“ਕਰ ਆਓ ਪਤਾ ਆਪਣੇ ਕੰਮ ਦਾ, ਨਾਲੇ ਭਾਅ ਜੀ ਨੂੰ ਚੇਅਰਮੈਨੀ ਵੀ ਮਿਲ ਗਈ ਐ, ਵਧਾਈ ਦੇ ਆਓ ਬਹਾਨੇ ਸਿਰ।” ਪਤਨੀ ਨੇ ਰੋਜ਼ਾਨਾ ਵਾਂਗ ਆਪਣੀ ਗੱਲ ਦੁਹਰਾਈ।
ਪਹਿਲਾਂ ਤਾਂ ਉਹ ਕਹਿ ਛੱਡਦਾ,‘ ਦੇਖ! ਜੇਕਰ ਕੰਮ ਹੋਣਾ ਹੋਵੇਗਾ ਤਾਂ ਸਰਦੂਲ ਸਿੰਘ ਹੋਰੀਂ ਖੁਦ ਹੀ ਇਤਲਾਹ ਦੇ ਦੇਣਗੇ। ਪੰਜੀ-ਸੱਤੀਂ ਦਿਨੀਂ ਮੁਲਾਕਾਤ ਹੋ ਜਾਂਦੀ ਐ।’ ਅੱਜ ਇਹ ਨਵਾਂ ਸਬੱਬ ਸੀ, ਇਹ ਸੋਚ ਭਾਰਤੀ ਤੁਰ ਪਿਆ।
ਬਦਲੀਆਂ ਹੋਣੀਆਂ ਅਤੇ ਰੁਕਣੀਆਂ ਦੀ ਰਾਜਨੀਤੀ ਉਹ ਸਮਝਦਾ ਸੀ। ਕਿਵੇਂ ਮੰਤਰੀ ਨੇ ਮਹਿਕਮਾ ਸਾਂਭਦੇ ਹੀ ਸਭ ਤੋਂ ਪਹਿਲਾਂ ਬਦਲੀਆਂ ਹੀ ਕੀਤੀਆਂ ਸਨ। ਬਦਲੀ ਦੇ ਆਰਡਰ ਹੱਥ ਵਿਚ ਫੜਦੇ ਹੀ ਭਾਰਤੀ ਨੇ ਆਪਣੀ ਹਾਜ਼ਰੀ ਰਿਪੋਰਟ ਦਿੱਤੀ ਤੇ ਵਿਉਂਤ ਬਣਾਉਣ ਲੱਗਿਆ ਕਿ ਕੀ ਕਰੇ। ਉੱਥੇ ਰਹੇ। ਬੱਚਿਆਂ ਨੂੰ ਨਾਲ ਲੈ ਜਾਵੇ ਜਾਂ ਰੋਜ਼ ਆਵੇ-ਜਾਵੇ। ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਖਰੀ ਫੈਸਲਾ ਇਹੀ ਹੋਇਆ ਕਿ ਹਾਲੇ ਸ਼ਿਫਟ ਨਹੀਂ ਕਰਦੇ ਤੇ ਕੱਪਲ-ਕੇਸ ਦੇ ਆਧਾਰ ਤੇ ਇਕ ਅਰਜ਼ੀ ਪਾ ਦਿੰਦੇ ਹਾਂ। ਹੋਰ ਤਾਂ ਭਾਰਤੀ ਦੇ ਕੁਝ ਹੱਥ-ਵੱਸ ਹੈ ਨਹੀਂ ਸੀ। ਫਿਰ ਪਤਨੀ ਦੇ ਕਹਿਣ ਉੱਤੇ ਇਕ ਅਰਜ਼ੀ ਪੜੋਸੀ ਤੇ ਹੁਣ ਬਣੇ ਚੇਅਰਮੈਨ ਨੂੰ ਦੇ ਆਇਆ ਸੀ।
ਸਰਦੂਲ ਸਿੰਘ ਘਰੇ ਮਿਲ ਪਿਆ ਤੇ ਭਾਰਤੀ ਨੂੰ ਗਰਮਜੋਸ਼ੀ ਨਾਲ ਮਿਲਿਆ। ਭਾਰਤੀ ਨੂੰ ਵੀ ਚੰਗਾ-ਚੰਗਾ ਲੱਗਿਆ। ਆਰਾਮ ਨਾਲ ਬੈਠ, ਚਾਹ ਮੰਗਵਾ ਕੇ ਸਰਦੂਲ ਸਿੰਘ ਕਹਿਣ ਲੱਗਾ, “ਛੋਟੇ ਵੀਰ! ਮੈਂ ਉਹ ਅਰਜ਼ੀ ਉਸ ਵੇਲੇ ਤਾਂ ਪੜ੍ਹੀ ਨਾ, ਉਹ ਅਰਜ਼ੀ ਤੂੰ ਆਪਣੇ ਵੱਲੋਂ ਕਿਉਂ ਲਿਖੀ…ਮਾਤਾ ਵੱਲੋਂ ਲਿਖਣੀ ਸੀ। ਇੰਜ ਕਰ ਨਵੀਂ ਅਰਜ਼ੀ ਲਿਖ, ਮਾਤਾ ਵੱਲੋਂ। ਲਿਖ, ਕਿ ਮੈਂ ਬੁੱਢੀ ਔਰਤ ਹਾਂ। ਅਕਸਰ ਬੀਮਾਰ ਰਹਿੰਦੀ ਹਾਂ। ਮੇਰੀ ਨੂੰਹ ਵੀ ਨੌਕਰੀ ਕਰਦੀ ਹੈ…ਬੱਚੇ ਛੋਟੇ ਨੇ…ਰਾਤ-ਬਰਾਤੇ ਦਵਾਈ-ਬੂਟੀ ਦੀ ਲੋੜ ਪੈਂਦੀ ਐ…ਮੇਰੇ ਪੁੱਤ ਦੇ ਨੇੜੇ ਰਹਿਣ ਨਾਲ ਮੈਂ ਤੇ ਮੇਰਾ ਪਰਿਵਾਰ ਵਗੈਰਾ, ਇਸ ਤਰ੍ਹਾਂ ਕੋਈ ਗੱਲ ਬਣਾ। ਬਾਕੀ ਤੂੰ ਸਿਆਣਾ ਐਂ। ਠੀਕ ਐ ਨਾ। ਮੈਂ ਪਰਸੋਂ ਫਿਰ ਜਾਣੈ, ਮੰਤਰੀ ਨੂੰ ਵੀ ਮਿਲਣੈ।”
ਭਾਰਤੀ ਨੇ ਸਿਰ ਹਿਲਾਇਆ, ਹੱਥ ਮਿਲਾਇਆ ਤੇ ਘਰ ਵੱਲ ਹੋ ਲਿਆ।
ਮਾਂ ਵੱਲੋਂ ਅਰਜ਼ੀ ਲਿਖਵਾਈ ਜਾਵੇ। ਮਾਂ ਨੂੰ ਮੇਰੀ ਲੋੜ ਹੈ। ਮਾਂ ਬੀਮਾਰ ਰਹਿੰਦੀ ਹੈ। ਕਮਾਲ ਐ! ਦੱਸੋਂ ਚੰਗੀ-ਭਲੀ ਤੁਰੀ ਫਿਰਦੀ ਮਾਂ ਨੂੰ ਇਵੇਂ ਹੀ ਬੀਮਾਰ ਕਰ ਦਿਆਂ। ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਦਾ ਨਾਸ਼ਤਾ ਬਣਾ ਕੇ ਦਿੰਦੀ ਹੈ। ਸਾਨੂੰ ਦੋਹਾਂ ਨੂੰ ਤਾਂ ਡਿਯੂਟੀ ਤੇ ਜਾਣ ਦੀ ਹਫੜਾ-ਦਫੜੀ ਪਈ ਹੁੰਦੀ ਹੈ। ਦੁਪਹਿਰੇ ਆਇਆਂ ਨੂੰ ਰੋਟੀ ਬਣੀ ਮਿਲਦੀ ਹੈ। ਮੈਂ ਤਾਂ ਸਗੋਂ ਕਈ ਵਾਰ ਕਿਹਾ, ‘ਬੇਬੇ, ਬਰਤਨ ਮਾਂਜਣ ਨੂੰ ਕੋਈ ਮਾਈ ਰੱਖ ਲੈਂਦੇ ਹਾਂ,’ ਪਰ ਉਸਨੇ ਨਹੀਂ ਰੱਖਣ ਦਿੱਤੀ। ਕਹਿੰਦੀ, ‘ਮੈਂ ਸਾਰਾ ਦਿਨ ਵਿਹਲੀ ਕੀ ਕਰਦੀ ਆਂ? ਚਾਰ ਕੁ ਭਾਂਡੇ ਈ ਹੁੰਦੇ ਨੇ।’ ਕਹਿੰਦਾ, ਲਿਖਵਾ ਲੈ, ਪੁੱਤ ਦਾ ਘਰ ਵਿਚ ਰਹਿਣਾ ਜ਼ਰੂਰੀ ਹੈ। ਮੇਰੀ ਬੀਮਾਰੀ ਕਰਕੇ, ਮੈਨੂੰ ਇਸ ਦੀ ਲੋੜ ਹੈ। ਦੱਸ ਮਾਂ ਦੀ ਤਾਂ ਸਾਨੂੰ ਲੋੜ ਹੈ।…ਨਾ-ਨਾ, ਮਾਂ ਵੱਲੋ ਨਹੀਂ ਲਖਵਾ ਹੋਣੀ ਅਰਜ਼ੀ…।
–ਡਾ. ਸ਼ਿਆਮ ਸੁੰਦਰ ਦੀਪਤੀ