21. ਏਲਚੀ ਦੀ ਚਿੱਠੀ ਨਾਦਰ ਸ਼ਾਹ ਵੱਲ
ਤੇ ਬਹਿ ਦਿੱਲੀਓਂ ਲਿਖਿਆ ਏਲਚੀ, ਸੁਣ ਨਾਦਰ ਸ਼ਾਹ :
‘ਤੇ ਚੜ੍ਹਕੇ ਆ ਨਿਸ਼ੰਗ ਤੂੰ, ਹੋ ਬੇਪਰਵਾਹ।
ਤੇ ਏਹਦਾ ਨਾ ਕੋਈ ਆਕਲ ਵਜ਼ੀਰ ਹੈ, ਨਾ ਮਰਦ ਸਿਪਾਹ।
ਏਥੇ ਘਾਟਾ ਵਾਧਾ ਕੁਝ ਨਾ, ਨਾ ਢਕੀ ਢਾਹ।
ਨਾ ਕੋਈ ਕੱਖ ਨਾ ਪੋਹਲੀ, ਨਾ ਝਾੜੀ ਝਾਹ।
ਤੇ ਨਾ ਕੋਈ ਪੁਲ ਬਣਾਵਣਾ, ਨਾ ਮਿੰਨਤ ਮੱਲਾਹ।
ਨਾਦਰ ਸ਼ਾਹ ਦੇ ਸੰਦੇਸ਼ਕ (ਸ਼ਾਹਬਾਜ਼ ਖ਼ਾਂ) ਨੇ ਦਿੱਲੀ ਤੋਂ ਉਹਨੂੰ ਇਕ ਚਿੱਠੀ ਲਿਖੀ, ‘ਤੁਸੀਂ ਨਿਧੜਕ ਤੇ ਬੇਫਿਕਰ ਹੋ ਕੇ ਹਮਲਾ ਕਰੋ। ਏਥੇ ਮੁਹੰਮਦ ਸ਼ਾਹ ਦੇ ਪਾਸ ਨਾ ਤਾਂ ਕੋਈ ਸਿਆਣਾ ਵਜ਼ੀਰ ਹੈ ਤੇ ਨਾ ਹੀ ਅਣਖੀਲਾ ਜਰਨੈਲ ਹੈ। ਏਥੇ ਕਿਸੇ ਨੂੰ ਨਫ਼ੇ ਨੁਕਸਾਨ ਦੀ ਸੋਝੀ ਨਹੀਂ ਤੇ ਨਾ ਹੀ ਲੱਥੀ ਚੜ੍ਹੀ ਦੀ ਪਰਵਾਹ ਹੈ। (ਦਿੱਲੀ ਦਾ ਸਾਰਾ ਰਸਤਾ ਸਾਫ਼ ਹੈ) ਰਸਤੇ ਵਿਚ ਕੋਈ ਤੀਲ੍ਹਾ, ਪੋਹਲੀ, ਝਾੜੀ ਜਾਂ ਕੰਡਾ ਨਹੀਂ। ਨਾ ਕਿਸੇ ਦਰਿਆ ‘ਤੇ ਪੁਲ ਬਣਵਾਉਣਾ ਪੈਣਾ ਹੈ ਅਤੇ ਨਾ ਹੀ ਮੱਲਾਹਾਂ ਦੇ ਤਰਲੇ ਕੱਢਣ ਦੀ ਲੋੜ ਪੈਣੀ ਹੈ।
ਤੇ ਸੱਭੇ ਨਦੀਆਂ ਖੁਸ਼ਕ ਨੇ, ਮੁੱਢ ਜ਼ਰਾ ਇਕ ਵਾਹ।
ਏਹ ਦਿੱਲੀ ਖੜੀ ਉਡੀਕਦੀ, ਮੇਰਾ ਕਰੋ ਵਿਆਹ।
ਤੇ ਮੈਨੂੰ ਰੰਡੀ ਨੂੰ ਆਣ ਸੁਹਾਗ ਦੇ, ਨਹੀਂ ਲੈ ਮਰਨੀਊਂ ਫਾਹ।
ਜੇ ਤੂੰ ਸਾਹਿਬ ਹੈਂ ਤੌਫੀਕ ਦਾ, ਆਨ ਖੋਲ੍ਹੀਂ ਸਾਹ।’
ਕਿਉਂਕਿ ਸਭ ਨਦੀਆਂ ਜਾਂ ਤਾਂ ਉੱਕੀਆਂ ਹੀ ਖੁਸ਼ਕ ਨੇ ਜਾਂ ਇਨ੍ਹਾਂ ਦੇ ਮੁੱਢ ਵਿਚ ਜ਼ਰਾ ਕੁ ਪਾਣੀ ਹੈ। ਦਿੱਲੀ ਇਹੀ ਉਡੀਕ ਕਰ ਰਹੀ ਹੈ ਕਿ ‘ਨਾਦਰ ਸ਼ਾਹ ਮੈਨੂੰ ਪਰਨਾਉਣ ਲਈ ਲਾੜਾ ਬਣ ਕੇ ਆਵੇ ਤਾਂ ਜੋ ਮੈਂ ਰੰਡੀ ਤੋਂ ਸੁਹਾਗਣ ਬਣ ਸਕਾਂ। ਨਹੀਂ ਤਾਂ ਮੈਂ ਫਾਹਾ ਲੈ ਕੇ ਮਰ ਜਾਵਾਂਗੀ।’ ਦਿੱਲੀ ਕਹਿੰਦੀ ਹੈ ਕਿ ‘ਜੇ ਤੂੰ ਤਾਕਤ ਜਾਂ ਸਮਰੱਥਾ ਰੱਖਦਾ ਹੈਂ ਤਾਂ ਛੇਤੀ ਪਹੁੰਚ ਕੇ ਮੇਰੇ ਵਿਆਹ ਦਾ ਸਾਹਾ ਖੋਲ੍ਹ।’
22. ਨਾਦਰ ਸ਼ਾਹ ਦੀ ਕੰਧਾਰ ਤੋਂ ਚੜ੍ਹਾਈ
ਚੜ੍ਹੇ ਕੰਧਾਰੋਂ ਨਾਦਰ ਸ਼ਾਹ, ਦਮਾਮੇ ਤਬਲਕ ਵਾ ਕੇ।
ਤੇ ਛੁਟ ਪਏ ਹੜ੍ਹ ਜ਼ੁਲਮ ਦੇ, ਕੁਲ ਖਲਕ ਉਠੀ ਕੁਰਲਾ ਕੇ।
ਮੂੰਹ ਆਇਆ ਕੁਝ ਨਹੀਂ ਛੱਡਦੇ, ਕਤਲਾਮ ਕਰੇਂਦੇ ਨੇ ਚਾ ਕੇ।
ਗ਼ਜ਼ਨੀ ਤੇ ਕਾਬਲ ਲੁਟਿਆ, ਕੁਲ ਥਾਣੇ ਜ਼ਬ੍ਹਾ ਕਰਾ ਕੇ।
ਪਸ਼ਾਵਰ ਜਲਾਲਾਬਾਦ ਨੂੰ, ਤਹਿਮਤ ਕੀਤੋ ਨੇ ਚਾ ਕੇ।
ਸਟ ਲੋਹਾ ਨਾਸਰ ਖ਼ਾਨੀਏ, ਗਲ ਮਿਲੇ ਨੇ ਪਟਕੇ ਪਾ ਕੇ।
ਨਾਦਰ ਸ਼ਾਹ ਨੇ ਬੜੇ ਢੋਲ ਨਗਾਰੇ ਵਜਾ ਕੇ ਕੰਧਾਰ ਤੋਂ ਕੂਚ ਕੀਤਾ, ਉਹਨੇ ਏਨਾ ਜ਼ੁਲਮ ਕੀਤਾ ਕਿ ਕੁਲ ਖਲਕਤ ਵਿਚ ਹਾਹਾਕਾਰ ਮਚ ਗਈ। ਉਸ ਦੇ ਸੈਨਿਕ ਆਪਣੇ ਸਹਮਣੇ ਆਇਆ ਹੋਇਆ ਕੋਈ ਜੀਵ ਜਿਊਂਦਾ ਨਹੀਂ ਸਨ ਛੱਡਦੇ੩ਸਭ ਲੋਕਾਂ ਨੂੰ ਕਤਲ ਕਰੀ ਜਾਂਦੇ ਸਨ। ਉਨ੍ਹਾਂ ਗ਼ਜ਼ਨੀ ਤੇ ਕਾਬਲ ਦੇ ਕੁਲ ਥਾਣੇ ਕਤਲ ਕਰਵਾ ਦਿੱਤੇ ਅਤੇ ਸ਼ਹਿਰਾਂ ਨੂੰ ਰੱਜ ਕੇ ਲੁੱਟਿਆ। ਉਨ੍ਹਾਂ ਨੇ ਪਿਸ਼ਾਵਰ ਤੇ ਜਲਾਲਾਬਾਦ ਨੂੰ ਢਾਹ ਢੇਰੀ ਕੀਤਾ। (ਪਿਸ਼ਾਵਰ ਦਾ ਮੁਗ਼ਲ ਗਵਰਨਰ) ਨਾਸਿਰ ਖਾਨ ਹਥਿਆਰ ਸੁੱਟ ਕੇ ਗਲ ਵਿਚ ਪੱਲੂ ਪਾ ਕੇ ਨਾਦਰ ਸ਼ਾਹ ਨੂੰ ਜਾ ਮਿਲਿਆ।
ਫਿਰ ਕੇ ਹੋਏ ਨੇ ਪੇਸ਼ਵਾ, ਚੁਗੱਤੇ ਦਾ ਨਿਮਕ ਵਾੰਲਾ ਕੇ।
ਕਾਕੇ ਖਾਂ ਕਕਸ਼ਾਲ ਨੇ, ਰਣ ਕੁਟ ਘਤਿਆ ਸੁ ਆ ਕੇ।
ਉਹ ਵੀ ਓੜਕ ਮਾਰਿਆ, ਅੱਠ ਪਹਰ ਲੜਾਈ ਖਾ ਕੇ।
ਤੇ ਡੇਰੇ ਉਤੇ ਅਟਕ ਦੇ, ਉਹ ਕਟਕ ਜੁ ਲੱਥੇ ਨੇ ਆ ਕੇ।
ਪਰ ਖ਼ਬਰਾਂ ਦਿੱਲੀ ਪੌਹਤੀਆਂ, ਜੋ ਆਇਆ ਸ਼ੀਂਹ ਘੁਰਲਾ ਕੇ।
ਸਭ ਆਗੂ ਚੁਗੱਤੇ (ਮੁਹੰਮਦ ਸ਼ਾਹ) ਦਾ ਖਾਧਾ ਹੋਇਆ ਲੂਣ ਹਰਾਮ ਕਰਕੇ ਪਾਸੇ ਬਦਲ ਗਏ। (ਅਟਕ ਦੇ ਹਾਕਮ) ਕਾਕੇ ਖ਼ਾਨ ਕਕਸ਼ਾਲ ਨੇ ਦੁਸ਼ਮਣ ਦੀ ਬਥੇਰੀ ਫੌਜ ਮਾਰੀ, ਪਰ ਅੰਤ ਉਹ ਵੀ ਅੱਠ ਪਹਿਰ ਲੜਾਈ ਕਰਕੇ ਮਾਰਿਆ ਗਿਆ ਅਤੇ ਨਾਦਰ ਸ਼ਾਹ ਦੀ ਫੌਜ ਨੇ ਅਟਕ ਪਾਰ ਕਰਕੇ ਡੇਰੇ ਪਾ ਲਏ। ਦਿੱਲੀ ਖ਼ਬਰਾਂ ਪਹੁੰਚ ਗਈਆਂ ਕਿ ਨਾਦਰ ਸ਼ਾਹੀ ਫੌਜ ਹਾਬੜੇ ਹੋਏ ਸ਼ੇਰ ਵਾਂਗ ਤਬਾਹੀ ਮਚਾਉਂਦੀ ਹੋਈ ਅੱਗੇ ਵਧੀ ਆ ਰਹੀ ਹੈ।
23. ਦੇਸ਼ ਵਿਚ ਘਬਰਾਹਟ ਫੈਲਣੀ
ਦੌਲਤਵੰਤ ਅਮੀਰ ਸਭ ਕਾਸਦ ਦੌੜਾਉਣ।
ਇਕ ਚਰਬ ਹਲੂਣੇ ਖਾ ਕੇ, ਦਿਨ ਰਾਤੀਂ ਧਾਉਣ।
ਅਗਲੇ ਪਿਛਲੇ ਪਹਿਰ ਦੀ, ਲੈ ਖ਼ਬਰ ਪਹੁੰਚਾਉਣ।
ਤੇ ਖਲਕਾਂ ਹੋਣ ਇਕੱਠੀਆਂ, ਮਚਕੂਰ ਸੁਨਾਉਣ :
ਸਭ ਅਮੀਰ ਤੇ ਹਾਕਮ ਦਿੱਲੀ ਵੱਲ ਸੰਦੇਸ਼ਕ ਭੇਜ ਰਹੇ ਸਨ। ਇਹ ਸੰਦੇਸ਼ਕ ਮੋਟੇ ਦੁੰਬਿਆਂ ਦਾ ਮਾਸ ਖਾ-ਖਾ ਕੇ ਦਿਨ-ਰਾਤ ਦੌੜ-ਭੱਜ ਕਰਦੇ ਰਹਿੰਦੇ ਸਨ ਅਤੇ ਹਰ ਪਹਿਰ ਦੀ ਖ਼ਬਰ ਲੈ ਕੇ ਅੱਗੇ ਪਹੁੰਚਾਉਂਦੇ ਸਨ। ਇਨ੍ਹਾਂ ਦੇ ਇਰਦ-ਗਿਰਦ ਭੀੜਾਂ ਇਕੱਠੀਆਂ ਹੋ ਜਾਂਦੀਆਂ ਸਨ ਤੇ ਕੰਬਦੇ ਹੋਏ ਸੰਦੇਸ਼ਕ ਉਨ੍ਹਾਂ ਨੂੰ ਹਮਲੇ ਦੀਆਂ ਖ਼ਬਰਾਂ ਇੰਝ ਸੁਣਾਉਂਦੇ ਸਨ:
‘ਕੌਮ ਆਯੂਦ, ਮਾਯੂਦ ਦੀ, ਵੱਢ ਆਦਮ ਖਾਉਣ।
ਸੌ ਮਰਦ ਇਕ ਇਸਤਰੀ, ਸੰਗ ਰਾਤ ਹੰਡਾਉਣ।
ਜੇਹੜੀਆਂ ਦਿਹੁੰ ਚੰਨ ਮੂਲ ਨਾ ਡਿੱਠੀਆਂ, ਕੱਢ ਬਾਹਰ ਬਹਾਉਣ।
ਤੇ ਸੁਣ ਸੁਣ ਗੱਲਾਂ ਬੀਬੀਆਂ, ਮੋਹਰੇ ਸੁੱਕ ਜਾਉਣ।
ਤੇ ਇਕਨਾਂ ਦੀ ਹੱਥੀਂ ਕਾਤੀਆਂ, ਪੇਟ ਛੁਰੀ ਚਲਾਉਣ।
ਇਕ ਡੂੰਘੇ ਭੋਰੇ ਖੱਟ ਕੇ, ਵਿਚ ਜ਼ਰੀ ਦਬਾਉਣ।
ਇਕ ਸਾਵੀਆਂ ਪੀਲੀਆਂ ਹੋ ਕੇ, ਮਰ ਅਗਦੀ ਜਾਉਣ।
ਜਿਉਂ ਚਿੜੀਆਂ ਸੱਪ ਵੇਖ ਕੇ, ਆਦਮ ਚਿਚਲਾਉਣ।
ਤੇ ਕੀਰ ਨਗਰ ਇਕ ਢੇਰੀਆਂ, ਨ ਰਾਹ ਸਮਾਉਣ।
ਬਿਨ ਤੋਬਾ ਥੀਂ ਆਦਮੀ, ਨਾ ਸੁਖਨ ਅਲਾਉਣ।
ਤੇ ਰੱਬਾ ਸੋ ਕੰਮ ਕਿਸੇ ਨ ਮੇਟਨੀਂ, ਜੇਹੜੇ ਤੈਨੂੰ ਭਾਉਣ।’
‘ਨਾਦਰ ਸ਼ਾਹ ਦੇ ਫੌਜੀ ਤਾਂ ਆਯੂਦ ਤੇ ਮਾਯੂਦ ਜਿੰਨਾਂ (ਦਿਉਆਂ) ਦੀ ਔਲਾਦ ਹਨ ਜੋ ਆਦਮੀਆਂ ਨੂੰ ਵੀ ਵੱਢ ਕੇ ਖਾ ਜਾਂਦੇ ਹਨ। ਉਹ ਇਕ ਇਸਤਰੀ ਨਾਲ ਸੌ ਮਰਦ ਇਕ ਰਾਤ ਵਿਚ ਭੋਗ ਵਿਲਾਸ ਕਰ ਲੈਂਦੇ ਹਨ। ਇਹ ਪਰਦੇ ਵਿਚ ਰਹਿਣ ਵਾਲੀਆਂ ਉਨ੍ਹਾਂ ਇਸਤਰੀਆਂ ਨੂੰ ਵੀ ਬਾਹਰ ਕੱਢ ਲਿਆਉਂਦੇ ਹਨ ਜਿਹੜੀਆਂ ਕਦੇ ਦਿਨੇ ਜਾਂ ਰਾਤੀਂ ਵੀ ਘਰੋਂ ਬਾਹਰ ਨਹੀਂ ਸਨ ਨਿਕਲਦੀਆਂ। ਇਨ੍ਹਾਂ ਦੀਆਂ ਗੱਲਾਂ ਸੁਣ ਕੇ ਇਸਤਰੀਆਂ ਇਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੁੱਕ ਜਾਂਦੀਆਂ ਹਨ। ਕਈਆਂ ਇਸਤਰੀਆਂ ਨੇ ਏਸ ਜ਼ੁਲਮ ਤੋਂ ਡਰ ਕੇ ਪਹਿਲਾਂ ਹੀ ਆਪਣੇ ਹੱਥੀਂ ਆਪਣੇ ਢਿੱਡਾਂ ਵਿਚ ਛੁਰੇ ਮਾਰ ਕੇ ਆਤਮਘਾਤ ਕਰ ਲਿਆ ਹੈ।
ਕਈਆਂ ਇਸਤਰੀਆਂ ਨੇ ਡੂੰਘੇ ਟੋਏ ਪੁੱਟ ਕੇ ਆਪਣੇ ਸੋਨੇ ਦੇ ਗਹਿਣੇ ਦੱਬ ਦਿੱਤੇ ਹਨ। ਗ਼ਮ ਨਾਲ ਸਵਾਈਆਂ ਪੀਲੀਆਂ ਹੋ ਕੇ ਕਈ ਪਹਿਲਾਂ ਹੀ ਮਰ ਗਈਆਂ ਹਨ। ਨਾਦਰ ਸ਼ਾਹੀ ਫੌਜਾਂ ਨੂੰ ਦੇਖ ਕੇ ਮਨੁੱਖ ਇੰਝ ਕੁਰਲਾਉਂਦੇ ਹਨ ਜਿਵੇਂ ਚਿੜੀਆਂ ਸੱਪ ਨੂੰ ਵੇਖ ਕੇ ਚਿਚਲਾਉਂਦੀਆਂ ਹਨ। ਰਸਤਿਆਂ ‘ਤੇ ਆਦਮੀ ਇੰਝ ਨੱਸੇ ਆ ਰਹੇ ਹਨ ਜਿਵੇਂ ਕੀੜੀਆਂ ਆਪਣੇ ਭੌਣ ‘ਚੋਂ ਨਿਕਲਦੀਆਂ ਹਨ। (ਨੱਸੇ ਆ ਰਹੇ) ਲੋਕ ਸਿਰਫ਼ ‘ਤੌਬਾ’ (ਰੱਬਾ ਬਖਸ਼ ਲਈਂ) ਦਾ ਸ਼ਬਦ ਬੋਲਦੇ ਹੀ ਸੁਣੀਂਦੇ ਹਨ ਤੇ ਕਹਿੰਦੇ ਹਨ ਕਿ ਹੇ ਪਰਮਾਤਮਾ! ਜੋ ਕੰਮ ਤੈਨੂੰ ਭਾਉਂਦੇ ਹਨ ਉਨ੍ਹਾਂ ਨੂੰ ਹੋਣ ਤੋਂ ਕੋਈ ਰੋਕ ਨਹੀਂ ਸਕਦਾ।’
24. ਅਟਕ ਤੋਂ ਅੱਗੇ ਵਧਣਾ
ਅਟਕ ਤੋਂ ਚੜ੍ਹਿਆ ਨਾਦਰ ਸ਼ਾਹ, ਰਾਹ ਭੇੜੀ ਕੁੱਟੇ।
ਤੇ ਵਹਿ ਪਏ ਪੰਜਾਬੇ ਪਾਸ ਨੂੰ, ਸੈ ਮਾਰੇ ਮੁੱਠੇ।
ਖੱਟੜ, ਘੇਬੇ ਤੇ ਗਹਿਖੜੇ, ਪਏ ਭੈਣੀ ਲੁੱਟੇ।
ਕੋਹ ਪੰਜਾਹ ਚੋੜੱਤਣੀਂ, ਲੜ ਆਉਣ ਛੁੱਟੇ।
ਡੇਹਰੇ ਉਤੇ ਜੇਹਲਮੀ ਆਣ ਲੰਬੂ ਛੁੱਟੇ।
ਪਰ ਖ਼ਬਰਾਂ ਦਿੱਲੀ ਪੋਹਤੀਆਂ, ਸੁਣ ਜਿਗਰੇ ਫੁਟੇ।
ਨਾਦਰ ਸ਼ਾਹ ਨੇ ਅਟਕ ਤੋਂ ਅੱਗੇ ਚੜ੍ਹਾਈ ਕੀਤੀ ਅਤੇ ਰਾਹ ਵਿਚ ਜਿਸ ਕਿਸੇ ਨਾਲ ਵੀ ਭੇੜ ਹੋਇਆ ਉਹਨੂੰ ਹੀ ਮਾਰ ਮੁਕਾਇਆ। ਉਹ ਹੜ੍ਹ ਵਾਂਗ ਪੰਜਾਬ ਵੱਲ ਵਧਿਆ। ਰਾਹ ਵਿਚ ਉਹਦੀ ਫੌਜ ਨੇ ਸੈਂਕੜੇ ਆਦਮੀ ਮਾਰ ਸੁੱਟੇ ਤੇ ਲੁਟ ਲਏ। ਏਸ ਇਲਾਕੇ ਦੀਆਂ ਖੱਟੜ, ਘੇਬੇ, ਗੱਖੜ ਤੇ ਭੈਣੀ ਜਾਤੀਆਂ ਨੂੰ ਲੁੱਟਿਆ। ਨਾਦਰ ਸ਼ਾਹੀ ਫੌਜ ਦੇ ਲੜ ਪੰਜਾਹ ਕੋਹ ਦੀ ਚੌੜਾਈ ਵਿਚ ਫੈਲੇ ਹੋਏ ਸਨ। ਜਿਹਲਮ ਦੇ ਕੰਢੇ ਡੇਰੇ (ਗਾਜ਼ੀ ਖ਼ਾਂ) ‘ਤੇ ਪਹੁੰਚ ਕੇ ਸ਼ਹਿਰ ਨੂੰ ਸਾੜ ਸਵਾਹ ਕੀਤਾ। ਜਦੋਂ ਇਸ ਤਬਾਹੀ ਦੀਆਂ ਖ਼ਬਰਾਂ ਦਿੱਲੀ ਪਹੁੰਚੀਆਂ ਤਾਂ ਲੋਕਾਂ ਦੇ ਦਿਲ ਤਰਸ ਨਾਲ ਪਸੀਜ ਗਏ।
25. ਜਿਹਲਮ ਤੋਂ ਅੱਗੇ ਵਧਣਾ
ਜੇਹਲਮੋਂ ਚੜ੍ਹਿਆ ਨਾਦਰ ਸ਼ਾਹ, ਸੁਲ ਤਬਲਕ ਵਾਏ।
ਵਾਂਙ ਸਕੰਦਰ ਬਾਦਸ਼ਾਹ, ਸਭ ਮੁਲਕ ਦਬਾਏ।
ਉਹਨੂੰ ਕੋਈ ਨਾ ਹੋਵੇ ਸਾਹਮਣਾ, ਨ ਲੋਹਾ ਚਾਏ।
ਦੋ ਬਾਰੀ ਰਾਹ ਨੇ ਗੋਂਦਲਾਂ, ਲਜਪੂਤਾਂ ਆਹੇ।
ਤੇ ਦਿਲੋ ਤੇ ਸੈਦੋ ਵਥਿਆ, ਅਸਮਾਨੀ ਸਾਏ।
ਸਾਂਗਾਂ ਤਿਗੋਵਾਣੀਆਂ, ਭਨ ਜਿਕਰ ਚਿੰਘਾਏ।
ਤੇ ਮੁਰਗ ਜਿਵੇਂ ਕਬਾਬੀਆਂ, ਚਾ ਸੀਖੀਂ ਲਾਏ।
ਉਹਨਾਂ ਹਿੰਮਤ ਕੀਤੀ ਸੂਰਿਆਂ, ਚਿਕ ਸਿਉ ਲੰਘਾਏ।
ਧੀਆਂ ਤੇ ਭੈਣਾਂ ਬੇਟੀਆਂ ਦੀ, ਰੱਬ ਸ਼ਰਮ ਰਖਾਏ।
ਬਿਗਲ ਤੇ ਨਗਾਰੇ ਵਜਾ ਕੇ ਨਾਦਰ ਸ਼ਾਹ ਜਿਹਲਮ ਤੋਂ ਅੱਗੇ ਵਧਿਆ। ਉਹਨੇ ਬਾਦਸ਼ਾਹ ਸਿਕੰਦਰ ਵਾਂਗ ਸਭ ਮੁਲਕ ਲਿਤਾੜ ਸੁਟੇ। ਉਹਦਾ ਨਾ ਹੀ ਕੋਈ ਮੁਕਾਬਲਾ ਕਰਦਾ ਸੀ ਤੇ ਨਾ ਕੋਈ ਉਹਦੇ ਅੱਗੇ ਹਥਿਆਰ ਹੀ ਚੁੱਕਦਾ ਸੀ। ਰਸਤੇ ਵਿਚ ਗੋਂਦਲਾਂ ਤੇ ਰਾਜਪੂਤਾਂ ਦੀਆਂ ਦੋ ਬਾਰਾਂ ਸਨ। ਇਨ੍ਹਾਂ ਦੋਹਾਂ ਕਬੀਲਿਆਂ ਦੇ ਸਰਦਾਰ-ਦਿੱਲੋ ਤੇ ਸੈਦੋ ਅੱਗੇ ਵਧੇ। ਰੱਬ ਉਨ੍ਹਾਂ ‘ਤੇ ਮਿਹਰ ਦੀ ਛਾਂ ਰੱਖੇ! ਉਨ੍ਹਾਂ ਦੀਆਂ ਤਿੱਖੀਆਂ ਬਰਛੀਆਂ ਨਾਲ ਵਿੰਨ੍ਹੇ ਹੋਏ ਦੁਸ਼ਮਣਾਂ ਦੇ ਜਿਗਰ ਇੰਝ ਲਗਦੇ ਸਨ ਜਿਵੇਂ ਕਬਾਬੀਆਂ ਨੇ ਕੁੱਕੜਾਂ ਨੂੰ ਸੀਖਾਂ ਨਾਲ ਵਿੰਨ੍ਹਿਆ ਹੋਇਆ ਹੁੰਦਾ ਹੈ। ਉਨ੍ਹਾਂ ਸੂਰਮਿਆਂ ਨੇ ਹਿੰਮਤ ਕਰ ਕੇ ਦੁਸ਼ਮਣ ਨੂੰ ਮਾਰ ਕੇ ਆਪਣੀ ਹੱਦ ਵਿਚੋਂ ਪਾਰ ਹੋਣ ਦਿੱਤਾ ਤੇ ਰੱਬ ਦੀ ਮਿਹਰ ਨਾਲ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾ ਲਈ।
ਵੰਝ ਪਈਆਂ ਦੜਪੇ ਲੋਟੀਆਂ, ਮਾਰ ਫਰਸ਼ ਉਠਾਏ।
ਪਰ ਸਲਾਮੀ ਸ਼ਾਹ ਦੌਲਾ ਪੀਰ ਦੀ, ਗੁਜਰਾਤੇ ਆਏ।
ਇਸ ਤੋਂ ਬਾਅਦ ‘ਦੜੱਪ’ ਦੇ ਇਲਾਕੇ ਵਿਚ ਪਹੁੰਚ ਕੇ ਨਾਦਰ ਸ਼ਾਹੀ ਫੌਜ ਨੇ ਖ਼ੂਬ ਲੁੱਟ ਮਚਾਈ ਤੇ ਬੜੀ ਉੱਧੜ ਧੁੰਮੀ ਚੁੱਕੀ। ਅੰਤ ਗੁਜਰਾਤ ਪਹੁੰਚ ਕੇ ਪੀਰ ਦੌਲੇ ਸ਼ਾਹ ਦੇ ਮਿਜ਼ਾਰ ‘ਤੇ ਸਲਾਮੀ ਦਿੱਤੀ।