1. ਖ਼ੁਦਾ ਦੀ ਸਿਫ਼ਤ ਅਤੇ ਬਾਰ੍ਹਵੀਂ ਸਦੀ ਹਿਜਰੀ ਦਾ ਹਾਲ
ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ।
ਸਰਪਰ ਊਆ ਹੋਸੀਆ, ਜੇਹੜੀ ਲਿਖੀ ਏ ਵਿਚ ਕੁਰਾਨਾ।
ਸਦੀ ਨਬੀ ਦੀ ਬਾਹਰਵੀਂ, ਵਡੇ ਫ਼ਿਕਰ ਪਏ ਖਾਨਦਾਨਾ।
ਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾ।
ਭਾਜੀ ਦਗ਼ੇ ਫਰੇਬ ਦੀ, ਵਿਚ ਫਿਰੀ ਜਹਾਨਾ।
ਮੁਸਾਹਿਬ ਤੇ ਚੋਰ ਕਚਹਿਰੀਆਂ, ਲਾ ਬਹਿਣ ਦੀਵਾਨਾ।
ਹੇ ਸੱਚੇ ਮਾਲਕ! ਹੇ ਸੱਚੇ ਪਾਤਸ਼ਾਹ!! ਹੇ ਪਵਿੱਤਰ ਪ੍ਰਭੂ!!! ਤੇਰੇ ਕੰਮ ਸਭ ਸੱਚੇ ਹਨ। ਧਰਤੀ ਉੱਤੇ ਉਹ ਕੁਝ ਜ਼ਰੂਰ ਹੀ ਵਾਪਰ ਕੇ ਰਹੇਗਾ ਜੋ ਕੁਰਾਨ ਸ਼ਰੀਫ ਵਿਚ ਲਿਖਿਆ ਹੋਇਆ ਹੈ। ਹਿਜਰੀ ਸੰਨ ਦੀ ਬਾਰ੍ਹਵੀਂ ਸਦੀ ਵਿਚ ਤੂੰ ਰੱਜੇ-ਪੁੱਜੇ ਸਾਊ ਪਰਿਵਾਰਾਂ ਨੂੰ ਮੁਸੀਬਤਾਂ ਵਿਚ ਪਾ ਦਿੱਤਾ। ਸਾਰੀ ਧਰਤੀ ਉੱਤੇ ਜ਼ੁਲਮ ਵਾਪਰ ਗਿਆ। ਝੂਠ, ਪਖੰਡ ਦੇ ਦੰਭ (ਬਹਾਨੇਬਾਜ਼ੀ) ਵਧ ਗਏ। ਸਾਰੀ ਦੁਨੀਆ ਵਿਚ ਧੋਖੇ ਤੇ ਚਾਲਾਕੀ ਦਾ ਵਰਤਾਰਾ ਹੋ ਗਿਆ। ਚੋਰ ਤੇ ਉਨ੍ਹਾਂ ਦੇ ਜੁੰਡਲੀਦਾਰ (ਬਾਦਸ਼ਾਹ ਬਣ ਕੇ) ਕਚਹਿਰੀਆਂ ਤੇ ਦੀਵਾਨ ਲਾ ਕੇ ਬਹਿਣ ਲੱਗ ਪਏ।
ਰਲ ਸਿਫਲੇ ਕਰਨ ਮਜਾਲਿਸਾਂ ਅਦਲ ਇਨਸਾਫ਼ ਗਿਆ ਸੁਲਤਾਨਾ।
ਚੜ੍ਹ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ ਜੁਆਨਾਂ।
ਛੱਟਾਂ ਪਵਨ ਅਰਾਕੀਆਂ, ਖਰਕੇ ਆਣ ਖਲੇ ਮੈਦਾਨਾਂ।
ਮਰਦਾਂ ਥੀਂ ਗਿਆ ਜ਼ਾਬਤਾ, ਗ਼ਾਲਬ ਪਿਆ ਜ਼ਨਾਨਾਂ।
ਅਮੀਰਾਂ ਨਜ਼ਰਾਂ ਬੱਧੀਆਂ, ਕਰ (ਲਿਉ ਨੇ) ਜਮ੍ਹਾਂ ਖਜ਼ਾਨਾ।
ਚੜ੍ਹ ਨੌਕਰ ਕੋਂਹਦੇ ਬਾਦਸ਼ਾਹ, ਉਲਟ ਪਿਆ ਜ਼ਮਾਨਾ।
ਪਰ ਰੱਬਾ ਰੱਖ ਨਿਗਾਹ ਵਿਚ, ਪਾਕ ਪਰਵਰਦਿਗਾਰ ਰਹਿਮਾਨਾ।
ਕਮੀਨੇ (ਹੋਛੇ) ਆਦਮੀ ਵਜ਼ਾਰਤੀ ਮੰਡਲਾਂ ਵਿਚ ਇਕੱਠੇ ਹੋ ਗਏ ਤੇ ਬਾਦਸ਼ਾਹਾਂ ਨੇ ਇਨਸਾਫ਼ ਜਾਂ ਨਿਆਂ ਕਰਨਾ ਛੱਡ ਦਿੱਤਾ ਸੀ। ਭੇਡਾਂ ਚਾਰਨ ਵਾਲੇ ਆਜੜੀ ਤਾਂ ਰਈਸਾਂ ਵਾਂਗ ਘੋੜਿਆਂ ‘ਤੇ ਚੜ੍ਹੇ ਫਿਰਦੇ ਸਨ ਅਤੇ ਸਾਊ ਖ਼ਾਨਦਾਨਾਂ ਦੇ ਲੋਕ ਉਨ੍ਹਾਂ ਦੇ
ਘੋੜਿਆਂ ਦੀ ਲਗਾਮ ਫੜ ਕੇ ਗ਼ੁਲਾਮਾਂ ਵਾਂਗ ਪੈਦਲ ਤੁਰਦੇ ਸਨ। ਇਰਾਕੀ ਘੋੜਿਆਂ ਨੂੰ (ਖੋਤਿਆਂ ਵਾਂਗ) ਛੱਟਾਂ ਚੁੱਕਣੀਆਂ ਪੈ ਰਹੀਆਂ ਸਨ ਤੇ ਖੋਤੇ ਰਸਾਲਿਆਂ ਵਿਚ ਭਰਤੀ ਹੋ ਕੇ ਰਣ-ਭੂਮੀ ਵਿਚ ਪਹੁੰਚੇ ਸਨ। ਮਰਦਾਂ ਦਾ (ਇਸਤਰੀਆਂ ਤੋਂ) ਰੁਹਬ ਦਾਬ ਉਡ ਗਿਆ ਸੀ ਤੇ ਇਸਤਰੀਆਂ ਦਾ ਦਬ-ਦਬਾਅ ਵਧ ਗਿਆ ਸੀ। ਹਾਕਮਾਂ ਨੇ ਨਜ਼ਰਾਨੇ ਲੈਣ ਦੀਆਂ ਰਕਮਾਂ ਨਿਸਚਿਤ ਕੀਤੀਆਂ ਹੋਈਆਂ ਸਨ ਤੇ ਮਾਤਹਿਤਾਂ ਪਾਸੋਂ ਨਜ਼ਰਾਨੇ ਲੈ ਲੈ ਕੇ ਧੜਾ-ਧੜਾ ਅਮੀਰ ਹੁੰਦੇ ਜਾ ਰਹੇ ਸਨ। ਜ਼ਮਾਨਾ ਉਲਟ ਗਿਆ ਸੀ ਤੇ ਬਾਦਸ਼ਾਹਾਂ ਦੇ ਨੌਕਰ ਹੀ ਉਨ੍ਹਾਂ ਨੂੰ ਕੋਹਣ ਲੱਗ ਪਏ ਸਨ। ਪਰ ਹੇ ਪਵਿੱਤਰ, ਪਾਲਣਹਾਰ ਤੇ ਦਿਆਲੂ ਮਾਲਕਾ! ਤੂੰ ਹੀ ਦੁਨੀਆਂ ਉੱਤੇ ਮਿਹਰ ਦੀ ਨਜ਼ਰ ਰੱਖ।
2. ਦਿੱਲੀ ਦਾ ਇਤਿਹਾਸ
ਅੱਵਲ ਦਿੱਲੀ ਤੂਰਾਂ, ਕਰ ਆਪਣੀ ਪਾਈ।
ਫਿਰ ਲਈ ਚੁਹਾਨਾਂ, ਅੰਗ ਖੁਸ਼ ਕਰ ਲਾਈ।
ਫਿਰ ਲਈ ਸੀ ਗੋਰਿਆਂ, ਕੋਈ ਮੁੱਦਤ ਵਸਾਈ।
ਫਿਰ ਲਈ ਪਠਾਣਾਂ ਆਣ ਕੇ, ਘਰ ਚੌਥੇ ਆਈ।
ਫਿਰ ਲਈ (ਬਾਬਰਕਿਆਂ) ਚੌਗਤਿਆਂ, ਘੱਤ ਮਾਰ ਕੁਟਾਈ।
ਦਿੱਲੀ ਹੈਂਸਿਆਰੀਏ, ਰਤ ਧੜੀ ਲਵਾਈ।
ਤੂੰ ਮਾਸ ਖਾਏਂ ਰਜਪੁਤਰਾਂ, ਜਿਉਂ ਬਕਰ ਕਸਾਈ।
ਤੂੰ ਲਖ ਲੁਹਾਈਆਂ ਨੇ ਖੂਹਣੀਆਂ, ਮੇਹਰ ਮੂਲ ਨਾ ਆਈ।
ਪਹਿਲਾਂ ਦਿੱਲੀ ਨੂੰ ਤੂਅਰ (ਜਾਂ ਤੋਮਾਰ) ਰਾਜਪੂਤ ਜਾਤੀ ਨੇ ਵਸਾਇਆ। ਫੇਰ ਚੌਹਾਨਾਂ ਨੇ ਜਿੱਤ ਲਈ ਤੇ ਇਸ ਨੂੰ ਖੁਸ਼ੀ-ਖੁਸ਼ੀ ਆਪਣੇ ਅੰਗ ਲਾਇਆ। ਉਨ੍ਹਾਂ ਤੋਂ ਬਾਅਦ ਇਸ ਉੱਤੇ ਗੌਰੀ ਵੰਸ਼ ਦਾ ਅਧਿਕਾਰ ਹੋ ਗਿਆ ਤੇ ਲੰਮੇ ਸਮੇਂ ਲਈ ਉਹ ਰਾਜ ਕਰਦਾ ਰਿਹਾ। ਫੇਰ ਇਹ ਚੌਥੇ ਘਰ ਆਣ ਵੱਸੀ ਤੇ ਇਸ ਨੇ ਪਠਾਣਾਂ ਨੂੰ ਵਰ ਲਿਆ। ਇਸ ਤੋਂ ਪਿੱਛੋਂ ਬੜੀ ਮਾਰ ਕੁਟਾਈ ਕਰ ਕੇ ਚੌਗੱਤੇ ਬਾਦਸ਼ਾਹ ਬਾਬਰ ਨੇ ਇਹਨੂੰ ਆਪਣੇ ਅਧੀਨ ਕਰ ਲਿਆ। ਹੇ ਜ਼ਾਲਮ ਦਿੱਲੀ! ਤੂੰ ਸਦਾ ਲਹੂ ਨਾਲ ਹੀ ਆਪਣੇ ਬੁਲ੍ਹ ਰੰਗਦੀ ਰਹੀ ਏਂ। ਤੂੰ ਰਾਜਿਆਂ ਦੇ ਪੁੱਤਰਾਂ ਦਾ ਮਾਸ ਖਾਂਦੀ ਆਈ ਏਂ ਜਿਸ ਤਰ੍ਹਾਂ ਕਿ ਕਸਾਈ ਬੱਕਰਿਆਂ ਦਾ ਮਾਸ ਖਾਂਦਾ ਹੈ। ਤੂੰ ਲੱਖਾਂ ਖੂਹਣੀਆਂ ਫੌਜਾਂ ਮਰਵਾ ਛੱਡੀਆਂ ਹਨ, ਪਰ ਏਨਾ ਖ਼ੂਨ ਰੁੜ੍ਹਾ ਕੇ ਵੀ ਤੇਰੇ ਦਿਲ ਵਿਚ ਕਦੀ ਤਰਸ ਨਹੀਂ ਆਇਆ।
ਤੈਨੂੰ ਨਿਵੀਆਂ ਜ਼ਿਮੀਆਂ ਸਾਰੀਆਂ, ਜਗ ਫਿਰੀ ਦੁਹਾਈ।
ਇਕ ਮਾਰੇਂ ਇਕ ਸਿਰ ਧਰੇਂ, ਨਿਤ ਹੁਸਨ ਸਵਾਈ।
ਦਿੱਲੀ ਤੋਂ ਸ਼ਾਹਜ਼ਾਦਿਆਂ, ਖੈ ਹੁੰਦੀ ਆਈ
ਤੇਰੇ ਅੱਗੇ ਸਾਰੀ ਧਰਤੀ ਝੁਕਦੀ ਹੈ ਤੇ ਦੁਨੀਆ ਵਿਚ ਤੂੰ ਹਾਹਾਕਾਰ ਮਚਾਈ ਹੋਈ ਹੈ। ਤੂੰ ਨਿੱਤ ਇਕ ਪਤੀ ਨੂੰ ਮਾਰ ਕੇ ਦੂਜਾ ਵਰ ਲੈਂਦੀ ਏਂ ਤੇ ਇੰਝ ਤੇਰਾ ਹੁਸਨ-ਜਵਾਨੀ ਹੋਰ ਵੀ ਨਿੱਖਰ ਆਉਂਦਾ ਹੈ। ਦਿੱਲੀ ਦੇ ਕਾਰਨ ਸ਼ਹਿਜ਼ਾਦਿਆਂ ਦੀ ਸਦਾ ਤਬਾਹੀ ਹੁੰਦੀ ਆਈ ਹੈ।
3. ਤੈਮੂਰ ਦੀ ਬਹਾਦਰੀ
ਤੇ ਚੜ੍ਹੇ ਚੁਗੱਤਾ ਬਾਦਸ਼ਾਹ, ਤੈਮੂਰ ਜਿਉਂ ਧਾਣਾਂ।
ਘੋੜਾ ਸਾਢੇ ਸੱਤ ਲੱਖ, ਸਣੇ ਮੁਗ਼ਲ ਪਠਾਣਾਂ।
ਜਿੰਨੀ ਜ਼ਿਮੀਂ ਪਹਾੜ ਦੀ, ਨਾ ਰਿਹਾ ਅਡਾਣਾ।
ਕੋਟਾਂ ਨੂੰ ਆਵਣ ਥਰਥਰਾਹਟ, ਛੱਡ ਗਏ ਟਿਕਾਣਾ।
ਵੰਜ ਸਿਪਾਹਾਂ ਲੁਟਿਆ, ਕਰ ਮਨ ਦਾ ਭਾਣਾ।
ਪਕੜ ਕੁੱਠੇ ਲੱਖ ਆਦਮੀ, ਲਹਿ ਪਿਆ ਘਾਣਾ।
ਚੁਗੱਤੇ ਬਾਦਸ਼ਾਹ ਤੈਮੂਰ ਦੀ ਫੌਜ ਨੇ ਜਦੋਂ ਹਮਲਾ ਕਰਨ ਲਈ ਚੜ੍ਹਾਈ ਕੀਤੀ ਤਾਂ ਉਸ ਦੀ ਫੌਜ ਵਿਚ ਸਾਢੇ ਸੱਤ ਲੱਖ ਮੁਗ਼ਲ ਤੇ ਪਠਾਣ ਘੋੜ-ਸਵਾਰ ਸਨ। ਪਹਾੜੀ ਇਲਾਕੇ ਵਿਚ ਉਹਦੇ ਸਾਹਮਣੇ ਕੋਈ ਵੀ ਨਾ ਅੜ ਸਕਿਆ। ਓਹਦੇ ਡਰ ਨਾਲ ਸਭ ਕਿਲ੍ਹੇ ਥਰਥਰ ਕੰਬ ਉਠੇ ਤੇ ਕਿਲ੍ਹੇਦਾਰ ਆਪਣੀਆਂ ਥਾਵਾਂ ਛੱਡ ਕੇ ਨੱਸ ਗਏ। ਸਿਪਾਹੀਆਂ ਨੇ (ਵਣਜ) ਮਾਲ ਅਸਬਾਬ ਮਨ ਮਰਜ਼ੀ ਅਨੁਸਾਰ ਲੁੱਟਿਆ। ਉਹਨਾਂ ਲੱਖਾਂ ਹੀ ਆਦਮੀ ਫੜ ਫੜ ਕੇ ਮਾਰ ਦਿੱਤੇ। ਬੰਦਿਆਂ ਦਾ ਲਹੂ ਇੰਜ ਰੁੜ੍ਹ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਕੋਹਲੂ ਵਿਚ ਪੀੜ ਕੇ ਘਾਣ ਕੱਢਿਆ ਗਿਆ ਹੁੰਦਾ ਹੈ।
ਕਰ ਸਿਰੀਆਂ ਦੇ ਦਮਦਮੇ ਚੜ੍ਹ ਖਾਏ ਖਾਣਾ।
ਈਣਾਂ ਚਾਰ ਮਨਾਇਕੇ ਘਰ ਆਇਆ ਜਰਵਾਣਾ।
ਉਹ ਦੁਸ਼ਮਣ ਦੀਆਂ ਸਿਰੀਆਂ ਦੇ ਮੋਰਚੇ (ਢੇਰ) ਬਣਾ ਕੇ ਉਨ੍ਹਾਂ ‘ਤੇ ਚੜ੍ਹ ਕੇ ਖਾਣਾ ਖਾਂਦਾ ਸੀ। ਚਾਰ ਸ਼ਰਤਾਂ ਮੰਨਵਾ ਕੇ ਇਹ ਬਹਾਦਰ ਜਰਨੈਲ ਵਾਪਸ ਆਪਣੇ ਘਰ ਮੁੜਿਆ।
4. ਫ਼ੱਰੁਖ਼ਸੀਅਰ ਤੇ ਸੱਯਦ ਭਰਾਵਾਂ ਦੇ ਸਮੇਂ
ਅੱਗੇ ਨਜ਼ਰ ਵਧਾਈ ਸੀ ਸੱਯਦਾਂ ਲੈ ਮੁਲਕ ਇਨਾਮੀ।
ਓਹਨਾਂ ਕੁੱਠਾ ਸੀ ਫਲਕ ਸ਼ੇਰ, ਕਰ ਜ਼ੁਲਮ ਤਮਾਮੀ।
ਉਹ ਅਪਣਾ ਕੀਤਾ ਲੈ ਮੁਏ, ਮਾਰ ਲਏ ਹਿਸਾਨੀ।
ਜਿੰਨ ਫ਼ਰਿਸ਼ਤੇ ਤੇ ਆਦਮੀ, ਕੁਲ ਆਖਣ ‘ਆਮੀਂ!’
ਸੱਯਦ ਭਰਾਵਾਂ ਅਬਦੁੱਲਾ ਖਾਂ ਵਜ਼ੀਰ ਤੇ ਹੁਸੈਨ ਅਲੀ ਖ਼ਾਂ ਜਰਨੈਲ ਨੇ ਅਤਿ ਦਾ ਧਨ ਤੇ ਇਲਾਕਾ ਹਥਿਆ ਕੇ ਲਾਲਚ ਹੋਰ ਵਧਾਇਆ ਹੋਇਆ ਸੀ। ਪਹਿਲਾਂ ਉਹ ਬਾਦਸ਼ਾਹ ਫ਼ੱਰੁਖ਼ਸੀਅਰ ਨੂੰ ਤਸੀਹੇ ਦੇ ਦੇ ਕੇ ਮਰਵਾ ਚੁੱਕੇ ਸਨ (ਬਾਦਸ਼ਾਹ ਫ਼ੱਰੁਖ਼ਸੀਅਰ ਨੂੰ ਸੱਯਦ ਭਰਾਵਾਂ ਨੇ ਬਾਗ਼ੀ ਹੋ ਕੇ ਦਿੱਲੀ ਦੇ ਹਰਮਾਂ ਵਿਚੋਂ ਫੜ ਕੇ ਕੈਦ ਕਰ ਲਿਆ ਸੀ। ਇਹਦੀਆਂ ਅੱਖਾਂ ਵਿਚ ਲੋਹੇ ਦੀ ਤਪਦੀ ਤਾਰ ਫੇਰ ਕੇ ਅੰਨ੍ਹਾ ਕਰ ਦਿੱਤਾ। ਫੇਰ ਹੋਰ ਅਨੇਕਾਂ ਤਸੀਹੇ ਦਿੱਤੇ ਤੇ 17-5-1719 ਨੂੰ ਮਰਵਾ ਦਿੱਤਾ), ਪਰ ਉਨ੍ਹਾਂ ਦੇ ਜ਼ੁਲਮ ਹੀ ਉਨ੍ਹਾਂ ਨੂੰ ਲੈ ਲੱਥੇ। ਉਨ੍ਹਾਂ ਨੂੰ ਮੁਹੰਮਦ ਸ਼ਾਹ ਨੇ ਆਸਾਨੀ ਨਾਲ ਮਾਰ ਦਿੱਤਾ ਜਿਸ ਨੂੰ ਕਿ ਸਭ ਜਿੰਨ, ਫਰਿਸ਼ਤੇ ਤੇ ਆਦਮੀ ਅਸੀਸਾਂ ਦਿੰਦੇ ਸਨ ਕਿ ‘ਰੱਬ ਇਹਦੀ ਪ੍ਰਾਰਥਨਾ ਕਬੂਲ ਕਰੇ।’ (ਭਾਵ, ਰੱਬ ਇਹਨੂੰ ਇਹਦੇ ਮਰਨ ਤੋਂ ਬਾਅਦ ਸਵਰਗਾਂ ਵਿਚ ਵਾਸਾ ਦੇਵੇ।)
5. ਮੁਹੰਮਦ ਸ਼ਾਹ ਦੇ ਦਰਬਾਰ ਵਿਚ ਅਣਜੋੜ
ਮਜ਼ਾਖ ਨਿਜ਼ਾਮ-ਉਲ-ਮੁਲਕ ਨੂੰ, ਖ਼ਾਨ ਦੌਰਾਂ ਲਾਏ :
‘ਕਿਬਲਾ! ਬੁੱਢਾ ਬਾਂਦਰ ਦੱਖਨੀ, ਮੁਜਰੇ ਕੋ ਆਏ।’
ਉਹ ਸਰੇ ਕਚਹਿਰੀ ਬਾਦਸ਼ਾਹ, ਕਰ ਟੋਕ ਹਸਾਏ।
ਨਿਜ਼ਾਮੁਲ ਸੁਣਿਆ ਕੰਨੀਂ ਆਪਣੀਂ, ਦੁਖ ਦਿਲ ਵਿਚ ਲਾਏ।
ਉਹਨੂੰ ਤੀਰ ਕਲੇਜੇ ਵਰਮ ਦਾ, ਦਿਹੁੰ ਰਾਤ ਹੰਡਾਏ।
ਭਾ ਲੱਗੀ ਸੀ ਦਾਉਨੋ, ਅੰਗਿਆਰ ਖਿੰਡਾਏ।
ਕਰ ਮਨਸੂਬਾ ਸਾਰਦਾ, ਉਦਮਾਦ ਉਠਾਏ।
ਘਰ ਦੇ ਭੇਤ ਨਾਲ ਦਹਿਸਰ ਮਾਰਿਆ, ਸੜ ਲੰਕਾ ਜਾਏ।
ਇਰਾਨੀਆਂ ਤੇ ਤੂਰਾਨੀਆਂ, ਮਨਸੂਬੇ ਹੱਲੇ।
ਅਮੀਰਾਂ ਆਪੋ ਆਪਣੇ, ਚਾ ਸੂਬੇ ਮੱਲੇ।
ਕਰ ਮਾਤ ਬਹਾਇਓ ਬਾਦਸ਼ਾਹ ਨੂੰ, ਹਥ ਹੁਕਮ ਨ ਚੱਲੇ।
ਖਲਕ ਨਿਮਾਣੀ ਲੁੱਟੀਐ, ਹੱਕ ਪਵੇ ਨ ਪੱਲੇ।
ਪਰ ਹੁਕਮ ਰਜ਼ਾ ਖ਼ੁਦਾ ਦੀ, ਕੋਈ ਕੀਕੁਰ ਨਾ ਝੱਲੇ।
(ਜਦੋਂ ਨਿਜ਼ਾਮ-ਉਲ-ਮੁਲਕ ਦਰਬਾਰ ਵਿਚ ਹਾਜ਼ਰ ਹੋ ਕੇ ਦੱਖਣੀ ਤਰੀਕੇ ਨਾਲ ਬਾਦਸ਼ਾਹ ਅੱਗੇ ਆਦਾਬ ਕਰਦਾ ਸੀ ਤਾਂ) ਖ਼ਾਨ ਦੌਰਾਂ ਕਹਿੰਦਾ ‘ਸ੍ਰੀਮਾਨ ਜੀ, ਦੇਖੋ ਦੱਖਣ ਦਾ ਬੁੱਢਾ ਬਾਂਦਰ ਕਿਵੇਂ ਸਲਾਮ ਕਰਦਾ (ਨੱਚਦਾ) ਹੈ।’ ਖ਼ਾਨ ਦਰਾਂ ਆਪਣੀ ਏਸ ਟੋਕ ਨਾਲ ਬਾਦਸ਼ਾਹ ਦੇ ਹੁੰਦਿਆਂ ਸਾਰੇ ਦਰਬਾਰ ਵਿਚ ਹਾਸਾ ਪਾ ਦਿੰਦਾ ਸੀ। ਜਦੋਂ ਇਹ ਗੱਲ ਨਿਜ਼ਾਮ-ਉਲ-ਮੁਲਕ ਨੇ ਆਪਣੇ ਕੰਨੀਂ ਸੁਣ ਲਈ ਤਾਂ ਉਸ ਦਾ ਦਿਲ ਬੜਾ ਦੁਖੀ ਹੋਇਆ। ਇਸ ਤਾਅਨੇ ਦਾ ਚੀਰ ਉਹਦੇ ਕਲੇਜੇ ਨੂੰ ਹਰ ਵੇਲੇ ਦੁਖਾਉਂਦਾ ਰਹਿੰਦਾ ਸੀ। ਇਕ ਕੰਨੀ ਨੂੰ ਅੱਗ ਲੱਗੀ ਸੀ, ਪਰ ਖਿੰਡ ਕੇ ਅੰਗਿਆਰ ਬਣ ਗਈ। ਉਹਨੇ ਲੋਹੇ ਵਰਗਾ
ਪੱਕਾ ਇਰਾਦਾ ਕਰ ਕੇ ਇਹ ਵੱਡਾ ਫ਼ਸਾਦ ਖੜ੍ਹਾ ਕਰ ਦਿੱਤਾ। ਘਰ ਦੇ ਭੇਦ (ਬਾਹਰ ਨਿਕਲ ਜਾਣ) ਕਰ ਕੇ ਰਾਵਣ ਮਾਰਿਆ ਗਿਆ ਸੀ ਤੇ ਉਹਦੀ ਲੰਕਾ ਸੜ ਗਈ ਸੀ। ਮੁਹੰਮਦ ਸ਼ਾਹ ਦੇ ਈਰਾਨੀ ਅਮੀਰਾਂ (ਸੁਆਦਤ ਖਾਂ ਦੇ ਧੜੇ) ਤੇ ਤੂਰਾਨੀ ਅਮੀਰਾਂ (ਨਿਜ਼ਾਮ-ਉਲ-ਮੁਲਕ ਦੇ ਧੜੇ) ਨੇ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ।
ਹਾਕਮਾਂ ਨੇ ਆਪੋ ਆਪਣੇ ਇਲਾਕਿਆਂ ‘ਤੇ ਅਧਿਕਾਰ ਜਮਾ ਲਿਆ ਤੇ ਬਾਦਸ਼ਾਹ ਨੂੰ ਸ਼ਕਤੀਹੀਣ ਕਰ ਦਿੱਤਾ। ਉਹ ਸਭ ਪਾਸਿਓਂ ਏਨਾ ਟਿੱਚ ਹੋ ਗਿਆ ਕਿ ਉਹਦਾ ਜ਼ਰਾ ਜਿੰਨਾ ਵੀ ਹੁਕਮ ਨਹੀਂ ਸੀ ਚੱਲਦਾ। ਜਨਤਾ ਵਿਚਾਰੀ ਲੁੱਟੀ ਜਾ ਰਹੀ ਸੀ। ਉਨ੍ਹਾਂ ਨੂੰ ਕਿਸੇ ਪਾਸਿਓਂ ਵੀ ਇਨਸਾਫ਼ ਨਹੀਂ ਸੀ ਮਿਲਦਾ। ਪਰ ਰੱਬ ਦੇ ਹੁਕਮ ਤੇ ਰਜ਼ਾ ਨੂੰ ਝੱਲਣੋਂ ਕੋਈ ਕਿਵੇਂ ਬਚ ਸਕਦਾ ਹੈ?