ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> ਨਾਦਰਸ਼ਾਹ ਦੀ ਵਾਰ ਬੰਦ: 16-20

ਨਾਦਰਸ਼ਾਹ ਦੀ ਵਾਰ ਬੰਦ: 16-20

16. ਤੂਰਾਨੀ ਅਮੀਰਾਂ ਦੀ ਨਾਦਰ ਸ਼ਾਹ ਨੂੰ ਚਿੱਠੀ

ਪਾਕ ਬੇ-ਐਬ ਨਜ਼ੀਰਾ ਸੱਚੇ ਸਾਹਿਬਾ।
ਲਿਖਿਆ ਜੋ ਤਕਦੀਰਾਂ, ਸੋ ਕੁਝ ਵਰਤਸੀ।
ਤੇਰਾ ਮਾਲਕ ਦੋਸਤ ਵਜ਼ੀਰਾ, ਖ਼ਾਸਾ ਮੁਸਤਫ਼ਾ।
ਉੱਮਤ ਦੀਆਂ ਤਕਸੀਰਾਂ ਸੱਭੇ ਬਖਸ਼ਸੀ।
ਅਸਾਂ ਰਚਿਆ ਧ੍ਰੋਹ ਅਮੀਰਾਂ, ਮੁਹੰਮਦਸ਼ਾਹ ਨਾਲ।
ਤੇ ਲਿਖ ਪਰਵਾਨਾਂ ਈਰਾਂ, ਅੰਦਰ ਭੇਜਿਆ।
ਤੇ ਇਸਫ਼ਹਾਂ ਦਿਆਂ ਪੀਰਾ, ਤੂੰ ਸੁਣ ਨਾਜ਼ਰ ਸ਼ਾਹ।

‘ਹੇ ਸੱਚੇ ਪਰਮਾਤਮਾ! ਤੂੰ ਪਵਿੱਤਰ, ਬੇਨੁਕਸ ਤੇ ਅਦੁੱਤੀ ਏਂ। ਜੇ ਕੁਝ ਤੂੰ ਸਾਡੀਆਂ ਕਿਸਮਤਾਂ ਵਿਚ ਲਿਖਿਆ ਹੈ, ਉਹੋ ਕੁਝ ਹੀ ਵਾਪਰੇਗਾ। ਹੇ ਮਾਲਕ! ਤੇਰਾ ਦੋਸਤ ਤੇ ਖ਼ਾਸ ਸਲਾਹਕਾਰ (ਵਜ਼ੀਰ) ਹਜ਼ਰਤ ਮੁਹੰਮਦ ਮੁਸਤਫ਼ਾ ਹੈ। ਉਹ (ਹਜ਼ਰਤ ਮੁਹੰਮਦ ਮੁਸਤਫ਼ਾ) ਆਪਣੇ ਅਨੁਯਾਈਆਂ (ਮੁਸਲਮਾਨਾਂ) ਦੇ ਸਭ ਕਸੂਰ ਮੁਆਫ਼ ਕਰਵਾ ਦੇਵੇਗਾ। ਅਸਾਂ ਅਮੀਰਾਂ ਨੇ ਬਾਦਸ਼ਾਹ ਮੁਹੰਮਦ ਸ਼ਾਹ ਦੇ ਵਿਰੁੱਧ ਇਕ ਸ਼ੜਯੰਤਰ ਰਚਿਆ ਹੈ ਤੇ ਇਕ ਸਾਂਝੀ ਚਿੱਠੀ ਲਿਖ ਕੇ ਈਰਾਨ ਵਿਚ ਭੇਜ ਰਹੇ ਹਾਂ। ਹੇ ਇਸਫ਼ਹਾਨ (ਈਰਾਨ ਦੀ ਰਾਜਧਾਨੀ) ਦੇ ਆਗੂ, ਨਾਦਰ ਸ਼ਾਹ! ਸਾਡੀ ਅਰਜ਼ ਸੁਣ।

ਸਾਥੋਂ ਹੋਇਆ ਗੀਰਾ, ਸਾਡਾ ਬਾਦਸ਼ਾਹ।
ਤੂੰ ਰਤੀ ਨਾ ਘੱਤ ਖਲ੍ਹੀਰਾ, ਚੜ੍ਹ ਕੇ ਆ ਤੂੰ।
ਏਥੇ ਦੌਲਤ ਬਹੁਤ ਜ਼ਖੀਰਾ, ਹੋਈ ਚਰੋਕਣੀ।
ਮੋਤੀ ਪੰਨਾ ਤੇ ਹੀਰਾ, ਬਹੁਤ ਬੇ-ਕੀਮਤਾ।
ਪਾਟਾ ਹੋਇਆ ਚੀਰਾ, ਤਾਂ ਭੀ ਲੱਖ ਦਾ।
ਗੋਦੀ ਅੰਦਰ ਕੀੜਾ, ਇਕ ਫਰਜ਼ੰਦ ਸੂ।
ਪਰ ਸੁਾੰਲਾ ਤਖ਼ਤ ਸਖੀਰਾ, ਆ ਕੇ ਮੱਲ ਬਹੁ।’

ਸਾਡਾ ਬਾਦਸ਼ਾਹ (ਮੁਹੰਮਦ ਸ਼ਾਹ) ਸਾਡਾ ਵੈਰੀ ਬਣ ਗਿਆ ਹੈ। ਤੂੰ ਕਿਤੇ ਨਾ ਰੁਕੀਂ ਤੇ ਚੜ੍ਹਾਈ ਕਰਕੇ ਛੇਤੀ ਤੋਂ ਛੇਤੀ ਇਥੇ ਪਹੁੰਚ। ਏਥੇ ਬੜੀ ਦੇਰ ਤੋਂ ਦੌਲਤ ਜਮ੍ਹਾਂ ਹੋਈ ਪਈ ਹੈ। ਬੜੇ ਕੀਮਤੀ ਮੋਤੀ, ਪੰਨੇ ਤੇ ਹੀਰੇ ਸ਼ਾਹੀ ਖਜ਼ਾਨੇ ਵਿਚ ਪਏ ਹਨ। ਜੇ ਕੋਈ ਕੱਪੜਾ ਪਾਟਾ ਹੋਇਆ ਵੀ ਹੈ ਤਾਂ ਉਹ ਵੀ ਇਕ ਲੱਖ ਦਾ ਹੈ। ਬਾਦਸ਼ਾਹ ਦੇ ਘਰ ਇਕ ਅਤਿ ਕਮਜ਼ੋਰ ਜਿਹਾ ਪੁੱਤਰ ਹੀ ਹੈ। ਸਿੱਟੇ ਵਜੋਂ, ਤਖ਼ਤ ਸੱਖਣਾ ਹੀ ਪਿਆ ਹੈ, ਤੂੰ ਛੇਤੀ ਆ ਕੇ ਇਹ ਸੰਭਾਲ।’

17. ਹਿੰਦੁਸਤਾਨੀਆਂ ਦੀ ਚਿੱਠੀ ਬਾਰੇ ਨਾਦਰ ਸ਼ਾਹ ਦਾ ਵਜ਼ੀਰ ਅੱਗੇ ਜ਼ਿਕਰ

ਨਾਦਰ ਸ਼ਾਹ ਬਾਦਸ਼ਾਹ ਆਖਦਾ : ‘ਸੁਣ ਬੱਕੀ ਖ਼ਾਨਾ!
ਆ ਵੇਖ ਹਿੰਦੁਸਤਾਨੀਆਂ, ਲਿਖਿਆ ਪਰਵਾਨਾ।
ਉਨ੍ਹਾਂ ਅਵੱਲ ਲਿਖੀ ਹੈ ਬੇਨਤੀ, ਵਿਚ ਵੱਡਾ ਕਰਿਆਨਾ।
ਉਹ ਆਖਦੇ ਹੁਣ ਅਸੀਂ ਤੁਹਾਡੇ ਨਾਲ ਹਾਂ, ਸੁਣੋ ਕਸਮ ਕੁਰਾਨਾ।
ਪਰ ਨਾ ਫਿਰੀਏ ਇਸ ਗੱਲ ਤੋਂ, ਲਾਹ ਈਮਾਨਾ।’
ਵਜ਼ੀਰ ਆਖੇ ਬਾਦਸ਼ਾਹ ਨੂੰ : ‘ਤੂੰ ਸੁਣ ਸੁਲਤਾਨਾ।
ਤੇ ਬਾਦਸ਼ਾਹਾਂ ਦੇ ਫ਼ਰੇਬ ਦਾ ਕਸਮ ਬਹਾਨਾ।
ਓਥੇ ਅਵਲ ਘੱਲੀਏ ਏਲਚੀ, ਫਹਿਮੀਦਾ ਦਾਨਾ।
ਉਹ ਅਗ੍ਹਾਂ ਆਏ ਵੇਖ ਕੇ, ਸਰਤਲ ਸਮਿਆਨਾ।
ਓਥੇ ਕੇਡੁਕੇ ਲਸ਼ਕਰ ਇੱਤਫ਼ਾਕ, ਹੋਰ ਕੇਡ ਖਜ਼ਾਨਾ।
ਸਾਢੇ ਨੌਂ ਸੌ ਕੋਹ ਵਿਚ, ਸਭ ਮੁਲਕ ਬੇਗਾਨਾ।
ਮਤ ਔਖਾ ਹੋਵੇ ਆਉਂਦਾ, ਰਾਹ ਕੇਹੜੇ ਜਾਨਾ।’

ਨਾਦਰ ਸ਼ਾਹ ਨੇ ਆਪਣੇ ਵਜ਼ੀਰ ਬਾਕੀ ਖ਼ਾਨ ਨੂੰ ਕਿਹਾ੩’ਦੇਖੋ, ਹਿੰਦੁਸਤਾਨੀਆਂ ਨੇ ਇਹ ਚਿੱਠੀ ਲਿਖੀ ਹੈ। ਉਨ੍ਹਾਂ ਪਹਿਲਾਂ ਤਾਂ ਰੱਬ ਅੱਗੇ ਅਰਜ਼ ਕੀਤੀ ਹੈ ਤੇ ਨਾਲ ਕੁਝ ਫੁਟਕਲ ਗੱਲਾਂ ਕੀਤੀਆਂ ਹਨ। ਉਹ ਕਹਿੰਦੇ ਹਨ ਕਿ ਅਸੀਂ ਕੁਰਾਨ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਹੁਣ ਅਸੀਂ ਤੁਹਾਡੇ ਸਾਥੀ ਹਾਂ ਅਤੇ ਏਸ ਵਾਅਦੇ ਤੋਂ ਮੁੱਕਰ ਕੇ ਬੇ-ਈਮਾਨ ਨਹੀਂ ਹੋਵਾਂਗੇ।’ ਵਜ਼ੀਰ ਨੇ ਬਾਦਸ਼ਾਹ ਨੂੰ ਉੱਤਰ ਦਿੱਤਾ, ‘ਹਜ਼ੂਰ ਬਾਦਸ਼ਾਹ ਸਲਾਮਤ! ਸੁਣੋ। ਕਸਮ ਖਾਣੀ ਤਾਂ ਰਾਜਨੀਤੀ ਵਿਚ ਨਿਰੀ ਧੋਖੇ ਦੀ ਚਾਲ ਹੁੰਦੀ ਏ। ਇਸ ਲਈ ਅਸੀਂ ਪਹਿਲਾਂ ਉਥੇ ਇਕ ਹੁਸ਼ਿਆਰ ਤੇ ਸਿਆਣਾ ਦੂਤ (ਸੰਦੇਸ਼ਕ) ਭੇਜੀਏ। ਉਹ ਉਥੋਂ ਦਾ ਉੱਪਰੋਂ ਥੱਲੇ ਤੱਕ ਸਾਰਾ ਹਾਲ ਪੇਸ਼ਗੀ ਦੇਖ ਕੇ ਆਵੇ ਕਿ ਉਥੋਂ ਦੀ ਫੌਜ ਵਿਚ ਮਿਲਾਪ ਕਿਹੋ ਜਿਹਾ ਹੈ ਅਤੇ ਕਿੰਨਾ ਕੁ ਖਜ਼ਾਨਾ ਹੈ। ਉਹ (ਕੰਧਾਰ ਤੋਂ ਦਿੱਲੀ ਤੱਕ ਦੇ) ਸਾਢੇ ਨੌਂ ਸੌ ਕੋਹ ਬਿਗਾਨੇ ਮੁਲਕ ਦਾ ਠੀਕ ਠਾਕ ਪਤਾ ਕਰ ਕੇ ਆਵੇ ਜਿਸ ਨਾਲ ਸਾਡੇ ਲਸ਼ਕਰ ਨੂੰ ਕੰਧਾਰ ਤੋਂ ਦਿੱਲੀ ਤੱਕ ਪਹੁੰਚਣ ਦਾ ਰਾਹ ਪਤਾ ਲੱਗ ਜਾਏ ਤੇ ਵਾਪਸੀ ਉੱਤੇ ਵੀ ਕੋਈ ਔਖਿਆਈ ਨਾ ਹੋਵੇ।’

ਬੱਕੀ ਖ਼ਾਂ ਵਜ਼ੀਰ ਨੂੰ ਬਾਦਸ਼ਾਹ ਫਰਮਾਏ :
‘ਦੱਸ ਖਾਂ ਕੇਹੜਾ ਘੱਲੀਏ ਏਲਚੀ, ਜੇਹੜਾ ਦਿੱਲੀ ਜਾਏ।
ਉਹ ਗੱਲਾਂ ਕਰੇ ਖਨਾਂਦੀਆਂ, ਮਤਲਬ ਸਮਝਾਏ।
ਜਾ ਮਿਲੇ (ਮਨਸੂਰ ਅਲੀ) ਨਿਜ਼ਾਮਤ ਮੁਲਕ ਨੂੰ ਰਫ਼ੀਕ ਬਣਾਏ।
ਉਹ ਕੁਲ ਹਕੀਕਤ ਹਿੰਦ ਦੀ, ਮੁੜ ਲਿਖ ਪਹੁੰਚਾਏ।
ਅਸਾਂ ਲਿਖੇ ਉਨ੍ਹਾਂ ਦੇ ‘ਤੇ ਅਮਲ ਕਰ, ਲਸ਼ਕਰ ਮੰਗਵਾਏ।
ਕਈ ਲੱਖ ਪਠਾਣ ਵਲਾਇਤੀ, ਈਰਾਨੋਂ ਆਏ।
ਇਕ ਚੜ੍ਹੇ ਕਰਾਚੀ ਬੰਦਰੋਂ, ਖ਼ਰਚ ਖੁਰਜੀ ਪਾਏ।
ਕੁਝ ਮਠਾਈ ਤੇ ਖੰਡ ਬਰਿੰਜ ਦੇ, ਭਾਰ ਸਾਥ ਲਦਾਏ।
ਲੱਖ ਦੁੰਬੇ ਫਰਬਾਹ ਮਾਸ ਦੇ, ਅੱਜੜ ਹਕਵਾਏ।
ਲੱਖ ਲੁਟੇਰੇ ਖਾਰਜੀ, ਭੁਰਜੀ ਚੜ੍ਹ ਆਏ।

‘ਬਕੀ ਖ਼ਾਂ! ਤੂੰ ਹੀ ਦੱਸ ਕਿ ਕਿਸ ਨੂੰ ਸੰਦੇਸ਼ਕ ਬਣਾ ਕੇ ਦਿੱਲੀ ਭੇਜੀਏ ਜੋ ਪੜ੍ਹਿਆਂ ਲਿਖਿਆਂ ਵਾਲੀਆਂ ਸਿਆਣੀਆਂ ਗੱਲਾਂ ਕਰੇ ਤੇ ਆਪਣਾ ਤਲਬ ਸਮਝਾਏ। ਉਹ ਮਨਸੂਰ ਅਲੀ ਨਿਜ਼ਾਮ-ਉਲ-ਮੁਲਕ ਨੂੰ ਵੀ ਮਿਲੇ ਤੇ ਉਹਦੇ ਨਾਲ ਦੋਸਤੀ ਗੰਢ ਲਵੇ ਤੇ ਉਥੋਂ ਹਿੰਦ ਦੇ ਕੁੱਲ ਹਾਲਾਤ ਲਿਖ ਭੇਜੇ। ਅਸਾਂ ਉਨ੍ਹਾਂ ਦੇ ਲਿਖੇ ਅਨੁਸਾਰ ਅਮਲ ਕਰਕੇ ਫ਼ੌਜਾਂ ਮੰਗਵਾ ਲਈਆਂ ਹਨ। ਈਰਾਨ ਤੇ ਹੋਰ ਦੇਸ਼ਾਂ ਤੋਂ ਕਈ ਲੱਖ ਪਠਾਣ ਏਥੇ ਪਹੁੰਚ ਗਏ ਹਨ। ਕਈ ਕਰਾਚੀ ਬੰਦਰਗਾਹ ਤੋਂ ਚੜ੍ਹੇ ਹਨ ਤੇ ਉਨ੍ਹਾਂ ਨੇ ਸਫ਼ਰ ਦੀ ਰਸਦ ਆਪਣੇ ਘੋੜਿਆਂ ਦੀਆਂ ਛੱਟਾਂ ਵਿਚ ਪਾਈ ਹੋਈ ਹੈ। ਕੁਝ ਕੁ ਨੇ ਮਠਿਆਈ, ਖੰਡ ਤੇ ਚੌਲਾਂ ਦਾ (ਇਕ ਮਣ) ਭਾਰ ਵੀ ਨਾਲ ਲੱਦਿਆ ਹੋਇਆ ਹੈ। ਉਹ ਆਪਣੇ ਨਾਲ ਮੋਟੇ- ਮੋਟੇ ਮਾਸ ਵਾਲੇ ਲੱਖਾਂ ਦੁੰਬਿਆਂ ਦੇ ਇੱਜੜ ਵੀ ਹਕਵਾਈ ਲਈ ਆ ਰਹੇ ਹਨ ਅਤੇ ਲੱਖਾਂ ਖਾਰਜੀ ਤੇ ਭੁਰਜੀ ਲੁਟੇਰੇ ਵੀ ਉਨ੍ਹਾਂ ਦੇ ਨਾਲ ਹੀ ਚੜ੍ਹ ਆਏ ਹਨ।

ਤੇ ਤੰਬੂ ਬੰਨ ਸਲੀਤਿਆਂ, ਹਾਬੀ ਲੱਦਵਾਏ।
ਸੈ ਓਡ ਫਰਾਸ਼ ਤੇ ਬੇਲਦਾਰ, ਨੌਕਰ ਰਖਵਾਏ।
ਕਰ ਰਸਤੇ ਤੋਫਾਂ ਵਾਸਤੇ, ਪਹਾੜ ਕੱਟਵਾਏ।
ਪਰ ਹੁਣ ਕੀਕਰ ਪਹੀਆ ਗੱਡ ਦਾ, ਇਹ ਖਾਲੀ ਜਾਏ।’

ਅਸਾਂ ਤੰਬੂ ਕਨਾਤਾਂ ਆਦਿ ਸਲੀਤੀਆਂ (ਟਾਟ ਦੇ ਵੱਡੇ ਥੈਲਿਆਂ) ਵਿਚ ਬੰਨ੍ਹਵਾ ਕੇ ਹਾਥੀਆਂ ਉੱਤੇ ਲਦਵਾ ਲਏ ਹੋਏ ਹਨ। ਅਸਾਂ ਸੈਂਕੜੇ ਲੋਕ ਖੂਹ ਅਤੇ ਟੋਏ ਪੁੱਟਣ ਵਾਲੇ ਫਰਸ਼ਾਂ ‘ਤੇ ਦਰੀਆਂ ਵਿਛਾਉਣ ਵਾਲੇ ਅਤੇ ਤੰਬੂ ਗੱਡਣ ਵਾਲੇ ਬੇਲਚਾ ਮਜ਼ਦੂਰ ਨੌਕਰ ਰੱਖ ਲਏ ਹੋਏ ਹਨ। ਅਸਾਂ ਆਪਣੀਆਂ ਤੋਪਾਂ ਲੰਘਾਉਣ ਲਈ ਰਾਹ ਬਣਾਉਣ ਵਾਸਤੇ ਪਹਾੜ ਛਿਲਵਾ ਦਿੱਤੇ ਹਨ। ਹੁਣ ਜਦੋਂ ਕਿ ਚੜ੍ਹਾਈ ਦਾ ਸਾਰਾ ਪ੍ਰਬੰਧ ਹੋ ਚੁੱਕਾ ਹੈ ਤਾਂ ਇਹ ਕਿਸ ਤਰ੍ਹਾਂ ਖਾਲੀ ਜਾ ਸਕਦਾ ਹੈ?’

18. ਬੱਕੀ ਖ਼ਾਂ ਵੱਲੋਂ ਸੰਦੇਸ਼ਕ (ਸ਼ਾਹਬਾਜ਼ ਖ਼ਾਂ) ਭੇਜਣ ਦਾ ਸੁਝਾਅ

ਬਾਦਸ਼ਾਹ ਨੂੰ ਆਖਦਾ, ਵਜ਼ੀਰ ਖ਼ਾਨ ਬਾਕੀ :
‘ਤੇ ਹਜ਼ਰਤ, ਸ਼ਾਹਬਾਜ਼ ਖਾਂ, ਘਲੀਏ ਏਲਚੀ, ਭਤੀਜਾ ਜ਼ਾਤੀ।’
ਘੋੜਾ ਕੀਮਤ ਲੱਖ ਦਾ, ਜ਼ੀਨ ਜ਼ਰੀ ਬਨਾਤੀ।
ਉਸਨੂੰ ਖਿੱਲਤ ਬਖਸ਼ੀ ਬਾਦਸ਼ਾਹ, ਸਰਬਤ ਪੋਸ਼ਾਕੀ।
ਬਹਿ ਗੋਸ਼ੇ ਖ਼ਾਨ ਸ਼ਾਹਬਾਜ਼ ਨੂੰ, ਉਸ ਏਹ ਗੱਲ ਆਖੀ :

ਬਾਦਸ਼ਾਹ ਨਾਦਰ ਸ਼ਾਹ ਨੂੰ ਬਕੀ ਖ਼ਾਂ ਵਜ਼ੀਰ ਨੇ ਕਿਹਾ, ‘ਹਜ਼ੂਰ! ਆਪਣੇ (ਨਿੱਜੀ) ਸਕੇ ਭਤੀਜੇ ਸ਼ਾਹਬਾਜ਼ ਖ਼ਾਂ ਨੂੰ ਸੰਦੇਸ਼ਕ ਬਣਾ ਕੇ ਭੇਜੋ।’ (ਨਾਦਰ ਸ਼ਾਹ ਨੇ) ਉਸ ਨੂੰ ਇਕ ਲੱਖ ਦਾ ਕੀਮਤੀ ਘੋੜਾ ਦਿੱਤਾ, ਜਿਸ ਉੱਤੇ ਸੁਨਹਿਰੀ ਬਨਾਤ ਦਾ ਸਿਤਾਰੇਦਾਰ ਪਲਾਣਾ ਪਿਆ ਸੀ। ਬਾਦਸ਼ਾਹ ਨੇ ਸ਼ਾਹਬਾਜ਼ ਖ਼ਾਂ ਨੂੰ ਇਨਾਮ ਵਜੋਂ ਆਪਣੇ ਸਭੇ ਕੱਪੜੇ ਲਾਹ ਕੇ (ਖਿਲਅਤ) ਬਖ਼ਸ ਕੇ ਦੇ ਦਿੱਤੇ ਅਤੇ ਇਕਾਂਤ ਵਿਚ ਬਿਠਾ ਕੇ ਉਹਨੂੰ ਇਹ ਗੱਲ ਸਮਝਾਈ–

‘ਤੁਸਾਂ ਕਰਨੀ ਨਾਹੀਂ ਤਗਾਫਲੀ ਟੁਰਨਾ ਦਿਨ ਰਾਤੀਂ।

ਜਾ ਮਿਲਣਾ ਮਨਸੂਰ ਅਲੀ ਨਿਜ਼ਾਮਤ ਮੁਲਕ ਨੂੰ, ਸਮਝਾਉਣੀਆਂ ਬਾਤੀਂ।

ਓਹ ਲਾਵਨ ਖ਼ਾਂ ਹੱਥ ਕੁਰਾਨ ਤੇ, ਕਿ ਹੈ ਪੱਕੇ ਸਾਥੀ।
ਅੱਜ ਕੱਲ ਜਾਣੋ ਘੱਤਿਆ; ਮੂੰਹ ਗੋਸ਼ਤ ਕਾਤੀ।
ਨਾਲੇ ਅਟਕ ਤੇ ਸਾਨੂੰ ਆ ਮਿਲਣ, ਕਰ ਬੜੀ ਚਲਾਕੀ।
ਪਰ ਮੈਂ ਲੋਹੀ ਕਰਾਂ ਕੰਧਾਰ ਵਿਚ, ਲਾਹੌਰ ਵਿਸਾਖੀ।’
ਮਸਲਹ ਤਗੀਰ ਵਿਚਾਰ, ਆਖੇ ਨਾਦਰ ਸ਼ਾਹ :
‘ਲਿਖੋ ਖ਼ਤ ਸਵਾਰ ਮੁਹੰਮਦ ਸ਼ਾਹ ਨੂੰ।
ਤਸਬੀਹ ਤੇ ਤਲਵਾਰ, ਭੇਜੋ ਪੇਸ਼-ਕਬਜ਼।
ਇਕ ਟੋਪੀ ਤਿੱਲੇਦਾਰ, ਜੜ੍ਹਤ ਜਵਾਹਿਰੀ।

‘ਤੁਸੀਂ ਅਣਗਹਿਲੀ ਨਹੀਂ ਕਰਨੀ, ਦਿਨ-ਰਾਤ ਤੁਰਦੇ ਰਹਿਣਾ। (ਦਿੱਲੀ ਪਹੁੰਚ ਕੇ) ਮਨੂਰ ਅਲੀ ਨਿਜ਼ਾਮ-ਉਲ-ਮੁਲਕ ਨੂੰ ਮਿਲ ਲੈਣਾ ਤੇ ਉਨ੍ਹਾਂ ਨੂੰ ਸਭ ਗੱਲਾਂ ਸਮਝਾ ਦੇਣੀਆਂ। ਜੇ ਉਹ ਸਾਡੇ ਪੱਕੇ ਸਾਥੀ ਹਨ ਤਾਂ ਕੁਰਾਨ ‘ਤੇ ਹੱਥ ਰੱਖ ਕੇ ਸਹੁੰ ਚੁੱਕਣ। ਉਨ੍ਹਾਂ ਨੂੰ ਕਹਿ ਦੇਣਾ ਕਿ ਸਾਡੀਆਂ ਤਲਵਾਰਾਂ ਦੇ ਮੂੰਹਾਂ ਵਿਚ ਮਾਸ ਛੇਤੀ ਹੀ ਪੈਣ ਵਾਲਾ ਹੈ (ਭਾਵ, ਅਸੀਂ ਜੰਗ ਛੇਤੀ ਹੀ ਛੇੜ ਦਿਆਂਗੇ)। ਨਾਲੇ ਉਨ੍ਹਾਂ ਨੂੰ ਕਹੀਂ ਕਿ ਉਹ ਕਿਸੇ ਚਲਾਕੀ ਨਾਲ ਸਾਨੂੰ ਅਟਕ ‘ਤੇ ਅੱਗਲਵਾਂਢੀ ਆ ਮਿਲਣ। ਮੇਰੀ ਸਲਾਹ ਹੈ ਕਿ ਮੈਂ (ਅਤਿ ਦੀਆਂ ਸਰਦੀਆਂ) ਲੋਹੜੀ ਕੰਧਾਰ ਵਿਚ ਲੰਘਾਵਾਂ ਤੇ (ਗਰਮੀਆਂ ਦੇ ਸ਼ੁਰੂ ਵਿਚ) ਵਿਸਾਖੀ ਨੂੰ ਲਾਹੌਰ ਜਾ ਪਹੁੰਚਾਂ।’ ਨਾਦਰ ਸ਼ਾਹ ਨੇ ਸੋਚ ਵਿਚਾਰ ਕੇ ਆਪਣੇ ਨੀਤੀਵਾਨ ਵਜ਼ੀਰ ਨੂੰ ਕਿਹਾ੩’ਮੁਹੰਮਦ ਸ਼ਾਹ ਨੂੰ ਬੜਾ ਸਵਾਰ ਕੇ ਇਕ ਖ਼ਤ ਲਿਖੋ। ਉਸ ਨੂੰ ਇਕ ਮਾਲਾ ਤੇ ਇਕ ਤਲਵਾਰ (ਖੰਜਰ) ਵੀ ਭੇਜੋ। ਤਿੱਲੇਦਾਰ ਕੱਢੀ ਹੋਈ ਤੇ ਹੀਰਿਆਂ ਨਾਲ ਜੜੀ ਹੋਈ ਇਕ ਟੋਪੀ ਵੀ ਭੇਜ ਦਿਓ।’

ਤੁਸੀਂ ਹੋਵੋ ਤਿਆਰ, ਅਸੀਂ ਭੀ ਆਂਵਦੇ।
ਅਸਾਂ ਦਿਲ ਵਿਚ ਹੈ ਤਕਰਾਰ, ਚਰੋਕਾ ਰਾਤ ਦਿਨ।
ਚੜ੍ਹ ਮਾਰਾਂ ਆਣ ਕੰਧਾਰੋਂ, ਕਾਬਲ ਦੇ ਸ਼ਹਿਰ ਨੂੰ।
ਪਰ ਵੇਖਣਾ ਹੈ ਇਕ ਬਾਰ, ਮੈਂ ਹਾਤਾ ਹਿੰਦ ਦਾ।’

ਉਹਨੂੰ ਲਿਖੋ ਕਿ ਉਹ ਤਿਆਰ-ਬਰ-ਤਿਆਰ ਹੋ ਜਾਣ, ਅਸੀਂ ਪਹੁੰਚਣ ਹੀ ਵਾਲੇ ਹਾਂ। ਸਾਡੇ ਦਿਲਾਂ ਵਿਚ ਬੜੀ ਦੇਰ ਤੋਂ ਖਿੱਚੋਤਾਣ ਬਣੀ ਹੋਈ ਹੈ ਕਿ ਕੰਧਾਰ ਤੋਂ ਚੜ੍ਹਾਈ ਕਰਕੇ ਕਾਬਲ ਨੂੰ ਜਿੱਤੀਏ। ਪਰ, ਏਸ ਤੋਂ ਵੀ ਵੱਡੀ ਸੱਧਰ ਹਿੰਦੁਸਤਾਨ ਦਾ ਇਲਾਕਾ ਦੇਖਣ ਦੀ ਹੈ।’

19. ਏਲਚੀ ਦਾ ਮੁਹੰਮਦ ਸ਼ਾਹ ਨੂੰ ਚਿੱਠੀ ਦੇਣਾ

ਜੋ ਲਿਖਿਆ ਸੀ ਏਲਚੀ, ਖੜ ਗੁਜ਼ਰਾਨੀ :
‘ਤੇ ਮੁਹੰਮਦ ਸ਼ਾਹ ਚੁਗੱਤਿਆਂ, ਸੁਣ ਬਾਬਰਆਨੀ।
ਏਹਾ ਤੈਨੂੰ ਘੱਲੀਆ, ਬਾਦਸ਼ਾਹ ਨਿਸ਼ਾਨੀ।
ਮਤ ਕੋਈ ਦਿਲ ਵਿਚ ਜਾਣਦੋਂ, ਕਰ ਬੜੀ ਗਿਰਾਨੀ।

ਸੰਦੇਸ਼ਕ ਨੇ ਉਹ ਲਿਖਿਆ ਹੋਇਆ ਖ਼ਤ ਮੁਹੰਮਦ ਸ਼ਾਹ ਨੂੰ ਪਹੁੰਚਾ ਦਿੱਤਾ ਤੇ ਕਿਹਾ, ‘ਹੇ ਬਾਬਰ-ਵੰਸ਼ੀ ਮੁਹੰਮਦ ਸ਼ਾਹ ਚੁਗੱਤੇ! ਇਹ ਤੈਨੂੰ ਬਾਦਸ਼ਾਹ (ਨਾਦਰ ਸ਼ਾਹ) ਨੇ ਨਿਸ਼ਾਨੀ ਭੇਜੀ ਹੈ। ਦਿਲ ਵਿਚ ਕੋਈ ਨਫ਼ਰਤ ਨਾ ਲਿਆਵੀਂ।

ਜਾ ਤੇ ਖੰਡਾ ਚੁੱਕ ਲੈ, ਪੇਸ਼ਾ ਸੁਲਤਾਨੀ।
ਨਹੀਂ ਗੱਲ ਤਸਬੀਹ ਸਿਰ ਕੁੱਲਾਹ ਧਰ, ਉਠ ਹੋ ਸੈਲਾਨੀ।
ਮੁਹੰਮਦਸ਼ਾਹ ਅਮੀਰਾਂ ਆਪਣਿਆਂ ਨੂੰ, ਸੱਦ ਕੇ ਬਹਿ ਕਰੇ ਸਲਾਹਾਂ :
‘ਯਾਰ! ਏਹ ਕੌਣ ਕਮੀਨਾ ਆਦਮੀ, ਬੋਲੇ ਬਾਦਸ਼ਾਹਾਂ।
ਏਹਨੂੰ ਦਿਓ ਜਵਾਬ ਵਕੀਲ ਨੂੰ, ਮੁੜ ਜਾਏ ਪਿਛਾਹਾਂ।
ਏਹ ਲਏ ਸੁਰਤ ਕੰਧਾਰ ਦੀ, ਹੋ ਕਾਬਲ ਦੀ ਰਾਹਾਂ।

ਜਾ ਤੇ ਬਾਦਸ਼ਾਹਾਂ ਦੇ ਪੇਸ਼ੇ ਅਨੁਸਾਰ ਤਲਵਾਰ ਚੁੱਕ ਲੈ, ਨਹੀਂ ਤੇ ਗਲ ਵਿਚ ਮਾਲਾ ਪਾ ਲੈ ਅਤੇ ਸਿਰ ‘ਤੇ ਕੁਲ੍ਹਾ ਰੱਖ ਕੇ ਰਮਤਾ (ਫ਼ਕੀਰ) ਬਣ ਜਾਹ।’ ਮੁਹੰਮਦ ਸ਼ਾਹ ਨੇ ਆਪਣੇ ਅਮੀਰਾਂ ਵਜ਼ੀਰਾਂ ਨੂੰ ਬੁਲਾਇਆ ਤੇ ਸਲਾਹ-ਮਸ਼ਵਰਾ ਕਰਨ ਲੱਗਾ, ‘ਯਾਰੋ! ਇਹ ਘਟੀਆ ਜਿਹਾ ਬੰਦਾ ਕੌਣ ਏ? ਜਿਸ ਨੂੰ ਬਾਦਸ਼ਾਹਾਂ ਨਾਲ ਗੱਲ ਕਰਨ ਦੀ ਵੀ ਜਾਚ ਨਹੀਂ। ਏਸ ਸੰਦੇਸ਼ਕ ਨੂੰ ਉੱਤਰ ਦਿਓ ਕਿ ਇਹ ਚੁੱਪ-ਚੁਪੀਤਾ ਪਿੱਛੇ ਮੁੜ ਜਾਏ ਤੇ ਕਾਬਲ ਦੇ

ਰਸਤਿਓਂ ਲੰਘ ਕੇ ਕੰਧਾਰ ਦੀ ਖ਼ਬਰ ਸੁਰਤ ਲਏ।

ਏਹਦੀ ਮਸ਼ਹੱਦ ਤੇ ਹਿਰਾਤ ਨੂੰ, ਘਤ ਤੇਗੀ ਗਾਹਾਂ।
ਜੇਹੜੀ ਕੀਤੀ ਸੀ ਤੈਮੂਰ ਨੇ, ਕਤਲਾਮ ਸਿਪਾਹਾਂ।
ਮੈਂ ਤਾਂ ਚੜ੍ਹ ਕੇ ਕਿਲ੍ਹਾ ਕੰਧਾਰ ਦਾ, ਸਣੇ ਬੁਰਜੀਂ ਢਾਹਾਂ।
ਓਹਦੇ ਧਰਾਂ ਬਨੇਰੇ ਜ਼ਿਮੀਂ ਤੇ, ਮੁਨਿਆਦ ਉਤਾਹਾਂ।
ਏਹਦੀ ਸਾੜਾਂ ਬਾਲਾਸਾਰ ਮੈਂ, ਦੇ ਅੱਗੀ ਭਾਹਾਂ।
ਕਾਬਲ ਰੋਣ ਪਠਾਣੀਆਂ, ਕਰ ਖਲੀਆਂ ਬਾਹਾਂ।

ਪਰ ਸ਼ਾਇਦ ਸਮਝਣਗੇ ਤਾਂ ਵਲਾਇਤੀ ਜਾਂ ਆਵਨੇ ਗੀ ਅਕਲ ਤਦਾਹਾਂ। ਮੈਂ ਇਨ੍ਹਾਂ ਦੇ ਮਸ਼ਹੱਦ ਤੇ ਹਿਰਾਸਤ ਦੇ ਇਲਾਕਿਆਂ ਨੂੰ ਤਲਵਾਰ ਦੇ ਜ਼ੋਰ ਨਾਲ ਲਿਤਾੜ ਸੁੱਟਾਂਗਾ। ਜੋ ਕਤਲ-ਏ-ਆਮ (ਸਾਡੇ ਬਜ਼ੁਰਗ) ਤੈਮੂਰ ਦੀ ਫੌਜ ਨੇ ਇਨ੍ਹਾਂ ਦੇ ਦੇਸ਼ ਵਿਚ ਮਚਾਈ ਸੀ, ਮੈਂ ਵੀ ਇਨ੍ਹਾਂ ਨਾਲ ਮੁੜ ਓਸੇ ਤਰ੍ਹਾਂ ਹੀ ਕਰਾਂਗਾ। ਮੈਂ ਇਨ੍ਹਾਂ ਦਾ ਕੰਧਾਰ ਦਾ ਕਿਲ੍ਹਾ ਸਣੇ ਬੁਰਜਾਂ ਦੇ ਢਹਿ ਢੇਰੀ ਕਰਕੇ ਪੈਰਾਂ ਹੇਠ ਲਿਤਾੜ ਸੁੱਟਾਂਗਾ। ਮੈਂ ਉਸ ਕਿਲ੍ਹੇ ਨੂੰ ਪੁੱਠਿਆਂ ਕਰਕੇ ਉਹਦੇ ਬਨੇਰੇ ਜ਼ਮੀਨ ਵਿਚ ਗੱਡ ਦਿਆਂਗਾ ਤੇ ਨੀਹਾਂ ਉੱਪਰ ਵੱਲ ਕਰ ਦਿਆਂਗਾ। ਮੈਂ ਇਨ੍ਹਾਂ ਦਾ ਬਾਲਾਸਾਰ (ਅਫ਼ਗਾਨਿਸਤਾਨ ਦਾ ਕਿਲ੍ਹਾ) ਅੱਗ ਦੇ ਭਾਂਬੜਾ ਨਾਲ ਸਾੜ ਦਿਆਂਗਾ। ਇਸ ਤਬਾਹੀ ਤੋਂ ਦੁਖੀ ਹੋ ਕੇ ਕਾਬਲ ਦੀਆਂ ਪਠਾਣੀਆਂ ਉੱਚੀਆਂ ਬਾਹਾਂ ਕਰ ਕੇ ਦੁਹੱਥੜਾਂ ਮਾਰ ਮਾਰ ਕੇ ਰੋਣਗੀਆਂ। ਜਦੋਂ ਇਨ੍ਹਾਂ ਨੂੰ ਇੰਝ ਅਕਲ ਸਿਖਾ ਦਿਆਂਗਾ ਤਾਂ ਹੀ ਇਨ੍ਹਾਂ ਈਰਾਨੀਆਂ ਨੂੰ ਹੋਸ਼ ਆਏਗੀ।’

20. ਏਲਚੀ ਤੇ ਨਿਜ਼ਾਮ-ਉਲ-ਮੁਲਕ ਦੀਆਂ ਗੋਂਦਾਂ

ਸੁਣ ਕੇ ਸੁਖਮਨ ਸ਼ਾਹਬਾਜ਼ ਖ਼ਾਨ ਨੂੰ, ਲਗ ਗਈ ਹੈਰਾਨੀ :
ਮੁਹੰਮਦ ਸ਼ਾਹ ਦਾ ਇਹ ਨਿਡਰਤਾ ਭਰਿਆ ਜਵਾਬ ਸੁਣ ਕੇ ਸ਼ਾਹਬਾਜ਼ ਖਾਂ (ਨਾਦਰ ਸ਼ਾਹ ਦਾ ਏਲਚੀ) ਬੜਾ ਹੈਰਾਨ ਹੋਇਆ।

‘ਤੇ ਮਤ ਕੋਈ ਦਗ਼ਾ ਕਮਾਉਂਦਿਓ, ਤੁਸੀਂ ਹਿੰਦੁਸਤਾਨੀ।
ਏਹ ਤਾਂ ਕਰੇ ਤੁਹਾਡਾ ਬਾਦਸ਼ਾਹ, ਦਾਵਾ ਅਸਮਾਨੀ।’
ਮਨਸੂਰ ਅਲੀ ਕਹੇ ਸ਼ਾਹਬਾਜ਼ ਨੂੰ, ਇਕ ਸੁਖਮਨ ਜ਼ਬਾਨੀ :
‘ਤੇ ਕਲਮਾਂ ਪਾਕ ਰਸੂਲ ਦਾ, ਅਤੇ ਹੱਦ ਮੁਸਲਮਾਨੀ।
ਅਸੀਂ ਇਕ ਨਹੀਂ ਏਹਦੇ ਨਾਲ ਦੇ, ਹੈ ਆਂ ਸੱਭੇ ਖਾਮੀ।
ਤੇ ਤੀਰ ਨਾ ਚਲਦੇ ਨਾਬਕੋਂ,’ ਬਿਨ ਗੁਣੀਂ ਕਮਾਨੀ।
ਤੇ ਕਿਆ ਕੁਸ਼ਤੀ ਭਲਵਾਨ ਦੀ, ਬਿਨ ਜ਼ੋਰ ਜਵਾਨੀ।
ਤੇ ਬਾਝੋਂ ਖਾਵੰਦ ਦੇ ਕਿਆ ਕਰੇ, ਸ਼ਿੰਗਾਰ ਜ਼ਨਾਨੀ।
ਇਕ ਨਾ ਲਾੜਾ ਸੋਂਹਦਾ; ਜੀਦੇ ਨਾਲ ਨਾ ਜਾਂਲੀਂ।
ਤੇ ਇਕੋ ਏਹਦੇ ਨਾਲ ਹੈ, ਖ਼ਾਨ ਦੌਰਾਂ ਈਰਾਨੀ।
ਯਾ ਬੇਗਮ ਸਣੇ ਸਹੇਲੀਆਂ, ਮਲਕਾ ਜ਼ਮਾਨੀ।
ਤੁਸੀਂ ਲਾਂਘਾ ਪਾਉ ਅਟਕ ਤੋਂ, ਪਠਾਣ ਦੁਰਾਨੀ।
ਅਸੀਂ ਦਈਏ ਸ਼ੀਰਨੀ ਪੀਰ ਦੀ, ਬਕਰੇ ਕੁਰਬਾਨੀ।
ਪਰ ਜਿਤਨੇ ਹਿੰਦੁਸਤਾਨੀਏ, ਸਭ ਦਾਵਾ ਗ਼ੁਲਾਮੀ।’

ਉਹਨੇ ਮਨਸੂਰ ਅਲੀ ਨਿਜ਼ਾਮ-ਉਲ-ਮੁਲਕ ਨੂੰ ਕਿਹਾ ਕਿ ‘ਤੁਸੀਂ ਹਿੰਦੁਸਤਾਨੀ (ਜਿਨ੍ਹਾਂ ਨੇ ਸਾਨੂੰ ਹਿੰਦ ਉੱਤੇ ਹਮਲੇ ਲਈ ਸੱਦਾ ਭੇਜਿਆ ਹੈ) ਕਿਤੇ ਸਾਡੇ ਨਾਲ ਧੋਖਾ ਤਾਂ ਨਹੀਂ ਕਰ ਰਹੇ, ਕਿਉਂਕਿ ਤੁਹਾਡਾ ਬਾਦਸ਼ਾਹ ਤਾਂ ਰੱਬ ਜਿੱਡੇ ਵੱਡੇ ਦਾਈਏ ਨਾਲ ਗੱਲਾਂ ਕਰਦਾ ਹੈ? ਮਨਸੂਰ ਅਲੀ ਨਿਜ਼ਾਮ-ਉਲ-ਮੁਲਕ ਨੇ (ਨਾਦਰ ਸ਼ਾਹ ਦੇ ਏਲਚੀ) ਸ਼ਾਹਬਾਜ਼ ਖਾਂ ਨੂੰ ਇਕ ਗੱਲ ਕਹੀ ਕਿ ‘ਅਸੀਂ ਰੱਬ ਦੇ ਪਵਿੱਤਰ ਸੰਦੇਸ਼ਕ ਹਜ਼ਰਤ ਮੁਹੰਮਦ ਸਾਹਿਬ ਦੇ ਕਲਮੋ (ਮੂਲ ਮੰਤਰ) ਤੇ ਇਸਲਾਮ ਧਰਮ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਸਾਡੇ ਵਿਚੋਂ ਇਕ ਵੀ ਇਹਦਾ ਹਮਾਇਤੀ ਨਹੀਂ, ਸੱਭੇ ਹੀ ਕੱਚੇ ਹਨ। ਜਿੰਨੀ ਦੇਰ ਤੱਕ ਕਮਾਨ ਦੀ ਕਮਾਨੀ (ਸਪਰਿੰਗ) ਜ਼ੋਰਦਾਰ ਨਾ ਹੋਵੇ, ਕਦੇ ਕਮਾਨ ਦੀ ਨਾਬਕ (ਨਲਕੀ) ਵਿਚੋਂ ਤੀਰ ਬਾਹਰ ਨਹੀਂ ਨਿਕਲਦਾ। ਜੇ ਪਹਿਲਵਾਨ ਵਿਚ ਜਵਾਨਾਂ ਜਿਹਾ ਜ਼ੋਰ ਹੀ ਨਾ ਹੋਏ ਤਾਂ ਉਹਨੇ ਕੀ ਕੁਸ਼ਤੀ ਲੜਨੀ ਏੰ? ਪਤੀ ਵੱਲੋਂ ਤਿਆਗੀ ਹੋਈ ਜ਼ਨਾਨੀ ਕਿਵੇਂ ਸ਼ਿੰਗਾਰ ਕਰ ਸਕਦੀ ਏ? ਜਿਸ ਲਾੜੇ ਦੇ ਨਾਲ ਜਾੰਲ ਨਾ ਹੋਵੇ ਉਹ ਕਿਵੇਂ ਸੋਹਣਾ ਫਬ ਸਕਦਾ ਹੈ?
ਬਾਦਸ਼ਾਹ ਮੁਹੰਮਦ ਸ਼ਾਹ ਦੇ ਨਾਲ ਤਾਂ ਇਕੱਲਾ ਈਰਾਨੀ ਅਮੀਰ ਖ਼ਾਨ ਦੌਰਾਂ ਹੀ ਹੈ। ਜਾਂ ਫੇਰ ਇਹਦੀ ਬੇਗਮ, ਮਲਕਾ ਜ਼ਮਾਨੀ ਤੇ ਉਹਦੀਆਂ ਸਹੇਲੀਆਂ ਇਹਦੇ ਨਾਲ ਹਨ। ਤੁਸੀਂ ਦੁਰਾਨੀਆਂ ਤੇ ਪਠਾਣਾਂ ਨੂੰ ਨਾਲ ਲੈ ਕੇ ਅਟਕ ਨੂੰ ਪਾਰ ਕਰੋ। ਅਸੀਂ ਤੁਹਾਡੀ ਸੁੱਖ ਵਿਚਾਰਦੇ ਹੋਏ ਪੀਰਾਂ ਅੱਗੇ ਸ਼ੀਰਨੀ ਚੜ੍ਹਾਉਂਦੇ ਹਾਂ ਤੇ ਬੱਕਰੇ ਦੀ ਬਲੀ ਦੇਂਦੇ ਹਾਂ੩ਤੁਸੀਂ ਇਹ ਯਕੀਨ ਰੱਖੋ ਕਿ ਜਿੰਨੇ ਵੀ ਹਿੰਦੁਸਤਾਨੀ ਅਮੀਰ ਹਨ, ਉਹ ਸਭ ਤੁਹਾਡੀ ਈਨ ਮੰਨ ਲੈਣਗੇ।’

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar