ਗੀਤ
ਕਾਕਾ ਗਿੱਲ
ਸਾਡੀਆਂ ਰੂਹਾਂ ਦਾ ਪਿਆਰ ਕੋਈ ਵਿਛੋੜਾ ਨਹੀਂ ਮਿਟਾ ਸਕਦਾ।
ਮਜ਼ਬੂਤ ਰਹਾਂਗੇ ਆਪਣੇ ਇਰਾਦੇ ਤੇ ਤੁਫਾਨ ਨਹੀਂ ਹਿਲਾ ਸਕਦਾ।
ਪਾਣੀ ਹੀਣ ਕਾਲੇ ਬੱਦਲ ਧਰਤੀ ਦੀ ਤ੍ਰੇਹ ਮਿਟਾਉਂਦੇ ਨਹੀਂ,
ਫ਼ੁੱਲਾਂ ਲੱਦੇ ਬਬਾਣ ਕਿਸੇ ਮੁਰਦੇ ਨੂੰ ਸੁਰਗੀਂ ਪੁਚਾਉਂਦੇ ਨਹੀਂ,
ਸੋਨੇ ਨਾਲ ਮੜ੍ਹੇ ਕੋਹਲੂ ਬਲਦਾਂ ਦਾ ਦੁੱਖ ਵੰਡਾਉਂਦੇ ਨਹੀਂ,
ਸਾਧ ਬਣਕੇ ਵੀ ਸੱਚੇ ਆਸ਼ਿਕ ਮਾਸ਼ੂਕ ਨੂੰ ਭੁਲਾਉਂਦੇ ਨਹੀਂ।
ਬਗਲੇ ਭਗਤ ਨਾ ਅੱਖਾਂ ਮੀਟਦੇ ਸੁੱਕੇ ਹੋਏ ਤਲਾਵਾਂ ਉੱਤੇ,
ਡਾਕੂ ਲੁਟੇਰੇ ਤੱਕ ਛੱਡ ਜਾਂਦੇ ਲੁਕਣਾ ਉੱਜੜੇ ਰਾਹਵਾਂ ਉੱਤੇ,
ਮੁਗਧ ਹੋਈ ਮੌਤ ਰੁਕ ਜਾਂਦੀ ਬਾਜੀਗਰ ਦੀਆਂ ਕਲਾਵਾਂ ਉੱਤੇ,
ਰਿਵਾਜਾਂ ਦੀ ਪਬੰਦੀ ਬੇਅਰਥ ਹੁੰਦੀ ਮਾਸ਼ੂਕ ਦੀਆਂ ਇੱਛਾਵਾਂ ਉੱਤੇ।
ਵਿਸਾਖ ਦਾ ਤਪਦਾ ਸੂਰਜ ਬਦਲ ਕਣਕ ਦੀ ਨੁਹਾਰ ਜਾਂਦਾ
ਕੁਠਾਲੀ ਪੈ ਕੇ ਸੋਨਾ ਵੀ ਕੁੰਦਨ ਰੂਪ ਧਾਰ ਜਾਂਦਾ,
ਅੱਗ ਵਿੱਚ ਸੜਕੇ ਕਾਲ਼ਾ ਕੋਲਾ ਰੰਗ ਆਪਣਾ ਨਿਖਾਰ ਜਾਂਦਾ,
ਬਿਰਹੋਂ ਵਿੱਚ ਢਲਕੇ ਪ੍ਰੇਮੀਆਂ ਦਾ ਅਮਰ ਹੋ ਪਿਆਰ ਜਾਂਦਾ।