ਜੀ ਆਇਆਂ ਨੂੰ
You are here: Home >> Literature ਸਾਹਿਤ >> ਗਊ-ਭੋਜ ਕਥਾ

ਗਊ-ਭੋਜ ਕਥਾ

“ਯਾਦ ਆਇਆ,” ਗਊਸ਼ਾਲਾ ਤੋਂ ਵੀ ਨਿਰਾਸ਼ ਨਿਕਲਦੇ ਹੋਏ ਇੰਦਰ ਨੇ ਪਤਨੀ ਨੂੰ ਦੱਸਿਆ, “ਆਪਣਾ ਬਸ਼ੀਰ ਸੀ ਨਾ, ਉਹੀ ਜੋ ਪਿੱਛੇ ਜੇ ਫ਼ਸਾਦਾਂ ’ਚ ਮਾਰਿਆ ਗਿਆ। ਉਹਦੀ ਗਾਂ ਸ਼ਾਇਦ ਗੱਭਣ ਐ।”
“ਛੀ…ਅ!”
“ਕਮਾਲ ਕਰਦੀ ਐਂ!” ਇੰਦਰ ਨੇ ਗੁੱਸੇ ਵਿਚ ਕਿਹਾ,“ਬਸ਼ੀਰ ਦੇ ਕਿੱਲੇ ਨਾਲ ਬਨ੍ਹੀਂ ਹੋਣ ਨਾਲ ਗਾਂ ਗਾਂ ਨਹੀਂ ਰਹੀ, ਬਕਰੀ ਹੋ ਗੀ? ਯਾਦ ਐ ਫ਼ਸਾਦੀਆਂ ਹੱਥੋਂ ਇਸ ਗਾਂ ਨੂੰ ਹਲਾਕ ਹੋਣ ਤੋਂ ਬਚਾਉਣ ਦੇ ਚੱਕਰ ’ਚ ਈ ਜਾਨ ਗਈ ਉਸ ਵਿਚਾਰੇ ਦੀ…”
“ਦੋ-ਚਾਰ, ਦਸ-ਪੰਜ ਦਿਨ ਦਾ ਸਮਾਂ ਦਿੱਤਾ ਹੁੰਦਾ ਤਾਂ ਕਿਤੇ ਹੋਰ ਲੱਭ ਲੈਂਦੇ ਆਪਾਂ,” ਉਸ ਦੀ ਚੁੱਪ ਤੋਂ ਔਖੇ ਹੁੰਦਿਆਂ ਉਹ ਫਿਰ ਬੋਲਿਆ, “ਸ਼ੁਭ ਮਹੂਰਤ ਐ!…ਅੱਜ ਤੋਂ ਈ ਸ਼ੁਰੂ ਕਰਨਾ ਪਊਗਾ!…ਪੈ ਗੀ ਸਾਲੇ ਜੋਤਸ਼ੀਆਂ ਦੇ ਚੱਕਰ ’ਚ।”
ਚੁੱਪ ਰਹੀ ਮਾਧੁਰੀ, ਕੀ ਕਹਿੰਦੀ। ਸੰਤਾਨ ਪ੍ਰਾਪਤੀ ਜਿਹੇ ਭਾਵੁਕ ਮਾਮਲੇ ਵਿਚ ਬੇਜ਼ੁਬਾਨ ਪੱਥਰ ਅਤੇ ਪਹਿਲੇ ਦਰਜੇ ਦੇ ਬੇਵਕੂਫ ਤੱਕ ਨੂੰ ਪੀਰ-ਔਲੀਆ ਮੰਨ ਕੇ ਪੂਜਣ ਲਗਦੇ ਨੇ ਲੋਕ। ਇਹ ਤਾਂ ਗਾਂ ਸੀ, ਜਿਉਂਦੀ ਤੇ ਸਾਖਸ਼ਾਤ। ਬਸ਼ੀਰ ਦੀ ਹੀ ਸਹੀ। ਘਰ ਪਹੁੰਚ ਕੇ ਉਸਨੇ ਹੱਥ-ਮੂੰਹ ਧੋਤੇ। ਤਿੰਨ ਲੱਪ ਕਣਕ ਦਾ ਆਟਾ ਇਕ ਬਰਤਨ ਵਿਚ ਪਾਇਆ। ਤੋੜਕੇ ਥੋੜਾ ਜਿਹਾ ਗੁੜ ਉਸ ਵਿਚ ਰੱਖਿਆ ਤੇ ਸਾੜੀ ਦੇ ਪੱਲੇ ਨਾਲ ਢਕ ਕੇ, ਬਸ਼ੀਰ ਦੇ ਘਰ ਵੱਲ ਤੁਰ ਪਈ।
ਗਾਂ ਬਾਹਰ ਹੀ ਬਨ੍ਹੀ ਹੋਈ ਸੀ, ਪਰ ਗੱਭਣ ਹੋਣ ਬਾਰੇ ਪੱਕਾ ਕਰਨ ਤੋਂ ਪਹਿਲਾਂ ਉਸ ਨੂੰ ਕੁਝ ਦੇਣਾ ਜੋਤਸ਼ੀ ਦੀ ਸਲਾਹ ਦੇ ਉਲਟ ਜਾਪਿਆ। ਇਸਲਈ ਉਸਨੇ ਕੁੰਡਾ ਖੜਕਾਇਆ। ਸੁੰਨੀਆਂ ਅੱਖਾਂ ਅਤੇ ਉਦਾਸ ਚਿਹਰਾ ਲਈ ਬਸ਼ੀਰ ਦੀ ਵਿਧਵਾ ਨੇ ਦਰਵਾਜਾ ਖੋਲ੍ਹਿਆ। ਵੇਖਦੀ ਰਹਿ ਗਈ ਮਾਧੁਰੀ–ਇਹ ਸੀ ਹੀ ਅਜਿਹੀ, ਜਾਂ…! ਇੰਦਰ ਤਾਂ ਇਕ ਵਾਰ ਇਹ ਵੀ ਦੱਸ ਰਿਹਾ ਸੀ ਕਿ ਬਸ਼ੀਰ ਦਾ ਬੱਚਾ ਇਸਦੇ ਪੇਟ ਵਿੱਚ ਹੈ।
“ਕੀ ਹੁਕਮ ਹੈ?”
“ਮੈਂ…ਮੈਂ ਮਾਧੁਰੀ ਹਾਂ, ਇੰਦਰ ਦੇ ਘਰਵਾਲੀ।” ਕਦੇ ਗਾਂ ਨੂੰ ਤੇ ਕਦੇ ਬਸ਼ੀਰ ਦੀ ਬੀਵੀ ਦੇ ਪੇਟ ਨੂੰ ਪਰਖਦੀ ਮਾਧੁਰੀ ਜਿਵੇਂ ਨੀਂਦ ਤੋਂ ਜਾਗੀ, “ਆਟਾ ਲਿਆਈ ਆਂ…ਜ਼ਿਆਦਾ ਤਾਂ ਨਹੀਂ, ਫਿਰ ਵੀ ਆਪਣੀ ਹੈਸੀਅਤ ਮੁਤਾਬਕ… ਤੇਰੇ ਲਈ ਜੋ ਵੀ ਹੋ ਸਕਿਆ, ਅਸੀਂ ਕਰਾਂਗੇ ਭੈਣ।” ਬਰਤਨ ਉੱਤੋਂ ਪੱਲਾ ਹਟਾ ਕੇ, ਉਸ ਵੱਲ ਥਾਲੀ ਵਧਾਉਂਦੇ ਹੋਏ ਉਹਨੇ ਕਿਹਾ, “ਸੰਗ ਨਾ, ਰੱਖ ਲੈ…ਬੱਚੇ ਲਈ।”
ਬਸ਼ੀਰ ਦੀ ਵਿਧਵਾ ਨੇ ਚੁੰਨੀ ਨੂੰ ਆਪਣੇ ਪੇਟ ਉੱਪਰ ਸਰਕਾ ਲਿਆ ਤੇ ਫਫਕ ਕੇ ਰੋਂਦੀ ਹੋਈ ਚੁਗਾਠ ਦੇ ਸਹਾਰੇ ਸਰਕਦੀ ਉੱਥੇ ਹੀ ਬੈਠ ਗਈ।

–ਬਲਰਾਮ ਅਗਰਵਾਲ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar