“ਭੈਣ ਜੀ, ਕੁਝ ਸੁਣਿਆ ਜੇ…?” ਦਰਾਣੀ ਨੇ ਜਠਾਣੀ ਨੂੰ ਸੰਬੋਧਿਤ ਹੁੰਦਿਆਂ ਦੱਸਣ ਵਾਲੇ ਰੌਅ ਵਿਚ ਪੁੱਛਦਿਆਂ ਕਿਹਾ।
“ਕੀ ਕੋਈ ਖਾਸ ਗੱਲ ਹੋ ਗੀ?…ਅੱਜ ਤਾਂ ਸਵੇਰ ਦਾ ਚੌਂਕੇ ’ਚੋਂ ਨਿਕਲ ਹੀ ਨਹੀਂ ਹੋਇਆ…ਸੁੱਖ ਨਾਲ ਵੀਰ ਆਇਐ।” ਦਰਾਣੀ ਵੱਲ ਉਤਸੁਕਤਾ ਨਾਲ ਵੇਖਦਿਆਂ ਜਠਾਣੀ ਨੇ ਕਿਹਾ।
“ਬਾਜਵਿਆਂ ਦੀ ਦਰਸ਼ਨਾਂ ਨੇ ਆਪਣੀ ਸੱਸ ਕੁੱਟ ਤੀ…”
“ਹੈਂ…ਚਰਨੋ ਕੁੱਟ ਤੀ…ਅੱਜ ਸੂਰਜ ਪੱਛਮੋਂ ਕਿਮੇਂ…?”
“ਉਹਦੇ ਤਾਂ ਐਂ ਹੱਡ ਸੇਕੇ ਸੂ ਜਿਵੇਂ ਡੰਗਰ ਕੁੱਟੀਦੈ ।”
“ਅੱਤ ਵੀ ਬੜੀ ਚੁੱਕੀ ਸੀ ਉਸਨੇ…ਗੱਲ ਗੱਲ ਤੇ ਧੜੈ ਧੜੈ ਕੁੱਟ ਸੁੱਟਣਾ…ਦਰਸ਼ਨਾ ਵਿਚਾਰੀ ਗਰੀਬ ਗਊ…ਮਾਰ ਖਾ ਕੇ ਕਦੇ ਕੁਸਕਦੀ ਨਹੀਂ ਸੀ…ਪੇਕਾ ਜੂ ਕਮਜ਼ੋਰ ਹੋਇਆ…ਸਾਰਾ ਪਿੰਡ ਤਰਾਸ ਤਰਾਸ ਕਰਦੈ…ਕਈਆਂ ਸਮਝਾਇਐ ਚਰਨੋ ਨੂੰ, ਪਰ ਅਸਰ ਈ ਨਹੀਂ…ਕੀ ਆਹ ਕੁੱਟਣ ਵਾਲੀ ਗੱਲ ਸੱਚੀ ਐ…?”
“ਲੈ ਹੋਰ ਕੀ… ਆਪਣੀ ਗੁਲਾਬੋ ਦੱਸ ਕੇ ਗਈ ਐ। ਉਹ ਉਦੋਂ ਉਨ੍ਹਾਂ ਘਰ ਗੋਹਾ–ਕੂੜਾ ਕਰਦੀ ਸੀ। ਕਹਿੰਦੀ ਕਿ ਦਰਸ਼ਨਾ ਵਿਚ ਕੋਈ ਓਪਰੀ ਸ਼ੈਅ ਆ ਗਈ ਐ।”
“ਕਿਤੇ ਚਰਨੋ ਦੀ ਸੱਸ ਈ ਨਾ ਹੋਵੇ।”
“ਹਾਏ ਨੀ ਤੇਰੀ ਗੱਲ ਸੱਚੀ ਹੋਵੇ…ਚਰਨੋ ਨੂੰ ਤਾਂ ਉਹਦੀ ਸੱਸ ਸੁਣਿਐ ਬੜਾ ਈ ਮਾਰਦੀ ਸੀ…ਉਹ ਭੂਤਨੀ ਬਣ ਕੇ ਦਰਸ਼ਨਾ ਨੂੰ ਚੰਬੜੀ ਹੋਣੀ ਐ…ਨਹੀਂ ਤਾਂ ਦਰਸ਼ਨਾ ’ਚ ਐਨੀ ਹਿੰਮਤ ਕਿੱਥੇ…!”
“ਜੇ ’ਗਾਂਹ ਗੱਲ ਨਾ ਕਰੇਂ ਤਾਂ ਇਕ ਗੱਲ ਦੱਸਾਂ…?” ਜਠਾਣੀ ਨੇ ਦਰਾਣੀ ਦੇ ਲਾਗੇ ਹੋ ਭੇਦ ਭਰੀ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਕਿਹਾ।
“ਲੈ ਮੈਂ ਪਹਿਲਾਂ ਕਦੇ ਗੱਲ ਕੀਤੀ ਐ ਭਲਾ…।”
“ਦਰਸ਼ਨਾ ਨੂੰ ਓਪਰੀ ਸ਼ੈਅ ਕੋਈ ਨੀ ਚੰਬੜੀ…ਪਰਸੋਂ ਗਲੀ ’ਚੋਂ ਲੰਘਦਿਆਂ ਪਰਮਜੀਤ ਮਾਸਟਰਨੀ ਨੂੰ ਦਰਸ਼ਨਾ ਤਾਈਂ ਕਹਿੰਦਿਆਂ ਸੁਣਿਆ ਸੀ, ਬਈ ਦਰਸ਼ਨਾ ਭੈਣ ਇੰਜ ਰੋਜ਼-ਰੋਜ਼ ਹੱਡ ਕੁਟਵਾਉਣ ਨਾਲੋਂ ਚੰਗਾ ਨਹੀਂ ਕਿ ਅੱਗੋਂ…।”
“ਹੂੰਅਅ…ਭੈਣ…ਸੱਚੀਂ?”
ਦੋਵੇਂ ਇਕ ਦੂਸਰੀ ਵੱਲ ਵੇਖ ਮੁਸਕਰਾਈਆਂ ਤੇ ਆਪਣੇ ਆਪਣੇ ਚੌਕਿਆਂ ਵਿਚ ਜਾ ਵੜੀਆਂ।
–ਹਰਭਜਨ ਖੇਮਕਰਨੀ