ਲਗਭਗ ਚੌਥੇ ਸਟੇਸ਼ਨ ਤੱਕ ਕੰਪਾਰਟਮੈਂਟ ਵਿੱਚੋਂ ਸਾਰੇ ਯਾਤਰੀ ਉੱਤਰ ਗਏ। ਰਹਿ ਗਿਆ ਮੈਂ ਤੇ ਵਧ ਰਹੀ ਠੰਡ ਕਾਰਨ ਵਾਰ-ਵਾਰ ਕੰਬ ਰਹੀ, ਸਹਿਮੀਆਂ ਅੱਖਾਂ ਵਾਲੀ ਉਹ ਕੁੜੀ। ਕੰਪਾਰਟਮੈਂਟ ਵਿਚ ਅਚਾਨਕ ਪੈਦਾ ਹੋ ਗਏ ਇਸ ਇਕਾਂਤ ਨੇ ਮੇਰੇ ਮਨ ਵਿਚ ਕਈ ਕਲਪਨਾਵਾਂ ਭਰ ਦਿੱਤੀਆਂ—ਕਾਸ਼ ! ਪਤਨੀ ਇਨ੍ਹੀਂ ਦਿਨੀਂ ਪੇਕੇ ਹੁੰਦੀ…ਬੀਮਾਰ… ਹਸਪਤਾਲ ਵਿਚ ਹੁੰਦੀ…ਜਾਂ ਫਿਰ…।
ਗੱਡੀ ਅਗਲੇ ਸਟੇਸ਼ਨ ਉੱਤੇ ਰੁਕੀ। ਇਕ…ਦੋ…ਤਿੰਨ ਨਵੇਂ ਯਾਤਰੀਆਂ ਨੇ ਪ੍ਰਵੇਸ਼ ਕੀਤਾ, ਪੂਰੇ ਕੰਪਾਰਟਮੈਂਟ ਦਾ ਚੱਕਰ ਲਾਇਆ ਤੇ ਇਕ ਇਕ ਕਰ ਉਹਨਾਂ ਵਿੱਚੋਂ ਦੋ ਸਾਡੇ ਸਾਹਮਣੇ ਵਾਲੀ ਬਰਥ ਉੱਤੇ ਆ ਟਿਕੇ।
“ਕਿੱਥੇ ਜਾਉਗੇ?” ਗੱਡੀ ਚਲਦਿਆਂ ਹੀ ਇਕ ਨੇ ਪੁੱਛਿਆ।
“ਸ਼ਾਮਲੀ।” ਮੈਂ ਉੱਤਰ ਦਿੱਤਾ।
“ਇਹ ?” ਸਭਿਅਤਾ ਦਾ ਲਬਾਦਾ ਲਾਹ ਕੇ ਦੂਜੇ ਨੇ ਪੁੱਛਿਆ।
“ਇਹ…ਇਹ…।” ਮੈਂ ਹਕਲਾਇਆ।
“ਮੈਂ ਪਤਨੀ ਹਾਂ ਇਨ੍ਹਾਂ ਦੀ।” ਹਾਲਾਤ ਨੂੰ ਭਾਂਪਦੇ ਹੋਏ ਕੁੜੀ ਬੋਲ ਪਈ। ਉਸਨੇ ਆਪਣੀ ਸੱਜੀ ਬਾਂਹ ਨਾਲ ਮੇਰੀ ਖੱਬੀ ਬਾਂਹ ਨੂੰ ਜਕੜ ਲਿਆ।
“ਐਸੀ ਦੀ ਤੈਸੀ… ਤੇਰੀ ਤੇ ਤੇਰੇ ਪਤੀ ਦੀ।” ਦੂਜੇ ਨੇ ਤੜਾਕ ਦੇਣੇ ਇਕ ਜ਼ੋਰਦਾਰ ਥੱਪੜ ਮੇਰੇ ਮਾਰਿਆ ਤੇ ਕੁੜੀ ਨੂੰ ਫੜ ਲਿਆ।
“ਬਚਾ ਲਓ…ਬਚਾ ਲਓ…ਇੰਜ ਚੁੱਪ ਨਾ ਬੈਠੋ।” ਮੇਰੀ ਬਾਂਹ ਨੂੰ ਕੁਝ ਹੋਰ ਜਕੜ ਕੇ ਕੁੜੀ ਭਿਆਨਕ ਡਰ ਤੇ ਨਿਰਾਸ਼ਾ ਵਿਚ ਗਿੜਗਿੜਾਈ। ਤਾਕਤਵਰ ਨਜ਼ਰ ਆ ਰਹੇ ਉਹਨਾਂ ਗੁੰਡਿਆਂ ਨੇ ਜਬਰਦਸਤੀ ਮੇਰੀ ਬਾਂਹ ਤੋਂ ਉਸ ਨੂੰ ਛੁਡਾ ਲਿਆ। ਮੇਰੇ ਵੇਖਦੇ-ਵੇਖਦੇ, ਉਹ ਤੜਫਦੀ-ਚਿੰਘਾੜਦੀ ਉਸ ਕੁੜੀ ਨੂੰ ਕੰਪਾਰਟਮੈਂਟ ਵਿਚ ਦੂਜੇ ਪਾਸੇ ਲੈ ਗਏ।
“ਕੁੜੀ ਨੂੰ ਛੱਡ ਦਿਓ।” ਉੱਧਰੋਂ ਅਚਾਨਕ ਚਿਤਾਵਨੀ ਭਰੀ ਆਵਾਜ਼ ਆਈ। ਇਹ ਨਿਸ਼ਚੇ ਹੀ ਦੂਜੇ ਪਾਸੇ ਬਹਿ ਗਿਆ ਤੀਜਾ ਯਾਤਰੀ ਸੀ। ਉਸ ਗਹਿਰੀ ਰਾਤ ਨੂੰ ਤੇਜੀ ਨਾਲ ਚੀਰਦੀ ਜਾ ਰਹੀ ਗੱਡੀ ਵਿਚ ਉਸਦੀ ਚਿਤਾਵਨੀ ਦੇ ਨਾਲ ਹੀ ਹੱਥਾਪਾਈ ਤੇ ਮਾਰ ਕੁਟਾਈ ਸ਼ੁਰੂ ਹੋ ਗਈ ਜਾਪੀ। ਕਾਫੀ ਦੇਰ ਤਕ ਇਹ ਦੌਰ ਚਲਦਾ ਰਿਹਾ। ਕਈ ਸਟਸ਼ਨ ਆਏ ਤੇ ਲੰਘ ਗਏ। ਅੰਤ ਡੱਬੇ ਵਿਚ ਸ਼ਾਂਤੀ ਮਹਿਸੂਸ ਕਰ ਮੈਂ ਪਿਸ਼ਾਬ ਦੇ ਬਹਾਨੇ ਉੱਠਣ ਦੀ ਹਿੰਮਤ ਕੀਤੀ। ਜਾ ਕੇ ਲੈਟਰੀਨ ਦਾ ਦਰਵਾਜਾ ਖੋਲ੍ਹਿਆ— ਤੀਜੇ ਦਾ ਨੰਗਾ ਸ਼ਰੀਰ ਉੱਥੇ ਪਿਆ ਸੀ…ਲਹੂ ਲੁਹਾਨ… ਥਾਂ-ਥਾਂ ਤੋਂ ਜ਼ਖ਼ਮੀ ਚਿਹਰਾ। ਆਹਟ ਸੁਣ ਕੇ ਛਿਣ ਭਰ ਲਈ ਉਹਦੀਆਂ ਅੱਖਾਂ ਖੁੱਲ੍ਹੀਆਂ। ਨਜ਼ਰ ਮਿਲਦੇ ਹੀ ਅੱਖਾਂ ਦੇ ਪਾਰ ਨਿਕਲਦੀਆਂ ਅੱਖਾਂ। “ਮਰ ਮਿਟਣ ਦਾ ਜ਼ਰਾ ਜਿੰਨਾ ਵੀ ਮਾਦਾ ਵੀ ਤੂੰ ਆਪਣੇ ਅੰਦਰ ਪੈਦਾ ਕਰ ਲੈਂਦਾ ਤਾਂ ਕੁੜੀ ਬਚ ਜਾਂਦੀ… ਤੇ ਗੁੰਡੇ !…” ਕਹਿੰਦੀਆਂ , ਮੇਰੇ ਮੂੰਹ ਉੱਤੇ ਥੁੱਕਦੀਆਂ…ਥੂਹ-ਥੂਹ ਕਰਦੀਆਂ ਅੱਖਾਂ। ਉਫ!
–ਬਲਰਾਮ ਅਗਰਵਾਲ