ਅਲਫ਼ ਆਖ ਸੁਣਾਂਵਦਾ ਗੁਰੂ ਤਾਈਂ,
ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ।
ਨੇਕੀ ਮਾਇ ਤੇ ਬਾਪ ਦੀ ਯਾਦ ਕਰਕੇ
ਸੱਭੋ ਦੱਸਦਾ ਉਸ ਨੂੰ ਫੋਲ ਕੇ ਜੀ:
ਗੁਰੂ ਨਾਥ ਜਾਂ ਓਸ ਦੇ ਦਰਦ ਰੁੰਨਾ,
ਹੰਝੂ ਰੱਤ ਦੀਆਂ ਅੱਖੀਂ ਡੋਲ੍ਹ ਕੇ ਜੀ।
ਕਾਦਰਯਾਰ ਸੁਣਾਂਵਦਾ ਗੱਲ ਸੱਭੋ,
ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। 1.
‘ਬੇ ਬਹੁਤ ਸਾ ਲਾਡਲਾ ਜੰਮਿਆ ਮੈਂ,
ਘੱਤ ਧੌਲਰੀਂ ਪਾਲਿਆ ਬਾਪ ਮੈਨੂੰ।
ਬਾਰ੍ਹੀਂ ਵਰ੍ਹੀਂ ਮੈਂ ਗੁਰੂ ਜੀ ਬਾਹਰ ਆਇਆ,
ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ।
ਲਾਗੂ ਸੱਦ ਕੇ ਕਰਨ ਵਿਆਹ ਲੱਗੇ,
ਚੜ੍ਹ ਗਿਆ ਸੀ ਗ਼ਮ ਦਾ ਤਾਪ ਮੈਨੂੰ।
ਕਾਦਰਯਾਰ ਮੈਂ ਆਖਿਆ ਬਾਪ ਨੂੰ ਜੀ,
ਨਹੀਂ ਭਾਂਵਦੀ ਏ ਗੱਲ ਆਪ ਮੈਨੂੰ। 2.
ਤੇ ਤੱਕ ਡਿੱਠਾ ਬਾਬਲ ਵੱਲ ਮੇਰੇ,
ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ।
ਕਿਵੇਂ ਰੱਬ ਕਰਾਇਆ ਤੇ ਆਖਿਓ ਸੂ,
ਕਰ ਹੁਕਮ ਜ਼ਬਾਨ ਥੀਂ ਮਿਹਰਬਾਨੀ:
‘ਜਾਇ ਪੂਰਨਾ ਮਾਇ ਨੂੰ ਟੇਕ ਮੱਥਾ’,
ਗੱਲ ਸਮਝੀਏ ਗੁਰੂ ਜੀ ਹੋਇ ਦਾਨੀ।
ਕਾਦਰਯਾਰ ਮੈਂ ਜਾਇ ਜਾਂ ਮਹਲ ਵੜਿਆ,
ਦੇਖ ਹੋਇਆ ਸੀ ਲੂਣਾਂ ਦਾ ਸਿਦਕ ਫਾਨੀ। 3.
ਸੇ ਸਾਬਤ ਰਹੀ ਨਾ ਵਿੱਚ ਉਸ ਦੇ,
ਮੈਨੂੰ ਪਕੜ ਕੇ ਪਾਸ ਬਹਾਣ ਲਗੀ।
‘ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ।
ਕੜ ਜ਼ਿਮੀਂ ਅਸਮਾਨ ਦਾ ਢਾਹਣ ਲੱਗੀ।
ਕੰਨੀਂ ਖਿੱਚ ਮੈਂ ਅੰਦਰੋਂ ਬਾਹਰ ਆਇਆ,
ਜਦੋਂ ਡਿੱਠਾ ਸੀ ਧਰਮ ਗੰਵਾਣ ਲੱਗੀ।
ਕਾਦਰਯਾਰ ਜਾਂ ਰਾਤ ਨੂੰ ਆਇਆ ਰਾਜਾ,
ਉਹਨੂੰ ਨਾਲਸ਼ਾਂ ਨਾਲ ਸਿਖਾਣ ਲੱਗੀ। 4.
ਜੀਮ ਜਦੋਂ ਸੁਣੀ ਰਾਜੇ ਗੱਲ ਉਹਦੀ,
ਉਸੇ ਵਕਤ ਮੈਨੂੰ ਸੱਦਵਾਇ ਕੇ ਜੀ।
ਕਹਿਰਵਾਨ ਹੋਇ ਬਾਪ ਦੇ ਨੈਨ ਖੂਨੀ,
ਧਪਾ ਮਰਿਆ ਪਾਸ ਬਿਠਲਾਇ ਕੇ ਜੀ।
‘ਖੂਹੇ ਵਿੱਚ ਪਾਓ ਇਹਨੂੰ ਜਾਇ ਕੇ ਜੀ।’
ਕਾਦਰਯਾਰ ਮੀਆਂ ਏਸ ਖੂਹੇ ਅੰਦਰ,
ਕਰ ਗਏ ਦਾਖਲ ਮੈਨੂੰ ਆਇ ਕੇ ਜੀ’। 5.
ਹੇ ਹਾਲ ਸੁਣਾਂਵਦਾ ਗੁਰੂ ਤਾਈੰ:
‘ਕੇਹਾ ਵਰਤਿਆ ਇਹ ਨਜੂਲਾ ਮੈਨੂੰ।
ਮੇਰੇ ਮਾਇ ਤੇ ਬਾਪ ਦੇ ਵੱਸ ਨਾਹੀਂ,
ਸੱਭੇ ਰੱਬ ਦਿਖਾਂਵਦਾ ਸੂਲ ਮੈਨੂੰ।
ਕਰੋ ਕਰਮ ਜੀ ਰੱਬ ਦਾ ਵਾਸਤਾ ਜੇ,
ਰੋਵਨ ਨੈਣ ਪਰਾਣ ਵਸੂਲ ਮੈਨੂੰ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਪਿੱਛਾ ਦੇਇ ਨਾ ਜਾਇ ਜੇ ਮੂਲ ਮੈਨੂੰ। 6.
ਖੇ ਖੁਸ਼ੀ ਹੋਈ ਗੋਰਖ ਨਾਥ ਤਾਈੰ,
ਜਲ ਪਾਇ ਕੇ ਨੂਰ ਦਾ ਤੁਰੰਤ ਕੀਤਾ।
ਹੱਥੀਂ ਆਪਣੀ ਓਸ ਦੇ ਮੁਖ ਲਾਇਆ,
ਖੜਦੇ ਖੁਲ ਗੇ ਜਦੋਂ ਇੱਕ ਘੁਟ ਪੀਤਾ।
ਫੇਰ ਬੇਪਰਵਾਹ ਗੁਰੂ ਨਾਥ ਹੁਰਾਂ,
ਪੂਰਨ ਭਗਤ ਤਾਈਂ ਸਾਵਧਾਨ ਕੀਤਾ।
ਕਾਦਰਯਾਰ ਗੁਜ਼ਾਰ ਕੇ ਬਰਸ ਬਾਰਾਂ,
ਖਸਤਹਾਲ ਤਾਈਂ ਖੁਸ਼ਹਾਲ ਕੀਤਾ। 7.
ਦਾਲ ਦੇਣ ਲੱਗਾ ਰੁਖ਼ਸਤ ਓਸ ਵੇਲੇ,
ਗੁਰੂ ਆਖਦਾ, ‘ਬੱਚਾ ਜੀ ਮੁਲਖ਼ ਜਾਵੋ।
ਦੇਖ ਬਾਪ ਤੇ ਮਾਇ ਨੂੰ ਠੰਢ ਪਾਵੋ,
ਦੁੱਖ ਕਟਿਆ ਜਾਇ ਕੇ ਸੁਖ ਪਾਵੋ।’
ਪੂਰਨ ਆਖਦਾ ਬੇਹਿਸਾਬ ਗੱਲਾਂ:
‘ਕੰਨ ਪਾੜ ਮੇਰੇ ਅੰਗ ਖਾਕ ਲਾਵੋ।’
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ:
‘ਮਿਹਰਬਾਨਗੀ ਦੇ ਘਰ ਵਿੱਚ ਆਵੋ’। 8.
‘ਜ਼ਾਲ ਜ਼ਰਾ ਨਾ ਪਓ ਖਿਆਲ ਮੇਰੇ’।
ਗੁਰੂ ਆਖਦਾ, ‘ਜੋਗ ਕਮਾਨ ਔਖਾ।
ਫਾਕਾ ਫਿਕਰ ਤੇ ਸਫ਼ਰ ਕਬੂਲ ਕਰਨਾ,
ਦੁਨੀਆ ਛੱਡ ਦੇਣੀ ਮਰ ਜਾਣ ਔਖਾ।
ਨਾਲੇ ਕਾਮ ਕ੍ਰੋਧ ਨੂੰ ਦੂਰ ਕਰਨਾ,
ਮਨ ਦੀ ਹਿਰਸ ਦਾ ਤੋੜਨਾ ਮਾਨ ਔਖਾ।’
ਕਾਦਰਯਾਰ ਆਖੇ ਪੂਰਨ ਭਗਤ ਤਾਈਂ:
‘ਏਸ ਰਾਹ ਦਾ ਮਕਸਦ ਪਾਨ ਔਖਾ’। 9.
ਰੇ ਰੋਇ ਕੇ ਪੂਰਨ ਨੇ ਹੱਥ ਬੰਨ੍ਹੇ,
‘ਲੜ ਛੱਡ ਤੇਰਾ ਕਿੱਥੇ ਜਾਵਸਾਂ ਮੈਂ।
ਫਾਕਾ ਫਿਕਰ ਤੇ ਸਬਰ ਕਬੂਲ ਸਿਰ ‘ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ।
ਕਰੋ ਕਰਮ ਤੇ ਸੀਸ ਪਰ ਹੱਥ ਰਖੋ,
ਖਿਦਮਤਗਾਰਾ ਗ਼ੁਲਾਮ ਸਦਾਵਸਾਂ ਮੈਂ।
ਕਾਦਰਯਾਰ ਤਵਾਜ਼ਿਆ ਹੋਗ ਜਿਹੜੀ;
ਟਹਿਲ ਸਾਬਤੀ ਨਾਲ ਕਮਾਵਸਾਂ ਮੈਂ’। 10.