ਕਾਫ਼ ‘ਕਹਿਰ ਕਰਾਂ ਨਾ ਪੂਰਨਾ ਵੇ,
ਆਖੇ ਲੱਗ ਜਾ ਭਲਾ ਜੇ ਚਾਹਨਾ ਏਂ।
ਝੋਲੀ ਅੱਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖ਼ੈਰ ਨਹੀਂ ਪਾਉਨਾ ਏਂ।
ਕੁਛੜ ਬੈਠ ਮੰਮਾ ਕਦੋਂ ਚੁੰਘਿਆ ਈ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ।’
ਕਾਦਰਯਾਰ ਨਾ ਸੰਗਦੀ ਕਹੇ ਲੂਣਾਂ,
‘ਕਿਉਂ ਗਰਦਨੀ ਖੂਨ ਚੜ੍ਹਾਵਨਾ ਏਂ’। 21.
ਕਾਫ ਕਹੇ ਪੂਰਨ ‘ਸੁਣੀ ਸਚੁ ਮਾਤਾ,
ਤੇਰੇ ਪਲੰਘ ‘ਤੇ ਪੈਰ ਨਾ ਮੂਲ ਧਰਸਾਂ।
ਅਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ,
ਮੈਂਤਾਂ ਸੂਲੀ ‘ਤੇ ਚੜ੍ਹਨ ਕਬੂਲ ਕਰਸਾਂ।
ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ,
ਕਹਿੰਦਾ, ‘ਧਰਮ ਗਵਾਇ ਕੇ ਕੀ ਮਰਸਾਂ।’
ਕਾਦਰਯਾਰ ਨਾ ਸੰਗਦੀ ਕਹੇ ਲੂਣਾਂ,
‘ਤੇਰੇ ਲਹੂ ਦਾ ਪੂਰਨਾ ਘੁੱਟ ਭਰਸਾਂ’। 22.
ਲਾਮ ਲਾਹ ਕੇ ਹਾਰ ਸ਼ਿੰਗਾਰ ਰਾਣੀ,
ਰਾਜੇ ਆਂਵਦੇ ਨੂੰ ਬੁਰੇ ਹਾਲ ਹੋਈ।
ਰਾਜਾ ਦੇਖ ਹੈਰਾਨ ਅਸਚਰਜ ਹੋਇਆ,
ਮਹਿਲੀਂ ਜਗਿਆ ਨਾ ਸ਼ਮ੍ਹਾਦਾਨ ਕੋਈ।
ਬੈਠ ਪੁੱਛਦਾ, ‘ਰਾਣੀਏ ਦੱਸ ਮੈਨੂੰ,
ਵਕਤ ਸੰਧਿਆ ਦੇ ਚੜ੍ਹ ਪਲੰਘ ਸੋਈ।’
ਕਾਦਰਯਾਰ ਸਲਵਾਹਨ ਦੀ ਗੱਲ ਸੁਣ ਕੇ
ਰਾਣੀ ਉਠ ਕੇ ਧ੍ਰੋਹ ਦੇ ਨਾਲ ਰੋਈ। 23.
ਮੀਮ ‘ਮੈਨੂੰ ਕੀ ਪੁਛਨਾ ਏਂ ਰਾਜਿਆ ਓਇ,
ਮੇਰਾ ਦੁੱਖ ਕਲੇਜੜਾ ਜਾਲਿਓ ਈ।
ਪੁੱਛ ਜਾਇ ਕੇ ਆਪਣੇ ਪੁੱਤ ਕੋਲੋਂ,
ਜਿਹੜਾ ਧੌਲਰੀਂ ਘੱਤ ਕੇ ਪਾਲਿਓ ਈ।
ਉਹਨੂੰ ਰੱਖ ਤੇ ਦੇਹ ਜਵਾਬ ਸਾਨੂੰ,
ਸਾਡਾ ਸ਼ੌਕ ਜੇ ਦਿਲੋਂ ਉਠਾਇਓ ਈ।’
ਕਾਦਰਯਾਰ ਇਹ ਝੂਠ ਪਹਾੜ ਜੇਡਾ,
ਰਾਣੀ ਰਾਜੇ ਨੂੰ ਤੁਰੰਤ ਸਖਾਲਿਓ ਈ। 24.
ਨੂੰਨ ‘ਨਾਉਂ ਲੈ ਖਾਂ ਉਸ ਗੱਲ ਦਾ ਤੂੰ,
ਜਿਹੜੀ ਗੱਲ ਪੂਰਨ ਤੈਨੂੰ ਆਖ ਗੈਆ।
ਜੇਹੜਾ ਨਾਲ ਤੇਰੇ ਮੰਦਾ ਬੋਲਿਆ ਸੂ,
ਉਸ ਨੂੰ ਦੇਵਾਂ ਫਾਹੇ ਮੇਰਾ ਪੁੱਤ ਕੇਹਾ।
ਅੱਜ ਨਾਲ ਮਾਵਾਂ ਕਰੇ ਸੁਖਨ ਐਸੇ,
ਭਲਕੇ ਦੇਗ ਖੱਟੀ ਮੈਨੂੰ ਖੱਟ ਏਹਾ।’
ਕਾਦਰਯਾਰ ਫਿਰ ਹੋਈ ਬੇਦਾਦ ਨਗਰੀ,
ਅੰਨ੍ਹੇ ਰਾਜੇ ਦੇ ਪੂਰਨ ਸੀ ਵੱਸ ਪੈਆ। 25.
ਵਾਉ ‘ਵੇਖ ਰਾਜਾ ਮੰਦਾ ਹਾਲ ਮੇਰਾ’
ਰਾਣੀ ਆਪ ਦਿਲੋਂ ਦਰਦ ਦਸਿਆ ਈ।
‘ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ,
ਪੂਰਨ ਭਰਤਿਆਂ ਵਾਂਗਰਾਂ ਹੱਸਿਆ ਈ।
ਵੀਣੀ ਕੱਢ ਕੇ ਦੱਸਦੀ ਵੇਖ ਚੂੜਾ,
ਭੰਨੀ ਵੰਗ ਤੇ ਹੱਥ ਵਲਸਿਆ ਈ।
ਕਾਦਰਯਾਰ ਮੈਂ ਜਦੋਂ ਪੁਕਾਰ ਕੀਤੀ,
ਪੂਰਨ ਤਦੋ ਮਹਿਲਾਂ ਥੋਂ ਨੱਸਿਆ ਈ’। 26.
ਹੇ ਹੋਇ ਖੜਾ ਦਲਗੀਰ ਰਾਜਾ,
ਰਤੋ ਰਤੇ ਅਖੀਂ ਮਥੇ ਵੱਟ ਪਾਏ।
ਪੱਥਰ ਦਿਲ ਹੋਇਆ ਸਕੇ ਪੁੱਤ ਵਲੋਂ,
ਦਿਲੋਂ ਗ਼ਜ਼ਬ ਦੇ ਭਾਂਬੜ ਮਚ ਜਾਏ।
ਮੱਛੀ ਵਾਂਗ ਤੜਫਦਾ ਰਾਤ ਰਹਿਆ,
ਕਦੀ ਪਵੇ ਲੰਮਾ ਕਦੀ ਉਠ ਬਹੇ।
ਕਾਦਰਯਾਰ ਮੰਦਾ ਦੁੱਖ ਇਸਤਰੀ ਦਾ,
ਪੂਰਨ ਜੀਂਵਦਾ ਕਿਤ ਸਬੱਬ ਰਹੇ। 27.
ਲਾਮ ਲੂਤੀਆਂ ਰਹਿਣ ਨਾ ਦਿੰਦੀਆਂ ਨੇ,
ਲਾਫ਼ਾ ਨਾਲਸ਼ਾਂ ਸ਼ਹਿਰ ਵੈਰਾਨ ਕੀਤਾ।
ਮੁੱਢੋਂ ਗੱਲਾਂ ਇਹ ਹੁੰਦੀਆਂ ਆਈਆਂ ਨੀਂ,
ਅੱਗੇ ਕਈਆਂ ਦਾ ਲਿਖ ਬਿਆਨ ਕੀਤਾ।
ਪੂਰਨ ਨਾਲ ਅਵਲੀ ਕੀ ਹੋਣ ਲੱਗੀ,
ਜਿਸ ਦੀ ਮਾਉਂ ਐਸਾ ਫਰਮਾਨ ਕੀਤਾ।
ਕਾਦਰਯਾਰ ਚੜ੍ਹਿਆ ਦਿਨ ਸੁਖ ਦਾ ਜੀ,
ਰਾਜੇ ਬੈਠ ਚੌਂਕੀ ਇਸ਼ਨਾਨ ਕੀਤਾ। 28.
ਅਲਫ਼ ਆਖਦਾ ਸੱਦ ਕੇ ਚੋਬਦਾਰਾਂ,
‘ਜ਼ਰਾ ਸੱਦ ਕੇ ਪੂਰਨ ਲਿਆਵਨਾ ਜੇ।
ਝਬ ਜਾਓ ਸ਼ਿਤਾਬ ਨਾ ਢਿਲ ਲਾਵੋ,
ਨਾਲ ਸੱਦ ਵਜ਼ੀਰ ਲਿਆਵਨਾ ਜੇ।
ਕੱਢੇ ਗਾਲੀਆਂ ਦੁਹਾਂ ਨੂੰ ਕਹੋ ਹਾਜ਼ਰ,
ਝਬਦੇ ਜਾਓ ਨ ਛੱਡ ਕੌ ਆਵਨਾ ਜੇ।
ਕਾਦਰਯਾਰ ਜੇ ਪੁਛਸੀ ਕੰਮ ਅੱਗੋਂ,
ਰਾਜੇ ਸਦਿਆ ਜਾਇ ਫੁਰਮਾਵਨਾ ਜੇ’। 29.
ਯੇ ਯਾਦ ਕੀਤਾ ਰਾਜੇ ਬਾਪ ਤੈਨੂੰ,
ਹੱਥ ਬੰਨ੍ਹ ਕੇ ਆਖਿਆ ਚੋਬਦਾਰਾਂ।
ਸੁਣੀ ਗੱਲ ਤੇ ਦਿਲ ਨੂੰ ਸੁਝ ਗਈਅਸੁ,
ਜਿਹੜੀ ਗਾਂਵਦੀ ਸੀ ਕਲ ਮਾਉਂ ਵਾਰਾਂ।
ਜਿਸ ਕੰਮ ਨੂੰ ਰਾਜੇ ਨੇ ਯਾਦ ਕੀਤਾ,
ਰਾਗ ਵਜਿਆ ਤੇ ਬੁੱਝ ਗਈਆਂ ਤਾਰਾਂ’।
ਕਾਦਰਯਾਰ ਮੀਆਂ ਤੁਰ ਪਿਆ ਪੂਰਨ,
ਆਣ ਕਰਦਾ ਹੈ ਬਾਪ ਨਮਸਕਾਰਾਂ। 30.