ਜੀ ਆਇਆਂ ਨੂੰ
You are here: Home >> New Poets ਨਵੇਂ ਕਵੀ >> Kaka Gill ਕਾਕਾ ਗਿੱਲ >> ਕਾਕਾ ਗਿੱਲ ਦੀਆਂ ਕਵਿਤਾਵਾਂ

ਕਾਕਾ ਗਿੱਲ ਦੀਆਂ ਕਵਿਤਾਵਾਂ

ਮਨਾ ਓ ਮਨਾ 

ਕਾਕਾ ਗਿੱਲ

 ਮਨਾ ਓ ਮਨਾ

ਉੱਡਦੇ ਪੰਖੇਰੂ ਦੀ ਵਾਪਸੀ ਦੀ

ਛੱਡਦੇ ਤੂੰ ਮਿਲਣੇ ਦੀ ਆਸ

ਅੱਖ ਖੁੱਲਣ ਨਾਲ

ਸੁਫ਼ਨੇ ਸਭ ਟੁੱਟ ਜਾਵਣ ਸਦੀਵੀਂ

ਰੋਕੇ ਕੱਢੀਂ ਦਿਲ ਦੀ ਭੜਾਸ

ਜ਼ਿੰਦਗੀ ਦੇ ਵਿੱਚ

ਲੱਖਾਂ ਲੋਕਾਂ ਨਾਲ ਹੋਣੀ ਤੇਰੀ

ਧੁੱਪੇਰੇ ਜਾਂ ਛਾਂਵੇਂ ਮੁਲਾਕਾਤ

ਕੁਝ ਅਜਨਬੀ ਸੱਜਣ

ਬਿਨ ਬੋਲਿਆਂ ਹੀ ਲੰਘ ਜਾਣਗੇ

ਟਾਂਵੇਂ ਹੀ ਬਣਨੇ ਮਿੱਤਰ ਖਾਸ

ਹਰਿੱਕ ਛਿਣ ਵੱਖਰਾ

ਹਰ ਘੰਟੇ ਦੀ ਘੜੀ ਅੱਡਰੀ

ਜ਼ਿੰਦਗੀ ਪਾਉਂਦੀ ਰੰਗਬਿਰੰਗੇ ਲਿਬਾਸ

ਬਹਿਸ਼ਤੀਂ ਰੱਬ ਬੋਲ਼ਾ

ਝੁਕ ਕਲਮਾ ਮੱਕੇ ਵੱਲ ਪੜੇਂ

ਕਬੂਲੀ ਨਹੀਂ ਜਾਣੀ ਅਰਦਾਸ

ਉਮੀਦ ਕਰੀਂ ਬੈਠਾ

ਲਾਲ ਸ਼ਾਮਿਆਨੇ ਵਿੱਚੋਂ ਉੱਠੇਗੀ ਡੋਲੀ

ਭੁੱਬਾਂ ਕੋਲੋਂ ਲਵੀਂ ਧਰਵਾਸ

ਪੀਲੈ ਬੁੱਕੀਂ ਪਾਣੀ

ਜਦੋਂ ਖੜ੍ਹਾ ਏਂ ਰਾਵੀ ਕੰਢੇ

ਸਾਰੀ ਉਮਰ ਰਹਿਣੀ ਪਿਆਸ

ਤੁਹਫ਼ਾ ਯਾਰ ਨੂੰ

ਲਿਖਲੈ ਰੁਬਾਈ ਪਿਆਰ ਨਾਲ ਭਿੱਜੀ,

ਵਿਜੋਗੀ ਗਜ਼ਲ ਹੋਣੀ ਅਭਿਆਸ

ਅਪਣਾ ਲੈ ਹਨੇਰਾ

ਧੁੱਪ ਛਿਪਣੀ ਰਾਤ ਦੀ ਬੁੱਕਲ਼ੇ

ਫਿਰ ਹੋਣੀ ਨਹੀਂ ਪ੍ਰਭਾਤ

ਸ਼ੋਭਾ ਘੜੀ ਮਨਾਲੈ

ਯਾਰ ਨੂੰ ਜੱਫੀ ਵਿੱਚ ਲੈ

ਸ਼ੁਦਾਈ ਸੱਦੇਗਾ ਭਵਿੱਖੀ ਇਤਹਾਸ

ਖੰਭ ਖਿਲਾਰ ਉੱਡਲੈ

ਵਸੀਲੇ ਮੁੱਕ ਜਾਣਗੇ ਅਜ਼ਾਦੀ ਦੇ

ਦੁੱਖੋਂ ਹੋਣਾ ਨਹੀਂ ਨਿਕਾਸ

ਖ਼ੁਸ਼ੀ ਤੇਰੀ ਮੁੱਕਣੀ

ਨੱਚ ਕੁੱਦ ਹੁਣ ਦਮਾਮੇ ਵਜਾਲੈ

ਜਾਵੇਂਗਾ ਸ਼ਮਸ਼ਾਨੀ ਦੁਖੀ ਉਦਾਸ

ਸਮਾਂ ਨਾ ਉਡੀਕਦਾ 

ਜਿਹੜੇ ਪਿੱਛੇ ਰਹਿ ਜਾਂਦੇ, ਗੁਆਚੇ 

ਇੰਨਾ ਜਾਣਕੇ ਰੱਖੀਂ ਵਿਸ਼ਵਾਸ

ਛੱਡਦੇ ਉਸਾਰਨੇ ਮਹੱਲ

ਸੁਨਿਹਰੇ ਸੱਧਰਾਂ ਦੇ ਤਿੰਨ ਮੰਜਲੇ

ਖੰਡਰ ਜ਼ਰੀਂ ਵਿਚਾਰਕੇ ਵਿਕਾਸ

ਤਾਂਘ ਲਾਕੇ ਲੋਚੇਂ

ਵਸਲ ਨੂੰ ਮੁੜਨ ਜਿਉਂਦੇ ਪੰਛੀ 

ਲੋਥ ਦੇਖ ਹੋਵੇਂ ਉਦਾਸ

ਰੀਝਾਂ ਨੂੰ ਸਮਝਾ 

ਕੁੜੱਤਣ ਚੱਖਣੀ ਸਿੱਖ ਲੈ ਬੇਲੀਆ

ਪਤਾਸੇ ਛੱਡ ਗਏ ਮਿਠਾਸ

ਉਡਾਰੀ ਲੰਮੀ ਮਾਰ

ਆਲ਼੍ਹਣੇ ਦੂਰ ਬਣਾ ਲੈਣੇ ਇਹਨਾਂ

ਪੰਖੇਰੂਆਂ ਨੇ ਜਾਕੇ ਪਰਵਾਸ

 

ਗੁਆਚੀ ਰਿਸ਼ਮ 

ਕਾਕਾ ਗਿੱਲ

ਰਾਤ ਦਾ ਸਫ਼ਰ, ਹਨੇਰੇ ਦਾ ਨਾਚ

ਮੁੱਖੋਂ ਖ਼ੁਸ਼ੀ ਦੀ ਗਈ ਰਿਸ਼ਮ ਗੁਆਚ

ਖ਼ੁਸ਼ੀ ਦੀ ਖ਼ੁਸ਼ਬੋ ਕਿੱਧਰੇ ਰੋ ਪਈ

ਮਿਠਾਸ ਮਿਸ਼ਰੀ ਦੀ ਬੇਮੌਤੇ ਮੋ ਗਈ

ਕਰੇਲੇ ਦੀ ਕੁੜੱਤਣ ਦਿਲੀਂ ਵਸੇਰਾ ਕੀਤਾ

ਭੁੱਲ ਗਏ ਅਚਾਨਕ ਚੁੰਮਣ ਦੇ ਸੁਆਦ

ਤੁਸੀਂ ਅਜਨਬੀ ਬਣੇ ਫਿਰ ਤੋਂ ਬਗਾਨੇ

ਅਣਡਿੱਠੇ, ਅਣਸੁਣੇ, ਮੱਧਮ ਦੂਰ ਗੂੰਜਦੇ ਤਰਾਨੇ

ਕੁਝ ਸਰਸਰੀ ਪੱਤਰ ਅਣਜਾਣਾਂ ਵਾਂਗੂੰ ਲਿਖ

ਕਰ ਲੈਨੇ ਮੈਨੂੰ ਬੱਧਾ ਰੁੱਧਾ ਯਾਦ

ਲਾਪ੍ਰਵਾਹੀ ਦੀ ਵਜ੍ਹਾ ਦੱਸੋ ਤਾਂ ਸਹੀ

ਤੁਹਾਡੀ ਚੁੱਪ ਖਮੋਸ਼ੀ ਸੁਣਾਉਂਦੀ ਗੱਲ ਅਣਕਹੀ

ਵਿਹੜੇ ਦੀ ਕੁਆਰੀ ਕਿਰਨ ਵਸਲ ਭੁਲਾ

ਮੇਲ਼ ਦੀ ਅਣਗੌਲ਼ਾ ਕਰ ਰਹੀ ਫਰਿਆਦ

ਅੱਖਾਂ ਬੰਦ ਕਰਕੇ ਤੁਹਾਨੂੰ ਮੈਂ ਸਿਰਜਦਾ

ਮੇਰੇ ਕੰਨਾਂ ਵਿੱਚ ਬੁਲੰਦ ਹਾਸਾ ਗੂੰਜਦਾ

ਕਲਪਨਾ ਵਿੱਚ ਸੁਣਦਾ ਰਹਾਂ ਤੁਹਾਡੀ ਹਾਕ

ਬੁੱਲ੍ਹੋਂ ਅਨੰਦ ਮਈ ਸੁਰ ਕੱਢਦਾ ਸਾਜ

ਹਾਰੀ ਬਾਜ਼ੀ ਦੋਸਤ ਅਸਾਂ ਅਪਣਾਵੇ ਦੀ

ਯਾਰੀ ਨਿੱਕਲ਼ੀ ਕੱਚੀ, ਖੋਖਲ਼ੀ, ਸੁਣਾਵੇ ਦੀ

ਮੱਠਾ ਪਿਆ ਚਾਅ ਕਲੋਲਾਂ ਕਰਨ ਦਾ

ਤੈਨੂੰ ਧਿਝਾਣ ਦੀ ਭੁੱਲ ਚੱਲਿਆਂ ਜਾਚ

ਹਾੜ੍ਹ ਨੇ ਖਿਲਾਰੀ ਗਰਮੀ ਦੀ ਭੜਾਸ

ਆਖਰੀ ਮੇਨਕਾ ਘੜ ਨਿਰਾਸ਼ ਬੁੱਤ ਤਰਾਸ਼

ਬੈਠਾ ਸ਼ਮਸ਼ਾਨਾਂ ਦਾ ਰਾਹ ਘੋਖੀ ਜਾਂਦਾ

ਜੀਵਤ ਪੱਥਰ ਫਿਰ ਤੋਂ ਬਣੇ ਲਾਸ਼

 

ਮਾਯੂਸ ਰੂਹ 

ਕਾਕਾ ਗਿੱਲ

ਬੜੀਆਂ ਰੀਝਾਂ ਨਾਲ਼ ਵਸਾਈ ਸੀ ਮੁਹੱਬਤ ਦੀ ਬਸਤੀ
ਚੱਲ਼ੇ ਅਜਿਹੇ ਤੁਫਾਨ, ਪਹੁੰਚੋਂ ਪਰੇ ਖ਼ੁਸ਼ੀ, ਢੁਕੇ ਪੀੜ ਸਸਤੀ

ਕੋਮਲ਼ ਉੰਗਲ਼ਾਂ ਸਿਰ ਵਿੱਚ ਕੰਘੀ ਕਰਨ ਤੋਂ ਠੱਲ਼੍ਹ ਗਈਆਂ
ਖ਼ੁਭ ਜਾਂਦੇ ਦੰਦੇ ਮਾਸ ਵਿੱਚ ਵਾਹੁੰਦੇ ਗੁੰਝਲ਼ੇ ਵਾਲ਼ ਸਖਤੀ

ਡਾਰ ਤੋਂ ਨਿੱਖੜਕੇ ਕੂੰਜ ਗੁਆਚੀ ਫਿਰੇ ਝੱਲ਼ੀ ਕੁਰਲ਼ਾਉਂਦੀ
ਕਹਿਰ ਦੇ ਬਾਜਾਂ ਨੇ ਝਪਟ ਲ਼ਈ ਹਕੀਕਤ ਹੱਥੋਂ ਜਬਰਦਸਤੀ

ਮੇਨਕਾ ਦੇ ਨਾਚ ਠੰਮ ਗਏ ਦੇਖਕੇ ਕਹਿਰ ਜਾਬਰਾਂ ਦਾ
ਕੋਈ ਤੋੜਨ ਵਾਲ਼ਾ ਨਾ ਰਿਹਾ ਮੁਨੀਆਂ ਦੀ ਤਪੱਸਆ, ਸਿਮਰਤੀ

ਮੁੱਕ ਚੱਲ਼ੇ ਪਾਣੀ ਦਰਿਆਵਾਂ ਦੇ, ਔੜਾਂ ਨੇ ਸਰੋਤ ਰੋਕੇ
ਸਮੰਦਰ ਸੁੱਕ ਗਏ ਡੂੰਘੇ, ਜਾ ਗਾਰ ਵਿੱਚ ਫਸਦੀ ਕਸ਼ਤੀ

ਕਰਕੇ ਰੱਬ ਉੱਤੇ ਅਨੰਤ ਭਰੋਸਾ ਸਾਰੀ ਉਮਰ ਗੁਆ ਲ਼ਈ
ਰੋਗਾਂ ਵਿੱਚ ਹੰਢਾ ਲ਼ਈ ਬੇਅਰਥ ਦਰਦਮੰਦ ਜੁਆਨੀ ਦੀ ਮਸਤੀ

ਧਾਗੇ ਵਿੱਚ ਪਰੋਕੇ ਗ਼ਮ ਸੂਲ਼ਾਂ ਦੀ ਮਾਲ਼ਾ ਬਣਾਈ ਫਿਰਨ
ਜਿਉਂਦੇ ਬੰਦਿਆਂ ਨੂੰ ਦਫ਼ਨਾਉਣ ਇੱਥੇ, ਫਿਰ ਕਰਨ ਬੁੱਤ ਪ੍ਰਸਤੀ

ਹੋਂਦ ਉੱਤੇ ਸੁਆਲ਼ ਕਰਕੇ, ਸੂਦ ਮੰਗਦੇ ਸਾਹਾਂ ਦਾ ਸ਼ਾਹੂਕਾਰ
ਖੁਦ ਦਾ ਵੀ ਯਕੀਨ ਉੱਠ ਗਿਆ ਕਿ ਲ਼ੋਥ ਜਾਂ ਹਸਤੀ

ਮੁਸ਼ਕਿਲ਼ ਨਾਲ਼ ਅਰਥੀ ਨੂੰ ਮੋਢਾ ਦੇਣ ਵਾਲ਼ੇ ਸੱਜਣ ਮੰਨੇ
ਥਾਂ ਮਿਲ਼ੇ ਨਾ ਸੜਨ ਨੂੰ, ਹੋਈ ਮਹਿੰਗੀ ਸਮਸ਼ਾਨ ਦੀ ਧਰਤੀ

ਲ਼ੈ ਜਾਓ ਕੁੱਤਿਓ, ਚੂੰਡੋ ਹੱਡੀਆਂ ਅਤੇ ਫੁੱਲ਼ਾਂ ਨੂੰ
ਕੌਣ ਖੇਚਲ਼ ਕਰੇਗਾ ਗੰਗਾ ਦੇ ਪਾਣੀ ਵਿੱਚ ਵਹਾਉਣ ਹਸਥੀ

 

ਹਵਾ ਦਾ ਬੁੱਲਾ

ਕਾਕਾ ਗਿੱਲ

ਸੁਨਹਿਰੀ ਅੱਖਰਾਂ ਵਿੱਚ ਨਿਉਂਦਾ ਛਪਵਾਇਆ
ਪੌਣਾਂ ਨੂੰ ਚਾਈਂ ਸੱਦਾ ਪੱਤਰ ਭਿਜਵਾਇਆ

ਉਸ ਫ਼ਿਜ਼ਾ ਨੇ ਵੀ ਪ੍ਰੇਰਣਾ ਕੀਤੀ
ਬਗੀਚਿਆਂ ਸੁਆਗਤ ਵਿੱਚ ਖ਼ੁਸ਼ਬੂ ਬਿਖ਼ੇਰ ਦਿੱਤੀ
ਫ਼ੁੱਲ਼ ਅਣਗੌਲ਼ੇ ਕਰਕੇ ਤਿਤਲ਼ੀਆਂ ਤੱਕਣ ਰਾਹ
ਖੰਭ ਖਿਲ਼ਾਰਕੇ ਵਿਹੜੇ ਨੂੰ ਰਹੀਆਂ ਸਜਾਅ

ਧੁੱਪ ਪੀਲ਼ੀਆਂ ਝੰਡੀਆਂ ਲ਼ਾਈਆਂ ਸਜਾਉਣ ਲ਼ਈ
ਅੰਗੜਾਈ ਲ਼ਵੇ ਡਾਢੀ ਚੌਰ ਝੁਲ਼ਾਉਣ ਲ਼ਈ
ਫਬੀ ਫਿਰੇ ਰੁੱਖਾਂ ਦੀ ਢਾਣੀ ਮੀਂਹਧੋਤੀ
ਪੱਤ ਮਾਲ਼ਾ ਵਿੱਚ ਪਰੋਂਦੀ ਫਿਰੇ ਮੋਤੀ

ਪੌਣ ਦੀ ਖ਼ੁਸ਼ੀ ਵਿੱਚ ਮਸਤ ਗੁਣਗੁਣਾਵੇ
ਸੁਰ ਕੱਢ ਕੋਇਲ਼ ਨਵੀਂ ਧੁਨ ਸੁਣਾਵੇ
ਤੰਬੂ ਤਾਣੀ ਬੈਠੀ ਮਸਤ ਬੱਦਲ਼ੀ ਅਸਮਾਨੀ
ਅੰਬਰਾਂ ਤੇ ਮੁੜ ਮਖ਼ਮਲ਼ੀ ਚਾਨਣੀ ਤਾਣੀ

ਰਾਤ ਦੇ ਨ੍ਹੇਰੇ ਟਟਿਹਾਣੇ ਮਸ਼ਾਲ਼ਾਂ ਜਗਾਉਣ
ਰੇਸ਼ਮੀ ਚਾਦਰਾਂ ਪਲ਼ੰਘਾਂ ਉੱਤੇ ਵਿਛਾਉਣ
ਡਾਹਕੇ ਕੁਰਸੀ ਮੁਲਾਇਮ ਗੱਦੀ ਵਿਛਾਵੇ

ਸੁਨਹਿਰੀ ਤਖਤ ਹੀਰੇ ਜਵਾਹਰ ਜੜਾਵੇ

ਅਕਾਸ਼ਗੰਗਾ ਬੁੱਲ੍ਹੀਂ ਸੁਰਖੀ ਲਾਕੇ ਮਟਕੇ

ਸੁੰਭਰਕੇ ਰਾਹੀਂ ਵਾਰ-ਵਾਰ ਪਾਣੀ ਛਿੜਕੇ

ਮੁਗਧ ਹੋਏ ਪੰਛੀ ਅਕਾਸ਼ੀਂ ਫੇਰੀਆਂ ਲਾਉਂਦੇ

ਪੌਣਾਂ ਨੂੰ ਖ਼ੁਸ਼ਆਮਦੀਦ ਦੇ ਗੀਤ ਦੁਹਰਾਉਂਦੇ

ਚੁੱਪ,

ਮੂਕ,

ਖਮੋਸ਼,

ਸ਼ਾਂਤ!

ਹਵਾ ਦਾ ਖ਼ਤ ਹਰਕਾਰਾ ਲੈ ਖੜਿਆ!

ਜੁਆਬ ਵਿੱਚ ਇੱਕ ਸੁਗੰਧਹੀਣ ਬੁੱਲਾ ਮਿਲਿਆ!

ਜੀਹਦੀ ਪੱਗ ਉੱਤੇ ਨਾ ਕੋਈ ਕਲਗੀ

ਵੇਖ ਧੁੱਪ ਝੰਡੀਆਂ ਸੁੱਟ ਪੱਛੋਂ ਢਲਗੀ

ਫ਼ਿਜ਼ਾ ਮਾਯੂਸ, ਬਗੀਚਿਓਂ ਖ਼ਸ਼ਬੂ ਅਲੋਪ ਹੋਈ

ਤਿਤਲੀ ਖੰਭ ਲਪੇਟ ਲਾਪਤਾ ਵਿਹੜਿਓਂ ਹੋਈ

ਕੋਇਲ ਬੈਠੀ ਚੁੱਪਚੁਪੀਤੀ, ਰੁੱਖ ਨਿਰਾਸ਼

ਸਿਰ ਨੀਵਾਂ ਕਰੀ ਬੈਠਾ ਹਿਰਾਸਿਆ ਅਕਾਸ਼

ਬੱਦਲੀ ਉੱਡੀ, ਟਟਿਹਾਣੇ ਨ੍ਹੇਰਾ ਸਵਿਕਾਰਿਆ

ਜਵਾਹਰ-ਹੀਣ ਤਖਤ ਸੁੰਨਾ ਲਕਵੇ ਮਾਰਿਆ

ਲਚਾਰ ਟੁੱਟਿਆ ਪਲੰਘ, ਰੇਸ਼ਮੀ ਚਾਦਰ ਲੀਰ

ਅਕਾਸ਼ਗੰਗਾ ਦੀ ਸੁਰਖੀ ਅਥਰੂਆਂ ਦਿੱਤੀ ਚੀਰ

ਮੁਲਾਇਮ ਗੱਦੀ ਵਾਲੀ ਕੁਰਸੀ ਟੇਢੀ ਡਿੱਗੀ

ਪੰਛੀਆਂ ਦੀ ਡਾਰ ਆਲ੍ਹਣੇ ਵੱਲ ਭੱਜੀ

ਪੱਤ ਮਾਲ਼ਾ ਵਿੱਖਰੀ, ਫ਼ੁੱਲ ਸੁਗੰਧੀਹੀਣ ਕੁਮਲਾਏ

ਚਾਨਣੀ-ਵਿਹੂਣ ਅੰਬਰ ਅਥਰੂ ਵਹਾ ਕੁਰਲਾਏ

ਬੁੱਲੇ ਦੀ ਛੋਟੀ ਉਮਰ ਕੌਣ ਹੰਢਾਏ

ਇਸਦੇ ਸੁਆਗਤ ‘ਚ ਉਤਸ਼ਾਹ ਕੋਈ ਨਾ ਦਿਖਾਏ

ਤਪਸ਼ ਜਿਸਮ ਵੱਸੀ, ਕੱਢਿਆਂ ਨਾ ਨਿੱਕਲੇ

ਬੁੱਲਾ ਮਿਠਾਸਹੀਣ, ਇਸਦੇ ਚੁੰਮਣ ਫਿੱਕਲੇ

ਬੁੱਲਿਆ ਵਾਪਸ ਮੁੜਜਾ, ਪਰਤਦਾ ਬਣਜਾ ਰਾਹੀ

ਅਸਾਨੂੰ ਡੂੰਘਾ ਇਸ਼ਕ ਪੌਣ ਨਾਲ ਅਲਾਹੀ

ਪੌਣਾਂ ਦੇ ਹਿਜਰ ਪੀਕੇ ਜਿਉਂਦੇ ਰਹਿਣਾ

ਨਾਕਬੂਲ ਤੂੰ, ਅਸੀਂ ਤੈਥੋਂ ਕੁਝ ਨਾ ਲੈਣਾ

ਚਾਨਣ ਦੇ ਬੀ, ਖ਼ੁਸ਼ਬੂ ਪੌਣ ਉਚੇਚੀ

ਰੀਝਾਂ ਲੱਦੇ ਖ਼ਤ, ਗੀਤਾਂ ਦੀ ਪੇਟੀ

ਜਜ਼ਬਾਤੀਂ ਰੰਗੇ, ਅਰਮਾਨੀਂ ਸਿੰਜੇ, ਖਾਸ ਉਪਹਾਰ

ਲੈਜਾ ਪੌਣ ਲਈ ਭਾਵਨਾਵਾਂ ਤੇ ਪਿਆਰ

 

ਦੁਸਹਿਰਾ 

ਕਾਕਾ ਗਿੱਲ

ਗ਼ਮਾਂ ਨਾਲ ਅਣਬਣ ਕਰਕੇ

ਟੁਰਿਆ ਕਰਨ ਮਨ ਸੁਹੇਲਾ

ਭੀੜ ਭੜੱਕੇ ਗੁੰਮਿਆਂ ਫਿਰਦਾ

ਭਾਰੀ ਦੁਸਹਿਰੇ ਦਾ ਮੇਲਾ

ਮੋਢੇ ਨਾਲ ਮੋਢਾ ਵੱਜਦਾ

ਪੈਰ ਮੁੜਮੁੜ ਮਿੱਧੇ ਜਾਣ

ਪਤੀ ਤੋਂ ਪਤਨੀ ਵਿੱਖੜਦੀ

ਬਾਲ ਕੂੰਜਾਂ ਵਾਂਗ ਕੁਰਲਾਣ

ਚੁੱਪ ਕਰਾਵੇ ਮਾਂ ਉਸਦੀ

ਰਿਉੜੀ ਤੇ ਖਰਚਕੇ ਧੇਲਾ

ਹਰਿਕ ਚਿਹਰੇ ਵੱਲ ਤੱਕਾਂ

ਲੱਭਾਂ ਯਾਰ ਗੁਆਚੇ ਹੋਏ

ਦਿਲ ਵਿੱਚ ਸ਼ੱਕੀ ਖਿਆਲ

ਕਿ ਜਿਉਂਦੇ ਜਾਂ ਮੋਏ

ਜਿੱਦਾਂ ਘਾਇਲ ਕੂੰਜ ਵੇਖਦੀ

ਖਾਕੇ ਸ਼ਿਕਾਰੀ ਦਾ ਗੁਲੇਲਾ

ਰਾਵਣ ਵੀ ਆਸ਼ਿਕ ਸੀ 

ਜੀਹਨੂੰ ਮੋਹ ਝੱਲਾ ਕੀਤਾ

ਚੁੱਕ ਲੈਗਿਆ ਅਪਰਾਧੀ ਬਣਕੇ

ਰਾਮ ਦੀ ਵਿਆਹੀ ਸੀਤਾ

ਫੌਜ ਮਰਵਾਕੇ, ਲੰਕਾ ਸੜਵਾਕੇ

ਅੰਤ ਮਰਿਆ ਖਾ ਛਾਤੀ ਭੇਲਾ

ਬਿਰਹਾ ਸਾੜੇ ਦੁੱਖੀਂ ਲੱਦਿਆ

ਝੂਲੇ ਬਹਿਕੇ ਭੀ ਦੁਖੀ

ਵੇਖੇ ਦਸ-ਸਿਰੇ ਬੁੱਤ ਵੱਲੀਂ

ਨਜ਼ਰ ਲੱਭਣ ਨੂੰ ਭੁੱਖੀ

ਕੀੜੀਆਂ ਵਾਕਰ ਲੋਕੀਂ ਫਿਰਦੇ

ਜਿਉਂ ਪਸ਼ੂਆਂ ਦਾ ਤਬੇਲਾ

ਬਣੇ-ਤਣੇ ਲੋਕ ਸਜੇ

ਬਗਾਨਿਆਂ ਵੱਲ ਝੌਲ਼ੇ ਤੱਕਦਾ

ਸੁਣ ਪਰਾਈ ਵਾਜ ਹਜੂਮੋਂ

ਪਰਾਇਆਂ ਵੱਲ ਭੁਲੇਖੇ ਭੱਜਦਾ

ਰਾਵਣ ਵਾਂਗ ਤਿਆਗ ਸਿਆਣਪ

ਦਿਵਾਨਾ ਬਣਿਆ ਫਿਰੇ ਅਲਬੇਲਾ

ਹੋਏ ਨਾ ਮੇਲ ਮੁੱਕੀ ਰਾਮਲੀਲਾ

ਮੇਲਾ ਸਿਖਰ ਤੇ ਪੁੱਜਿਆ

ਲੈਕੇ ਮਸ਼ਾਲ ਲਾਟਾਂ ਭਬੂਤੀ

ਦੂਤ ਬੁੱਤ ਸਾੜਨ ਕੁੱਦਿਆ

ਖੜੋ ਗਿਆ ਬੁੱਤਾਂ ਵਿਚਕਾਰ

ਬਣ ਰਾਵਣ ਦਾ ਚੇਲਾ

ਰਾਮ ਆਖਰ ਸੀਤਾ ਜਿੱਤੀ

ਮਸ਼ੂਕ ਮੇਰਾ ਬਣਿਆ ਪਰਦੇਸੀ

ਜੇ ਲੰਕਾ ਸਾੜ ਦੇਨੈਂ

ਉਹ ਮੁੜਨੋਂ ਮਾਰੇ ਘੇਸੀ

ਟੁੱਟੇ ਸੁਫ਼ਨੇ, ਮੇਲ ਅਸੰਭਵ

ਹਯਾਤ ਹੋਇਆ ਕੁੜੱਤਣਾ ਕਰੇਲਾ

 

ਵਿਗੁਚੀ ਕਵਿਤਾ

ਕਾਕਾ ਗਿੱਲ

ਹਰ ਛਿਣ ਜੋ ਸਤਾਵੇ

ਉਸਨੂੰ ਫਿਰ ਯਾਦ ਕਿਓਂ ਕਰਾਂ?

ਜੀਹਦਾ ਪੈਂਦਾ ਮੁੱਲ ਕੌਡੀਆਂ

ਉਹ ਨਾਕਾਮ ਫਰਿਆਦ ਕਿਓਂ ਕਰਾਂ?

ਜਿਹੜਾ ਉੱਜੜਦਾ ਰਹੇ ਸੰਸਾਰ

ਇਸਨੂੰ ਦੁਹਰਾ ਅਬਾਦ ਕਿਓਂ ਕਰਾਂ?

ਕਬਰਸਤਾਨ ਇੱਥੇ ਲੋਥਾਂ ਦੱਬੀਆਂ

ਕਬਰਾਂ ਨੂੰ ਬਰਬਾਦ ਕਿਓਂ ਕਰਾਂ?

ਤੜਿਆ ਜੋ ਪਿੰਜਰੇ ਖੁਦ

ਖੋਲ੍ਹ ਪਿੰਜਰਾ ਅਜ਼ਾਦ ਕਿਓਂ ਕਰਾਂ?

ਜੜ੍ਹ ਪੱਟੂ ਮੁਹੱਬਤ, ਫਿਰ

ਪਿਆਰ ਤੇ ਇਤਕਾਦ ਕਿਓਂ ਕਰਾਂ?

ਖ਼ੁਦਾਈ ਸਾਰੇ ਮਜ਼ਹਬ ਤਾਂ

ਧਰਮ ਖਾਤਰ ਜਿਹਾਦ ਕਿਓਂ ਕਰਾਂ?

ਮੁਰਦਾਰ ਇੱਥੇ ਵੱਸਣ ਖ਼ੁਸ਼ੀ

ਨਾਰ੍ਹਾ ਬੁਲੰਦ ਜਿੰਦਾਬਾਦ ਕਿਓਂ ਕਰਾਂ?

ਅਣਗਿਣਤ ਜ਼ਖ਼ਮ ਲੱਗ ਚੁੱਕੇ

ਫੱਟਾਂ ਦੀ ਤਦਾਦ ਕਿਓਂ ਕਰਾਂ?

ਰੂਹ ਮਰ ਚੁੱਕੀ, ਤਾਂ

ਜੀਣ ਦਾ ਫਸਾਦ ਕਿਓਂ ਕਰਾਂ?

ਸ਼ੁਕਰਗੁਜ਼ਾਰੀ ਦੇ ਢੰਡੋਰੇ ਮਗਰੋਂ

ਨਰਮ ਸ਼ਬਦੀਂ ਧੰਨਵਾਦ ਕਿਓਂ ਕਰਾਂ?

ਵੈਰੀ ਸੂਰਜ

ਕਾਕਾ ਗਿੱਲ

ਇੱਕ ਸੂਰਜ ਤੱਤਾ ਇੱਕ ਸੂਰਜ ਗ੍ਰਹਿਣਿਆ

ਨਿੱਕੀ ਬੱਦਲ਼ੀ ਦੀ ਛਾਂ ਨੂੰ ਸਾੜੇ

ਸਾਉਣ ਤੋਂ ਲਾਈ ਆਸ ਫੁਹਾਰ ਦੀ

ਜੋ ਦਿਲਾਂ ਤੋਂ ਜੰਮਿਆ ਗਰਦਾ ਝਾੜੇ

ਡਾਢੇ ਦਾ ਸੱਤੀਂ ਵੀਹੀਂ ਸੌ ਹਮੇਸ਼

ਵੱਡੀ ਮੱਛੀ ਛੋਟੀ ਨੂੰ ਬੁਰਕੀ ਬਣਾਂਦੀ

ਜਿੰਨੀ ਵੀ ਉੱਚੀ ਲੁਕਾਈ ਹਾਹਾਕਾਰ ਮਚਾਏ

ਨਿਰ ਪੱਖ ਅਦਾਲਤ ਇਨਸਾਫ਼ ਨਹੀਂ ਦਿਵਾਂਦੀ

ਸੰਘਰਸ਼ ਹਰ ਵੇਲੇ ਹੁੰਦਾ ਨਫ਼ੇ-ਘਾਟੇ ਦਾ

ਕੋਈ ਜਿੱਤਦਾ ਭਲਵਾਨ ਦੂਜਾ ਹਾਰਦਾ ਅਖਾੜੇ

ਝਿਲਮਿਲਾਉਂਦੇ ਤਾਰਿਆਂ ਦੇ ਝੁਰਮਟ ਸਾਹਵੇਂ

ਬੇਨੂਰ ਹੋਵੇ ਸੁੰਞੇ ਚੰਨ ਦੀ ਚਾਨਣੀ

ਅੱਖ ਦੇ ਫੋਰ ਵਿੱਚ ਦਿਹੁੰ ਬੀਤਣ

ਨ੍ਹੇਰੀ ਰਾਤ ਦੀ ਪੈਲ ਸੌਖੀ ਪਹਿਚਾਨਣੀ

ਘੜੀ ਦੀਆਂ ਸੁਈਆਂ ਚਿਤਾਰਨ ਵੇਲ਼ੇ ਨੂੰ

ਕੌਣ ਕਾਠ ਦੀ ਹਾਂਡੀ ਅੱਗ ਤਾ ਚਾਹੜੇ?

ਬਣਕੇ ਸਾੜਨੀ ਅੱਗ ਦਾ ਭਾਂਬੜ ਸੂਰਜ

ਲਾਟਾਂ ਦਾ ਮੋਹਲੇਧਾਰ ਮੀਂਹ ਵਰਸਾਵੇ

ਝੁਲਸੇ ਰੁੱਖ, ਅਲੋਪ ਬੱਦਲ਼ੀ, ਛਾਂ ਨਾਯਾਬੀ

ਵੱਟ ਨਿਢਾਲੇ ਜਿਸਮ, ਸੀਤ ਨਜ਼ਰ ਨ ਆਵੇ

ਯਾਰੀ ਤੋੜਕੇ ਬਣਿਆ ਸੂਰਜ ਜਰਵਾਣਾ

ਬੇਦਰਦ ਸੁਣਦਾ ਨਾ ਤਰਲੇ, ਨਾ ਹਾੜ੍ਹੇ

ਰੇਸ਼ਮ ਦੇ ਦੁਸ਼ਾਲੇ ਤਾਣ ਬੈਠੇ ਧਨਾਢ

ਲੀਰਾਂ ਨਾਲ ਤਨ ਢਕਣ ਕਰਜ਼ਾਈ

ਝੌਏ ਫ਼ੁੱਲ, ਵੇਗੇ ਬੂਟੇ, ਦਰਿਆ ਸੁੱਕੇ

ਦੁਆਵਾਂ ਭਰੀ ਥਾਲ਼ੀ ਜਾਂਦਾ ਠੁਕਰਾਈ

ਨਿਰਦਈ, ਖੂੰਖਾਰ, ਕਠੋਰੀ, ਰਹਿਮ ਵਿਹੂਣਾ

ਸੂਰਜ ਦਰਿੰਦਾ ਬਣਿਆ, ਪ੍ਰੀਤ ਨਗਰ ਉਜਾੜੇ

ਮੱਥੇ ਪਾ ਤਿਉੜੀ, ਅਣਗੌਲ਼ੇ ਹਰਿੱਕ ਅਰਜੋਈ

ਅਜ਼ਨਬੀ ਬਣਿਆ, ਸੱਧਰਾਂ ਵਿਸਾਰ ਬੇਵਿਚਾਰ

ਨਿਰਸੰਕੋਚ ਮਾਰੇ ਕੋਰੜੇ ਸ਼ਰੇਆਮ ਘਿਰਣਾ ਦਿਖਾਕੇ

ਪੱਥਰ ਸਮਝ ਢਾਉਂਦਾ ਮਾਨਸਿਕ ਅੱਤਿਆਚਾਰ

ਮਸ਼ਕਰੀ ਭਾਵ ਕੱਢਕੇ ਗ਼ਜ਼ਲਾਂ ਤੇ ਹੱਸੇ

ਕਾਲ਼ਾ ਕਹਿਕੇ ਗੀਤਾਂ ਦੇ ਵਰਕੇ ਪਾੜੇ

ਬੇਰੁਖੀ ਇਹਦੀ ਤੱਕ, ਸੱਟ ਗੁੱਝੀ ਵੱਜਦੀ

ਜ਼ਿੰਦਗੀ ਡੋਲਦੀ ਜਦ ਬੇਲੀ ਦਗਾ ਕਮਾਣ

ਨਾ ਉਪਾਅ ਫਾਸਲੇ ਦਾ ਨਾ ਨਿਪਟਾਰਾ

ਵੈਰੀ ਸ਼ਾਇਦ ਇਸਤੋਂ ਘੱਟ ਜ਼ੁਲਮ ਕਮਾਣ

ਸਾਬਕ ਮਿੱਤਰ ਢਾਵੇ ਬੇਅੰਤ ਤਸ਼ੱਦਦ ਤਸੀਹੇ

ਤੂੜੀ ਜਾਣਕੇ ਪੈਰਾਂ ਨਾਲ ਦਿਲ ਲਿਤਾੜੇ

ਇਸ ਸੂਰਜ ਨੂੰ ਗੂੜ੍ਹਾ ਦੋਸਤ ਸਮਝਿਆ

ਇਸ ਸੂਰਜ ਨੂੰ ਆਪਣਾ ਹਮਦਰਦ ਜਾਣਿਆ

ਇਸ ਸੂਰਜ ਤੋਂ ਵਫ਼ਾ ਦੀ ਆਸ ਕੀਤੀ

ਇਸ ਸੂਰਜ ਨੇ ਧਰੋਹ ਕਰਨਾ ਮਾਣਿਆ

ਇਸ ਸੂਰਜ ਦਿਲ ਤੋੜਿਆ ਨਿਹੱਕਾ ਬੇਲੋੜਾ

ਇਸ ਸੂਰਜ ਲੁੱਟੀ ਜਿੰਦ ਦਿਨ ਦਿਹਾੜੇ

About ਕਾਕਾ ਗਿੱਲ

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar