ਕਾਫ਼ ਕਰਮ ਜਾਂ ਬੰਦੇ ਦੇ ਜਾਗਦੇ ਨੀ,
ਰੱਬ ਆਣ ਸਬੱਬ ਬਣਾਵੰਦਾ ਏ।
ਸਿਰੋਪਾਉ ਪਹਿਨਾਉਂਦਾ ਕੈਦੀਆਂ ਨੂੰ
ਦੁੱਖ ਦੇਇ ਕੇ ਸੁਖ ਦਿਖਾਵੰਦਾ ਏ।
ਰੱਬ ਬੇਪ੍ਰਵਾਹ ਬੇਅੰਤ ਹੈ ਜੀ,
ਉਹਦਾ ਅੰਤ ਹਿਸਾਬ ਨਾ ਆਂਵਦਾ ਏ।
ਕਾਦਰਯਾਰ ਹੈ ਸਾਬਤੀ ਮੂਲ ਏਵੇਂ,
ਪੂਰਨ ‘ਸਾਬਤੀ’ ਥੀਂ ਰੱਬ ਪਾਵੰਦਾ ਏ। 21.
ਗਫ ਗਰਦਸ਼ ਜੋ ਮੁੱਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਪੂਰਨ ਵਿੱਚ ਖੂਹ ਪਾਏ।
ਸਾਈੰ ਕਰਮ ਕੀਤਾ ਬਖਸ਼ਨਹਾਰ ਹੋਇਆ,
ਕੋਈ ਹੁਕਮ ਸਬੱਬ ਦਾ ਆਣ ਲਾਏ।
ਗੁਰੂ ਗੋਰਖ ਨਾਥ ਨੂੰ ਖੁਸ਼ੀ ਹੋਈ,
ਸਿਆਲਕੋਟ ਦੀ ਤਰਫ਼ ਨੂੰ ਸੈਲ ਆਏ।
ਕਾਦਰਯਾਰ ਜਾ ਖੂਹੇ ‘ਤੇ ਕਰਨ ਡੇਰਾ,
ਕਿ ਸਾਧ ਲੈ ਪਾਣੀ ਨੂੰ ਡੋਲ ਜਾਏ। 22.
ਲਾਮ ਲੱਜ ਜਾਂ ਖੂਹੇ ਵਹਾਇ ਦਿੱਤੀ,
ਤਲੇ ਪਾਣੀ ਦੇ ਵੱਲ ਧਿਆਨ ਕਰਕੇ।
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ
ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ।
ਖਾਧਾ ਖੌਫ਼ ਤੇ ਹੋਸ਼ ਨਾ ਰਹੀ ਕਾਈ,
ਦੌੜ ਆਇਆ ਗੁਰੂ ਦੇ ਪਾਸ ਡਰ ਕੇ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ:
‘ਆਇਆ ਜੀਂਵਦਾ, ਮੈਂ ਕਿਵੇਂ ਮਰ ਮਰ ਕੇ। 23.
ਮੀਮ ‘ਮੈਂ ਜਾ ਗੁਰੂ ਜੀ ਖੂਹੇ ਚੜ੍ਹਿਆ,
ਤਲੇ ਪਾਣੀ ਦੇ ਵਲ ਧਿਆਨ ਪਾਇਆ।
ਖਾਧਾ ਖੌਫ਼ ਤੇ ਹੋਸ਼ ਨਾ ਰਹੀ ਕਾਈ,
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ।
ਕਰਮ ਕਰੋ ਤੇ ਚੱਲ ਕੇ ਆਪ ਦੇਖੋ,
ਕੋਈ ਆਦਮੀ, ਜਿੰਨ ਕੇ ਭੂਤ ਸਾਇਆ।
ਕਾਦਰਯਾਰ ਅਚਰਜ ਦੀ ਗੱਲ ਸੁਣ ਕੇ,
ਸਾਰਾ ਝੁੰਡ ਗੁਰੂ ਸੇਤੀ ਉਠਿ ਧਾਇਆ। 24.
ਨੂਨ ਨਾਲ ਦੇ ਸਾਧ ਖਮੋਸ਼ ਹੋਇ,
ਗੁਰੂ ਪੁੱਛਦਾ ਆਪ ਖਲੋਇ ਕੇ ਜੀ।
‘ਸੱਚ ਦੱਸ ਖਾਂ ਤੂੰ ਹੈਂ ਕੌਣ ਕੋਈ?’
ਗੁਰੂ ਪੁੱਚਦਾ ਕਾਹਲਿਆਂ ਹੋਇ ਕੇ ਜੀ।
‘ਬਾਰਾਂ ਬਰਸ ਨਾ ਆਦਮੀ ਮੂੰਹ ਲੱਗਾ’,
ਪੂਰਨ ਬੋਲਿਆ ਸੀ ਵਿਚੋਂ ਹੋਇ ਕੇ ਜੀ।
‘ਕਾਦਰਯਾਰ’ ਮੈਂ ਰੂਪ ਹਾਂ ਆਦਮੀ ਦਾ,
ਭਾਵੇਂ ਦੇਖ ਲਵੋ ਅਜ਼ਮਾਇ ਕੇ ਜੀ’। 25.
ਵਾਉ ਵਾਸਤਾ ਪਾਇ ਕੇ ਕਹੇ ਪੂਰਨ
‘ਮੰਨੋ ਰੱਬ ਦੇ ਨਾਉਂ ਸੁਆਲ ਮੇਰਾ।
ਜਿਹੜੀ ਬਣੀ ਸੀ ਆਖ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁੱਛੋ ਅਹਿਲਵਾਲ ਮੇਰਾ।
ਕਾਦਰਯਾਰ ਤੁਸੀਂ ਕੱਢੇ ਬਾਹਰ ਮੈਨੂੰ,
ਫੇਰ ਪੁੱਛਣਾ ਹਾਲ-ਅਹਿਲਵਾਲ ਮੇਰਾ’। 26.
ਹੇ ਹੁਕਮ ਜ਼ਬਹਾਨ ਥੀਂ ਨਾਥ ਕੀਤਾ,
ਲੱਜ ਤੁਰਤ ਵਹਾਂਵਦੇ ਵਿੱਚ ਚੇਲੇ.
ਪੂਰਨ ਬਾਹਰ ਆਇਆ ਗੁਰੂ ਲੋਥ ਡਿਠੀ,
ਜਿਵੇਂ ਘਾਇਲ ਕੀਤਾ ਸ਼ੇਰ ਵਿੱਚ ਬੇਲੇ।
ਸੋਹਣੀ ਸੂਰਤ ਵਿੱਚ ਨਾ ਫ਼ਰਕ ਕੋਈ,
ਹੱਥ ਪੈਰ ਮੇਲੇ ਗੁਰੂ ਓਸ ਵੇਲੇ।
ਕਾਦਰਯਾਰ ਜਾਂ ਰੱਬ ਨੂੰ ਯਾਦ ਕੀਤਾ,
ਸੱਚਾ ਰੱਬ ਜੇ ਇਸ ਦੇ ਜ਼ਖ਼ਮ ਮੇਲੇ। 27.
ਲਾਮ ਲੋਥ ਚੁਕਾਇ ਕੇ ਗੁਰੂ ਹੋਰਾਂ,
ਪੂਰਨ ਭਗਤ ਨੂੰ ਆਂਦਾ ਹੈ ਚੁੱਕ ਡੇਰੇ।
ਬੈਠ ਨਾਲ ਤਾਗੀਦ ਦੇ ਪੁਛਿਓ ਨੇ,
‘ਕਿਹੜੇ ਸ਼ਹਿਰ ਨੀ ਲੜਕਿਆ ਘਰ ਤੇਤੇ?
ਕਿਸ ਦਾ ਪੁੱਤ ਤੇ ਕੀ ਹੈ ਨਾਉਂ ਤੇਰਾ?
ਕਿੰਨ ਖੂਹ ਪਾਇਆ ਵੱਢੇ ਹੱਥ ਤੇਰੇ?’
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
‘ਰੱਬ ਜਾਣਦਾ ਵਰਤੀ ਜੋ ਨਾਲ ਮੇਰੇ’। 28.
ਅਲਫ਼ ਆਖਦਾ, ‘ਮੁਲਖ ਉਜੈਨ ਸਾਡਾ,
ਰਾਜਾ ਬਿਕ੍ਰਮਜੀਤ ਦੀ ਵੱਲ ਹੈ ਜੀ।
ਏਸ ਮੁਲਖ ਆਇਆ ਸਾਡਾ ਬਾਪ ਦਾਦਾ,
ਸਿਆਲਕੋਟ ਬੈਠੇ ਥਾਂ ਮੇਲ ਕੇ ਜੀ।
ਪੂਰਨ ਨਾਉਂ ਤੇ ਪੁੱਤਰ ਸਲਵਾਹਨ ਦਾ ਹਾਂ
ਜਿਸ ਵੱਢ ਕੇ ਸੁਟਾਇਆ ਡੱਲ ਹੈ ਜੀ।
ਕਾਦਰਯਾਰ ਹੁਣ ਆਪਣਾ ਆਪ ਦੱਸੋ,
ਤਦੇ ਖੋਲ੍ਹ ਦੱਸਾਂ ਅੱਗੋਂ ਗੱਲ ਹੈ ਜੀ’। 29.
ਯੇ ਯਾਨ ਕਰ ਚੇਲਿਆ ਕਹਿਆ ਕੋਲੋਂ:
‘ਗੁਰੂ ਨਾਥ ਹੈ ਰੱਬ ਦਾ ਸੰਤ ਭਾਰਾ।
ਕੁਝ ਮੰਗ ਲੈ ਬੇ-ਪ੍ਰਾਣਿਆਂ ਓਏ,
ਟਿੱਲੇ ਵਾਲਾ ਹੈ ਸਾਈਂ ਦਾ ਸੰਤ ਭਾਰਾ।
ਇਹਦਾ ਜੋਗ ਦਰਗਾਹ ਮਨਜ਼ੂਰ ਹੋਇਆ,
ਮੱਥਾ ਟੇਕਦਾ ਕੁਲ ਜਹਾਨ ਸਾਰਾ।’
ਕਾਦਰਯਾਰ ਫਕੀਰਾਂ ਦੀ ਗੱਲ ਸੁਣ ਕੇ,
ਪੂਰਨ ਪਿਆ ਪੈਰੀਂ ਹੋਇਆ ਮਿੰਨਤਦਾਰਾ। 30.