ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ।
ਬੜਾ ਕੁਝ ਦਿਲ ‘ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ।
—–
ਚਮਕ ਚਿਹਰੇ ‘ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ,
ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ।
—–
ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ,
ਉਹ ਸਾਥੀ ਭਾਲਦਾ ਰਹਿੰਦੈ ਸਦਾ ਹੀ ਆਪਣੇ ਵਰਗਾ।
—–
ਤੁਰਾਂਗੇ ਸਾਥ ਰਲ਼ ਮਿਲ਼ ਕੇ, ਕਸਮ ਉਹ ਖਾਣਗੇ, ਲੇਕਿਨ,
ਉਨ੍ਹਾਂ ਦੇ ਦਿਲ ‘ਚ ਛੁਪਿਆ ਹੈ ਬੜਾ ਕੁਝ ਫਾਸਲੇ ਵਰਗਾ।
—–
ਨਾ ਐਸਾ ਮਸ਼ਵਰਾ ਦੇਵੋ ਜੋ ਦਿਲ ਨੂੰ ਤੋੜ ਹੀ ਦੇਵੇ,
ਅਜੇਹਾ ਮਸ਼ਵਰਾ ਦੇਵੋ, ਜੋ ਹੋਵੇ ਹੌਸਲੇ ਵਰਗਾ।
—–
ਉਨ੍ਹਾਂ ਦੀ ਪਹੁੰਚ ਤੋਂ ਮੰਜ਼ਿਲ ਕਦੇ ਵੀ ਦੂਰ ਨਹੀਂ ਰਹਿੰਦੀ,
ਜਿਨ੍ਹਾਂ ਦਾ ਜੋਸ਼ ਹੋਵੇ ਢੋਲ ‘ਤੇ ਲੱਗੇ ਡਗੇ ਵਰਗਾ।
—–
ਕੁਰਾਹੇ ਪੈ ਗਿਆ ਜੋ, ਹੁਣ ਇਸ਼ਾਰੇ ਕੀ ਭਲਾ ਸਮਝੂ,
ਨਸੀਹਤ ਦਾ ਰਿਹਾ ਉਸ ਤੇ ਅਸਰ ਚਿਕਨੇ ਘੜੇ ਵਰਗਾ।
—–
ਜਿਦ੍ਹੇ ‘ਤੇ ਮਾਣ ਹੈ, ਹੱਕ ਹੈ, ਮੁਹੱਬਤ ਹੈ, ਮੁਨਾਸਿਬ ਹੈ,
ਕਦੇ ਮੈਂ ਬੋਲ ਵੀ ਬੋਲਾਂ ਉਨੂੰ ਗ਼ੁੱਸੇ ਗਿਲੇ ਵਰਗਾ।
—–
ਕਿਵੇਂ ਉਪਕਾਰ ਕਰ ਸਕਦੈ, ਦੁਬਾਰਾ ਉਸ ਜਗਹ ਕੋਈ,
ਜ਼ਰੂਰਤ ਪੈਣ ‘ਤੇ ਜਿੱਥੋਂ, ਜਵਾਬ ਆਵੇ ਟਕੇ ਵਰਗਾ ।
—–
ਕਰੀਂ ਉਸਦਾ ਭਲਾ ਰੱਬਾ, ਮੇਰੇ ਦਿਲ ‘ਚੋਂ ਦੁਆ ਨਿਕਲੀ,
ਉਹ ਕਰਦਾ ਹੈ ਬੁਰਾ ਬੇਸ਼ੱਕ, ਬੁਰਾ ਕਰਦੈ ਭਲੇ ਵਰਗਾ।
—–
ਪੁਜਾਰੀ ਪਿਆਰ ਦਾ ਬਣਕੇ, ਮੁਨਾਫ਼ਾ ਭਾਲਦੈ ਇਸ ‘ਚੋਂ,
ਨਹੀਂ ਇਹ ਮਾਮਲਾ ਉਸਦਾ, ਦਿਲਾਂ ਦੇ ਮਾਮਲੇ ਵਰਗਾ।
—–
ਕਿਸੇ ਨੂੰ ਖ਼ੂਨ ਦਾ ਰਿਸ਼ਤਾ ਵੀ ਕਦ ਤਕ ਜੋੜ ਕੇ ਰੱਖ,
ਹਮੇਸ਼ਾ ਹੀ ਰਹੇ ਜਿਸਦਾ, ਵਤੀਰਾ ਓਪਰੇ ਵਰਗਾ।
—–
ਛੁਪਾ ਕੇ ਗ਼ਮ, ਖ਼ੁਸ਼ੀ ਵੰਡੇ, ਖ਼ਤਾ ਬਦਲੇ ਵਫ਼ਾ ਪਾਲ਼ੇ,
ਮਿਲੇ ਜਦ ਵੀ, ਮੇਰਾ ਮਹਿਰਮ, ਮਿਲੇ ‘ਮਹਿਰਮ’ ਤੇਰੇ ਵਰਗਾ।
– ਜਸਵਿੰਦਰ ਮਹਿਰਮ