ਜੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
‘ਘਰ ਜਾਹੁ ਸਲਾਮ ਕਰ ਮਾਈਆਂ ਨੂੰ।
ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ,
ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ।’
ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ,
ਅੱਗੇ ਲਾ ਲੈਂਦਾ ਨਫਰਾਂ ਨਾਈਆਂ ਨੂੰ।
ਕਾਦਰਯਾਰ ਮੈਂ ਸਿਫਤਿ ਕੀ ਕਰਾਂ ਉਸ ਦੀ,
ਰੰਨਾਂ ਦੇਖ ਭੁਲਾਇਆ ਸਾਈਆਂ ਨੂੰ। 11.
ਸੀਨ ਸ਼ਹਿਰ ਆਇਆ ਘਰ ਮਾਈਆਂ ਦੇ,
ਪੂਰਨ ਪੁੱਛਦਾ ਨੌਕਰਾਂ ਚਾਕਰਾਂ ਨੂੰ।
ਜਿਸ ਜਾਇਆ ਓਸ ਨੂੰ ਮਾਨ ਵੱਡਾ,
ਮੱਥਾ ਟੇਕ ਲਵਾਂ ਅੱਵਲ ਮਾਤਰਾਂ ਨੂੰ।
ਰਾਣੀ ਲੂਣਾਂ ਦੇ ਮਹਿਲ ਨੂੰ ਰਵਾਂ ਹੋਇਆ,
ਅੰਦਰ ਜਾਇ ਵੜਿਆ ਪੁੱਤਰ ਖਾਤਰਾਂ ਨੂੰ।
ਕਾਦਰਯਾਰ ਬਹਾਲ ਕੇ ਨਫਰ ਪਿੱਛੇ।
ਪੌੜੀ ਚੜ੍ਹਿਆ ਮੱਥਾ ਟੇਕਨ ਮਾਤਰਾਂ ਨੂੰ। 12.
ਸ਼ੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ,
ਮਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ।
ਅੱਗੇ ਲੰਘ ਕੇ ਸਾਹਮਣੇ ਖੜ੍ਹਾ ਹੁੰਦਾ,
ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ।
ਸੂਰਤ ਵੇਖ ਕੇ ਹੋਇ ਬੇਤਾਬ ਗਈ
ਹੋਰ ਕੁੱਝ ਨਾਹੀ ਨਜ਼ਰ ਆਉਂਦਾ ਜੀ।
ਕਾਦਰਯਾਰ ਜੋ ਲੂਣਾਂ ਦੇ ਦਿਲ ਅੰਦਰ,
ਆਣ ਪਾਪ ਜੋ ਘੇਰੜਾਂ ਪਾਉਂਦਾ ਜੀ। 13.
ਸੁਆਦ ਸਿਫ਼ਤ ਨਾ ਹੁਸਨ ਦੀ ਜਾਇ ਝੱਲੀ,
ਰਾਣੀ ਦੇਖ ਕੇ ਪੂਰਨ ਨੂੰ ਤੁਰੰਤ ਮੁਠੀ।
ਸੂਰਤ ਨਜ਼ਰ ਆਈ ਰਾਜਾ ਭੁੱਲ ਗਿਆ,
ਸਿਰ ਪੈਰ ਤਾਈਂ ਅੱਗ ਭੜਕ ਉਠੀ।
ਦਿਲੋਂ ਪੁੱਤਰ ਨੂੰ ਯਾਰ ਬਣਾਇਆ ਸੂ,
ਉਸ ਦੀ ਸਾਬਤੀ ਦੀ ਵਿਚੋਂ ਲੱਜ ਟੁੱਟੀ।
ਕਾਦਰਯਾਰ ਤਰੀਮਤ ਹੈਂਸਿਆਰੀ,
ਲੱਗੀ ਵੇਖ ਵਗਾਵਣੇ ਨਦੀ ਪੁਠੀ। 14.
ਜ਼ੁਆਦ ਜ਼ਬਤ ਦੇ ਸਬਰ ਦੇ ਨਾਲ ਰਾਜਾ,
ਅੰਦਰ ਲੰਘ ਕੇ ਰੰਗ-ਮਹੱਲ ਜਾਇ।
ਹੱਥ ਬੰਨ੍ਹ ਕੇ ਸਾਹਮਣੇ ਖੜਾ ਹੁੰਦਾ,
‘ਮੱਥਾ ਟੇਕਣਾ ਹਾਂ ਮੇਰੀ ਧਰਮ ਮਾਇ।’
ਅੱਗੋਂ ਦੇਵਣਾ ਉਸ ਪਿਆਰ ਸਾਈਂ,
ਸਗੋਂ ਦੇਖ ਰਾਣੀ ਮੱਥੇ ਵੱਟ ਪਾਇ।
ਕਾਦਰਯਾਰ ਖਲੋਇ ਕੇ ਦੇਖ ਅੱਖੀਂ,
ਚੜ੍ਹਿਆ ਕਹਿਰ ਚਲਿਤਡ ਜੋ ਵਰਤ ਦਾ ਏ। 15.
ਤੋਇ ਤਾਲਿਆ ਮੇਰਿਆ ਘੇਰ ਆਂਦਾ,
ਲੂਣਾਂ ਆਪ ਦਿਲੀਲਾਂ ਦੇ ਫਿਕਰ ਬੰਨ੍ਹੇ।
ਮੈਂ ਵੀ ਸੁਰਗ ਪ੍ਰਾਪਤੀ ਥੀਵਨੀ ਹਾਂ,
ਪੂਰਨ ਭਗਤ ਜੇ ਆਖਿਆ ਇੱਕ ਮੰਨੇ।
ਲੱਗੀ ਦੇਣ ਲੰਗਾਰ ਅਸਮਾਨ ਤਾਈਂ,
ਉਹਦੀ ਸਾਬਤੀ ਦੇ ਵਿਚੋਂ ਥੰਮ ਭੰਨੇ।
ਕਾਦਰਯਾਰ ਤਰੀਮਤ ਹੈਂਸਿਆਰੀ,
ਭੰਨਣ ਲੂਣ ਲੱਗੀ ਵਿੱਚ ਥਾਲ ਛੰਨੇ। 16.
ਜ਼ੋਇ ਜ਼ਾਹਰਾ ਆਖਦੀ ਸ਼ਰਮ ਕੇਹੀ:
‘ਮਾਈ ਮਾਈ ਨਾ ਰਾਜਿਆ ਆਖ ਮੈਨੂੰ:
ਕੁਖੇ ਰਖ ਨਾ ਜੰਮਿਓ ਜਾਇਓ ਵੇ,
ਮਾਤਾ ਆਖਣਾ ਹੈਂ ਕੇਹੜੇ ਸਾਕ ਮੈਨੂੰ।
ਹੋਗੁ ਉਮਰ ਤੇਰੀ ਮੇਰੀ ਇੱਕ ਰਾਜਾ,
ਗੁੱਝਾ ਲਾਇਆ ਈ ਦਰਦ-ਫਿਰਾਕ ਮੈਨੂੰ।
ਕਾਦਰਯਾਰ ਨਾ ਸੰਗਦੀ ਕਹੇ ਲੂਣਾਂ,
ਕਰ ਚਲਿਓਂ ਮਾਰ ਹਲਾਕ ਮੈਨੂੰ। 17.
ਐਨ ਅਰਜ਼ ਕਰਦਾ ਸ਼ਰਮਾਇ ਰਾਜਾ,
‘ਮਾਇ ਸੁਖਨ ਅਵੱਲੜੇ ਬੋਲ ਨਾਹੀ।
ਮਾਵਾਂ ਪੁੱਤਰਾਂ ਨੇਹੁ ਨਾ ਕਦੇ ਲੱਗਾ,
ਜਗ ਵਿੱਚ ਮੁਕਾਲਖਾ ਘੋਲ ਨਾਹੀ।
ਸੀਨੇ ਨਾਲ ਲਗਾਇ ਕੇ ਰੱਖ ਮੈਨੂੰ,
ਪੁੱਤਰ ਜਾਣ ਮਾਏ ਦਿਲੋਂ ਡੋਲ ਨਾਹੀਂ।’
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੀ,
ਸਾਈਂ ਬਾਝ ਦੂਜਾ ਕੋਈ ਨਾਹੀ। 18.
ਗ਼ੈਨ ਗ਼ਮ ਨਾ ਜਾਣਦੀ ਖੌਫ ਖਤਰਾ,
ਲੂਣਾਂ ਉਠ ਕੇ ਪਕੜਦੀ ਆਣ ਚੋਲਾ।
‘ਇਕ ਵਾਰ ਤੂੰ ਬੈਠ ਪਲੰਘ ਉੱਤੇ,
ਕਰਾਂ ਮਿਨਤ ਤੇਰੀ ਸੁਣੀ ਅਰਜ਼ ਢੋਲਾ।
ਪਰੀ ਜੇਹੀ ਮੈਂ ਇਸਤਰੀ ਅਰਜ਼ ਕਰਦੀ,
ਜਾਹ ਤੂੰ ਮਰਦ ਨਾਹੀ ਕੋਈ ਹੈਂ ਭੋਲਾ।’
ਕਾਦਰਯਾਰ ਨਾ ਸੰਗਦੀ ਕਹੇ ਲੂਣਾਂ
‘ਸੇਜ ਮਾਮ ਮੇਰੀ ਜਿੰਦ ਜਾਨ ਢੋਲਾ’। 19.
ਫੇ ਫੇਰ ਕਹਿਆ ਗੁੱਸੇ ਹੋਇ ਪੂਰਨ,
‘ਤੈਨੂੰ ਵਗ ਕੀ ਗਈ ਹੈ ਬਾਣ ਮਾਏ?
ਜਿਹਦੀ ਇਸਤਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ
ਗੱਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ
ਪੁਠੀ ਹੋਗੁ ਜ਼ਿਮੀਂ ਅਸਮਾਨ ਮਾਏ।
ਕਾਦਰਯਾਰ ਮੀਆਂ ਪੂਰਨ ਦਏ ਮੱਤੀ,
ਕਿਧਰ ਗਿਆ ਈ ਅੱਜ ਧਿਆਨ ਮਾਏ। 20.