ਜ਼ੇ, ‘ਜ਼ੋਰ ਨਾ ਡਾਢੇ ਦੇ ਨਾਲ ਕੋਈ।
ਪਕੜ ਬੇਗੁਨਾਹ ਮੰਗਾਇਆ ਮੈਂ।
ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ,
ਜਿਹੜਾ ਕਹਿਰ ਗੁਨਾਹ ਕਰਾਇਆ ਮੈਂ।
ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ,
ਇਹੋ ਕਰਮ ਨਸੀਬ ਲਿਖਾਇਆ ਮੈਂ।’
ਕਾਦਰਯਾਰ ਮੀਆਂ ਪੂਰਨ ਭਗਤ ਆਖੇ,
‘ਮਾਂ ਮਾਤਰੀ ਚੋਰ ਬਣਾਇਆ ਮੈਂ’। 11.
‘ਸੀਨ ਸਮਝ ਰਾਜਾ ਬੁਧਿ ਹਾਰ ਨਾਹੀਂ’
ਕਹਿੰਦੀ ਇੱਛਰਾਂ ਵਾਸਤਾ ਪਾਇਕੇ ਜੀ।
‘ਅੰਬ ਵੱਢ ਕੇ ਅੱਕ ਨੂੰ ਵਾੜ ਦੇਵੀਂ,
ਪਛੋਤਾਵੇਂਗਾ ਵਕਤ ਵਿਹਾਏ ਕੇ ਜੀ।
ਬੂਟਾ ਆਪਣਾ ਆਪ ਪੁਟਾਣ ਲੱਗੋਂ,
ਜੜ੍ਹਾਂ ਮੁੱਢ ਤਾਈਂ ਉਖੜਾਏ ਕੇ ਜੀ।
ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ,
ਬਾਪ ਕੌਣ ਬੁਲਾਊਗਾ ਆਏ ਕੇ ਜੀ’। 12.
ਸੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ,
ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ.
‘ਬਾਹਰ ਜਾਇ ਕੇ ਚੀਰੋ ਹਲਾਲ-ਖੋਰੋ’,
ਛੰਨੇ ਰੁੱਤ ਪਾਵੋ ਜਿਹੜੀ ਵਿੱਚ ਜੁਸੇ।
ਇਹਦੇ ਹੱਥ ਸਹਿਕਾਏ ਕੇ ਵਢਿਓ ਜੇ,
ਵਾਂਗ ਬੱਕਰੇ ਦੇ ਇਹਦੀ ਜਾਨ ਕੁੱਸੇ।’
ਕਾਦਰਯਾਰ ਜਾ ਰਾਜੇ ਦਾ ਹੁਕਮ ਹੋਇਆ,
ਪਕੜ ਲਿਆ ਜੱਲਾਦਾਂ ਨੇ ਵਕਤ ਉਸੇ। 13.
ਸਇਅਦ ਸਾਹਿਬ ਤੋਂ ਲਿਖਿਆ ਲੇਖ ਏਵੇਂ,
ਪੂਰਨ ਭਗਤ ਨੂੰ ਲੈ ਜੱਲਾਦ ਚੱਲੇ।
ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ,
ਪਾਸ ਰੋਣ ਵਜ਼ੀਰ ਦੀਵਾਨ ਖਲੇ।
ਤਦੋਂ ਗਸ਼ ਆਈ ਰਾਣੀ ਇੱਛਰਾਂ ਨੂੰ,
ਜਾਨ ਨਿਕਲ ਨਾ ਜਾਂਦੀ ਏ ਕਿਸੇ ਗੱਲੇ।
ਕਾਦਰਯਾਰ ਮੀਆਂ ਮਾਵਾਂ ਪੁੱਤਰਾਂ ਨੇ,
ਲੂਆ ਮਾਰਿਆ ਕੁਫਰ ਦੇ ਝਾੜ ਪੱਲੇ। 14.
ਜ਼ੁਆਦ, ‘ਜ਼ਾਮਨੀ ਦੇ ਛੁਡਾਵਣੀ ਹਾਂ’
ਲੂਣਾਂ ਲਿਖ ਕੇ ਭੇਜਿਆ ਖ਼ਤ ਚੋਰੀ।
‘ਪੁੱਤਰ ਬਣਨ ਲੱਗੋਂ ਮੇਰਾ ਪੂਰਨਾ ਵੇ,
ਦੇਖ ਕਹੀ ਮੈਂ ਦਿੱਤੀ ਆ ਮਾਉਂ ਲੋਰੀ।
ਆਖੇ ਲਗ ਮੇਰੇ ਅਜੇ ਹਈ ਵੇਲਾ,
ਇਸੀ ਵਕਤ ਛੁਡਾਵਸਾਂ ਨਾਲ ਜੋਰੀ।’
ਕਾਦਰਯਾਰ ਕਿਉਂ ਜਾਨ ਗੁਆਵਨਾ ਹੈਂ,
ਲਾਇ ਦੇਨੀਆਂ ਤੁਹਮਤਾਂ ਵੱਲ ਹੋਰੀ। 15.
‘ਤੋਇ ਤਰਫ਼ ਖ਼ੁਦਾਇ ਦੇ ਜਿੰਦ ਦੇਣੀ’,
ਪੂਰਨ ਆਖਦਾ, ਵੱਤ ਨਾ ਆਵਣਾ ਈ।
ਭਾਵੇਂ ਜੀਵੀਏ ਲੱਖ ਹਜ਼ਾਰ ਬਰਸਾਂ,
ਅੰਤ ਫੇਰ ਮਾਇ ਮਰ ਜਾਵਣਾ ਈ।’
ਖਤ ਵਾਚ ਕੇ ਪੂਰਨ ਨੇ ਥੁੱਕ ਸੁੱਟੀ:
‘ਕਿਹੜੀ ਗੱਲ ਤੋਂ ਧਰਮ ਗਵਾਵਨਾ ਈ।’
ਕਾਦਰਯਾਰ ਅਣਹੁੰਦੀਆਂ ਕਰਨ ਜਿਹੜੇ,
ਆਖਰ ਫੇਰ ਉਨ੍ਹਾਂ ਪਛੋਤਾਵਨਾ ਈ। 16.
‘ਜ਼ੁਇ ਜ਼ੁਲਮ ਕੀਤਾ ਮਾਇ ਮਾਤਰੇ ਨੀ’
ਪੂਰਨ ਆਖਦਾ, ‘ਪੂਰੀ ਨਾ ਪਵੇ ਤੇਰੀ।
ਮੰਦਾ ਘਾਤ ਕਮਾਇਆ ਈ ਨਾਲ ਮੇਰੇ,
ਧਰਮ ਹਾਰ ਕੇ ਤੁਧ ਦਲੀਲ ਫੇਰੀ।
ਜਿਹੜੀ ਬਣੀ ਮੈਨੂੰ ਹੁਣ ਝਲਸਾਂ ਮੈਂ,
ਮਰ ਜਾਇਗੀ ਰੋਂਦੜੀ ਮਾਇ ਮੇਰੀ,
ਕਾਦਰਯਾਰ ਜੱਲਾਦਾਂ ਨੂੰ ਕਹੇ ਪੂਰਨ,
ਮਿਲ ਲੈਣ ਦੇਵੋ ਮੈਨੂੰ ਇੱਕ ਵੇਰੀ’। 17.
ਐਨ ਅਰਜ਼ ਕੀਤੀ ਸਲਵਾਹਨ ਅੱਗੇ,
ਖ਼ਾਤਰ ਮਾਉਂ ਜੱਲਾਦ ਖਲੋਂਵਦੇ ਨੀ
ਰਾਣੀ ਇੱਛਰਾਂ ਤੇ ਪੂਰਨ ਭਗਤ ਉਥੇ,
ਜਾਂਦੀ ਵਾਰ ਦੋਵੇਂ ਮਿਲ ਰੋਂਵਦੇ ਨੀ।
ਪਾਣੀ ਡੋਲ੍ਹ ਕੇ ਰੱਤ ਦਾ ਨੀਰ ਉਥੇ,
ਦਿਲ ਹਿਰਸ ਜਹਾਨ ਦੀ ਧੋਂਵਦੇ ਨੀ।
ਕਾਦਰਯਾਰ ਜੱਲਾਦ ਫਿਰ ਪਏ ਕਾਹਲੇ,
ਪੁੱਤਰ ਮਾਇ ਥੋਂ ਵਿਦਿਆ ਹੋਂਵਦੇ ਨੀ। 18.
ਗੈਨ ਗ਼ਮ ਖਾਧਾ ਰਾਣੀ ਹੋਈ ਅੰਨ੍ਹੀ,
ਆਹੀਂ ਮਾਰਦੀ ਰੱਬ ਦੇ ਦੇਖ ਬੂਹੇ।
ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦੇ,
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ।
ਉਹਦੇ ਦਸਤ ਸਹਿਕਾਏ ਕੇ ਵਢਿਓ ਨੇ,
ਉਹਦੀ ਲੋਥ ਵਹਾਂਵਦੇ ਵਿੱਚ ਖੂਹੇ
ਕਾਦਰਯਾਰ ਆ ਲੂਣਾਂ ਨੂੰ ਦੇਣ ਰੱਤੂ
ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ। 19.
ਫੇ ਫੇਰ ਖਲੋਏ ਕਿ ਸਿਫਤ ਕੀਤੀ,
ਏਹਨਾਂ ਤ੍ਰੀਮਤਾ ਖਾਨ ਨਿਵਾਇ ਦਿੱਤੇ।
ਰਾਜੇ ਭੋਜ ਉੱਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਅਕਲ ਭੁਲਾਇ ਦਿਤੇ.
ਪੂਰਨ ਭਗਤ ਵਿਚਾਰਾ ਸੀ ਕੌਣ ਕੋਈ,
ਯੂਸਪ ਜਹੇ ਤਾਂ ਖੂਹ ਪੁਵਾਇ ਦਿੱਤੇ।
ਕਾਦਰਯਾਰ ਤ੍ਰੀਮਤਾਂ ਡਾਢੀਆਂ ਨੀ,
ਦਹਿਸਰ ਜੇਹੇ ਤਾਂ ਥਾਂਇ ਮਰਵਾਏ ਦਿੱਤੇ। 20.