ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> ਨਾਦਰਸ਼ਾਹ ਦੀ ਵਾਰ ਬੰਦ: 11-15

ਨਾਦਰਸ਼ਾਹ ਦੀ ਵਾਰ ਬੰਦ: 11-15

11. ਬੱਕੀ ਖਾਂ ਵਜ਼ੀਰ ਤੇ ਕਲ ਦੀ ਵਾਰਤਾਲਾਪ

ਬੱਕੀ ਖ਼ਾਂ ਵਜ਼ੀਰ ਨੇ ਸੱਦੇ ਕੁਟਵਾਲ।
‘ਇਕ ਏਸ ਤਰ੍ਹਾਂ ਦੀ ਇਸਤਰੀ, ਤੁਸੀਂ ਲਿਆਵੋ ਭਾਲ।’
ਉਹ ਬੈਠੀ ਕਿਸੇ ਦੁਕਾਨ ਤੇ, ਫੜ ਲਿਆਏ ਨਾਲ।
‘ਤੂੰ ਨੰਗੀ ਨਾਮਰਯਾਦ ਹੈਂ, ਦਿਸੇਂ ਬਿਕਰਾਲ।
ਤੂੰ ਭੁੱਖੀ ਏਂ ਕਿਸੇ ਮੁਲਕ ਦੀ, ਬਹੁਤ ਪਾਵੇਂ ਸਵਾਲ।

ਬੱਕੀ ਖ਼ਾਂ ਵਜ਼ੀਰ ਨੇ ਪੁਲਿਸ ਦੇ ਉਹ ਵੱਡੇ ਅਫਸਰ ਬੁਲਾਏ ਜਿਨ੍ਹਾਂ ਦੇ ਅਧੀਨ ਕਈ ਕਈ ਥਾਣੇ ਸਨ ਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਏਸ ਹੁਲੀਏ ਵਾਲੀ ਇਕ ਜ਼ਨਾਨੀ ਲੱਭ ਕੇ ਪੇਸ਼ ਕਰੋ। ਉਹ ਉਸ ਇਸਤਰੀ ਨੂੰ ਕਿਸੇ ਦੁਕਾਨ ‘ਤੇ ਬੈਠੀ ਹੋਈ ਨੂੰ ਆਪਣੇ ਨਾਲ ਲੈ ਆਏ। ਬੱਕੀ ਖਾਂ ਨੇ ਉਸ ਇਸਤਰੀ ਨੂੰ ਕਿਹਾ, ‘ਤੂੰ ਇਸਤਰੀ ਦੀ ਪਰੰਪਰਾ ਤੋਂ ਉਲਟ ਨੰਗੀ ਏਂ ਅਤੇ ਬੜੀ ਡਰਾਉਣੀ ਦਿਸਦੀ ਏਂ। ਤੂੰ ਕਿਸੇ ਮੁਲਕ ਨੂੰ ਖਾਣਾ ਚਾਹੁੰਦੀ ਏਂ ਕਿਉਂਕਿ ਤੇਰੀ ਮੰਗ ਬਹੁਤ ਵੱਡੀ ਹੈ।’

ਏਹਨੂੰ ਆਟੇ ਦਾ ਦਿਓ ਇਕ ਮਣ, ਨਾਲ ਵੱਟੀ ਦਾਲ।
ਧਨੀਆਂ, ਜੀਰਾ, ਲੌਂਗ, ਮਿਰਚ, ਨਾਲ ਲੂਣ, ਵਿਸਾਰ।
ਸੇਰ ਦਿਵਾਓ ਦਹੀਂ ਦਾ, ਜਾ ਧੋਵੇ ਵਾਲ।
ਭਾਰ ਦਿਵਾਉਸੁ ਲੱਕੜੀ, ਅੱਗ ਬੈਠੇ ਬਾਲ।
ਆਪਣੀ ਹੱਥੀਂ ਰਸੋਈ ਕਰਿ, ਘਤ ਜੇਵੇ ਥਾਲ।
ਰੋਟੀ ਖਾ ਦੁਆ ਦੇ, ਜਾ ਵਤਨ ਸੰਭਾਲ।
ਤੇ ਤਿਉਹਾਰ ਦਿਉ ਸੁ ਵਿਦਾਇਗੀ, ਨਾ ਪਵੇ ਖਿਆਲ
(ਕਲ ਆਖੇ) : ‘ਖੰਡ ਖੀਰ ਤੇ ਧਰਾੜੀਆਂ, ਬਹਿ ਖਾਣ ਬੈਰਾਗੀ।
ਤੇ ਆਦਮੀਆਂ ਦੀ ਰੱਤ ਮਿੱਝ, ਇਹ ਖੁਰਸ਼ ਅਸਾਡੀ।
ਮੈਂ ਰਣ ਵਿਚ ਮਾਰਾਂ ਸੂਰਮੇਂ, ਆਦੀ ਮੁਨਿਆਦੀ।
ਜਿਨ੍ਹਾਂ ਨੂੰ ਪੱਗ ਦਾੜ੍ਹੀ ਦੀ ਸ਼ਰਮ ਹੈ, ਲੱਜ ਮਾਤ ਪਿਤਾ ਦੀ।

(ਬੱਕੀ ਖਾਂ ਨੇ ਫਿਰ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ) ‘ਇਹਨੂੰ ਇਕ ਮਣ ਆਟਾ ਤੇ ਦੋ ਸੇਰ ਦਾਲ ਦਿਓ ਤੇ ਨਾਲ ਧਨੀਆਂ, ਜ਼ੀਰਾ, ਲੌਂਗ, ਮਿਰਚ, ਲੂਣ, ਹਲਦੀ ਵੀ ਦਿਓ। ਇਕ ਸੇਰ ਦਹੀਂ ਲੈ ਦਿਓ ਤਾਂ ਜੋ ਇਹ ਆਪਣੇ ਵਾਲ ਧੋ ਲਵੇ। ਇਹਨੂੰ ਢਾਈ ਮਣ (ਇਕ ਸੌ ਸੇਰ) ਲੱਕੜੀ ਲੈ ਦਿਓ ਤਾਂ ਜੋ ਅੱਗ ਬਾਲ ਸਕੇ ਤੇ ਆਪਣੀ ਹੱਥੀਂ ਰਸੋਈ ਕਰ ਕੇ ਥਾਲ ਪਰੋਸ ਕੇ ਰੋਟੀ ਖਾ ਸਕੇ। ਰੋਟੀ ਖਾ ਕੇ ਅਸੀਸ ਦੇਵੇ ਤੇ ਆਪਣੇ ਦੇਸ਼ ਨੂੰ ਪਰਤ ਜਾਏ। ਇਹਨੂੰ ਵਿਦਾਇਗੀ ਵਜੋਂ ਤਿੰਨ ਕੱਪੜੇ (ਕੁੜਤਾ, ਸਲਵਾਰ ਤੇ ਦੁਪੱਟਾ) ਵੀ ਦੇ ਦਿਓ ਤਾਂ ਜੋ ਮਨ ਵਿਚ ਬੁਰਾ ਮਹਿਸੂਸ ਨਾ ਕਰੇ।’ ਕਲ ਨੇ ਕਿਹਾ, ‘ਖੰਡ, ਖੀਰ ਤੇ ਮਿੱਠੀਆਂ ਰੋਟੀਆਂ ਸੰਤ ਮਹਾਤਮਾ ਬਹਿ ਕੇ ਖਾਂਦੇ ਹਨ ਪਰ ਸਾਡੀ ਖ਼ੁਰਾਕ ਹੈ ਆਦਮੀਆਂ ਦਾ ਲਹੂ ਤੇ ਚਰਬੀ। ਮੈਂ ਯੁੱਧ ਭੂਮੀ ਵਿਚ ਮੰਨੇ-ਪਰਮੰਨੇ ਸੂਰਬੀਰਾਂ ਨੂੰ ਮਾਰਦੀ ਹਾਂ ਜਿਨ੍ਹਾਂ ਨੂੰ ਕਿ ਆਪਣੀ ਪੱਗ ਤੇ ਦਾੜ੍ਹੀ ਦੀ ਸ਼ਰਮ ਹੁੰਦੀ ਹੈ ਤੇ ਮਾਂ ਪਿਓ ਦੀ ਲਾਜ ਵੀ ਰੱਖਣੀ ਚਾਹੁੰਦੇ ਹੁੰਦੇ ਹਨ।

ਉਹ ਮਹਿਰਮ ਦੀਨ ਇਸਲਾਮ ਦੇ, ਹੈਨ ਪਾਕ ਨਿਮਾਜੀ
ਜਿਨ੍ਹਾਂ ਨੂੰ ਦਿਤਾ ਗੁਸਲ ਫਰਿਸ਼ਤਿਆਂ, ਪੜ੍ਹ ਸੂਰਤ ਸਬਾਬੀ।
ਸਿਰ ਦਿੰਦੇ ਰਬ ਦੇ ਵਾਸਤੇ, ਆਪ ਥੀਂਦੇ ਗਾਜ਼ੀ।
ਉਨ੍ਹਾਂ ਦੇ ਹੂਰਾਂ ਲਿਆਈਆਂ ਕੱਪੜੇ, ਪੋਸ਼ਾਕ ਗੁਲਾਬੀ।
ਚਾਦਰ, ਤਹਿਮਤ ਤੇ ਕੁਲਾਹ, ਪਹਿਨ ਸੂਰਤ ਫਉਕਰਾ ਦੀ।
ਉਨ੍ਹਾਂ ਦੀਆਂ ਕੀਤੀਆਂ ਸਫਾਂ ਪਗੰਬਰਾਂ, ਭੱਜ ਰਲੇ ਜਨਾਜ਼ੀ।
ਉਨ੍ਹਾਂ ਜਾ ਕੇ ਪਾਈ ਬਹਿਸ਼ਤ ਵਿਚ, ਸ਼ਹਾਦਤ ਸ਼ਾਦੀ।
ਉਹ ਜਾ ਹਜ਼ੂਰ ਰਸੂਲ ਦੇ, ਹੋਏ ਮੇਰਾਜੀ।’

‘ਉਹ ਇਸਲਾਮ ਧਰਮ ਦੇ ਜਾਣੂ ਤੇ ਪਵਿੱਤਰ ਜੀਵਨ ਜੀਊਣ ਵਾਲੇ ਤੇ ਪੰਜੇ ਵਕਤ ਨਮਾਜ਼ ਪੜ੍ਹਨ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਫ਼ਰਿਸ਼ਤੇ ਇਸ਼ਨਾਨ ਕਰਾਉਂਦੇ ਤੇ ਕੁਰਾਨ ਦੇ ਸਲੋਕ (ਸੂਰਤ ਸਬਾਬੀ) ਪੜ੍ਹ ਕੇ ਸਵਰਗ ਵਿਚ ਲੈ ਜਾਂਦੇ ਹਨ। ਇਹ ਲੋਕ ਰੱਬੀ ਕੰਮ ਦੇ ਵਾਸਤੇ ਆਪਣੀ ਜਾਨ ਦੇਣ ਦੇ ਕਾਰਨ ਗਾਜ਼ੀ (ਧਰਮ ਯੁੱਧ ਵਿਚ ਮਰਨ ਵਾਲੇ) ਅਖਵਾਉਂਦੇ ਹਨ। ਉਨ੍ਹਾਂ ਨੂੰ ਗੁਲਾਬੀ ਪੁਸ਼ਾਕ ਪਹਿਨਾਉਣ ਦੀ ਸੇਵਾ ਹੂਰਾਂ ਆਪ ਕਰਦੀਆਂ ਹਨ। ਉਹ ਚਾਦਰ, ਤਹਿਮਤ ਤੇ ਕੁਲਾਹ ਪਹਿਨ ਕੇ ਫ਼ਕੀਰਾਂ ਦਾ ਰੂਪ ਜਾਪਣ ਲੱਗ ਜਾਂਦੇ ਹਨ। ਪੈਗੰਬਰ ਵੀ ਨੱਸ ਕੇ ਉਨ੍ਹਾਂ ਦੀ ਅਰਥੀ (ਨੜੋਏ) ਨਾਲ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾਂ ਦੇ ਨਮਿੱਤ ਕੀਤੀ ਜਾਣ ਵਾਲੀ ਅੰਤਮ ਅਰਦਾਸ ਸਮੇਂ ਪੰਗਤ ਵਿਚ ਖੜੋ ਕੇ ਅਰਦਾਸ ਕਰਦੇ ਹਨ। ਉਹ ਸਵਰਗ ਵਿਚ ਪਹੁੰਚ ਕੇ ਸ਼ਹੀਦ ਦਾ ਦਰਜਾ ਪ੍ਰਾਪਤ ਕਰਕੇ ਸਦੀਵੀ ਸੁਖ ਮਾਣਦੇ ਹਨ। ਉਹ ਰਸੂਲ (ਰੱਬ ਦੇ ਸੰਦੇਸ਼ਕ) ਹਜ਼ਰਤ ਮੁਹੰਮਦ ਸਾਹਿਬ ਦੇ ਖਾਸ ਨਿਵਾਸ ਅਸਥਾਨ (ਮਹਿਰਾਜ) ਵਿਚ ਦਾਖਲ ਹੋ ਜਾਂਦੇ ਹਨ।’

ਵਜ਼ੀਰ ਆਂਹਦਾ : ‘ਕਲ ਰਾਣੀਏਂ, ਤੇਰੀ ਬੜੀ ਅਵੱਸਥਾ।
ਤੇਰੀ ਅੱਖੀਆਂ ਨੇ ਲਹੂ-ਚੱਟੀਆਂ, ਤੇ ਜ਼ਬਾਨ ਕੁਰੱਖਤਾ।
ਤੈਨੂੰ ਉੜ ਕੇ ਤੁਰਦੀ ਨੂੰ ਵੇਖ ਕੇ, ਕੁਲ ਆਲਮ ਹੱਸਦਾ।
ਤੇ ਸੂਰਤ ਤੇਰੀ ਵੇਖ ਕੇ ਕੁਲ ਬਾਲਕ ਨੱਸਦਾ।
ਤੂੰ ਮੱਲ ਅਖਾੜੇ ਵੇਖਣੇ, ਤੇਰੀ ਬੜੀ ਅਵੱਸਥਾ।
ਮੁਲਕ ਅਸਾਡਾ ਅਵਾਦਾਨ, ਸਭ ਜੌਂਕੀ ਵੱਸਦਾ।
ਏਥੇ ਹੋਰ ਅਰਜ਼ਾਨੀ ਹੈ ਸਭ ਚੀਜ਼, ਇਕ ਮਾਸ ਨਹੀਂ ਸਸਤਾ।
ਤੂੰ ਆਈ ਏਂ ਰਾਤ ਸਰਾਇ ਰਹਿਣ, ਘਤ ਬੈਠੀ ਏਂ ਫੱਸਤਾ।
ਪਰ ਤੁਰ ਜਾ ਮੁਲਕ ਤੂੰ ਆਪਣੇ, ਫੜ ਫਜਰੀ ਰਸਤਾ।’

ਵਜ਼ੀਰ ਆਖਣ ਲੱਗਾ– ‘ਕਲ ਰਾਣੀਏਂ! ਤੂੰ ਬਹੁਤ ਵੱਡੀ ਉਮਰ ਦੀ ਹੋ ਚੁੱਕੀ ਏਂ, ਤੇਰੀਆਂ ਅੱਖਾਂ ‘ਚੋਂ ਲਹੂ ਸੁੱਕ ਚੁੱਕਾ ਹੈ ਤੇ ਜ਼ਬਾਨ ਬੜੀ (ਖਰ੍ਹਵੀ) ਸਖ਼ਤ ਏ। ਤੈਨੂੰ ਝੁਕ ਕੇ ਤੁਰਦੀ ਨੂੰ ਦੇਖ ਕੇ ਸਾਰੀ ਦੁਨੀਆ ਹੱਸਦੀ ਏ ਤੇ ਤੇਰੀ ਸ਼ਕਲ ਦੇਖਦੇ ਸਾਰ ਸਭ ਬੱਚੇ ਡਰ ਕੇ ਨੱਸ ਜਾਂਦੇ ਹਨ। ਯੁੱਧ ਭੂਮੀ ਵਿਚ ਯੋਧਿਆਂ ਨੂੰ ਲੜਦੇ ਮਰਦੇ ਦੇਖਦਿਆਂ ਤੇਰੀ ਲੰਮੀ ਉਮਰ ਲੰਘੀ ਹੈ। ਸਾਡਾ ਮੁਲਕ (ਈਰਾਨ) ਬੜੀ ਚਹਿਲ-ਪਹਿਲ ਵਿਚ ਵੱਸਦਾ ਹੈ। ਏਥੇ ਹੋਰ ਤਾਂ ਸਭ ਚੀਜ਼ਾਂ ਸਸਤੀਆਂ ਹਨ ਪਰ (ਆਦਮੀ ਦਾ) ਮਾਸ ਸਸਤਾ ਨਹੀਂ। ਤੂੰ ਏਥੇ ਸਰਾਂ ਵਿਚ ਇਕ ਰਾਤ ਕੱਟਣ ਲਈ ਆਈ ਸੈਂ, ਪਰ ਝਗੜਾ ਸ਼ੁਰੂ ਕਰ ਬੈਠੀ ਏਂ। ਬਸ, ਸਵੇਰ ਹੁੰਦਿਆਂ ਹੀ ਆਪਣੇ ਮੁਲਕ ਨੂੰ ਵਾਪਸ ਮੁੜਨ ਲਈ ਰਸਤੇ ਪੈ ਜਾਹ।’

ਕਲ ਆਂਹਦੀ ਵਜ਼ੀਰ ਨੂੰ, ਲੈ ਵਿਦਾ ਅਸਾਡੀ।
ਮੈਂ ਗੱਲ ਸੁਣਾਵਾਂ ਕਲ੍ਹ ਦੀ, ਕੁਝ ਨਾਹੀਂ ਦੁਰਾਡੀ।
ਜਦੋਂ ਗਿਆ ਤੈਮੂਰ ਵੈਰਾਨ ਕਰ, ਵਲਾਇਤ ਤੁਹਾਡੀ।
ਤੇ ਬਾਕੀ ਨ ਛਡ ਗਿਆ, ਕੁਝ ਬੋ ਅਬਾਦੀ।
ਤੁਹਾਡੀ ਮਾਲ ਵਲਾਇਤ ਨੂੰ ਲੁਟ ਕੇ, ਲੈ ਗਏ ਪੰਜਾਬੀ।
ਲੈ ਗਏ ਸਿਰੋਂ ਉਤਾਰਕੇ, ਦਸਤਾਰ ਤੁਸਾਡੀ।
ਆਪ ਗਿਆ ਜਹਾਨਾਬਾਦ ਨੂੰ, ਹੋ ਮੱਕੇ ਦਾ ਹਾਜੀ।
ਤੁਹਾਡੇ ਖਾਧੇ ਊਠਾਂ ਤੇ ਹਾਥੀਆਂ, ਚੁਣ ਮੇਵੇ ਬਾਗ਼ੀ।
ਕਾਹਨੂੰ ਲਈਓ ਜੇ ਹੱਤ ਕਰ, ਬੇਗਾਨੀ ਭਾਜੀ?
ਜੇ ਮੂਲ ਨਹੀਂ ਸਾ ਜੇ ਦੇਵਣੀ, ਤਦ ਪਾਈ ਖਰਾਬੀ!
ਹੁਣ ਦੂਣ ਦੇਈਏ ਘਰ ਜਾਇਕੇ, ਤਦ ਹੁੰਦੈ ਰਾਜ਼ੀ!
ਪਰ ਕਦੋਂ ਹਾਸਲ ਹੋਈ ਸੀ ਬਾਜ ਨੂੰ, ਆਜ਼ਤ ਮੁਰਗ਼ਾਬੀ?’

ਕਲ ਬੱਕੀ ਖ਼ਾਂ ਵਜ਼ੀਰ ਨੂੰ ਕਹਿਣ ਲੱਗੀ, ‘ਅੱਛਾ, ਅਲਵਿਦਾ (ਮੈਂ ਵਾਪਸ ਜਾਣ ਦੀ ਆਗਿਆ ਚਾਹੁੰਦੀ ਹਾਂ) ਪਰ ਮੈਂ ਇਕ ਤਾਜ਼ੀ ਜਿਹੀ ਗੱਲ ਸੁਣਾਉਣ ਲੱਗੀ ਹਾਂ, ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਜਦੋਂ ਤੈਮੂਰ (ਚੁਗੱਤਾ) ਤੁਹਾਡੇ ਦੇਸ਼ ਈਰਾਨ ਨੂੰ ਤਬਾਹ ਕਰ ਰਿਹਾ ਸੀ : (ਤੇ ਏਨੇ ਲੋਕਾਂ ਨੂੰ ਮਾਰ ਗਿਆ ਸੀ ਕਿ) ਸੁੰਘਿਆਂ ਵੀ ਕੋਈ ਬੰਦਾ ਨਹੀਂ ਸੀ ਲੱਭਦਾ : ਤੁਹਾਡੇ ਦੇਸ਼ ਦਾ ਧਨ ਲੁੱਟ ਕੇ ਜੋ (ਚੁਗੱਤੇ) ਲੈ ਗਏ ਸਨ, ਉਨ੍ਹਾਂ ਦਾ ਹੀ ਅੱਜਕਲ੍ਹ ਪੰਜਾਬ ਵਿਚ ਰਾਜ ਹੈ। ਉਹ ਤੁਹਾਡਾ ਅਪਮਾਨ ਕਰਕੇ (ਸਿਰੋਂ ਪੱਗ ਲਾਹ ਕੇ ਲੈ) ਗਏ ਸਨ। ਉਹ ਤੈਮੂਰ ਮੱਕੇ ਦਾ ਹਾਜੀ ਹੋਣ ਪਿੱਛੋਂ ਮਰ ਚੁੱਕਾ ਹੋਇਆ ਹੈ। (ਬੰਦੇ ਸਾਰੇ ਮਰ ਜਾਣ ਕਰਕੇ) ਊਠਾਂ ਤੇ ਹਾਥੀਆਂ ਨੇ ਤੁਹਾਡੇ ਬਾਗ਼ਾਂ ਦੇ ਮੇਵੇ ਰੱਜ ਰੱਜ ਕੇ ਖਾਧੇ ਸਨ। ਜੇ ਤੁਹਾਡੇ ਵਿਚ ਵਾਪਸ ਮੋੜਨ ਦੀ ਹਿੰਮਤ ਨਹੀਂ ਸੀ ਤਾਂ ਇਹ ਪਰਾਈ ਭਾਜੀ ਲੰਮਾ ਹੱਥ ਵਧਾ ਕੇ ਫੜਨੀ ਹੀ ਕਾਹਨੂੰ ਸੀ? ਤੁਹਾਨੂੰ ਵਿਹਾਰ ਵਿਚ ਖਰਾਬੀ ਨਹੀਂ ਸੀ ਪਾਉਣੀ ਚਾਹੀਦੀ। ਹੁਣ ਜੇ ਉਨ੍ਹਾਂ ਦੇ ਘਰ ਜਾ ਕੇ ਦੂਣੀ ਭਾਜੀ (ਤੋਹਫ਼ਾ ਭਾਵ ਕਤਲ-ਏ-ਆਮ ਤੇ ਲੁੱਟ-ਖਸੁੱਟ) ਮੋੜੀਏ ਤਾਂ ਹੀ ਉਹ ਖੁਸ਼ ਹੋਣਗੇ। ਪਰ, ਨਮਾਣੀ

ਮੁਰਗਾਬੀ ਨੂੰ ਬਾਜ ਜਿਹੀਆਂ ਇੱਜ਼ਤਾਂ ਕਿੱਥੇ ਮਿਲ ਸਕਦੀਆਂ ਹਨ?’

ਵਜ਼ੀਰ ਆਂਹਦਾ : ‘ਜਾਹ! ਅੱਖੀਂ ਅੱਗੋਂ ਦੂਰ ਹੋ, ਰੰਨੇ ਬਦਕਾਰੇ।
ਏਸ ਬੋਲੀ ਦੀ ਰਪਟ ਤੇਰੀ, ਜਾ ਪਹੁੰਚੀ ਸਰਕਾਰੇ।
ਅਸਾਂ ਕਰਕੇ ਘੱਲੇ ਨੇ ਏਲਚੀ, ਸਭ ਬਲਖ ਬੁਖ਼ਾਰੇ।
ਅਸਾਂ ਦਿੱਤੇ ਨੇ ਘੱਤ ਵਲਾਇਤੀ, ਲਿਖ ਕੇ ਹਲਕਾਰੇ।
ਫੌਜਾਂ ਹੋਣ ਇਕੱਠੀਆਂ, ਆਵਣ ਸਰਕਾਰੇ।
ਏਸ ਅਸਾਡੇ ਮੁਲਕ ਵਿਚ, ਦੁਰਾਨੀ ਭਾਰੇ।
ਅਸੀਂ ਸੱਭੇ ਦੇਈਏ ਹਾਜ਼ਰੀ, ਚੱਲ ਸ਼ਹਿਰ ਕੰਧਾਰੇ।
ਉਹ ਸਭੇ ਆਖਣ ਨੀਯਤ-ਖ਼ੈਰ, ਰਲ ਮੋਮਨ ਸਾਰੇ।
ਅਸਾਂ ਸਰਪਰ ਦਿੱਲੀ ਮਾਰਨੀ ਘਤ ਜ਼ੋਰ ਤਲਵਾਰੇ।
ਅਸਾਂ ਲੁਟਣੇ ਸਭ ਜਵਾਹਰੀਏ, ਅਰ ਸ਼ਾਹ ਵਣਜਾਰੇ।
ਅਸਾਂ ਉੜਦੂ, ਝੰਡੇ ਲੁਟਣੇ, ਔਰ ਰਸਤ ਬਜ਼ਾਰੇ।
ਸਤਰਾਂ ਵਿਚੋਂ ਬੀਬੀਆਂ, ਕੱਢ ਦਿਓ ਕਿਨਾਰੇ.
ਬਦਲਾ ਉਸ ਦਸਤਾਰ ਦਾ, ਰੱਬ ਅੱਜ ਉਤਾਰੇ।
ਪਰ ਮਾਨੋ ਮੱਕੇ ਦਿਆਂ ਹਾਜੀਆਂ, ਸੈ ਹੱਜ ਗੁਜ਼ਾਰੇ।’

ਵਜ਼ੀਰ ਨੇ ਕਿਹਾ, ‘ਹੇ ਬਦਚਲਨ ਇਸਤਰੀ! ਜਾਹ ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾ। ਤੇਰੇ ਇਸ ਤਾਅਨੇ ਦੀ ਇਤਲਾਹ ਬਾਦਸ਼ਾਹ ਨਾਦਰ ਸ਼ਾਹ ਤੱਕ ਜਾ ਪਹੁੰਚੀ ਹੈ। ਅਸਾਂ ਬਲਖ, ਬੁਖ਼ਾਰੇ ਤੇ ਹੋਰ ਦੂਜੀਆਂ ਥਾਵਾਂ ‘ਤੇ ਚਿੱਠੀਆਂ ਦੇ ਕੇ ਸੰਦੇਸ਼ਕ ਭੇਜ ਦਿੱਤੇ ਹਨ ਕਿ ਸਭ ਫੌਜਾਂ ਇਕੱਠੀਆਂ ਹੋ ਕੇ ਹਜ਼ੂਰ ਬਾਦਸ਼ਾਹ (ਨਾਦਰ ਸ਼ਾਹ) ਪਾਸ ਪਹੁੰਚ ਜਾਣ। ਸਾਡੇ ਮੁਲਕ ਵਿਚ ਦੁੱਰਾਨੀ ਸੂਰਬੀਰ ਵੀ ਹਨ। ਸਾਨੂੰ ਸਾਰਿਆਂ ਨੂੰ ਸ਼ਹਿਰ ਕੰਧਾਰ ਵਿਚ ਪਹੁੰਚ ਕੇ ਹਾਜ਼ਰੀ ਦੇਣ ਦਾ ਹੁਕਮ ਮਿਲਿਆ ਹੈ’ ਤੇ ਉਥੇ ਸਭ ਮੋਮਨ ਰੱਬ ਅੱਗੇ ਪ੍ਰਾਰਥਨਾ ਕਰਨਗੇ ਕਿ ਰੱਬ ਸਾਡੀ ਨੀਅਤ ਸਾਫ਼ ਰੱਖੇ। ਅਸੀਂ ਤਲਵਾਰ ਦੇ ਜ਼ੋਰ ਨਾਲ ਦਿੱਲੀ ਜ਼ਰੂਰ-ਬਰ-ਜ਼ਰੂਰ ਜਿੱਤਣੀ ਹੈ।’ਅਸਾਂ ਸਭ ਹੀਰੇ-ਜਵਾਹਰਾਤਾਂ ਦੇ ਵਪਾਰੀ, ਸ਼ਾਹੂਕਾਰ ਤੇ ਹੋਰ ਵੱਡੇ ਸੌਦਾਗਰ ਲੁੱਟ ਲੈਣੇ ਹਨ। ਅਸਾਂ ਝੰਡੇ ਝੂਲਦੀਆਂ ਛਾਉਣੀਆਂ ਤੇ ਬਾਜ਼ਾਰਾਂ ਦੀ ਰਸਦ ਲੁੱਟ ਲੈਣੀ ਹੈ। ਹਿੰਦੁਸਤਾਨੀਆਂ ਦੇ ਜ਼ਨਾਨਾਖ਼ਾਨਿਆਂ ਵਿਚੋਂ ਇਸਤਰੀਆਂ ਵੱਖਰੀਆਂ ਕੱਢ ਲਿਆਉਣੀਆਂ ਹਨ। ਰੱਬ ਅੱਗੇ ਅਰਦਾਸ ਹੈ ਕਿ ਉਹ ਸਾਡੀ ਪੁਰਾਣੀ ਬੇਇੱਜ਼ਤੀ (ਦਿੱਲੀ ਦੇ ਚੁਗੱਤੇ ਸ਼ਹਿਨਸ਼ਾਹ ਮੁਹੰਮਦ ਸ਼ਾਹ ਦੇ ਬਜ਼ੁਰਗ ਤੈਮੂਰ ਚੁਗੱਤੇ ਨੇ ਈਰਾਨ ਤਬਾਹ ਕੀਤਾ ਸੀ) ਦਾ ਬਦਲਾ ਹੁਣ ਮੁੜਾ ਦੇਵੇ। ਇਹ ਸਾਡੇ ਲਈ ਮੱਕੇ ਦੇ ਸੌ ਹੱਜ ਕਰ ਲੈਣ ਤੋਂ ਵਧੇਰੇ ਪਵਿੱਤਰ ਗੱਲ ਹੋਵੇਗੀ।’

12. ਨਾਰਦ ਦਾ ਮੁਹੰਮਦ ਸ਼ਾਹ ਨੂੰ ਚਮਕਾਉਣਾ

ਨਾਰਦ ਮੁਹੰਮਦ ਸ਼ਾਹ ਅੱਗੇ, ਜਾ ਕਰੇ ਸਵਾਲ :
‘ਵੇਖੀਂ ਕਿਬਲਾ ਆਲਮੀ, ਅੱਜ ਮੇਰਾ ਹਾਲ।
ਮੇਰੇ ਸਿਰ ਤੇ ਗੁਜ਼ਰਿਆ, ਹੈ ਇਕ ਜ਼ਵਾਲ।
ਇਕ ਘਰੋਂ ਜ਼ਨਾਨੀ ਟੁਰ ਗਈ, ਦੂਜੀ ਭੁਖ ਕਮਾਲ।
ਜਦੋਂ ਗਿਆ ਤੈਮੂਰ ਵਲਾਇਤੀਂ, ਮੈਂ ਤਦੋਂ ਸਾਂ ਨਾਲ।
ਉਸ ਲੁੱਟੀਆਂ ਸਭ ਵਲਾਇਤਾਂ, ਕੀਤੀਆਂ ਪਾਮਾਲ।
ਕਰ ਸਿਰੀਆਂ ਦੇ ਦਮਦਮੇ ਰੱਤੀਂ ਦੇ ਖਾਲ।
ਮੈਂ ਤਦੋਂ ਸੀ ਵਰਤ ਉਪਾਰਿਆ, ਘਤ ਭੋਜਨ ਥਾਲ।
ਪਰ ਤੂੰ ਪੀਰ ਚੁਗੱਤਿਆ ਬਾਦਸ਼ਾਹ, ਅੱਜ ਰੱਜ ਖਵਾਲ।’
ਬਾਦਸ਼ਾਹ ਆਖੇ : ‘ਨਾਰਦ ਨੂੰ, ਲੈ ਜਾਓ ਬਜ਼ਾਰੇ।
ਤੇ ਕਰ ਦਿਓ ਇਸ ਦੀ ਤਾਬਿਆ ਹਲਵਾਈ ਸਾਰੇ।
ਕੱਠੀ ਕਰ ਦਿਓ ਮੇਦਨੀ, ਭਰ ਦਿਓ ਤਗ਼ਾਰੇ।
ਖੰਡ ਪੇੜੇ ਜਲੇਬੀਆਂ, ਔਰ ਸ਼ੱਕਰਪਾਰੇ।
ਲੱਡੂ, ਮੱਠੇ ਤੇ ਮੋਹਨਭੋਗ, ਔਰ ਗਰੀ ਛੁਹਾਰੇ।

ਨਾਰਦ ਨੇ ਬਾਦਸ਼ਾਹ ਮੁਹੰਮਦ ਸ਼ਾਹ ਦੇ ਦਰਬਾਰ ਵਿਚ ਜਾ ਕੇ ਬੇਨਤੀ ਕੀਤੀ-‘ਹੇ ਦੁਨੀਆ ਤੇ ਸਤਿਕਾਰਯੋਗ ਵਿਅਕਤੀ! ਮੇਰੀ ਹਾਲਤ ਵੱਲ ਧਿਆਨ ਦਿਓ। ਮੇਰੀ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ। ਇਕ ਤਾਂ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਹੈ ਅਤੇ ਦੂਜੀ ਮੇਰੇ ਘਰ ਵਿਚ ਅਤਿ ਦੀ ਭੁੱਖ ਨੰਗ ਵਾਪਰੀ ਹੋਈ ਹੈ। ਜਦੋਂ (ਤੁਹਾਡੇ ਚੁਗੱਤਾ ਵੰਸ਼ ਦੇ ਬਜ਼ੁਰਗ) ਤੈਮੂਰ ਨੇ੩ਦੂਜੇ ਮੁਲਕਾਂ ਈਰਾਨ ਆਦਿ ‘ਤੇ ਹਮਲੇ ਕੀਤੇ ਸਨ ਉਦੋਂ ਮੈਂ ਵੀ ਉਹਦੇ ਨਾਲ ਸੀ। ਉਹਨੇ ਸਭ ਦੇਸ਼ ਲੁੱਟ ਲਏ ਸਨ ਅਤੇ ਉਨ੍ਹਾਂ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ। ਉਸ ਨੇ (ਦੁਸ਼ਮਣ ਦੀਆਂ) ਸਿਰੀਆਂ ਦੇ ਢੇਰ ਲਾ ਦਿੱਤੇ ਸਨ ਤੇ ਲਹੂ ਦੇ ਖਾਲ ਵਗਾ ਦਿੱਤੇ ਸਨ। ਮੈਂ ਉਦੋਂ ਥਾਲ ਪਰੋਸ ਕੇ ਖਾਣਾ ਖਾਧਾ ਸੀ ਤੇ ਆਪਣਾ ਵਰਤ ਤੋੜਿਆ ਸੀ। ਤੂੰ ਵੀ ਉਸੇ ਚੁਗੱਤਾ ਵੰਸ਼ ਦਾ ਬਾਦਸ਼ਾਹ ਏਂ, ਅੱਜ ਮੈਨੂੰ ਰੱਜ ਕੇ ਭੋਜਨ ਖੁਆ।’ ਬਾਦਸ਼ਾਹ ਕਹਿਣ ਲੱਗਾ, ‘ਨਾਰਦ ਨੂੰ ਬਾਜ਼ਾਰ ਲੈ ਜਾਓ ਤੇ ਇਸ ਨੂੰ ਖੁਲ੍ਹ ਦੇ ਦਿਓ ਕਿ ਜਿਹੜੇ ਹਲਵਾਈ ਪਾਸੋਂ ਇਹਦਾ ਜੀ ਚਾਹੇ, ਜੋ ਕੁਝ ਇਹਦੀ ਮਰਜ਼ੀ ਹੋਵੇ, ਖਾ ਲਵੇ। ਇਹਦੇ ਅੱਗੇ ਮੈਦੇ ਦੀਆਂ ਮਠਿਆਈਆਂ ਦੇ ਬਾਲਟੇ ਭਰ ਕੇ ਰੱਖ ਦਿਓ। ਇਸ ਨੂੰ ਖੰਡ, ਪੇੜੇ, ਜਲੇਬੀਆਂ, ਸ਼ੱਕਰਪਾਰੇ, ਲੱਡੂ, ਮੱਠੇ, ਕੜਾਹ, ਗਰੀ, ਛੁਹਾਰੇ ਆਦਿ ਮਿਠਾਈਆਂ ਵੀ ਦਿਓ।’

ਨਾਰਦ ਆਵੇ ਨਹਾ ਕੇ, ਬਹਿ ਵਰਤ ਉਪਾਰੇ।
ਪਰ ਰੋਟੀ ਖਾਹ ਦੁਆ ਕੇ, ਬਹੁ ਠਾਕਰ ਦੁਆਰੇ।’

ਨਾਰਦ ਨਹਾ ਧੋ ਕੇ ਆਏ ਤੇ ਇਹ ਮਠਿਆਈਆਂ ਖਾ ਕੇ ਆਪਣਾ ਵਰਤ ਤੋੜੇ। ਫਿਰ ਇਹ ਰੋਟੀ ਖਾ ਕੇ ਸਾਨੂੰ ਅਸੀਸਾਂ ਦੇਵੇ ਤੇ ਠਾਕਰ ਦਵਾਰੇ ਜਾ ਕੇ ਆਰਾਮ ਕਰੇ।’ ਨਾਰਦ ਆਖਦਾ ਹੈ :

‘ਲੱਡੂ ਮੱਠੇ ਤੇ ਮੋਹਨਭੋਗ, ਇਹ ਕੰਮ ਨਹੀਂ ਮੇਰੇ।
ਮੈਂ ਦੱਸਾਂ ਸਭ ਹਕੀਕਤਾਂ, ਜੇ ਸੱਦੋ ਨੇੜੇ।
ਤੈਥੋਂ ਹੋਏ ਨੇ ਫਰਾਊਨ, ਮੁਸਾਹਿਬ ਤੇਰੇ।
ਇਨ੍ਹਾਂ ਗੁਫੀਆਂ ਲਿਖ ਕੇ ਅਰਜ਼ੀਆਂ, ਘਲੀਆਂ ਸੌ ਵੇਰੇ।
ਇਨ੍ਹਾਂ ਕਸਮਾਂ ਕਰ ਕੇ ਚਾੜ੍ਹੇ, ਨਾਦਰ ਦੇ ਡੇਰੇ।
ਓਸ ਸੱਦ ਲਏ ਨੇ ਮੁਲਕ ਤੋਂ, ਅਸਵਾਰ ਚੰਗੇਰੇ।
ਉਨ੍ਹਾਂ ਦੇ ਘੋੜੇ ਸਭ ਵਲਾਇਤੀ, ਹੈਣ ਪਰੇ ਪਰੇਰੇ।

ਨਾਰਦ ਨੇ ਕਿਹਾ੩’ਲੱਡੂ, ਮੱਠੇ ਤੇ ਕੜਾਹ ਆਦਿ ਮਿਠਾਈਆਂ ਮੇਰੇ ਕਿਸੇ ਕੰਮ ਨਹੀਂ। ਜੇ ਤੁਸੀਂ ਮੈਨੂੰ ਆਪਣੇ ਨੇੜੇ ਸੱਦ ਲਓਂ ਤਾਂ ਮੈਂ ਸਭ ਸੱਚੀ-ਸੱਚੀ ਗੱਲ ਦੱਸਾਂਗਾ। ਤੁਹਾਡੇ ਅਮੀਰ ਤੁਹਾਥੋਂ ਆਕੀ ਹੋਏ ਹੋਏ ਹਨ। ਇਨ੍ਹਾਂ ਕਈ ਵਾਰੀ ਖ਼ੁਫੀਆ ਅਰਜ਼ੀਆਂ ਲਿਖ ਕੇ ਨਾਦਰ ਸ਼ਾਹ ਵਲ ਭੇਜੀਆਂ ਹਨ। ਇਨ੍ਹਾਂ ਨਾਦਰ ਸ਼ਾਹ ਨੂੰ ਫੌਜੀ ਚੜ੍ਹਾਈ ਲਈ ਪ੍ਰੇਰਿਆ ਹੈ ਤੇ ਉਹਨੂੰ ਸਹਾਇਤਾ ਦੇਣ ਦੀਆਂ ਕਸਮਾਂ ਖਾਧੀਆਂ ਹਨ। ਉਹਨੇ ਆਪਣੇ ਦੇਸ਼ ਤੋਂ ਚੰਗੇ-ਚੰਗੇਰੇ ਅਸਵਾਰ ਬੁਲਾ ਲਏ ਹਨ। ਉਨ੍ਹਾਂ ਦੇ ਘੇੜੇ ਪ੍ਰਦੇਸਾਂ ਤੋਂ ਮੰਗਵਾਏ ਹੋਏ ਤੇ ਚੰਗੇ ਤੋਂ ਚੰਗੇ ਹਨ।

ਇਕ, ਦੁਅੱਕ, ਨਕੰਦ ਤੇ ਨਵੇਂ ਪੰਜ, ਐਲਾਕ ਵਛੇਰੇ।
ਉਹ ਚਿੱਲੀ ਖਾਂਦੇ ਘਾਹ ਦੀ, ਰਾਤਬ ਦਹਿ ਸੇਰੇ।
ਉਹ ਭਾਰ ਉਠਾਂਦੇ ਸ਼ੁਤਰ ਦਾ, ਖੁਸ਼ਕੀ ਦੇ ਬੇੜੇ।
ਆਨ ਇਸਫ਼ਹਾਨ ਦੇ ਮੁਲਕ ਵਿਚ, ਘੱਤ ਬੈਠੇ ਘੇਰੇ।
ਜਿਉਂ ਰਾਤੀਂ ਉਤਰੀ ਮਕੜੀ, ਉੱਡ ਚੜ੍ਹੀ ਸਵੇਰੇ।
ਦਿਹੁੰ ਚੰਨ ਛਪੇ ਨੇ ਗਰਦ ਵਿਚ, ਪੈ ਗਏ ਹਨੇਰੇ।
ਪਰ ਨਾਦਰ ਸ਼ਾਹ ਬਾਲਾਸਾਰ ਵਿਚ ਲਸ਼ਕਰ ਚੁਫੇਰੇ।’

ਉਨ੍ਹਾਂ ਵਿਟਚ ਇਕ ਦੰਦੀ ਵਾਲੇ, ਦੋ ਦੰਦੀਆਂ ਵਾਲੇ, ਦੁੱਧ ਦੀਆਂ ਦੰਦੀਆਂ ਵਾਲੇ ਵਛੇਰੇ, ਨਵੇਂ ਪੰਜ (ਨਵੇਂ ਪੰਜ ਦੰਦਾਂ ਵਾਲੇ) ਤੇ ਅਲਬਖ (ਦੋ ਰੰਗੇ) ਘੋੜੇ ਹਨ। ਉਹ ਇਕ ਤੰਗੜ ਘਾਹ ਦਾ ਤੇ ਦਸ ਸੇਰ ਖ਼ੁਰਾਕ (ਦਾਣਾ, ਮਸਾਲਾ ਆਦਿ) ਖਾਂਦੇ ਹਨ। ਉਹ ਊਠਾਂ ਜਿੰਨਾ ਭਾਰ ਚੁੱਕ ਲੈਂਦੇ ਹਨ, ਉਹ ਤਾਂ ਨਿਰੇ ਧਰਤੀ ਦੇ ਜਹਾਜ਼ ਹਨ। ਨਾਦਰ ਸ਼ਾਹੀ ਫੌਜ ਨੇ ਇਸਫ਼ਹਾਨ ਦੇਸ਼ ਵਿਚ ਘੇਰਾ ਪਾਇਆ ਹੋਇਆ ਹੈ। ਜਿਸ ਤਰ੍ਹਾਂ ਰਾਤੀਂ ਟਿੱਡੀ ਦਲ ਕਿਸੇ ਥਾਂ ਉਤਰਿਆ ਹੋਵੇ ਤੇ ਦਿਨੇ ਉੱਡ ਕੇ ਅੱਗੇ ਚਲੇ ਜਾਂਦੇ ਹਨ। ਫੌਜ ਦੇ ਚੱਲਣ ਨਾਲ ਜੋ ਧੂੜ ਉਡਦੀ ਹੈ, ਉਸ ਦੇ ਘੱਟੇ ਨਾਲ ਚੰਦ ਤੇ ਸੂਰਜ ਛੁਪ ਜਾਂਦੇ ਹਨ੩ਚਾਰ-ਚੁਫੇਰੇ ਹਨੇਰਾ ਛਾ ਜਾਂਦਾ ਹੈ-ਨਾਦਰ ਸ਼ਾਹ ਦੀ ਫੌਜ ਏਸ ਸਮੇਂ ਬਾਲਾਸਾਰ (ਪਿਸ਼ਾਵਰ ਤੋਂ ਵੀਹ ਮੀਲ) ਦੇ ਚਾਰ-ਚੁਫੇਰੇ ਫੈਲੀ ਹੋਈ ਹੈ।’

13. ਦੁਰਾਨੀਆਂ ਦੀ ਨਾਦਰ ਸ਼ਾਹ ਪਾਸੋਂ ਮੰਗ

ਸੁਣੀ ਮੁਹਿੰਮ ਦੁਰਾਨੀਆਂ ਹੋਏ ਗਮਨਾਕ।
ਸੱਭੇ ਰਲ ਕੇ ਅਰਜ਼ ਕਰੋ, ਕਿਬਲਾ ਦੇ ਪਾਸ।
ਉਹ ਸੱਭੇ ਆਏ ਰੁਬਰੂ ਕਰਕੇ ਇਤਫ਼ਾਕ :
‘ਸਾਡਾ ਕੋਈ ਨਹੀਂ ਗਿਆ ਉਸ ਮੁਲਕ, ਦਾਦਾ ਨਹੀਂ ਬਾਪ।
ਅੱਜ ਤੂੰ ਦਾਈਆ ਕੀਤਾ ਈ ਬਾਦਸ਼ਾਹ, ਮੁਮਾਰਖ ਲਾਖ।
ਸਾਡੇ ਘੋੜੇ ਸਭ ਵਲਾਇਤੀ, ਹੈਨ ਚੁਸਤ ਚਲਾਕ।
ਪਿਛਲੀਆਂ ਸਭ ਛਿਮਾਹੀਆਂ, ਕਰ ਦੇ ਬੇਬਾਕ।
ਅੱਗੇ ਤਲਬਾਂ ਕਰ ਦੇ ਦੂਣੀਆਂ, ਫੜ ਕਲਮ ਦਵਾਤ।
ਲੋਟੀ ਤੇ ਬੰਧ ਪੰਜਾਬ ਦੀ, ਸਭ ਕਰ ਦੇ ਮਾਫ਼।
ਖਲਕਤ ਜਾਹਗੁ ਪਹਾੜ ਨੂੰ, ਰਹਿਗੁ ਕਿਧਰੇ ਵਾਸੁ।
ਦਿੱਲੀ ਤਾਈਂ ਬਾਦਸ਼ਾਹ, ਵੇਖ ਰਸਤਾ ਸਾਫ਼।’

ਜਦੋਂ ਦੁਰਾਨੀਆਂ ਨੇ ਨਾਦਰਸ਼ਾਹੀ ਫੌਜ ਦੀ ਚੜ੍ਹਾਈ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੂੰ ਬੜਾ ਫ਼ਿਕਰ ਲੱਗਾ। ਉਨ੍ਹਾਂ ਸਭਨਾਂ ਨੇ ਮਤਾ ਪਕਾਇਆ ਕਿ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਅਰਜ਼ ਕਰਨੀ ਚਾਹੀਦੀ ਹੈ। ਉਹ ਸਾਰੇ ਏਕਾ ਕਰਕੇ ਨਾਦਰ ਸ਼ਾਹ ਦੇ ਸਾਹਮਣੇ ਪੇਸ਼ ਹੋਏ : ‘ਸਾਡਾ ਪਿਓ ਦਾਦਾ ਜਾਂ ਕੋਈ ਹੋਰ ਵੱਡਾ ਵਡੇਰਾ ਵੀ ਉਸ ਮੁਲਕ (ਹਿੰਦੁਸਤਾਨ) ਉੱਤੇ ਚੜ੍ਹਾਈ ਕਰਨ ਲਈ ਨਹੀਂ ਗਿਆ। ਹੇ ਬਾਦਸ਼ਾਹ ਸਲਾਮਤ! ਅੱਜ ਤੂੰ ਉਥੇ ਚੱਲਣ ਦਾ ਜੋ ਇਰਾਦਾ ਧਾਰਿਆ ਹੈ੩ਏਸ ਗੱਲ ਲਈ ਅਸੀਂ ਤੈਨੂੰ ਲੱਖ-ਲੱਖ ਵਧਾਈਆਂ ਦਿੰਦੇ ਹਾਂ। ਸਾਡੇ ਸਾਰੇ ਘੋੜੇ ਵਲਾਇਤੀ (ਈਰਾਨੀ-ਅਫ਼ਗਾਨੀ) ਤੇ ਚੁਸਤ ਚਲਾਕ ਹਨ। ਪਿਛਲੀਆਂ ਛੇ ਮਹੀਨਿਆਂ ਦੀ ਤਨਖਾਹ ਸਾਨੂੰ ਦੇ ਕੇ ਲੇਖਾ ਸਾਫ ਕਰ ਦੇ ਅਤੇ ਕਲਮ ਦਵਾਤ ਨਾਲ ਹੁਣੇ ਹੀ ਹੁਕਮ ਲਿਖ ਦੇ ਕਿ ਅੱਗੇ ਤੋਂ ਸਾਡੀਆਂ ਤਨਖਾਹਾਂ ਦੂਣੀਆਂ ਹੋਣਗੀਆਂ। ਸਾਨੂੰ ਪੰਜਾਬ ਲੁੱਟਣ ਦੀ ਤੇ ਓਥੋਂ ਗੁਲਾਮ ਲਿਆਉਣ ਦੀ ਵੀ ਪੂਰੀ ਖੁਲ੍ਹ ਦੇ ਦੇ। ਪੰਜਾਬ ਦੀ ਆਬਾਦੀ ਜਾਨ ਬਚਾਉਣ ਲਈ ਪਹਾੜਾਂ ਵਿਚ ਜਾ ਵੱਸੇਗੀ ਬਾਦਸ਼ਾਹ ਫੇਰ ਤੂੰ ਦੇਖ ਲਈਂ ਦਿੱਲੀ ਤੱਕ ਤੈਨੂੰ ਸਭ ਰਸਤੇ ਸਾਫ਼ ਹੀ ਮਿਲਣਗੇ।’

14. ਨਾਦਰ ਸ਼ਾਹ ਦਾ ਦਿੱਲੀ ‘ਤੇ ਚੜ੍ਹਾਈ ਦਾ ਐਲਾਨ

‘ਚੜ੍ਹ ਤਖ਼ਤ ਬੈਠਾ ਨਾਜ਼ਰ ਸ਼ਾਹ, ਰਾਜ ਸਿੱਕੇ ਚੱਲੇ।
ਉਹਨੂੰ ਨਿਵੀਆਂ ਸਭ ਵਲਾਇਤਾਂ, ਕੋਈ ਧਾਂਗ ਨਾ ਝੱਲੇ।
ਸੱਦ ਬਹਾਇਓਸ ਉਮਰਾ, ਵਿਚ ਬੈਠੇ ਗੱਲੇ੩
‘ਯਾਰੋ! ਤੀਰ ਕਲੇਜੇ ਵਰਮ ਦਾ, ਦਿਹੁੰ ਰਾਤੀਂ ਹੱਲੇ।
ਮੈਂ ਦਿੱਲੀ ਨੂੰ ਮਾਰਾਂ ਭੈਂ ਭੈਂ, ਵੱਢ ਸਿਰ ਧੜ ਗੱਲੇ।
ਪਰ ਤਖ਼ਤ ਲਾਈਏ ਤੇ ਕੁਲ ਤਰੇ, ਨਹੰ ਤਖ਼ਤੇ ਭੱਲੇ।’

ਜਦੋਂ ਨਾਦਰ ਸ਼ਾਹ ਤਖ਼ਤ ਉੱਤੇ ਚੜ੍ਹ ਕੇ ਬੈਠਾ ਤਾਂ ਉਹਦੇ ਰਾਜ ਦਾ ਸਿੱਕਾ ਹਰ ਪਾਸੇ ਚੱਲਣ ਲੱਗਾ। ਸਭ ਦੇਸ਼ ਉਹਦੇ ਅੱਗੇ ਝੁਕ ਗਏ ਤੇ ਉਹਦੇ ਡਰ ਨਾਲ ਕੰਬਦੇ ਸਨ। ਉਹਨੇ ਆਪਣੇ ਅਮੀਰਾਂ ਨੂੰ ਸੱਦਿਆ ਤੇ ਸਲਾਹ-ਮਸ਼ਵਰਾ ਕਰਨ ਲੱਗਾ, ‘ਦੋਸਤੋ! ਮੇਰੇ ਦਿਲ ਵਿਚ ਬਦਲਾ ਲੈਣ ਦਾ ਤੀਰ ਵੱਜਾ ਹੋਇਆ ਹੈ ਜੋ ਦਿਨ-ਰਾਤ ਹਿੱਲਦਾ ਤੇ ਦੁਖਾਉਂਦਾ ਰਹਿੰਦਾ ਹੈ। ਮੈਂ ਦਿੱਲੀ ਨੂੰ ਤਬਾਹ ਕਰਨਾ ਤੇ ਓਥੋਂ ਦੇ ਲੋਕਾਂ ਦੇ ਸਿਰ, ਧੜ, ਗਲ ਵੱਢ ਕੇ ਕਤਲ-ਏ-ਆਮ ਮਚਾਉਣਾ ਚਾਹੁੰਦਾ ਹੈ ਜਾਂ ਦਿੱਲੀ ਦਾ ਤਖ਼ਤ ਵੀ ਜਿੱਤ ਲਈਏ ਤਾਂ ਸਾਡੇ ਖ਼ਾਨਦਾਨ ਦਾ ਨਾਂ ਉੱਚਾ ਹੁੰਦਾ ਹੈ੩ਨਹੀਂ ਤੇ ਮਰ ਜਾਣਾ ਬਿਹਤਰ ਹੈ।’

15. ਨਾਦਰ ਦਾ ਇਸਫਹਾਨ ਤੋਂ ਕੰਧਾਰ ਪਹੁੰਚਣਾ

ਚੜ੍ਹੇ ਇਸਫ਼ਹਾਨ ਥੀਂ ਨਾਜ਼ਰ ਸ਼ਾਹ ਭੇਰੀਂ ਘੁੜੱਕੇ।
ਤੇ ਚੁਣ ਚੁਣ ਕੱਢੇ ਪਹਿਲਵਾਨ, ਬਹਾਦਰ ਯੱਕੇ।

ਨਾਦਰ ਸ਼ਾਹ ਨੇ ਬੜੇ ਢੋਲ-ਢਮੱਕੇ ਵਜਾ ਕੇ ਇਸਫ਼ਹਾਨ ਤੋਂ ਮਾਰਚ ਕੀਤਾ। ਉਹਨੇ ਆਪਣੀ ਫੌਜ ਵਿਚ ਪਹਿਲੇ ਦਰਜੇ ਦੇ ਤਕੜੇ ਪਹਿਲਵਾਨ ਭਰਤੀ ਕੀਤੇ।

ਨਸਰਾਨੀ, ਮਾਜ਼ੂਫੀਏ, ਯਾਹੂਦ ਉਚੱਕੇ।
ਬੱਦੂ, ਗੁਰਜ਼ੀ ਤੇ ਖਾਰਜੀ, ਉਹ ਮੁਲਹਦ ਪੱਕੇ।
ਮਰਵਾਨੀ ਤੇ ਕਤਲ ਬਾਜ਼, ਉਹ ਮੁਗ਼ਲ ਅਜ਼ਬੱਕੇ।
ਉਨ੍ਹਾਂ ਦੇ ਨੱਕ ਫੀਨ੍ਹੇ ਸਿਰ ਤਾਵੜੇ, ਢਿੱਡ ਵਾਂਗ ਢਮੱਕੇ।
ਉਹ ਇੱਕਾ ਨਾਰ ਵਸਾਉਂਦੇ, ਦਾਹ ਭਾਈ ਸੱਕੇ।
ਕੋਟਾਂ ਨੂੰ ਆਉਣ ਥਰਥ੍ਰਾਟ, ਨੀਰ ਨਦੀਆਂ ਸੁੱਕੇ।
ਈਰਾਨ ਤੂਰਾਨ ਤੇ ਇਸਫਹਾਂ ਕਰ ਤਲੀ ਤੇ ਫੱਕੇ।
ਰਾਤੀਂ ਦੇਂਦੇ ਚੌਂਕੀਆਂ, ਦਿਨੋਂ ਦੂਰ ਪਲਟੇ।
ਡੇਰੇ ਕੋਲ ਕੰਧਾਰ ਦੇ, ਆ ਊਧਮ ਲੱਥੇ।
ਤਿਸ ਦਿਹਾੜੇ ਦਖਣ ਤੇ ਪੂਰਬ ਕੰਬਿਆ, ਖ਼ਬਰੀਂ ਤੋੜ ਮੱਕੇ।

ਇਨ੍ਹਾਂ ਵਿਚ ਈਸਾਈ, ਮੌਜੂਫੀ ਤੇ ਯਹੂਦੀ ਗੁੰਡੇ ਵੀ ਸਨ ਅਤੇ ਬੱਦੂ, ਗੁਰਜੀ ਤੇ ਪੱਕੇ ਕਾਫ਼ਰ ਖਾਰਜੀ ਵੀ ਸਨ। ਇਨ੍ਹਾਂ ਤੋਂ ਫੁੱਟ ਮਰਵਾਣੀ ਸਨ ਜੋ ਕਤਲ ਕਰਨ ਵਿਚ ਬੜੇ ਨਿਪੁੰਨ ਸਨ ਅਤੇ ਉਜ਼ਬੇਕਸਤਾਨ ਦੇ ਮੁਗ਼ਲ ਸਨ। ਇਨ੍ਹਾਂ ਦੇ ਨੱਕ ਫੀਨ੍ਹੇ, ਸਿਰ ਤਾਉੜੀਆਂ ਜਿੱਡੇ ਵੱਡੇ ਤੇ ਢਿੱਡ ਢੋਲਾਂ ਵਾਂਗ ਮੋਟੇ ਸਨ। ਉਹ ਦਸ ਦਸ ਸਕੇ ਭਰਾ ਇਕੋ ਪਤਨੀ ਹੀ ਰਖਦੇ ਹਨ। (ਇਸ ਫੌਜ ਦੀ ਚੜ੍ਹਤਲ ਨਾਲ) ਕਿਲ੍ਹੇ ਥਰਥਰਾ ਉੱਠੇ ਤੇ ਡਰ ਨਾਲ ਦਰਿਆਵਾਂ ਦਾ ਪਾਣੀ ਸੁੱਕ ਗਿਆ। ਇਨ੍ਹਾਂ ਨੇ ਈਰਾਨ, ਤੂਰਾਨ ਤੇ ਇਸਫ਼ਹਾਨ ਦੇ ਸਭ ਇਲਾਕਿਆ ਦੀ ਪੈਦਾਵਾਰ ਫੱਕੇ ਮਾਰ ਕੇ ਹੀ ਮੁਕਾ ਦਿੱਤੀ। ਇਹ ਰਾਤ ਸਮੇਂ ਪਹਿਰਾ ਦੇਂਦੇ ਸਨ ਤੇ ਦਿਨੇ ਲੰਮਾ ਪੈਂਡਾ ਮਾਰ ਕੇ ਬਹੁਤ ਦੂਰ ਅੱਗੇ ਨਿਕਲ ਜਾਂਦੇ ਸਨ। ਜਦੋਂ ਇਨ੍ਹਾਂ ਨੇ ਕੰਧਾਰ ਦੇ ਕੋਲ ਆਣ ਕੇ ਡੇਰੇ ਲਾਏ ਤਾਂ ਬੜੀ ਲੁੱਟ ਮਚਾਈ। ਓਸ ਦਿਨ ਦੱਖਣ ਤੇ ਪੂਰਬ ਇਹ ਖ਼ਬਰ ਸੁਣ ਕੇ ਕੰਬ ਉੱਠਿਆ ਤੇ ਧੁਰ ਮੱਕੇ ਤੱਕ ਵੀ ਖ਼ਬਰਾਂ ਜਾਂ ਪਹੁੰਚੀਆਂ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar