ਜੀ ਆਇਆਂ ਨੂੰ
You are here: Home >> Kavi ਕਵੀ >> kadaryaar ਕਾਦਰਯਾਰ >> ਕਿੱਸਾ ਪੂਰਨ ਭਗਤ-ਪਹਿਲੀ ਸੀਹਰਫ਼ੀ ਬੰਦ 1-10

ਕਿੱਸਾ ਪੂਰਨ ਭਗਤ-ਪਹਿਲੀ ਸੀਹਰਫ਼ੀ ਬੰਦ 1-10

ਅੱਵਲ’ ਆਖ ਸੁਨਾਂ ਖੁਦਾ ਤਾਈਂ,
ਜਿਹਨੂੰ ਪੀਰ ਫਕੀਰ ਧਿਆਉਂਦੇ ਨੇ।
ਲੋਹ ਕਲਮ ਤੇ ਜ਼ਮੀਨ ਅਸਮਾਨ ਤਾਰੇ,
ਚੰਨ ਸੂਰਜ ਭੀ ਸੀਸ ਨਿਵਾਉਂਦੇ ਨੇ।
ਮੱਛ ਕੱਛ ਸੰਸਾਰ ਸਮੁੰਦਰਾਂ ਦੇ,
ਉਹ ਭੀ ਰੱਬ ਦੇ ਜੀ ਕਹਾਉਂਦੇ ਨੇ।
‘ਕਾਦਰਯਾਰ’ ਮੀਆਂ ਜੰਗਲ ਜੂਹ ਬੇਲੇ
ਸੱਭੇ ਰੱਬ ਦਾ ਬਿਰਦ ਕਮਾਉਂਦੇ ਨੇ।
ਅਲਫ਼ ਆਖ ਸਖੀ-ਸਿਆਲਕੋਟ ਅੰਦਰ,
ਪੂਰਨ ਪੁਤ ਸਲਵਾਨ ਨੇ ਜਾਇਆ ਈ।
ਜਦੋਂ ਜੰਮਿਆਂ ਰਾਜੇ ਨੂੰ ਖ਼ਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ।
ਬਾਰਾਂ ਬਰਸ ਨਾ ਰਾਜਿਆਂ ਮੂਹ ਲੱਗੀਂ,
ਦੇਖ ਪੰਡਤਾਂ ਏਹ ਫਰਮਾਇਆ ਈ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਹੀ ਭੋਹਰੇ ਪਾਇਆ ਈ। 1.

ਬੇ ਬੇਦਾ ਉਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖਿ ਸੁਣਾਇ ਦਿਤਾ।
ਪੂਰਨ ਇੱਕ ਹਨੇਰਿਓਂ ਨਿਕਲਿਆ ਸੀ,
ਦੂਜੀ ਕੋਠੜੀ ਦੇ ਵਿੱਚ ਪਾਇ ਦਿੱਤਾ।
ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ,
ਬਾਰਾਂ ਬਰਸ ਦਾ ਖਰਚ ਪੁਵਾਇ ਦਿੱਤਾ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਕੈਦ ਕਰਵਾਇ ਦਿਤਾ। 2.

ਤੇ ਤਾਬਿਆ ਨਾਲ ਉਸਤਾਦ ਹੋਏ,
ਲਗੇ ਵਿੱਦਿਆ ਅਕਲ ਸਿਖਾਵਣੇ ਨੂੰ।
ਛਿਆਂ ਬਰਸਾਂ ਦਾ ਪੂਰਨ ਭਗਤ ਹੋਇਆ,
ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ।
ਤੀਰ-ਅੰਦਾਜ਼ੀਆਂ ਹੱਥ ਕਮਾਨ ਦਿੰਦੇ,
ਦਸਣ ਤਰਗਸ਼ਾ ਤੀਰ ਚਲਾਵਣੇ ਨੂੰ।
ਕਾਦਰਯਾਰ ਜੁਆਨ ਜਦ ਹੋਇਆ ਪੂਰਨ,
ਦੌਮ ਦੰਮ ਲੋਚੇ ਬਾਹਰ ਆਵਣੇ ਨੂੰ। 3.

ਸੇ ਸਾਬਤੀ ਵਿੱਦਿਆ ਸਿਖ ਕੇ ਜੀ,
ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ।
ਪੂਰਨ ਪੁੱਤਰ ਰਾਜੇ ਸਲਵਾਨ ਤਾਈਂ,
ਰੱਖ ਪੈਂਤੜੇ ਮਿਲਣ ਤਿਆਰ ਹੋਇਆ
ਚੜ੍ਹੀ ਹਿਰਸ ਸਲਵਾਨ ਨੂੰ ਓਸ ਵੇਲੇ,
ਚੁਕ ਅੱਡੀਆਂ ਪੱਬਾਂ ਦੇ ਭਾਰ ਹੋਇਆ।
ਕਾਦਰਯਾਰ ਸੂਰਤ ਰਾਜੇ ਜਦੋਂ ਡਿਠੀ,
ਚੜ੍ਹੀ ਹਿਰਸ ਤੇ ਮਸਤ ਸੰਸਾਰ ਹੋਇਆ। 4.

ਜੀਮ ਜਾਇ ਰਾਜੇ ਸਲਵਾਨ ਆਂਦੀ,
ਇਕ ਇਸਤਰੀ ਹੋਰ ਵਿਆਹੇ ਕੇ ਜੀ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾਂ,
ਘਰ ਆਂਦੀ ਸੀ ਈਣ ਮਨਾਇ ਕੇ ਜੀ।
ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠਦੀ ਸੀ ਜ਼ੇਵਰ ਪਾਇ ਕੇ ਜੀ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਸਨ ਦਰਸ਼ਨ ਪਾਇ ਕੇ ਜੀ। 5.

ਹੇ ਹਾਰ ਸ਼ਿੰਗਾਰ ਸਭ ਪਹਿਨ ਕੇ ਜੀ,
ਪੂਰਨ ਨਾਲ ਮਹੂਰਤਾਂ ਬਾਹਰ ਆਇਆ।
ਕੱਢ ਭੋਰਿਉਂ ਬਾਪ ਦਾ ਭੌਰ ਤਾਜ਼ੀ,
ਨਿਗ੍ਹਾ ਰੱਖ ਕੇ ਵਿੱਚ ਬਾਜ਼ਾਰ ਆਇਆ।
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ,
ਦਰਿ ਘਰ ਦੇਣ ਵਧਾਈ ਸੰਸਾਰ ਆਇਆ।
ਕਾਦਰਯਾਰ ਮੀਆਂ ਬਾਰਾਂ ਬਰਸ ਪਿੱਛੋਂ,
ਪੂਰਨ ਬਾਪ ਦੇ ਰਾਜ ਦਰਬਾਰ ਆਇਆ। 6.

ਖੇ ਖੁਸ਼ੀ ਹੋਈ ਸਲਵਾਨ ਰਾਜੇ,
ਪੂਰਨ ਆਇ ਕੇ ਜਦੋਂ ਸਲਾਮ ਕੀਤਾ।
ਖੁਸ਼ੀ ਨਾਲ ਨਾ ਮੇਉਂਦਾ ਵਿੱਚ ਜਾਮੇ,
ਗਊਆਂ ਮਣਸੀਆਂ ਤੇ ਪੁੰਨ ਦਾਨ ਕੀਤਾ।
ਪੂਰਨ ਵਿੱਚ ਕਚਹਿਰੀ ਦੇ ਆਣ ਬੈਠਾ,
ਲੋਕਾਂ ਸਭਨਾਂ ਵਲ ਧਿਆਨ ਕੀਤਾ।
ਕਾਦਰਯਾਰ ਮੀਆਂ ਸਲਵਾਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁੱਝ ਦਾਨ ਕੀਤਾ। 7.

ਦਾਲ ਦਸਦਾ ਪੁੱਛਦਾ ਲਾਗੀਆਂ ਨੂੰ,
ਸਲਵਾਨ ਰਾਜਾ ਤਦੋਂ ਗੱਜ ਕੇ ਜੀ।
‘ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿਥੇ ਚਲ ਢੁਕੀਏ ਦਿਨ ਅਜ ਕੇ ਜੀ।
ਮੈਨੂੰ ਸਿਕਦਿਆ ਰਬ ਨੇ ਲਾਲ ਦਿੱਤਾ,
ਅਖੀਂ ਵੇਖ ਲੀਤਾ ਹੁਣ ਰੱਜ ਕੇ ਜੀ।’
ਕਾਦਰਯਾਰ ਮੀਆਂ ਪੂਰਨ ਭਗਤ ਅੱਗੋਂ,
ਕਹਿੰਦਾ ਸੁਖਨ ਸੱਚਾ ਇੱਕ ਵੱਜ ਕੇ ਜੀ। 8.

ਜ਼ਾਲ ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ, ‘ਬਾਬਲਾ ਪੁਤ ਵਿਆਹੁ ਨਾਹੀ,
ਜਿਸ ਵਾਹਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜ਼ੇ ਕੋਈ ਚਾਹ ਨਾਹੀਂ।
ਮੇਰਾ ਭੌਰ ਸੈਲਾਨੀ ਹੈ ਨਿੱਤ ਰਹਿੰਦਾ,
ਬੰਨ੍ਹ ਬੇੜੀਆਂ ਬਾਬਲਾ ਪਾਉ ਨਾਹੀਂ।’
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
‘ਮੈਥੋਂ ਰਬ ਦਾ ਨਾਉਂ ਭੁਲਾ ਨਾਹੀਂ’। 9.

ਰੇ ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵੱਲੋਂ ਸਲਵਾਨ ਦਾ ਈ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿੱਤੀ,
‘ਅਜੇ ਇਹ ਕੀ ਰਾਜਿਆ ਜਾਣਦਾ ਈ।
ਜਦੋਂ ਹੋਗੂ ਜੁਆਨ ਕਰ ਲੈਗੁ ਆਪੇ,
ਤੈਨੂੰ ਬਾਹਲਾ ਫਿਕਰ ਵਿਆਹਣ ਦਾ ਈ।
ਕਾਦਰਯਾਰ ਵਜ਼ੀਰ ਦੇ ਲੱਗ ਆਖੇ,
ਰਾਜਾ ਫੇਰ ਖੁਸ਼ੀ ਦੇ ਅੰਦਰ ਆਂਵਦਾ ਈ। 10.

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar