ਰਾਤ ਦੀ ਉਨੀਂਦੀ, ਥੱਕੀ-ਹਾਰੀ ਰੇਸ਼ਮਾ ਕੋਠੇ ਦੀ ਖਿੜਕੀ ਵਿਚ ਬੈਠਕੇ ਸੜਕ ਉੱਤੇ ਆਉਣ ਜਾਣ ਵਾਲਿਆਂ ਨੂੰ ਦੇਖ ਰਹੀ ਸੀ। ਤਦ ਹੀ ਉਹਦੀ ਨਿਗਾਹ ਸਾਹਮਣੇ ਮਕਾਨ ਵਿਚ ਰਹਿਣ ਵਾਲੇ ਗੋਪਾਲ ਉੱਤੇ ਪਈ। ਨੋਟ ਗਿਣਨ ਤੋਂ ਬਾਦ ਸੰਤੁਸ਼ਟ ਹੁੰਦੇ ਹੋਏ ਗੋਪਾਲ ਨੇ ਆਪਣੀ ਗਾਂ ਦੀ ਵੱਛੀ ਦੀ ਰੱਸੀ ਖਰੀਦਦਾਰ ਦੇ ਹੱਥ ਫੜਾ ਦਿੱਤੀ। ਰੱਸੀ ਫੜ ਕੇ ਜਦੋਂ ਖਰੀਦਦਾਰ ਨੇ ਵੱਛੀ ਨੂੰ ਖਿੱਚਣਾ ਸ਼ੁਰੂ ਕੀਤਾ ਤਾਂ ਨਵੇਂ ਆਦਮੀ ਦੇ ਹੱਥ ਵਿਚ ਰੱਸੀ ਦੇਖ ਵੱਛੀ ਅੜ ਗਈ। ‘ਮਾਂ…ਮਾਂ…’ ਦੀ ਦਿਲ ਚੀਰਵੀਂ ਚੀਕ ਦੇ ਨਾਲ ਰੱਸੀ ਛੁਡਾ ਕੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗੀ। ਕਈ ਵਾਰ ਰੱਸੀ ਛੁਡਾ ਕੇ ਭੱਜਣ ਵਿਚ ਉਹ ਸਫਲ ਵੀ ਰਹੀ। ਪਰੰਤੂ ਉਹਦੇ ਘਰ ਅੰਦਰ ਜਾਣ ਤੋਂ ਪਹਿਲਾਂ ਹੀ ਖਰੀਦਦਾਰ ਫੇਰ ਰੱਸੀ ਫੜ ਕੇ ਖਿੱਚਣ ਲਗਦਾ। ਅੰਤ ਵਿਚ ਮਜਬੂਰ ਹੋ ਕੇ ਖਰੀਦਦਾਰ ਨੇ ਸੋਟੀ ਲੈਕੇ ਉਹਨੂ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਮਦਦ ਲਈ ਉਹ ਗੋਪਾਲ ਵੱਲ ਵਧੀ। ਪਰ ਗੋਪਾਲ ਵੀ ਧੱਕਦੇ ਹੋਏ ਉਹਨੂੰ ਮਾਰਨ ਲੱਗਾ ਤਾਂ ਨਿਰਾਸ਼ ਹੋ ਕੇ ਹੰਝੂ ਵਹਾਉਂਦੀ ਉਹ ਚੁਪਚਾਪ ਨਵੇਂ ਮਾਲਕ ਨਾਲ ਤੁਰ ਪਈ।
ਰੇਸ਼ਮਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਸਿਸਕਣ ਲੱਗੀ। ਉਹਦਾ ਇਹ ਹਾਲ ਦੇਖ ਕੇ ਨਾਲ ਦੀਆਂ ਕੁੜੀਆਂ ਨੇ ਹੈਰਾਨੀ ਨਾਲ ਪੁੱਛਿਆ, “ਰੇਸ਼ਮਾ, ਕੀ ਹੋਇਆ? ਰੋ ਕਿਉਂ ਰਹੀ ਐਂ?”
ਬਹੁਤ ਪੁੱਣ ਤੇ ਖੁਦ ਉੱਪਰ ਕਾਬੂ ਪਾਕੇ ਹੰਝੂ ਪੂੰਝਦੇ ਹੋਏ ਉਹਨੇ ਕਿਹਾ, “ਕੁਝ ਨੀ ਅੜੀਏ! ਬਸ ਬਚਪਨ ਯਾਦ ਆ ਗਿਆ ਸੀ।”
–ਸੁਰੇਸ਼ ਸ਼ਰਮਾ