ਉੱਥੇ ਬੜੀ ਭੁੱਖਮਰੀ ਸੀ। ਜਿਸ ਕੋਲ ਅਨਾਜ ਦੇ ਕੁਝ ਦਾਣੇ ਹੁੰਦੇ ਉਹੀ ਧਨਵਾਨ ਕਹਾਉਣ ਲਗਦਾ। ਇਕ ਪਲੜੇ ਵਿਚ ਮਰਿਆਦਾ, ਨੈਤਿਕਤਾ, ਮਮਤਾ ਤੇ ਇੱਜ਼ਤ ਰੱਖ ਦਿੰਦੇ ਤੇ ਦੂਜੇ ਪਲੜੇ ਵਿਚ ਰੋਟੀ, ਤਾਂ ਰੋਟੀ ਵਾਲਾ ਪਲੜਾ ਝੁਕ ਜਾਂਦਾ ਸੀ।
ਅਜਿਹੇ ਵਿਚ ਭੁੱਖ ਨਾਲ ਵਿਲਕਦੀ ਇਕ ਜਵਾਨ ਕੁੜੀ ਨੇ ਇਕ ਅਧਖੜ ਧਨਵਾਨ ਨੂੰ ਕਿਹਾ, “ਚਾਰ ਰੋਟੀਆਂ ਦੇ ਦਿਓ, ਬਹੁਤ ਭੁੱਖ ਲੱਗੀ ਐ।” ਏਨਾ ਕਹਿੰਦੇ ਹੋਏ ਉਹ ਉਸਦੇ ਨੇੜੇ ਹੋ ਗਈ। ਆਦਮੀ ਨੇ ਉਹਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ।
“ਚਾਰ ਰੋਟੀਆਂ ਦੇ ਦਿਓ, ਬਹੁਤ ਭੁੱਖ ਲੱਗੀ ਐ।” ਇਸ ਵਾਰ ਉਹਨੇ ਆਪਣੇ ਸਿਰ ਤੋਂ ਪੱਲਾ ਗਿਰਾਉਂਦੇ ਹੋਏ ਉਸ ਆਦਮੀ ਦਾ ਹੱਥ ਫੜ ਜਿਹਾ ਲਿਆ।
ਆਦਮੀ ਨੇ ਉਸ ਉੱਪਰ ਭਰਪੂਰ ਨਿਗਾਹ ਮਾਰਦੇ ਹੋਏ ਕਿਹਾ, “ਅਜੇ ਮੂਡ ਨਹੀਂ, ਘੰਟੇ ਬਾਦ ਆਵੀਂ, ਉਦੋਂ ਵੇਖੂੰਗਾ।”
ਕੁੜੀ ਆਸ਼ਾ-ਨਿਰਾਸ਼ਾ ਦੀ ਸਥਿਤੀ ਵਿਚ ਚਲੀ ਗਈ। ਉਹਦੇ ਜਾਂਦੇ ਹੀ ਆਦਮੀ ਬੁੜਬੁੜਾ ਉੱਠਿਆ, “ਸਾਲੀ ਇਕ ਘੰਟਾ ਹੋਰ ਭੁੱਖੀ ਰਹੂਗੀ ਤਾਂ ਦੋ ਰੋਟੀਆਂ ’ਚ ਈ ਮੰਨ ਜੂਗੀ।”
ਆਪਣੀ ਇਸ ਕਿਫਾਇਤ ਉੱਤੇ ਉਹ ਮੁਸਕਰਾ ਉੱਠਿਆ।
–ਘਨਸ਼ਿਆਮ ਅਗਰਵਾਲ