26. ਗੁਜਰਾਤ ਤੋਂ ਚੱਲਣਾ ਤੇ ਮਿਰਜ਼ਾ ਕਲੰਦਰ ਬੇਗ਼ ਨਾਲ ਯੁੱਧ
ਚੜ੍ਹੇ ਗੁਜਰਾਤੋਂ ਨਾਜ਼ਰ ਸ਼ਾਹ, ਧਰੱਗੀਂ ਧਰੇਵਾਨਾਂ।
ਤੇ ਲੰਘ ਵਜ਼ੀਰਾਬਾਦ ਥੀਂ, ਚਾਪੋਲ ਜੋ ਧਾਣਾਂ।
ਤੇ ਸੱਠ ਹਜ਼ਾਰ ਸਵਾਰ ਦਾ, ਵਿਚ ਕੋਹਾਂ ਦੇ ਤਾਣਾ।
ਪਾਦਸ਼ਾਹੀ ਗਰਦਾਂ ਵੇਖ ਕੇ, ਟਾਂਗੂ ਕੁਰਲਾਣਾ।
ਉਸ ਅਚਨਚੇਤੇ ਡਿੱਠੀਆਂ, ਉਹ ਸ਼ਕਲ ਪਠਾਣਾਂ।
ਮਿਰਜ਼ੇ ਕਲੰਦਰ ਬੇਗ਼ ਦਾ, ਵਿਚ ਕੱਛੀ ਦੇ ਥਾਣਾ।
ਤੇ ਮਿਰਜ਼ਾ ਕਹੇ ਸਿਪਾਹ ਨੂੰ, ਇਕ ਸੁਖਨ ਸਿਆਣਾ :
ਨਾਦਰ ਸ਼ਾਹ ਬੜੇ ਜ਼ੋਰ ਸ਼ੋਰ ਨਾਲ ਨਗਾਰੇ ਵਜਾ ਕੇ ਗੁਜਰਾਤ ਤੋਂ ਅੱਗੇ ਵਧਿਆ। ਵਜ਼ੀਰਾਬਾਦੋਂ ਲੰਘ ਕੇ (ਐਮਨਾਬਾਦ ਦੀ) ਦਲਦਲ ਦੇ ਇਲਾਕੇ ‘ਤੇ ਧਾਵਾ ਬੋਲਿਆ। ਉਸ ਦੇ ਸੱਠ ਹਜ਼ਾਰ ਘੋੜ ਸਵਾਰ ਜਾਲ ਵਾਂਗ ਕਈ ਕੋਹਾਂ ਵਿਚ ਫੈਲੇ ਹੋਏ ਸਨ। ਮੁਨਾਰੇ ਉੱਤੇ ਬੈਠਾ ਹੋਇਆ ਪਹਿਰੇਦਾਰ ਦੂਰੋਂ ਆਉਂਦੀ ਬਾਦਸ਼ਾਹੀ ਫੌਜ ਦੀ ਧੂੜ ਵੇਖ ਕੇ ਕੁਰਲਾ ਉਠਿਆ। ਉਹਨੂੰ ਅਚਾਨਕ ਪਠਾਣਾਂ ਦੀ ਸ਼ਕਲ ਦਿਖਾਈ ਦਿੱਤੀ। ਮਿਰਜ਼ਾ ਕਲੰਦਰ ਬੇਗ਼ ਦੀ ਫੌਜੀ ਚੌਕੀ (ਚਨਾਬ) ਦਰਿਆ ਦੇ ਕੰਢੇ ‘ਤੇ (ਐਮਨਾਬਾਦ ਵਿਚ) ਸੀ। ਜਦੋਂ ਮਿਰਜ਼ੇ ਨੂੰ ਇਹ ਖ਼ਬਰ ਪਹੁੰਚੀ ਤਾਂ ਉਹਨੇ ਆਪਣੀ ਫੌਜ ਨੂੰ ਇਕ ਸਿਆਣੀ ਗੱਲ ਕਹੀ।
‘ਯਾਰੋ! ਇਹ ਜਿ ਸਿਫ਼ਤ ਅਸੀਲ ਦੀ, ਪਿੜ ਛੱਡ ਨਹੀਂ ਜਾਣਾ।
ਅਸਾਂ ਸੁਣਿਆ ਨਾਲ ਗਵਾਹੀਆਂ, ਵਿਚ ਸ਼ੱਕ ਨਾ ਆਣਾ।
ਸੂਰਮੇ ਤੇ ਸਖੀ ਸ਼ਹੀਦ ਦਾ, ਵਿਚ ਬਹਿਸ਼ਤ ਟਿਕਾਣਾ।’
ਸ਼ਸਤਰ ਪਹਿੰਦੇ ਸੂਰਮਿਆਂ, ਸ਼ਹੀਦੀ ਬਾਣਾ।
ਸਾਜ ਜ਼ਿਰੇ ਤੇ ਬਖਤਰ ਪਹਿਧਿਆ, ਹੱਥ ਪਕੜ ਕਮਾਣਾਂ।
ਉਹ ਜਾ ਖਲੇ ਮੈਦਾਨ ਵਿਚ, ਹੀਆਉ ਸਦਰਾਣਾ।
ਤੇ ਛੁੱਟਣ ਤੀਰ ਮੀਂਹ ਉਨਾਣ ਵਾਂਗ, ਸਾੜ ਘੱਤੀ ਬਾਣਾਂ।
ਉਥੇ ਛੁੱਟਣ ਬੰਦੂਕਾਂ ਕਾੜ ਕਾੜ, ਕਹੋ ਕਿਤ ਅਡਾਣਾ।
ਜਿਵੇਂ ਅੱਗ ਲਗੀ ਸੀ ਨਾੜ ਨੂੰ ਤਿਵੇਂ ਭੁੱਜਣ ਧਾਣਾਂ।
ਧੂੰ ਗਰਦ ਚੜ੍ਹੀ ਅਸਮਾਨ ਨੂੰ, ਨ ਰਹੀ ਪਛਾਣਾਂ।
‘ਯਾਰੋ! ਮੈਂ ਇਹ ਕਈਆਂ ਪਾਸੋਂ ਸੁਣਿਆ ਹੈ ਤੇ ਤੁਸੀਂ ਵੀ ਜ਼ਰਾ ਇਸ ਬਾਰੇ ਸ਼ੱਕ ਨਾ ਕਰਨਾ ਕਿ ਖਾਨਦਾਨੀ ਆਦਮੀਆਂ ਦੀ ਸਿਫ਼ਤ ਇਹੀ ਹੁੰਦੀ ਹੈ ਕਿ ਉਹ ਕਦੀ ਮੈਦਾਨ ਨਹੀਂ ਛੱਡਦੇ। ਦੂਜੀ ਇਹ ਕਿ ਬਹਾਦਰ ਸੂਰਮਿਆਂ ਨੂੰ, ਦਾਨੀ ਆਦਮੀਆਂ ਨੂੰ ਅਤੇ ਧਰਮ-ਯੁੱਧ ਵਿਚ ਮਰਨ ਵਾਲਿਆਂ ਨੂੰ ਰੱਬ ਸਵਰਗ ਵਿਚ ਨਿਵਾਸ ਦੇਂਦਾ ਹੈ।’ (ਇਹ ਸੁਣ ਕੇ ਮਿਰਜਡੇ ਦੇ) ਬਹਾਦਰ ਸੈਨਿਕਾਂ ਨੇ ਹਥਿਆਰ ਸਜਾ ਲਏ ਤੇ ਸ਼ਹੀਦੀ ਬਾਣੇ ਪਾ ਲਏ। ਉਨ੍ਹਾਂ ਨੇ ਜ਼ਿਰਾ ਬਕਤਰ (ਲੋਹੇ ਦੇ ਕੋਟ, ਟੋਪੀਆਂ ਆਦਿ) ਪਹਿਨ ਲਏ ਤੇ ਹੱਥਾਂ ਵਿਚ ਕਮਾਨਾਂ ਫੜ ਲਈਆਂ। ਉਹ ਦਿਲਾਂ ਨੂੰ ਤਕੜਿਆਂ ਕਰਕੇ ਮੈਦਾਨ ਵਿਚ ਜਾ ਖਲੋਤੇ। (ਲੜਾਈ ਦੇ ਸਮੇਂ) ਤੀਰਾਂ ਦੀ ਵਾਛੜ ਦੀ ਸ਼ੂਕ ਗਰਮੀਆਂ ਦੇ ਛੜ੍ਹਾਕੇ ਵਾਂਗ ਆ ਰਹੀ ਸੀ। ਬੰਦੂਕਾਂ ਕਾੜ-ਕਾੜ ਕਰਕੇ ਚੱਲ ਰਹੀਆਂ ਸਨ ਅਤੇ ਬਚਾਓ ਵਾਸਤੇ ਕਿਤੇ ਵੀ ਥਾਂ ਨਹੀਂ ਸੀ ਲੱਭਦੀ। ਤੋਪਾਂ ਦੇ ਠਾਹ-ਠਾਹ ਚੱਲਣ ਦੀ ਆਵਾਜ਼ ਸੜ ਰਹੇ ਨਾੜ ਦੇ ਤਿੜ-ਤਿੜ ਕਰਨ ਵਾਂਗ ਸੀ। ਧੂੰਏਂ ਤੇ ਧੂੜ ਨਾਲ ਅਸਮਾਨ ਏਨਾ ਢਕਿਆ ਪਿਆ ਸੀ ਕਿ ਆਪਣੇ ਪਰਾਏ ਦੀ ਵੀ ਪਛਾਣ ਨਹੀਂ ਸੀ ਹੋ ਸਕਦੀ।
ਚਮਕਣ ਵੇਕ ਤੋਪਾਲੀਆਂ, ਜਿਵੇਂ ਰਾਤ ਟਿਨਾਣਾਂ।
ਲਗਣ ਮੁਨਸਾਂ ਤੇ ਘੋੜਿਆਂ, ਗੋਸ਼ਤ ਚਿਰਾਣਾ।
ਘੋੜਾ ਤੇ ਮਰਦ ਮੈਦਾਨ ਵਿਚ, ਢਹਿ ਪੈਣ ਉਤਾਣਾ।
ਜਿਵੇਂ ਮੋਛੇ ਕਰ ਕਰ ਸੁੱਟੀਆਂ, ਗੱਨੀਆਂ ਤਰਖਾਣਾ।
ਜਿਵੇਂ ਝੜੇ ਸ਼ਰਾਬੀ ਫਰਸ਼ ‘ਤੇ, ਬਾਂਹ ਦੇ ਸਰਹਾਣਾ।
ਖੇਡ ਸੁੱਤੇ ਨੇ ਹੋਲੀ ਰਾਜਪੂਤ, ਕਰ ਸੂਹਾ ਬਾਣਾ।
ਫੇਰਿਓ ਸੂ ਮੂੰਹ ਚਾਪੋਲ ਦਾ, ਕਰ ਲਸ਼ਕਰ ਕਾਣਾ।
ਮਿਰਜ਼ੇ ਨਿਮਕ ਹਲਾਲ ਦਾ, ਵੇਖ ਰਾਮ ਕਹਾਣਾ।
ਪਰ ਆਲਮਗੀਰੀ ਧੜੀ ਨਾਲ, ਚੜ੍ਹ ਤੋਲ ਵਿਕਾਣਾ।
ਤੋਪਾਂ ‘ਚੋਂ ਛੁੱਟੇ ਹੋਏ ਗੋਲੇ ਇੰਝ ਚਮਕ ਰਹੇ ਸਨ ਜਿਵੇਂ ਰਾਤ ਸਮੇਂ ਟਟਹਿਣੇ ਚਮਕਦੇ ਹਨ। ਤੋਪਾਂ ਦੇ ਗੋਲੇ ਆਦਮੀਆਂ ਤੇ ਘੋੜਿਆਂ ਦਾ ਮਾਸ ਚੀਰ ਸੁੱਟਦੇ ਸਨ ਤੇ ਘੋੜਾ ਤੇ ਉਹਦਾ ਸਵਾਰ ਮੈਦਾਨ ਵਿਚ ਸਿਰ ਪਰਨੇ ਡਿੱਗ ਪੈਂਦੇ ਸਨ। ਵੱਢੇ ਫੱਟੇ ਲੋਕ ਇੰਜ ਜਾਪਦੇ ਸਨ ਜਿਵੇਂ ਤਰਖਾਣਾਂ ਨੇ ਲੱਕੜੀ ਦੀਆਂ ਗੇਲੀਆਂ ਦੇ ਟੋਟੇ ਵੱਢ ਕੇ ਖਿਲਾਰੇ ਹੁੰਦੇ ਹਨ : ਜਾਂ ਜਿਸ ਤਰ੍ਹਾਂ ਧਰਤੀ ‘ਤੇ ਡਿੱਗੇ ਹੋਏ ਸ਼ਰਾਬੀ ਬਾਂਹ ਸਰ੍ਹਾਣੇ ਦੇ ਕੇ ਲੰਮੇ ਪਏ ਹੁੰਦੇ ਹਨ : ਜਾਂ ਜਿਵੇਂ ਹੋਲੀ ਖੇਡ ਕੇ ਲਾਲ ਕੱਪੜੇ ਰੰਗੀ ਰਾਜਪੂਤ ਲੇਟੇ ਹੋਏ ਹੁੰਦੇ ਹਨ। ਦੁਸ਼ਮਣ ਦੀ ਫੌਜ ਦਾ ਇਕ ਪਾਸਾ ਮਾਰ ਦੇਣ ਤੋਂ ਬਾਅਦ ਮਿਰਜ਼ਾ ਆਪਣੀ ਫੌਜ ਨੂੰ (ਐਮਨਾਬਾਦ ਦੀ) ਦਲਦਲ ਵੱਲ ਮੋੜ ਲਿਆਇਆ ਪਰ ਸਵਾਮੀ ਭਗਤ ਮਿਰਜ਼ਾ ਕਲੰਦਰ ਬੇਗ਼ ਦੀ ਦਰਦ ਭਰੀ ਵਾਰਤਾ ਸੁਣੋ ਕਿ ਉਸ ਨੇ ਆਪਣੀ ਇਕ ਤੋਲਾ ਕੁ ਭਰ ਫੌਜ ਨੂੰ ਸੰਸਾਰ-ਜੇਤੂ ਨਾਦਰ ਸ਼ਾਹ ਦੀ ਦਸ ਸੇਰੀ ਫੌਜ ਨਾਲ ਬਰਾਬਰ ‘ਤੇ ਲੜਾ ਦਿੱਤਾ।
27. ਮਿਰਜ਼ੇ ਦਾ ਨਵਾਬ ਲਾਹੌਰ ਵੱਲ ਸੰਦੇਸ਼ਕ ਭੇਜਣਾ
ਮਿਰਜ਼ਾ ਡੇਰੇ ਆਣ ਕੇ, ਦਲੀਲ ਦੁੜਾਏ।
ਤੇ ਉਹਨੂੰ ਜਮਾਤ ਨ ਦਿਸੇ ਆਪਣੀ, ਕੌਣ ਜੀ ਠਹਿਰਾਏ?
ਦਿਨ ਚੌਪਹਿਰਾ ਕਟਿਆ, ਕੌਣ ਰਾਤ ਲੰਘਾਏ?
ਮਿਰਜ਼ੇ ਕਾਸਦ ਸੱਦਿਆ, ਲਿਖਿਆ ਪਹੁੰਚਾਏ।
ਕਾਸਦ ਅੱਗੇ ਨਵਾਬ ਦੇ, ਫ਼ਰਿਆਦ ਸੁਣਾਏ :
ਉਸ ਰੱਤੂ ਭਿੰਨੇ ਕੱਪੜੇ, ਅੱਗ ਨਾਲ ਜਲਾਏ।
ਉਹ ਕੁਲ ਹਕੀਕਤ ਜੰਗ ਦੀ, ਕਰ ਆਖ ਸੁਣਾਏ।
‘ਇਕ ਚੜ੍ਹੇ ਪਠਾਣ ਵਲਾਇਤੀ ਲਹੂ ਧਰਿਆਏ।
ਉਨ੍ਹਾਂ ਮਾਵਾਂ ਤੋਂ ਬੱਚੇ ਪਕੜ ਕੇ, ਚੁਕ ਜਿਬ੍ਹਾ ਕਰਾਏ।
ਮਿਰਜ਼ਾ ਕਲੰਦਰ ਬੇਗ ਆਪਣੇ ਡੇਰੇ ਆਣ ਕੇ ਸੋਚਾਂ ਸੋਚਣ ਲੱਗਾ। ਉਸ ਨੂੰ ਆਪਣੀ ਫ਼ੌਜ ਬਹੁਤ ਥੋੜ੍ਹੀ ਪ੍ਰਤੀਤ ਹੁੰਦੀ ਸੀ, ਇਸ ਲਈ ਉਹਦੇ ਮਨ ਨੂੰ ਧਰਵਾਸ ਕਿਵੇਂ ਆਉਂਦੀ? ਦਿਨ ਦੇ ਚਾਰ ਪਹਿਰ ਤਾਂ ਉਹਨੇ ਡਟ ਕੇ ਮੁਕਾਬਲਾ ਕਰ ਕੇ ਲੰਘਾ ਲਏ ਸਨ, ਪਰ ਹੁਣ ਰਾਤ ਲੰਘਣੀ ਮੁਸ਼ਕਿਲ ਸੀ। ਮਿਰਜ਼ੇ ਨੇ ਨਵਾਬ (ਜ਼ਕਰੀਆ ਖ਼ਾਂ, ‘ਖ਼ਾਨ ਬਹਾਦਰ’, ਸੂਬੇਦਾਰ ਲਾਹੌਰ) ਤੱਕ ਆਪਣੀ ਚਿੱਠੀ ਪਹੁੰਚਾਉਣ ਲਈ ਅਤੇ ਨਵਾਬ ਅੱਗੇ ਜਾ ਕੇ ਆਪਣੀ ਫਰਿਆਦ ਸੁਣਾਉਣ ਲਈ ਇਕ ਸੰਦੇਸ਼ਕ ਬੁਲਾਇਆ। ਮਿਰਜ਼ੇ ਨੇ ਉਹਦੇ ਲਹੂ ਨਾਲ ਲਿੱਬੜੇ ਹੋਏ ਕੱਪੜੇ ਅੱਗ ਨਾਲ ਸੜਵਾ ਦਿੱਤੇ ਤੇ (ਨਵੇਂ ਪੁਆ ਕੇ) ਉਹਨੂੰ ਕਿਹਾ ਕਿ ਉਹ ਜੰਗ ਦੇ ਸਾਰੇ ਹਾਲਾਤ ਠੀਕ ਠੀਕ ਨਵਾਬ ਅੱਗੇ ਜਾ ਸੁਣਾਏ। ਉਹ ਨਵਾਬ ਨੂੰ ਦਸੇ ਕਿ ‘ਲਹੂ ਦੇ ਧਿਆਏ ਪਠਾਣ ਵਲਾਇਤ (ਈਰਾਨ ਤੇ ਅਫ਼ਗਾਨਿਸਤਾਨ) ਤੋਂ ਚੜ੍ਹਾਈ ਕਰਕੇ ਆਣ ਪਹੁੰਚੇ ਹਨ। ਉਨ੍ਹਾਂ ਨੇ ਮਾਵਾਂ ਤੋਂ ਬੱਚੇ ਖੋਹ-ਖੋਹ ਕੇ ਕਤਲ ਕਰਵਾ ਦਿੱਤੇ ਹਨ।
ਅਸੀਂ ਪੰਜ ਸੈ ਬੰਦੇ ਆਪਣੇ, ਸਭ ਅੰਮਾਂ ਜਾਏ।
ਨਾਮ ਅਲੀ ਦੇ ਬੱਕਰੇ, ਦੇ ਲੱਤ ਕੁਹਾਏ।
ਮਨਸੂਰ ਨਿਜ਼ਾਮੁਲ ਮੁਲਕ ਦੀ, ਜੜ ਮੁੱਢੋਂ ਜਾਏ।
ਜਿਨ੍ਹਾਂ ਬਾਲ ਮਤਾਬੀ ਚੋਰ ਨੂੰ, ਘਰ ਆਪ ਵਿਖਾਏ।
ਏਸੇ ਮੁਲਕ ਪੰਜਾਬ ਵਿਚ, ਚੜ੍ਹ ਹੁਕਮ ਕਮਾਏ।
ਜ਼ਰੀ-ਬਾਜ਼ਲੇ ਪਹਿਨਕੇ, ਬਾਜ਼ ਜ਼ੁਰੇ ਉਡਾਏ।
ਤੇ ਇਥੋਂ ਭੱਜਾ ਕੰਡ ਦੇ, ਜੱਗ ਲਾਨ੍ਹਤ ਪਾਏ।
ਪਰ ਸਿਰ ਦੇਣਾ ਮਨਜ਼ੂਰ ਹੈ, ਜੇ ਹਿੰਦ ਨਾ ਜਾਏ।’
ਸਾਡੇ ਪੰਜ ਸੌ ਬੰਦੇ ਆਪਣੇ ਸਨ, ਜਿਨ੍ਹਾਂ ਨੇ ਆਪਣੀਆਂ ਜਨਮਦਾਤੀਆਂ ਮਾਵਾਂ ਦੀ ਸ਼ਾਨ ਕਾਇਮ ਰੱਖੀ ਹੈ ਤੇ ਇੰਝ ਸ਼ਹੀਦੀ ਪਾ ਗਏ ਹਨ ਜਿਵੇਂ ਕੁਰਬਾਨੀ ਦਾ ਬੱਕਰਾ, ਆਪਣੇ ਉੱਤੇ ਲੱਤ ਰਖਵਾ ਕੇ ਹਜ਼ਰਤ ਅਲੀ ਦੇ ਨਾਂ ‘ਤੇ ਕੁਰਬਾਨ ਹੋ ਜਾਂਦਾ ਹੈ। ਰੱਬ ਮਨਸੂਰ ਅਲੀ ਨਿਜ਼ਾਮ-ਉਲ-ਮੁਲਕ ਦੇ ਸਾਰੇ ਖ਼ਾਨਦਾਨ ਦਾ ਬੀਜ ਨਾਸ ਕਰੇ, ਜਿਸ ਨੇ ਕਿ ਮਤਾਬੀ ਬਾਲ ਕੇ ਚੋਰ ਨੂੰ ਘਰ ਦਿਖਾਉਣ ਵਾਂਗ ਆਪ ਚਿੱਠੀ ਲਿਖ ਕੇ ਨਾਦਰ ਸ਼ਾਹ ਨੂੰ ਹਮਲੇ ਲਈ ਬੁਲਾਇਆ ਹੈ। ਮੈਂ ਏਸੇ ਪੰਜਾਬ ਦੀ ਧਰਤੀ ‘ਤੇ ਰਾਜ ਕਰਦਾ ਰਿਹਾ ਹਾਂ, ਜ਼ਰੀ ਬਾਦਲੇ ਜਿਹੇ ਕੀਮਤੀ ਕੱਪੜੇ ਹੰਢਾਉਂਦਾ ਰਿਹਾ ਹਾਂ ਅਤੇ ਬਾਜ਼-ਜ਼ੁਰੇ ਉਡਾ ਕੇ ਦਿਲ ਪਰਚਾਉਂਦਾ ਰਿਹਾ ਹਾਂ। ਜੇ ਅੱਜ ਮੈਂ ਏਥੋਂ ਪਿੱਠ ਦੇ ਕੇ ਨੱਸਾਂਗਾ ਤਾਂ ਦੁਨੀਆ ਲਾਹਨਤਾਂ ਪਾਏਗੀ। ਮੈਂ (ਮੈਦਾਨੋਂ ਨੱਸਣ ਨਾਲੋਂ) ਹਿੰਦ ਦੇ ਬਚਾ ਲਈ ਲੜਾਈ ਵਿਚ ਸਿਰ ਦੇਣਾ ਪਸੰਦ ਕਰਦਾ ਹਾਂ।’
28. ਬਦਰ ਬੇਗ ਦੀ ਅਗਵਾਈ ਵਿਚ ਮੂਹਰਲੀ ਫੌਜ ਦਾ ਵਧਣਾ
ਗੁਜਰਾਤੋਂ ਛੁਟੀ ਮੰਗੀ, ਮਿਰਜ਼ੇ ਬਦਰ ਬੇਗ।
ਮੁਹਰਾਂ ਪਹੁੰਚ ਗਈਆਂ ਤਲਵੰਡੀ, ਡੇਰਾ ਸ਼ਾਹਦਰਾ।
ਉਨ੍ਹਾਂ ਲੁਟ ਲਈ ਸੀ ਮੰਡੀ, ਐਮਨਾਬਾਦ ਦੀ।
ਉਨ੍ਹਾਂ ਨ ਛੱਡੀ ਚੌਖੰਡੀ, ਨ ਕੋਈ ਧਰਮਸਾਲ।
ਕੁਦਰਤ ਸਾਹਿਬ ਸੰਦੀ, ਦੇਖੋ ਬੰਦਿਓ।
ਦਿਸੇ ਮਣ ਬੁਲੰਦੀ, ਅਗੋਂ ਸਾਹਮਣੇ।
ਉਸ ਦਿਨ ਦੂਰ ਰਹੀ ਸੀ ਦੰਦੀ, ਪਰ ਦਰਿਆ ਦੀ।
(ਨਾਦਰ ਸ਼ਾਹ ਦੇ ਜਰਨੈਲ) ਮਿਰਜ਼ਾ ਬਦਰ ਬੇਗ ਮਰਵਾਣੀ ਨੇ ਗੁਜਰਾਤ ਤੋਂ (ਨਾਦਰ ਸ਼ਾਹ ਪਾਸੋਂ) ਆਗਿਆ ਲਈ ਤੇ ਅੱਗੇ ਵਧਿਆ। ਉਸ ਦੀ ਫੌਜ ਦਾ ਹਰਾਵਲ ਦਸਤਾ ਤਲਵੰਡੀ ਪਹੁੰਚ ਗਿਆ ਤੇ ਉਸ ਨੇ ਸ਼ਾਹਦਰੇ ਆਣ ਡੇਰਾ ਲਾਇਆ। ਰਸਤੇ ਵਿਚ ਉਨ੍ਹਾਂ ਐਮਨਾਬਾਦ ਦੀ ਮੰਡੀ ਲੁੱਟ ਲਈ ਅਤੇ ਸਭ ਚੌਮੰਜ਼ਲੇ ਮਕਾਨ ਤੇ ਧਰਮਸਾਲਾਂ (ਮੰਦਰ, ਗੁਰਦੁਆਰੇ) ਢਾਹ ਢੇਰੀ ਕੀਤੀਆਂ। ਪਰ ਲੋਕੋ! ਇਹ ਸਭ ਪਰਮਾਤਮਾ ਦਾ ਭਾਣਾ ਹੀ ਸੀ। ਉਹਨੂੰ ਅੱਗੇ (ਦਰਿਆ ਰਾਵੀ) ਦੀਆਂ ਉੱਚੀਆਂ ਮਣਾਂ ਦਿਸ ਆਈਆਂ ਸਨ, ਪਰ ਉਸ ਦਿਨ ਉਹ ਦਰਿਆ ਦੇ ਪੱਤਣ ਤੱਕ ਨਾ ਪਹੁੰਚ ਸਕਿਆ।
29. ਖ਼ਬਰ ਦਾ ਲਾਹੌਰ ਪਹੁੰਚਣਾ
ਘੱਤੀ ਵਿਚ ਲਾਹੌਰ ਦੇ, ਹਲਕਾਰੇ ਕੂਕ।
ਸੁਣਿਆ ਵਿਚ ਦਰਬਾਰ ਦੇ, ਖੋਜੇ ਯਾਕੂਬ।
ਉਸ ਲੈ ਅਰਸ਼ਾਦ ਨਵਾਬ ਤੋਂ, ਕਰਵਾਇਆ ਕੂਚ।
ਉਹਦੇ ਨਾਲ ਜਮੀਅਤ ਆਪਣੀ, ਹਜ਼ਾਰ ਬੰਦੂਕ।
ਪੰਜ ਸੌ ਘੋੜਾ ਮੁਗਲੀ, ਪੰਜ ਸੌ ਰਾਜਪੂਤ।
ਤੇ ਪੁਲ ਤੇ ਮੇਲਾ ਦੁਹਾਂ ਦਾ, ਕਹੁ ਕਿਤ ਸਲੂਕ?
ਜਿਵੇਂ ਵਿੱਛੜੇ ਹੋਏ ਬਾਪ ਦੇ, ਗਲ ਮਿਲਦੇ ਪੂਤ।
ਉਨ੍ਹਾਂ ਕਰ ਮਸਲਾਇਤ ਜੰਗ ਦੀ, ਕਰਵਾਈ ਹੂਕ।
(ਮਿਰਜ਼ਾ ਕਲੰਦਰ ਬੇਗ ਦੇ ਭੇਜੇ ਹੋਏ) ਸੰਦੇਸ਼ਕ ਨੇ ਲਾਹੌਰ ਦਰਬਾਰ ਵਿਚ (ਨਵਾਬ ਜ਼ਕਰੀਆ ਖਾਂ, ਖ਼ਾਨ ਬਹਾਦਰ, ਸੂਬਹੇਦਾਰ ਦੇ ਅੱਗੇ) ਕੂਕ ਪੁਕਾਰ ਕੀਤੀ। ਜਦੋਂ ਦਰਬਾਰ ਵਿਚ ਬੈਠੇ ਖਵਾਜਾ ਯਾਕੂਬ ਖ਼ਾਂ ਨੇ ਇਹ ਗੱਲ ਸੁਣੀ ਤਾਂ ਉਸ ਨੇ ਓਸੇ ਸਮੇਂ ਨਵਾਬ ਪਾਸੋਂ ਆਗਿਆ ਲੈ ਕੇ ਆਪਣੀ ਫੌਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਉਹਦੀ ਆਪਣੀ ਫੌਜ ਤੋਂ ਛੁਟ, ਉਹਦੇ ਨਾਲ ਇਕ ਹਜ਼ਾਰ ਬੰਦੂਕਚੀ ਸਿਪਾਹੀ, ਪੰਜ ਸੌ ਮੁਗਲ ਘੋੜ ਸਵਾਰ ਤੇ ਪੰਜ ਸੌ ਰਾਜਪੂਤ ਘੋੜ ਸਵਾਰ ਵੀ ਸਨ। ਆਹਾ! (ਰਾਵੀ ਦੇ) ਪੁਲ ‘ਤੇ ਜਦੋਂ (ਮੁਗ਼ਲਾਂ ਤੇ ਰਾਜਪੂਤਾਂ ਦਾ) ਮੇਲ ਹੋਇਆ ਤਾਂ ਇਨ੍ਹਾਂ ਦਾ ਪਿਆਰ ਤੇ ਏਕਾ ਕਿਹਾ ਸੋਹਣਾ ਸੀ!! ਇੰਜ ਜਿਵੇਂ ਇਕ ਬਾਪ ਦੇ ਦੋ ਵਿਛੜੇ ਹੋਏ ਪੁੱਤਰ ਗਲ ਮਿਲਦੇ ਹਨ। ਉਨ੍ਹਾਂ ਨੇ ਲੜਾਈ ਸਬੰਧੀ ਸਲਾਹ-ਮਸ਼ਵਰਾ ਕਰਨ ਪਿੱਛੋਂ (ਟਾਕਰੇ ਲਈ ਅੱਗੇ ਵਧਣ ਦਾ) ਨਾਅਰਾ ਮਾਰਿਆ।
30. ਰਾਵੀ ਦੀ ਲੜਾਈ
ਸੈਜ਼ਾਤੀ ਸਾਨ ਮਿਸਰੀਆਂ, ਲਈਓ ਨੇ ਸੂਤ।
ਮਾਰਨ ਤੇਗਾਂ ਗੁਰਜੀਆਂ, ਖਾਸੇ ਰਾਜਪੂਤ।
ਖਾ ਗੁਰਜੀ ਤੇਗਾਂ ਡਿਗ ਪਏ, ਹੋ ਗਏ ਭਬੂਤ।
ਜਿਵੇਂ ਖਾ ਧਤੂਰਾ ਗਿੜ ਪਏ, ਜੋਗੀ ਅਵਧੂਤ।
ਮਦਦ ਰਹੀ ਨਵਾਬ ਦੀ, ਤਾ ਜੰਗ ਮਾਕੂਫ।
ਫਿਰ ਸ਼ਾਹਦਰੇ ਤੇ ਕੀਤੀ, ਪਠਾਣਾਂ ਲੂਟ।
ਨਵਾਬ ਖਾਂ ਬਹਾਦਰ ਫੌਜ ਨੂੰ, ਕਰ ਹੋਸ਼ ਸੰਭਾਲੇ :
‘ਤੇ ਅੱਜ ਇਬਾਹੀਂ ਲੋੜੀਅਨ, ਜੇਹੜੇ ਬੁਰਕੀ ਪਾਲੇ।’
ਤੇ ਲਿਖਿਆ ਦਿੱਤਾ ਕਾਸਦਾ, ‘ਤੂੰ ਜਾ ਵਟਾਲੇ।
ਤੇ ਮੂੰਹੋਂ ਹਕੀਕਤ ਦਸਨੀ, ਪਰਵਾਨਾ ਨਾਲੇ।
ਤੇ ਆਖੀਂ ਤੁਸੀਂ ਬੇਖ਼ਬਰੇ ਮੁਲਕ ਤੋਂ, ਬੈਠੇ ਮਤਵਾਲੇ।
ਇਨ੍ਹਾਂ ਸੂਰਮਿਆਂ ਨੇ ਅਸਪਾਤੀ ਤਲਵਾਰਾਂ ਹੱਥਾਂ ਵਿਚ ਖਿੱਚ ਲਈਆਂ। ਸੂਰਬੀਰ ਰਾਜਪੂਤਾਂ ਨੇ ਨਾਦਰੀ ਫੌਜ ਦੇ ਕਈ ਗੁਰਜਿਸਤਾਨੀ ਸਿਪਾਹੀ ਖੂਬ ਮਾਰੇ। ਗੁਰਜੀ ਸਿਪਾਹੀ ਤਲਵਾਰਾਂ ਦੇ ਵਾਰ ਖਾ ਕੇ ਮਿੱਟੀ ਵਿਚ ਇੰਜ ਡਿੱਗ ਪਏ, ਜਿਸ ਤਰ੍ਹਾਂ ਕਿ ਧਤੂਰਾ ਖਾ ਕੇ ਜੋਗੀ ਡਿੱਗ ਪੈਂਦੇ ਹਨ। ਉਹ (ਰਾਜਪੂਤ) ਕਹਿੰਦੇ ਹਨ ਕਿ ਜੇ ਨਵਾਬ ਦੀ ਮਦਦ ਮਿਲਦੀ ਰਹੀ ਤਾਂ ਜੰਗ ਛੇਤੀ ਮੁੱਕ ਜਾਏਗੀ (ਭਾਵ ਸਾਡੀ ਜਿੱਤ ਹੋ ਜਾਏਗੀ)। ਫਿਰ ਪਠਾਣਾਂ ਨੇ ਅੱਗੇ ਆ ਕੇ ਸ਼ਾਹਦਰੇ ਪਹੁੰਚ ਕੇ ਸ਼ਹਿਰ ਲੁੱਟ ਲਿਆ। ਨਵਾਬ ਖਾਨ ਬਹਾਦਰ ਨੇ ਆਪਣੀ ਫੌਜ ਨੂੰ ਹੋਸ਼ ਸੰਭਾਲਣ ਲਈ ਪ੍ਰੇਰਿਆ : ‘ਤੁਹਾਨੂੰ ਹੱਥੀਂ ਬੁਰਕੀਆਂ ਖਵਾ ਕੇ ਪਾਲਿਆ ਸੀ। ਅੱਜ ਤੁਹਾਡੀ ਏਥੇ ਲੋੜ ਹੈ।’ ਉਹਨੇ ਇਕ ਚਿੱਠੀ ਲਿਖ ਕੇ ਸੰਦੇਸ਼ਕ ਨੂੰ ਦਿੱਤੀ ਤੇ ਕਿਹਾ, ‘ਤੂੰ ਬਟਾਲੇ ਜਾਹ! ਓਥੇ ਜ਼ਬਾਨੀ ਵੀ ਸਭ ਹਾਲ ਸੁਣਾ ਦਈਂ ਤੇ ਇਹ ਸ਼ਾਹੀ ਹੁਕਮਨਾਮਾ ਵੀ ਉਨ੍ਹਾਂ ਨੂੰ ਦੇ ਦਈਂ। ਨਾਲੇ ਕਹੀਂ ਕਿ ਤੁਸੀਂ (ਸ਼ਰਾਬ
ਵਿਚ) ਮਸਤ ਹੋ ਕੇ ਮੁਲਕ ਵੱਲੋਂ ਬੇਖ਼ਬਰ ਹੋਏ ਪਏ ਹੋ।
ਕਿਥੋਂ ਭਾਲੋ ਗੇ ਰਯਤਾਂ, ਜਿਹੜੀਆਂ ਭਰਦੀਆਂ ਸਨ ਹਾਲੇ।
ਕਿਥੋਂ ਪਾਉਗੇ ਕੀਮਖਾਬ, ਓਹ ਜ਼ਰੀ ਦੋਸ਼ਾਲੇ।
ਥੈਲੇ ਰਖੋ ਤਾਕਚੇ, ਭੰਨੋ ਦੌਰ ਪਿਆਲੇ।
ਕਲੰਦਰ ਤੇ ਯਾਕੂਬ ਖ਼ਾਂ, ਜੰਗ ਕਿਹਾ ਕੁ ਘਾਲੇ।
ਪਰ ਅੱਜ ਦਿਨ ਹੱਥ ਨ ਆਵਸੀ, ਜਿਹੜਾ ਭਲਕੇ ਭਾਲੇ।’
ਇਹ ਪਰਜਾ, ਜਿਹੜੀ ਤੁਹਾਡਾ ਟੈਕਸ ਭਰਦੀ ਸੀ, ਕਿੱਥੋਂ ਲੱਭੋਗੇ? ਪਾਉਣ ਲਈ ਇਹ ਕੀਮਖਾਬ, ਜ਼ਰੀ, ਦੁਸ਼ਾਲੇ ਆਦਿ ਵਧੀਆ ਸੁਨਹਿਰੀ ਕੱਪੜੇ ਕਿੱਥੋਂ ਲੱਭੋਗੇ? ਨਸ਼ਿਆਂ ਦੇ ਥੈਲੇ ਅਲਮਾਰੀਆਂ ਵਿਚ ਰੱਖੋ ਤੇ ਸ਼ਰਾਬ ਦੇ ਦੌਰੇ ਅਤੇ ਪਿਆਲੇ ਭੰਨ ਦਿਓ। ਦੇਖੋ, ਮਿਰਜ਼ਾ ਕਲੰਦਰ ਬੇਗ ਤੇ ਖਵਾਜਾ ਯਾਕੂਬ ਖ਼ਾਂ ਨੇ ਕਿਹੀਆਂ ਸੋਹਣੀਆਂ ਲੜਾਈਆਂ ਕੀਤੀਆਂ ਹਨ ਪਰ ਜੇ ਅੱਜ ਦਾ ਦਿਨ ਬੀਤ ਜਾਣ ਤੋਂ ਬਾਅਦ ਕਲ੍ਹ ਇਸ ਨੂੰ ਲੱਭੋਗੇ ਤਾਂ ਇਹ ਹੱਥ ਨਹੀਂ ਆਏਗਾ।’