ ਯਾਰਾਂ – ਜਮਾਤ ਕਰਾਮਾਤ, ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ। ਜਿਸ ਤਰ੍ਹਾਂ ਦੋ ਏਕੇ ਰਲ ਕੇ ਯਾਰਾਂ ਬਣ ਜਾਂਦੇ ਹਨ, ਇਸੇ ਤਰ੍ਹਾਂ ਮਾਡ਼ੇ ਬੰਦੇ ਵੀ ਜੇ ਏਕਾ ਕਰ ਲੈਣ ਤਾਂ ਉਹ ਤਕਡ਼ਿਆਂ ਨਾਲ ਵਾਰਾ ਲੈ ਸਕਦੇ ਹਨ।
- ਇਕ ਸੱਪ ਦੂਜਾ ਉੱਡਣਾ – ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈਡ਼ੇ ਗੁਣ ਹੋਣ ਤਾਂ ਕਹਿੰਦੇ ਹਨ।
- ਇਕ ਚੁੱਪ ਸੌ ਸੁੱਖ – ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
- ਇਕ ਨੂੰ ਕੀ ਰੋਨੀ ਏਂ, ਏਥੇ ਊਤ ਗਿਆ ਈ ਆਵਾ – ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ, ਜਾਂ ਜਦ ਕੋਈ ਆਪਣੇ ਇਕ ਜਣੇ ਦੇ ਔਗੁਣ ਜਾਂ ਭੈਡ਼ੇ ਕਾਰੇ ਵੇਖ-ਵੇਖ ਝੁਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਸਾਰਾ ਲਾਣਾ ਹੀ ਖਰਾਬ ਹੋ ਗਿਆ ਹੈ ਤਾਂ ਇਹ ਅਖਾਣ ਵਰਤਦੇ ਹਨ।
- ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ – ਦੋ ਇਕੋ ਜਿਹੇ ਤਕਡ਼ੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
- ਇਕ ਮਿਆਨ ਵਿਚ ਦੋ ਤਲਵਾਰਾਂ – ਦੋ ਇਕੋ ਜਿਹੇ ਤਕਡ਼ੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
- ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ – ਇਕ ਭੈਡ਼ਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ।
- ਇਕੋ ਆਂਡਾ ਉਹ ਵੀ ਗੰਦਾ – ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ, ਜਾਂ ਜਦ ਕਿਸੇ ਦਾ ਇਕੋ ਇਕ ਪੁੱਤ ਹੋਵੇ ਤੇ ਉਹ ਵੀ ਭੈਡ਼ਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
- ਇਨ੍ਹਾਂ ਤਿਲਾਂ ਵਿਚ ਤੇਲ ਨਹੀਂ – ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਕੁਝ ਨਹੀਂ ਮਿਲਨਾ, ਆਸ ਪੂਰੀ ਨਹੀਂ ਹੋਣੀ।
- ਇੱਟ ਚੁੱਕਦੇ ਨੂੰ ਪੱਥਰ ਤਿਆਰ – ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
- ਇੱਟ ਦੀ ਦੇਣੀ, ਪੱਥਰ ਦੀ ਲੈਣੀ - ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
- ਇੱਟ ਦਾ ਜਵਾਬ ਪੱਥਰ – ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
- ਇੱਲ ਦਾ ਨਨਾਣਵਈਆ ਕਾਂ – ਜਦ ਕਿਸੇ ਭੈਡ਼ੇ ਆਦਮੀ ਦੀ ਹਾਮੀ ਉਹਦੇ ਜਿਹਾ ਹੀ ਭਰਨ ਲੱਗੇ ਤਾਂ ਕਹਿੰਦੇ ਹਨ।
- ਇੱਲ ਮੁੰਡਾ ਲੈ ਗਈ, ਜਠੇਰਿਆਂ ਦਾ ਨਾਂ – ਜਦ ਕਿਸੇ ਦਾ ਬਦੋਬਦੀ ਕੋਈ ਨੁਕਸਾਨ ਹੋ ਜਾਵੇ ਤਾਂ ਉਹਦਾ ਇਹਸਾਨ ਹੋਰਨਾਂ ਸਿਰ ਚਾਡ਼੍ਹਿਆ ਜਾਵੇ ਤਾਂ ਕਹਿੰਦੇ ਹਨ।
- ਇੱਲਾਂ ਦੇ ਆਲਣਿਓਂ ਮਾਸ ਦੀਆਂ ਮੁਰਾਦਾਂ – ਜਿਹਡ਼ਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
- ਈਦੋਂ ਬਾਦ ਤੂੰਬਾ ਫੂਕਣਾ ਏਂ – ਲੋਡ਼ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ।