ਜੀ ਆਇਆਂ ਨੂੰ
You are here: Home >> Literature ਸਾਹਿਤ >> ਗਰੀਬਾਂ ਦੀਆਂ ਜਾਈਆਂ

ਗਰੀਬਾਂ ਦੀਆਂ ਜਾਈਆਂ

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜ਼ਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ।
“ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ਸੀ ਬਦਲਿਆ, ਐਵੇਂ ਉਸ ਦਾ ਵਹਿਮ ਸੀ।
“ਕੁੜੇ ਭੁੱਚੋ, ਤਕੜੀ ਐਂ…? ਫਲ-ਫਰੂਟ ਦੀ ਰੇੜ੍ਹੀ ਲਾਉਣ ਵਾਲੇ ਵਿਹੜੇ ਵਿੱਚੋਂ ਲਗਦੇ ਤਾਏ ਨੇ ਉਹਦੀ ‘ਸੁੱਖ-ਸਾਂਦ’ ਪੁੱਛੀ।
ਤੇ ਉਹਨੂੰ ਇਉਂ ਲੱਗਾ ਜਿਵੇਂ ਤਾਏ ਨੇ ਉਹਦਾ ਅਪਮਾਨ ਕੀਤਾ ਹੋਵੇ। ਉਹਦਾ ਮਨ ਬੁਝ ਗਿਆ। ਉਹ ਕਹਿਣਾ ਚਾਹੁੰਦੀ ਸੀ, ‘ਤਾਇਆ, ਹੁਣ ਮੈਂ ਭੁੱਚੋ ਨਹੀ, ਭੁਪਿੰਦਰ ਕੌਰ ਹਾਂ, ਭੁਪਿੰਦਰ ਕੌਰ…।’
“ਹਾਂ ਤਾਇਆ, ਤਕੜੀ ਆਂ…।” ਕਹਿ ਕੇ ਉਹ ਆਪਣੇ ਖਾਵੰਦ ਦੇ ਲਾਗੇ ਹੋ ਕੇ ਬੋਲੀ, “ਜਵਾਕਾਂ ਆਸਤੇ ਕੋਈ ਚੀਜ ਲੈ ਲਈਏ…?”
“ਹਾਂ ਲੈ ਲੈ।” ਉਹਨੂੰ ਵੀ ਹੁਣ ਚੇਤਾ ਆਇਆ ਸੀ ਕਿ ਪਹਿਲੀ ਵਾਰ ਸਹੁਰਿਆਂ ਦੇ ਘਰ ਖਾਲੀ ਹੱਥ ਨਹੀਂ ਜਾਈਦਾ।
ਭੁੱਚੋ ਦੇ ਪੁੱਛਣ ਤੇ ਰੇੜ੍ਹੀ ਵਾਲੇ ਨੇ ਦੱਸਿਆ, “ਕੇਲੇ ਚੌਦਾਂ ਰੁਪਏ ਦਰਜਨ…ਸੰਤਰੇ ਚੌਵੀ ਰੁਪਏ…ਤੇ ਸੇਬ…।”
‘ਵੱਡੇ ਤਿੰਨੇ ਭਰਾਵਾਂ ਦਾ ਕਿੰਨਾ ਜਵਾਕ-ਜੱਲਾ ਐ, ਦਰਜਨ ਕੇਲਿਆਂ ’ਚ ਤਾਂ ਇਕ-ਇਕ ਵੀ ਹਿੱਸੇ ਨਹੀਂ ਆਉਣਾ…।’– ਭੁੱਚੋ ਨੇ ਸੋਚਿਆ ਤੇ ਮਲਵੀਂ ਜਿਹੀ ਆਵਾਜ਼ ਵਿਚ ਘਰਵਾਲੇ ਨੂੰ ਪੁੱਛਿਆ, “ਕਿੰਨੇ ਲਈਏ…?”
“ਵੇਖ ਲੈ, ਜੇ ਦਸਾਂ ਤੋਂ ਵੱਧ ਖਰਚੇ ਤਾਂ ਮੁੜਨ ਜੋਗਾ ਭਾੜਾ ਨਹੀਂ ਬਚਣਾ…।”
“ਹਾਏ ਰੱਬਾ!” ਇਕ ਲੰਮਾ ਹਾਉਕਾ ਉਹਦੇ ਧੁਰ ਅੰਦਰ ਅੱਗ ਦੀ ਲਾਟ ਵਾਂਗ ਫਿਰ ਗਿਆ–‘ਅਸੀਂ ਗਰੀਬਾਂ ਦੀਆਂ ਜਾਈਆਂ, ਪੇਕਿਆਂ ਦੇ ਪਿੰਡ ਵੀ ਭੁੱਚੋ ਤੇ ਸਹੁਰਿਆਂ ਦੇ ਪਿੰਡ ਵੀ ਭੁੱਚੋ…!’
ਤੇ ਹੁਣ ਭੁੱਚੋ ਨੇ ਇਉਂ ਮਹਿਸੂਸ ਕੀਤਾ ਜਿਵੇਂ ਕਿ ਉਹ ਵਿਆਈਆਂ ਪਾਟੇ ਨੰਗੇ ਪੈਰੀਂ, ਪੱਠਿਆਂ ਦੀ ਪਹਿਲਾਂ ਨਾਲੋਂ ਵੀ ਭਾਰੀ ਪੰਡ ਲੈ ਕੇ ਅੱਡੇ ਵਿਚ ਦੀ ਲੰਘ ਰਹੀ ਹੋਵੇ।

–ਪ੍ਰੀਤ ਨੀਤਪੁਰ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar