ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> ਨਾਦਰਸ਼ਾਹ ਦੀ ਵਾਰ ਬੰਦ: 31-35

ਨਾਦਰਸ਼ਾਹ ਦੀ ਵਾਰ ਬੰਦ: 31-35

31 ਵਟਾਲੇ ਦੀ ਇਮਦਾਦੀ ਫੌਜ

ਫੇਰ ਲਗੀ ਅੱਗ ਅਜ਼ੀਜ਼ ਨੂੰ, ਡਿਠੇ ਪਰਵਾਨੇ :
‘ਤੇ ਘੋੜਿਆਂ ਦੇ ਪਾਓ ਪਾਖੜਾਂ, ਸੱਟ ਨੌਬਤ ਖਾਨੇ।’
ਓਹ ਚੜ੍ਹੇ ਰੰਗੀਲੇ ਗੱਭਰੂ, ਸੂਰੇ ਮਰਦਾਨੇ।

ਜਦੋਂ ਬਟਾਲੇ ਦੇ ਨਾਇਬ ਸੂਬੇਦਾਰ ਅਜ਼ੀਜ਼ ਖ਼ਾਂ ਨੇ ਸ਼ਾਹੀ ਹੁਕਮਨਾਮਾ ਪੜ੍ਹਿਆ ਤਾਂ ਉਹਨੂੰ (ਜ਼ਾਲਮ ਹਮਲਾਵਰਾਂ ਵਿਰੁੱਧ) ਬੜਾ ਗੁੱਸਾ ਚੜ੍ਹਿਆ। (ਉਹਨੇ ਆਪਣੇ ਫੌਜੀਆਂ ਨੂੰ ਹੁਕਮ ਦਿੱਤਾ) : ‘ਘੋੜਿਆਂ ‘ਤੇ ਲੋਹੇ ਦੀਆਂ ਜਾਲੀਆਂ ਪਾ ਲਉ ਤੇ ਨਗਾਰਿਆਂ ਉੱਤੇ ਡੱਗਿਆਂ ਦੀਆਂ ਸੱਟਾਂ ਮਾਰੋ।’ ਇੰਝ ਉਹ ਬਾਂਕੇ ਜਵਾਨ ਤੇ ਬਹਾਦਰ ਸੂਰਮੇ ਘੋੜਿਆਂ ‘ਤੇ ਚੜ੍ਹ ਪਏ।

ਉਨ੍ਹਾਂ ਹੱਨੇ ਹੱਥ, ਰਕਾਬ ਪੈਰ, ਦੁਆ ਬਖਾਨੇ।
ਉਹ ਆਏ ਦੋ ਮੰਜ਼ਲਾਂ ਕੱਟ ਕੇ, ਵਿਚ ਮਿਲੇ ਮੈਦਾਨੇ।
ਅੱਗੇ ਲਸ਼ਕਰ ਨਾਜ਼ਰ ਸ਼ਾਹ ਦਾ, ਵੇਖ ਧੂਮਾਂ ਧਾਮੇ।
ਉਨ੍ਹਾਂ ਆਉਂਦਿਆਂ ਕੁਝ ਨਾ ਸਮਝਿਆ, ਆਪਣੇ ਬੇਗਾਨੇ।
ਉਹ ਮਾਰਨ ਤੇਗਾਂ ਗੁਰਜੀਆਂ, ਕਹੁ ਕਿਤ ਸਮਿਆਨੇ।
ਲਸ਼ਕਰ ਪਈ ਹਰੋਲੀ, ਉਡ ਹੈਰਤ ਜਾਨੇ।
ਜਿਵੇਂ ਟੁੱਟੀ ਰੱਸੀ ਢੱਠੀਆਂ, ਲੋਥਾਂ ਕਰਵਾਨੇ।
ਉਨ੍ਹਾਂ ਵੱਢੇ ਰੱਸੇ ਕਨਾਤ ਦੇ, ਤੰਬੂ ਜ਼ਨਾਨੇ।
ਕੁੱਲ ਅਮੀਰ ਵਲਾਇਤੀ, ਹੋ ਗਏ ਹੈਰਾਨੇ।
ਅਸਾਂ ਦਿੱਲੀ ਕੀਕਰ ਪਹੁੰਚਨਾ, ਘਰ ਘਰ ਹਿੰਗਾਮੇ।

ਉਨ੍ਹਾਂ ਨੇ ਇਕ ਹੱਥ ਕਾਠੀ ਦੇ ਹੰਨੇ ਨੂੰ ਪਾਇਆ ਹੋਇਆ ਸੀ, ਪੈਰ ਰਕਾਬਾਂ ਵਿਚ ਟਿਕਾਏ ਹੋਏ ਸਨ ਤੇ ਦਿਲਾਂ ਵਿਚ ਰੱਬ ਅੱਗੇ ਅਰਦਾਸ ਕਰ ਰਹੇ ਸਨ। ਉਹ ਦੋ ਪੜਾਅ ਕਰਕੇ ਮੈਦਾਨ-ਏ-ਜੰਗ ਵਿਚ ਜਾ ਪਹੁੰਚੇ। ਉਨ੍ਹਾਂ ਨੂੰ ਸਾਹਮਣੇ ਨਾਦਰ ਸ਼ਾਹੀ ਫੌਜ ਦੀ ਬੜੀ ਧੂਮਧਾਮ ਦਿੱਸੀ। ਉਹ ਬਿਨਾਂ ਆਪਣੇ-ਪਰਾਏ ਦਾ ਫ਼ਰਕ ਪਛਾਨਣ ਦੇ ਉਨ੍ਹਾਂ ‘ਤੇ ਟੁੱਟ ਪਏ। ਉਨ੍ਹਾਂ ਨੇ ਆਪਣੀਆਂ ਤਲਵਾਰਾਂ ਦੇ ਵਾਰਾਂ ਨਾਲ ਨਾਦਰ ਸ਼ਾਹੀ ਫੌਜ ਦੇ ਏਨੇ ਗੁਰਜੀ (ਗੁਰਜਿਸਤਾਨ ਦੇ ਵਸਨੀਕ) ਸਿਪਾਹੀ ਮਾਰ ਦਿੱਤੇ ਕਿ ਉਸ ਦੀ ਸਾਰੀ ਫੌਜ ਵਿਚ ਹਫੜਾ ਦਫੜੀ ਮਚ ਗਈ, ਤੇ ਨਾਦਰਸ਼ਾਹੀਏ ਹੱਕੇ ਬੱਕੇ ਰਹਿ ਗਏ। ਬਟਾਲੇ ਦੀ ਫੌਜ ਨੇ ਨਾਦਰ ਸ਼ਾਹ ਦੀ ਫੌਜ ਦੇ ਜ਼ਨਾਨੇ ਤੰਬੂਆਂ ਤੇ ਕਨਾਤਾਂ ਦੇ ਰੱਸੇ ਵੱਢ ਸੁੱਟੇ (ਤੇ ਰੱਸੇ ਟੁੱਟਣ ਨਾਲ ਤੰਬੂ ਇੰਝ ਡਿੱਗੇ) ਜਿਵੇਂ ਕਚਾਵੇ ਦੀਆਂ ਰੱਸੀਆਂ ਟੁੱਟਣ ਨਾਲ ਕਚਾਵੇ ਵਿਚ ਬੈਠੇ ਹੋਏ ਲੋਕ ਧਰਤੀ ਉੱਤੇ ਲੋਥ ਵਾਂਗ ਡਿੱਗ ਪੈਂਦੇ ਹਨ। ਵਲਾਇਤੀ (ਈਰਾਨੀ ਤੇ ਅਫ਼ਗਾਨਿਸਤਾਨੀ) ਅਮੀਰ ਹੈਰਾਨ ਰਹਿ ਗਏ ਕਿ ‘ਏਥੇ ਤਾਂ ਘਰ ਘਰ ਨਾਲ ਲੜਨਾ ਪੈ ਰਿਹਾ ਹੈ, ਅਸੀਂ ਇੰਝ ਦਿੱਲੀ ਕਿਵੇਂ ਪਹੁੰਚਾਂਗੇ?’

ਵੇਖ ਸ਼ਮ੍ਹਾ ਦੀ ਰੌਸ਼ਨੀ, ਜਿਉਂ ਮੋਏ ਪਰਵਾਨੇ।
ਕਰਕੇ ਨਿਮਕ ਹਲਾਲ ਮੁਹੰਮਦ ਸ਼ਾਹ ਦਾ, ਨਾਲ ਗਏ ਇਮਾਨੇ।

ਜਿਸ ਤਰ੍ਹਾਂ ਦੀਵੇ ਦੀ ਰੌਸ਼ਨੀ ਵੇਖ ਕੇ ਭਮੱਕੜ ਚਾਈਂ-ਚਾਈਂ ਸੜ ਮਰਦਾ ਹੈ। ਇਸ ਤਰ੍ਹਾਂ ਬਟਾਲੇ ਤੋਂ ਆਈ ਇਮਦਾਦੀ ਫੌਜ ਮੁਹੰਮਦ ਸ਼ਾਹ ਦਾ ਖਾਧਾ ਹੋਇਆ ਲੂਣ ਹਲਾਲ ਕਰਕੇ ਆਪਣਾ ਫਰਜ਼ ਨਿਭਾ ਗਈ।

32. ਲਾਹੌਰ ਦੇ ਨਵਾਬ ਨੇ ਈਨ ਮੰਨ ਲਈ

ਨਾਦਰ ਸ਼ਾਹ ਅਮੀਰ ਵਲਾਇਤੀ, ਫੇਰ ਸਭ ਬੁਲਾਏ।
ਉਹ ਜਾ ਖਲੋਤਾ ਰਾਜ ਘਾਟ, ਮੱਲਾਹ ਸਦਾਏ।
ਕਾਸਦ ਖ਼ਬਰ ਆਮੂਰ ਦੀ, ਹਜੂਰ ਪੌਂਹਚਾਏ।
ਨਵਾਬ ਖ਼ਾਨ ਬਹਾਦਰ ਮੋਰਚੇ, ਕੱਢ ਅੱਗੋਂ ਲਾਏ।
ਚੜ੍ਹਿਆ ਲਸ਼ਕਰ ਵੇਖ ਕੇ, ਉਡ ਹੈਰਤ ਜਾਏ।
ਖੁਸਰੇ ਬੱਧੀ ਪਗੜੀ ਕੀ, ਮਰਦ ਸਦਾਏ?
ਜਿਉਂ ਕੇਹਰ ਖਰਕਾ ਪਕੜਿਆ, ਨਾ ਦੁੰਬ ਹਿਲਾਏ।

ਨਾਦਰ ਸ਼ਾਹ ਨੇ ਆਪਣੇ ਈਰਾਨੀ ਤੇ ਅਫ਼ਗਾਨ (ਵਲਾਇਤੀ) ਸਰਦਾਰ ਬੁਲਾਏ। ਫਿਰ ਉਹ ਸ਼ਾਹੀ ਪੱਤਣ ‘ਤੇ ਜਾ ਖਲੋਤਾ ਤੇ ਸਾਰੇ ਮੱਲਾਹ ਬੁਲਾਏ। ਇਨ੍ਹਾਂ ਸਭ ਕੰਮਾਂ ਦੀ ਖ਼ਬਰ ਸੰਦੇਸ਼ਕਾਂ ਨੇ ਹਜ਼ੂਰ ਨਵਾਬ (ਜ਼ਕਰੀਆ ਖਾਂ ਸੂਬੇਦਾਰ) ਤੱਕ ਪਹੁੰਚਾਈ। ਨਵਾਬ ਖ਼ਾਨ ਬਹਾਦਰ, ਜਿਸ ਨੇ ਕਿ ਮੋਰਚੇ ਪਹਿਲਾਂ ਹੀ ਕੱਢੇ ਹੋਏ ਸਨ, ਜਦੋਂ ਉਸ ਨੇ ਨਾਦਰ ਸ਼ਾਹ ਦੀ ਫੌਜ ਦੀ ਚੜ੍ਹਾਈ ਦੇਖੀ ਤਾਂ ਉਹਦੇ ਤੋਤੇ ਉੱਡ ਗਏ। ਕੀ ਕਦੀ ਖੁਸਰਾ ਵੀ ਪੱਗ ਬੰਨ੍ਹ ਕੇ ਮਰਦ ਸਦਵਾ ਸਕਦਾ ਹੈ? (ਖ਼ਾਨ ਬਹਾਦਰ, ਜ਼ਕਰੀਆ ਖਾਂ, ਨਾਦਰ ਸ਼ਾਹ ਅੱਗੇ ਏਸ ਤਰ੍ਹਾਂ ਸਹਿਮ ਗਿਆ) ਜਿਸ ਤਰ੍ਹਾਂ ਸ਼ੇਰ ਦੇ ਪੰਜੇ ਵਿਚ ਫਸਿਆ ਹੋਇਆ ਖੋਤਾ ਡਰਦਾ ਮਾਰਾ ਪੂੰਛ ਵੀ ਨਹੀਂ ਹਿਲਾਉਂਦਾ।

ਜਿਉਂਕਰ ਮੀਰੀ ਮਰਦ ਨੂੰ, ਕਰ ਨਾਜ਼ ਵਿਲਾਏ।
ਉਹ ਦੇ ਖਜ਼ਾਨੇ ਵੱਢੀਆਂ, ਛਹਿ ਜਾਨ ਬਚਾਏ।
ਬਹਾਦਰ ਛੋੜ ਬਹਾਦਰੀ, ਲਗ ਕਦਮੀਂ ਜਾਏ।
ਪਰ ਡੇਰੇ ਵਿਚ ਲਾਹੌਰ ਦੇ, ਆਨ ਕਟਕਾਂ ਪਾਏ।

(ਉਹਨੇ ਨਾਦਰ ਸ਼ਾਹ ਨੂੰ ਇੰਝ ਫਸਾ ਲਿਆ) ਜਿਵੇਂ ਇਸਤਰੀ ਮਰਦ ਨੂੰ ਨਖ਼ਰੇ ਕਰਕੇ ਭਰਮਾ ਲੈਂਦੀ ਹੈ। ਨਵਾਬ ਨੇ ਡਰਦੇ ਮਾਰਿਆਂ ਖਜ਼ਾਨੇ ਵਿਚੋਂ ਵੱਢੀ ਤਾਰ ਕੇ ਆਪਣੀ ਜਾਨ ਬਚਾ ਲਈ। ਬਹਾਦਰ ਆਪਣੀ ਅਣਖ ਛੱਡ ਕੇ ਦੁਸ਼ਮਣ ਦੇ ਪੈਰੀਂ ਪੈ ਗਿਆ। ਤਦ ਨਾਦਰੀ ਫੌਜ ਨੇ ਲਾਹੌਰ ਵਿਚ ਆਪਣੇ ਡੇਰੇ ਪਾ ਲਏ।

33. ਦਿੱਲੀ ਵਿਚ ਜੰਗੀ ਤਿਆਰੀਆਂ ਦਾ ਹਾਲ

ਦਿੱਲੀ ਨੂੰ ਗਰਮੀ ਖਿਲਬਲੀ, ਸੁਣ ਕਟਕ ਤੂਫਾਨੀ।
ਤੇ ਸੱਦ ਅਮੀਰਾਂ ਨੂੰ ਆਖਦੀ, ਮਲਕਾਂ ਜ਼ਮਾਨੀ :
‘ਤੁਸੀਂ ਮਾਰੂਫੀ ਓ ਜੱਦ ਦੇ, ਉਮਰਾਂ ਤੂਰਾਨੀ।
ਲੈ ਮਨਸਬ ਤੁਰੇ ਹੰਡਾਂਵਦੇ, ਵਰ ਹੁਸਨ ਜਵਾਨੀ।
ਇਕੋ ਜੇਡੇ ਇਕ ਹਾਣ, ਬਲ ਰੁਸਤਮ ਸਾਨੀ।
ਦਾਹੜੀ ਤੇ ਦਸਤਾਰ ਦੀ, ਇਹ ਮਰਦ ਨਿਸ਼ਾਨੀ।’

ਨਾਦਰਸ਼ਾਹੀ ਫੌਜ ਦੇ ਹਨੇਰੀ ਵਾਂਗ ਅੱਗੇ ਵਧਦੇ ਆਉਣ ਦੀ ਖ਼ਬਰ ਸੁਣ ਕੇ ਦਿੱਲੀ ਵਿਚ ਹਲਚਲ ਮਚ ਗਈ। (ਮੁਹੰਮਦ ਸ਼ਾਹ ਦੀ) ਮਲਕਾ ਜ਼ਮਾਨੀ ਨੇ ਆਪਣੇ ਸਰਦਾਰਾਂ ਨੂੰ ਬੁਲਾ ਕੇ ਕਿਹਾ, ‘ਤੁਸੀਂ ਤੂਰਾਨੀ ਅਮੀਰ ਜੱਦੀ ਪੁਸ਼ਤੀ ਮਸ਼ਹੂਰ (ਸੂਰਮੇ) ਹੋ। ਤੁਸੀਂ ਸਰਕਾਰੀ ਪਦਵੀਆਂ ਪ੍ਰਾਪਤ ਕਰਕੇ ਘੋੜਿਆਂ ਦੀ ਸਵਾਰੀ ਦਾ ਆਨੰਦ ਮਾਣਦੇ ਰਹੇ ਹੋ ਤੇ ਹੁਸਨ ਜਵਾਨੀ ਦੇ ਮਜ਼ੇ ਲੁੱਟਦੇ ਆ ਰਹੇ ਹੋ। ਤੁਸੀਂ ਸਭ ਇਕੋ ਜਿਡੇ ਤੇ ਇਕੋ ਹਾਣ ਦੇ ਹੋ। ਤੁਹਾਡੇ ਵਿਚ ਰੁਸਤਮ ਵਰਗੀ ਅਥਾਹ ਤਾਕਤ ਹੈ। ਸਾਊ ਮਨੁੱਖ ਦੀ ਨਿਸ਼ਾਨੀ ਉਸ ਦੀ ਦਾਹੜੀ ਤੇ ਪਗੜੀ ਹੁੰਦੀ ਹੈ।

ਮੈਂ ਕਿਹੜੀ ਵੇਖਾਂ ਫ਼ਤਹ ਦੀ, ਵਿਚ ਤਰਗਸ਼ ਦੇ ਕਾਨੀ।
ਅੱਜ ਚੜ੍ਹਕੇ ਢੁੱਕਾ ਹੈ ਨਾਜਰ ਸ਼ਾਹ, ਹੱਥ ਪਾਵੇ ਖਜ਼ਾਨੀ।
ਤੁਸੀਂ ਦਿਓ ਲੋਹੇ ਸਾਰ ਦੀ, ਕਰ ਤਰ ਮਿਜ਼ਮਾਨੀ।
ਚੁਗੱਤੇ ਦਾ ਨਿਮਕ ਹਲਾਲ ਕਰੋ, ਹੋਵੇ ਕੁਰਬਾਨੀ।
ਜਿਵੇਂ ਪਰਵਾਨਾ ਸ਼ਮਹ ਤੇ, ਜਲ ਮਰੇ ਪਰਾਨੀ।
ਵੱਤ ਨਾਹੀਂ ਦੁਨੀਆ ਤੇ ਆਵਣਾ, ਜੱਗ ਆਲਮ ਫ਼ਾਨੀ।
ਮਤੇ ਇਹ ਕੁਝ ਲੋੜੀਐ, ਕਰ ਧ੍ਰੋਹ ਸੁਲਤਾਨੀ।
ਪਰ ਇਕ ਚੜ੍ਹਿਆ ਚੰਨ ਰਮਜ਼ਾਨ ਦਾ, ਖ਼ਾਨ ਦੌਰਾਂ ਈਰਾਨੀ।’

ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਹਾਡੇ ਵਿਚੋਂ ਕਿਹੜੇ ਸੂਰਮੇ ਦੇ ਭੱਥੇ ਦਾ ਤੀਰ ਦੁਸ਼ਮਣ ਨੂੰ ਹਰਾਏਗਾ? ਅੱਜ ਨਾਦਰ ਸ਼ਾਹ ਦਿੱਲੀ ਨੂੰ ਵਿਆਹੁਣ ਲਈ ਫੌਜੀਆਂ ਦੀ ਜਾੰਲ ਲੈ ਕੇ ਆਣ ਢੁੱਕਾ ਹੈ ਤੇ ਉਹਨੇ ਸਾਡੇ ਖਜ਼ਾਨਿਆਂ ਨੂੰ ਹੱਥ ਆਣ ਪਾਇਆ ਹੈ। ਤੁਸੀਂ ਉਹਨੂੰ ਆਪਣੇ ਫੌਲਾਦੀ ਤੀਰਾਂ ਨਾਲ ਲਹੂ ਲੁਹਾਨ ਕਰ ਕੇ ਉਹਦੀ ਪ੍ਰਾਹੁਣਚਾਰੀ ਕਰੋ। (ਚੰਗੇਜ਼ ਖਾਂ ਤੇ ਬਾਬਰ ਵੰਸ਼ ਦੇ) ਚੁਗੱਤੇ ਮੁਹੰਮਦ ਸ਼ਾਹ ਦਾ ਤੁਸੀਂ ਨਿਮਕ ਖਾਂਦੇ ਰਹੇ ਹੋ, ਅੱਜ ਆਪਣੀ ਸਵਾਮੀ-ਭਗਤੀ ਦਾ ਸਬੂਤ ਦਿਓ ਤੇ ਆਪਣੀਆਂ ਜਾਨਾਂ ਇੰਝ ਵਾਰੋ ਜਿਸ ਤਰ੍ਹਾਂ ਭਮੱਕੜ ਦੀਵੇ ‘ਤੇ ਆਪਣੇ ਪਰ ਸੜਾ ਕੇ ਮਰ ਜਾਂਦਾ ਹੈ। (ਯਾਦ ਰੱਖੋ) ਇਹ ਦੁਨੀਆ ਨਾਸ਼ਵਾਨ ਹੈ, ਮਨੁੱਖਾ ਜਨਮ ਤੁਹਾਨੂੰ ਦੁਬਾਰਾ ਨਹੀਂ ਨਸੀਬ ਹੋਣਾ। ਬਾਦਸ਼ਾਹ ਨਾਲ ਧੋਖਾ ਕਰਕੇ ਇਹ ਸਭ ਕੁਝ ਨਹੀਂ ਜੇ ਲੱਭਣਾ ਪਰ ਇਕ ਈਰਾਨੀ ਅਮੀਰ ਖਾਨ ਦੌਰਾਂ ਹੈ, (ਜਿਸ ਨੂੰ ਕਿ ਤੁਸੀਂ ਸੱਭੇ ਹੀ ਇੰਝ ਪਿਆਰ ਕਰਦੇ ਹੋ ਜਿਵੇਂ) ਰਮਜ਼ਾਨ ਦਾ ਮਹੀਨਾ ਮੁੱਕਣ ਤੋਂ ਬਾਅਦ ਈਦ ਦੇ ਚੰਨ ਨੂੰ ਸਭ ਖਲਕਤ ਪਿਆਰ ਕਰਦੀ ਹੈ।’

ਮੁਹੰਮਦ ਸ਼ਾਹ ਅਮੀਰਾਂ ਆਪਣਿਆਂ ਨੂੰ ਸੱਦ ਕੇ, ਨਿਤ ਦੇਂਦਾ ਪੱਛਾਂ :
‘ਦੁਸ਼ਮਣ ਕੀਕਰ ਸਾਧੀਅਨ, ਬਾਝ ਲੋਹੇ ਤੱਛਾਂ?
ਲੋਹਾ ਕੀਕਰ ਤੋੜਿਆ, ਬਾਝ ਹੁੰਡਰਾਂ ਰੱਛਾਂ?
ਬਾਝੋਂ ਜਾਲੀ ਕੁੰਡੀਆਂ, ਕੌਣ ਪਗੜੇ ਮੱਛਾਂ?
ਅਮੀਰ ਰਹੇ ਕਲਾਵ ਮੇਉਣੋ, ਚੀਰ ਨਿਕਲੈ ਕੱਛਾਂ।
ਪਰ ਹੁਣ ਕੀਕੁਰ ਪਾਹਨੇ ਇਤਫ਼ਾਕਜਾਬ, ਬਾਝ ਦਿਲ ਦਿਆਂ ਹੱਛਾਂ?’

ਮੁਹੰਮਦ ਸ਼ਾਹ ਆਪਣੇ ਵਜ਼ੀਰਾਂ ਨੂੰ ਸਦਾ ਜੋਸ਼ ਦਿਵਾਉਂਦਾ ਰਹਿੰਦਾ ਸੀ ਕਿ ‘ਦੁਸ਼ਮਣ ਓਨੀ ਦੇਰ ਤੱਕ ਵੱਸ ਵਿਚ ਨਹੀਂ ਆਉਂਦਾ ਜਿੰਨੀ ਦੇਰ ਤੱਕ ਲੋਹੇ ਨਾਲ ਉਹਦੇ ਅੰਗ ਨਾ ਕੱਟ ਦਿੱਤੇ ਜਾਣ। ਹੁਨਰ ਅਤੇ ਔਜ਼ਾਰਾਂ (ਸੰਦਾਂ) ਤੋਂ ਬਿਨਾਂ ਲੋਹਾ ਨਹੀਂ ਤੋੜਿਆ ਜਾ ਸਕਦਾ। ਜਾਲ ਅਤੇ ਕੁੰਡੀ ਤੋਂ ਬਿਨਾਂ ਵੱਡੇ ਮੱਛਾਂ ਨੂੰ ਕੌਣ ਫੜ ਸਕਦਾ ਹੈ? ਜੋ ਅਮੀਰ ਸ਼ਾਹੀ ਮਰਯਾਦਾ ਅੱਗੇ ਝੁਕਣਾ ਬੰਦ ਕਰ ਦੇਂਦਾ ਹੈ, ਉਹ ਸਭ ਹੱਦਾਂ-ਬੰਨੇ ਟੱਪ ਕੇ ਬਾਗ਼ੀ ਹੋ ਜਾਂਦਾ ਹੈ। ਹੁਣ ਦਿਲ ਦੀ ਸਫਾਈ ਤੋਂ ਬਿਨਾਂ ਪੱਥਰ ਵਰਗਾ ਮਜ਼ਬੂਤ ਇਤਫ਼ਾਕ ਕਿਵੇਂ ਕਰ ਸਕਦੇ ਹੋ?’

ਪਬ ਬਿਨ ਪੰਧ ਕਟੀਵਣਾਂ ਨਾਹੀਂ, ਦੁਸ਼ਮਨ ਨਾ ਬਿਨ ਬਾਹਾਂ।
ਬਿਨ ਦੌਲਤ ਥੀਂ ਆਦਰ ਨਾਹੀਂ, ਦਿਲ ਬਿਨ ਨਾ ਦਿਲਗਾਹਾਂ।
ਗੁਰ ਬਿਨ ਗਿਆਨ ਨਾ ਇਲਮ ਪੜ੍ਹੀਵੈ, ਬਾਝੋਂ ਅਕਲ ਸਲਾਹਾਂ।
ਬਿਨ ਮੀਹਾਂ ਥੀਂ ਦਾਦਰ ਬੋਲੇ, ਕਹਿੰਦੇ ਜੂਫ਼ ਤਿਦਾਹਾਂ।

ਪੈਰਾਂ ਬਿਨਾਂ ਰਸਤਾ ਨਹੀਂ ਕੱਟ ਸਕਦਾ, ਬਿਨਾਂ ਤਕੜੀਆਂ ਬਾਹਾਂ ਦੇ ਦੁਸ਼ਮਣ ‘ਤੇ ਜਿੱਤ ਨਹੀਂ ਮਿਲ ਸਕਦੀ। ਦੌਲਤ ਤੋਂ ਬਿਨਾਂ ਆਦਰ ਨਹੀਂ ਮਿਲ ਸਕਦਾ ਤੇ ਦਿਲ (ਦੀ ਸੱਚਾਈ) ਤੋਂ ਬਿਨਾਂ ਮੁਹੱਬਤ ਨਹੀਂ ਹੋ ਸਕਦੀ। ਗੁਰੂ ਤੋਂ ਬਿਨਾਂ ਗਿਆਨ ਜਾਂ ਵਿਦਿਆ ਨਹੀਂ ਪੜ੍ਹੀ ਜਾ ਸਕਦੀ, ਬਿਨਾਂ ਅਕਲ ਤੋਂ ਚੰਗੀ ਸਲਾਹ ਨਹੀਂ ਦਿੱਤੀ ਜਾ ਸਕਦੀ। ਮੀਂਹ ਤੋਂ ਬਿਨਾਂ ਜੇ ਡੱਡੂ ਬੋਲਦਾ ਹੋਵੇ ਤਾਂ ਉਹਨੂੰ (ਨਹਿਸ਼ ਸਮਝ ਕੇ) ਫਿਟਕਾਰ ਪਾਈ ਜਾਂਦੀ ਹੈ।

ਬਿਨ ਕਿਸ਼ਤੀ ਸਮੁੰਦਰ ਤਰੀਏ, ਹੋਂਦੇ ਗਰਕ ਤਦਾਹਾਂ।
ਬਿਨ ਪੁਰਖੇ ਸ਼ਿੰਗਾਰ ਜੋ ਮੀਰੀ, ਗਸ਼ਤੀ ਕਹਿਣ ਤਦਾਹਾਂ।
ਜ਼ਬਤੇਕਾਰ ਅਮੀਰ ‘ਨਜਾਬਤ’ ਮਾਤ ਘੱਤਨ ਪਾਤਸ਼ਾਹਾਂ।

ਜੋ ਲੋਕ ਕਿਸ਼ਤੀ ਤੋਂ ਬਿਨਾਂ ਸਮੁੰਦਰ ਤਰਨ ਦਾ ਯਤਨ ਕਰਦੇ ਹਨ, ਉਹ ਸਦਾ ਗਰਕ ਹੁੰਦੇ ਹਨ। ਜੋ ਇਸਤਰੀ ਪਤੀ ਤੋਂ ਬਿਨਾਂ ਸ਼ਿੰਗਾਰ ਕਰਦੀ ਹੈ ਉਸ ਨੂੰ ਫਿਰਤੂ ਇਸਤਰੀ ਕਹਿੰਦੇ ਹਨ। ਨਜਾਬਤ! ਮਾਲਕ ‘ਤੇ ਰੋਹਬ ਪਾਉਣ ਵਾਲੇ ਅਮੀਰ ਬਾਦਸ਼ਾਹ ਨੂੰ ਮਰਵਾ ਦੇਂਦੇ ਹਨ।

ਦਿੱਤਾ ਕੌਲ ਤੂਰਾਨੀਆਂ, ਵਿਸਾਹ ਕੀਤੋ ਨੇ।
ਕੂੜ ਖਿਲਾਫ਼ ਇਲਾਫ਼ ਕੇ, ਬਾਦਸ਼ਾਹ ਚੜਿਓ ਨੇ।
ਹੁੰਡਰ ਦਗ਼ੇ ਫਰੇਬ ਦਾ, ਚਾ ਜਾਲ ਸੁਟਿਓ ਨੇ।
ਧੀਆਂ ਤੇ ਭੈਣਾਂ ਬੇਟੀਆਂ, ਨਾ ਸ਼ਰਮ ਕੀਤੇ ਨੇ।

ਤੂਰਾਨੀ ਅਮੀਰਾਂ (ਨਿਜ਼ਾਮ-ਉਲ-ਮੁਲਕ ਤੇ ਉਸ ਦੇ ਟੋਲੇ) ਨੇ ਮਦਦ ਕਰਨ ਦਾ ਵਾਅਦਾ ਕੀਤਾ ਤੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਟਾਕਰੇ ਲਈ ਪ੍ਰੇਰ ਲਿਆ। ਧੋਖੇ ਭਰੀ ਚਾਲ ਚੱਲ ਕੇ ਬਾਦਸ਼ਾਹ ਨੂੰ ਜਾਲ ਵਿਚ ਫਸਾ ਲਿਆ ਤੇ ਚੜ੍ਹਾਈ ਕਰਵਾ ਦਿੱਤੀ। ਇਨ੍ਹਾਂ ਨੇ ਇਹ ਵੀ ਸ਼ਰਮ ਨਾ ਕੀਤੀ ਕਿ ਨਾਦਰ ਸ਼ਾਹ ਦੀ ਜਿੱਤ ਕਰਾਉਣ ਨਾਲ ਇਨ੍ਹਾਂ ਦੀਆਂ ਆਪਣੀਆਂ ਹੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਣੀ ਹੈ।

34. ਮੁਹੰਮਦ ਸ਼ਾਹ ਦਾ ਨਾਰ ਸ਼ਾਹ ਦੇ ਟਾਕਰੇ ਲਈ ਵਧਣਾ

ਚੜ੍ਹੇ ਚੁਗੱਤਾ ਬਾਦਸ਼ਾਹ ਧਰੱਗੀਂ ਧਸਕਾਰੇ।
ਘੋੜਾ ਸਾਢੇ ਦਸ ਲੱਖ, ਰਜਵਾੜੇ ਸਾਰੇ।
ਗਰਦਾਂ ਫਲਕੀਂ ਪਹੁੰਤੀਆ, ਪੈ ਗਏ ਗੁਬਾਰੇ।
ਦਿਹੁੰ ਚੰਨ ਨਜ਼ਰ ਨਾ ਆਵਦਾ, ਅਸਮਾਨੀ ਤਾਰੇ।

ਬੜੇ ਜ਼ੋਰ ਸ਼ੋਰ ਨਾਲ ਢੋਲ-ਨਗਾਰੇ ਵੱਜੇ ਤੇ (ਬਾਬਰ ਵੰਸ਼ੀ) ਚੁਗੱਤੇ ਬਾਦਸ਼ਾਹ ਮੁਹੰਮਦ ਸ਼ਾਹ ਦੀ ਫੌਜ ਚੱਲ ਪਈ। ਇਸ ਫੌਜ ਵਿਚ ਸਭ ਹਿੰਦੂ ਰਾਜੇ ਵੀ ਸ਼ਾਮਲ ਸਨ ਤੇ ਸਾਢੇ ਦਸ ਲੱਖ ਘੋੜ ਸਵਾਰ ਸੈਨਿਕ ਸਨ। ਧੂੜ ਉੱਡ ਕੇ ਅਸਮਾਨ ਤੱਕ ਜਾ ਪਹੁੰਚੀ ਤੇ ਹਨੇਰਾ ਛਾ ਗਿਆ। (ਅਸਮਾਨ ਤੇ ਧੂੜ ਏਨੀ ਸੀ ਕਿ) ਨਾ ਦਿਨ ਵੇਲੇ ਸੂਰਜ ਨਜ਼ਰ ਆਉਂਦਾ ਸੀ ਤੇ ਨਾ ਰਾਤ ਸਮੇਂ ਚੰਦ-ਤਾਰੇ ਹੀ ਦਿਸਦੇ ਸਨ।

ਬਾਗ਼ੀਂ ਬੋਲਨ ਕੋਇਲਾਂ ਜਿਉਂ, ਤੁਰੀਆਂ ਕੁਕਾਰੇ।
ਪੀਂਘੇ ਫਰੇ ਬੇਰਕਾਂ ਰੰਗ ਕਰਨ ਨਜ਼ਾਰੇ।

ਫ਼ੌਜ ਦੇ ਬਿਗਲ ਇੰਜ ਕੂਕ ਰਹੇ ਸਨ, ਜਿਵੇਂ ਬਾਗ਼ਾਂ ਵਿਚ ਕੋਇਲਾਂ ਬੋਲਦੀਆਂ ਹਨ। ਝੰਡੇ (ਨਿਸ਼ਾਨ) ਝੂਲਦੇ ਤੇ ਲਹਿਰਾਉਂਦੇ ਸਨ੩ਇਹ ਰੰਗ-ਬਰੰਗੇ ਬੜੇ ਸੋਹਣੇ ਲੱਗਦੇ ਸਨ।

ਰਣ ਭੇਰੀ ਬੱਦਲ ਗੱਜਦੇ, ਘੰਟਾਲ ਨ ਹਾਰੇ।
ਹਾਥੀ ਦਿਸਣ ਆਉਂਦੇ, ਵਿਚ ਦਲਾਂ ਸ਼ਿੰਗਾਰੇ।
ਮਾਰ ਭਬਕ ਗਰਦਾਂ ਚਲਦੇ, ਸਿਰ ਕੁੰਡੇ ਭਾਰੇ।
ਦੰਦ ਚਿੱਟੇ ਦੇਣ ਵਖਾਲੀਆਂ, ਕਹੁ ਕਿਤ ਹਨਾਰੇ।
ਜਿਉਂ ਘਟ ਕਾਲੀ ਬਗਲਿਆਂ, ਰੁਤ ਮਸਾਂ ਚਿਤਾਰੇ।
ਜਿਉਂ ਨੌਂਹਦਰ ਹੱਲਾਂ ਡਿੰਗੀਆਂ, ਸੁੰਡ ਲੈਣ ਝੁਟਾਰੇ।
ਜਿਉਂ ਦਿਸਣ ਉੱਤੇ ਮਕਬਰਿਆਂ, ਸਫ਼ੈਦ ਮੁਨਾਰੇ।
ਜਿਉਂ ਪਹਾੜਾਂ ਉੱਤੋਂ ਅਯਦਹਾ, ਕਟ ਖਾਵਣ ਹਾਰੇ।

ਯੁੱਧ ਦੇ ਨਗਾਰੇ ਬੱਦਲਾਂ ਵਾਂਗ ਗੱਜ ਰਹੇ ਸਨ ਅਤੇ ਘੜਿਆਲ ਖੜਕਣੋਂ ਬੰਦ ਹੀ ਨਹੀਂ ਸੀ ਹੁੰਦੇ। ਸ਼ਿੰਗਾਰੇ ਹੋਏ ਹਾਥੀ ਫ਼ੌਜਾਂ ਨਾਲ ਜਾਂਦੇ ਬੜੇ ਸੁਹਣੇ ਲੱਗਦੇ ਸਨ। ਜਦੋਂ ਇਨ੍ਹਾਂ ਦੇ ਸਿਰਾਂ ‘ਤੇ ਵੱਡੇ-ਵੱਡੇ ਅੰਕੁਸ਼ (ਕੁੰਡੇ) ਵੱਜਦੇ ਸਨ ਤਾਂ ਹਾਥੀ ਭਬਕ ਮਾਰ ਕੇ ਘੱਟਾ ਉਡਾਉਂਦੇ ਹੋਏ ਅੱਗੇ ਨੱਸਦੇ ਸਨ। ਉਨ੍ਹਾਂ ਦੇ ਕਾਲੇ ਮੂੰਹਾਂ ਵਿਚੋਂ ਬਾਹਰ ਨਿਕਲੇ ਹੋਏ ਚਿੱਟੇ ਦੰਦਾਂ ਵੱਲ ਦੇਖ ਕੇ ਕਾਲੀ ਘਟਾ ਵਿਚ ਚਿੱਟੇ ਬਗਲਿਆਂ ਦੀ ਰੁੱਤ ਤੇ ਸਮਾਂ ਚੇਤੇ ਆ ਜਾਂਦਾ ਸੀ। ਉਨ੍ਹਾਂ ਦੇ ਹੇਠੋਂ ਮੁੜੇ ਹੋਏ ਸੁੰਡ ਇੰਝ ਝੂਲ ਰਹੇ ਸਨ ਜਿਵੇਂ ਡਿੰਗੇ ਫਾਲੇ ਵਾਲੇ ਹਲ ਝੂਲ ਰਹੇ ਹੋਣ। ਜਿਸ ਤਰ੍ਹਾਂ ਕਾਲੇ ਮਕਬਰਿਆਂ ਉੱਤੇ ਚਿੱਟੇ ਮੁਨਾਰੇ ਦਿਸਦੇ ਹਨ ਜਾਂ ਇਸ ਤਰ੍ਹਾਂ ਕਾਲੇ ਪਹਾੜਾਂ ਉੱਤੇ ਪਏ ਹੋਏ ਕੱਟ ਖਾਣ ਵਾਲੇ ਚਿੱਟੇ ਅਜਗਰ ਨਾਗ ਹੁੰਦੇ ਹਨ।

ਚੜ੍ਹੀਆਂ ਦੋ ਬਾਦਸ਼ਾਹੀਆਂ, ਮੇਲ ਗੁੱਠਾਂ ਚਾਰੇ।
ਜਿਉਂ ਬਸੇਰਾ ਮਕੜੀ, ਘਣ ਬੇਸ਼ੁਮਾਰੇ।
ਡੇਰੇ ਘਤੇ ਚੁਗੱਤਿਆਂ, ਆਣ ਨਦੀ ਕਿਨਾਰੇ।
ਖ਼ਾਨ ਦੌਰਾਨ ਕਰੇ ਸਵਾਲ, ਸੱਦ ਸਿਪਾਹ ਨੂੰ :
‘ਯਾਰੋ ਬਣਿਆ ਹਸ਼ਰ ਜ਼ਵਾਲ, ਦਿੱਲੀ ਦੇ ਤਖ਼ਤ ਨੂੰ।
ਮਨਸੂਬਾ ਇਹ ਕਮਾਲ, ਸਿਰ ਤੇ ਕੜਕਿਆ।
ਜ਼ਨ ਫ਼ਰਜ਼ੰਦ ਤੇ ਮਾਲ, ਵਸੁਗੁ ਨਾ ਕੁਝ।
ਕਿਆ ਹੋਇਆ ਇਕ ਸਾਲ, ਬਾਕੀ ਜੀਵਣਾ।
ਪਰ ਕਰੀਓ ਨਿਮਕ ਹਲਾਲ, ਮੁਹੰਮਦ ਸ਼ਾਹ ਦਾ।’

ਜਦੋਂ ਦੋਵਾਂ ਬਾਦਸ਼ਾਹੀ ਫ਼ੌਜਾਂ ਨੇ ਚੜ੍ਹਾਈ ਕੀਤੀ ਤਾਂ ਚਾਰੇ ਦਿਸ਼ਾਵਾਂ ਹੀ ਸੈਨਿਕਾਂ ਨਾਲ ਭਰ ਗਈਆਂ ਤੇ ਇੰਜ ਜਾਪਦਾ ਸੀ ਜਿਵੇਂ ਕਿਸੇ ਮੱਕੜੀ ਨੇ ਵਿਸ਼ਾਲ ਤੇ ਸੰਘਣਾ ਜਾਲ ਉਣਿਆ ਹੋਇਆ ਹੋਵੇ (ਤੈਮੂਰ ਤੇ ਬਾਬਰ ਦੇ ਵੰਸ਼ੀ) ਚੁਗੱਤੇ ਮੁਹੰਮਦ ਸ਼ਾਹ ਨੇ ਅਲੀ ਮਰਦਾਨ ਖ਼ਾਂ ਨਹਿਰ ਦੇ ਕੰਢੇ ਆਣ ਡੇਰਾ ਲਾਇਆ।

ਖ਼ਾਨ ਦੌਰਾਂ ਨੇ ਆਪਣੇ ਸਿਪਾਹੀਆਂ ਨੂੰ ਨੇੜੇ ਬੁਲਾ ਕੇ ਇਹ ਸਿੱਖਿਆ ਦਿੱਤੀ :
‘ਦੋਸਤੋ! ਅੱਜ ਦਿੱਲੀ ਦੇ ਤਖ਼ਤ ਲਈ (ਹਿਸਾਬ-ਕਿਤਾਬ ਦੇਣ ਦਾ ਦਿਨ) ਪਰਲੋ ਦਾ ਦਿਨ ਆਣ ਪਹੁੰਚਾ ਹੈ। ਨਾਦਰ ਸ਼ਾਹ ਦਾ ਹਮਲਾ ਦਿੱਲੀ ਲਈ

ਇਕ ਅਤਿ ਗੁੰਝਲਦਾਰ ਮਸਲਾ ਆਣ ਬਣਿਆ ਹੈ। ਇਸਤਰੀ, ਬੱਚੇ ਤੇ ਦੌਲਤ ਵਿਚੋਂ ਕੁਝ ਵੀ ਨਹੀਂ ਜੇ ਬਚਣਾ। ਇਹ ਸੋਚੋ ਕਿ ਯੁੱਧ ਵਿਚੋਂ ਨੱਸ ਕੇ ਇਹ ਤਬਾਹੀ ਦੇਖਣ ਤੋਂ ਬਾਅਦ ਜੇ ਤੁਸੀਂ ਇਕ ਦੋ ਸਾਲ ਜੀ ਲਵੋਗੇ ਤਾਂ ਉਸ ਜੀਣ ਦਾ ਕੀ ਫਾਇਦਾ? ਇਸ ਲਈ ਤੁਸੀਂ ਮੁਹੰਮਦ ਸ਼ਾਹ ਦੇ ਨਮਿੱਤ ਆਪਣੀ ਸਵਾਮੀ-ਭਗਤੀ ਦਾ ਪੂਰਾ ਸਬੂਤ ਦਿਓ।’

ਬੱਧੇ ਹੱਥ ਸਿਪਾਹੀਆਂ, ਬੰਨ੍ਹ ਅਰਜ਼ਾਂ ਕਰੀਆਂ :

‘ਨਿਮਕ ਹਲਾਲ ਹਾਂ ਆਦਿ ਕਦੀਮ ਦੇ, ਖ਼ੂਬ ਤਲਬਾਂ ਤਰੀਆਂ।’
ਉਹਨਾਂ ਕੰਢੇ ਡੰਗ ਅਠੂਹਿਆਂ ਵਟ ਮੁਛਾਂ ਧਰੀਆਂ।
ਉਹਨਾਂ ਸਰਕ ਲਈਆਂ ਸਰਵਾਹੀਆਂ ਹੱਥ ਢਾਲਾਂ ਫੜੀਆਂ :
‘ਅਸੀਂ ਹਜ਼ਰਤ ਅਲੀ ਅਮੀਰ ਦੇ ਜੰਗ ਵਾਂਗ, ਘੱਤ ਦਿਆਂਗੇ ਗਲੀਆਂ।
ਕਾਬਲ ਰੋਣ ਪਠਾਣੀਆਂ, ਭੰਨ ਚੂੜੇ ਕੜੀਆਂ।
ਪਰ ਸਾਨੂੰ ਤਾਂ ਹੀ ਆਖੀਂ ਆਫਰੀਨ, ਦਸਤਾਰਾਂ ਵਲੀਆਂ।’

ਸਭ ਸਿਪਾਹੀਆਂ ਨੇ ਹੱਥ ਜੋੜ ਕੇ ਅਰਜ਼ ਕੀਤੀ, ‘ਅਸੀਂ ਖ਼ੂਬ ਤਨਖਾਹਾਂ ਲੈਂਦੇ ਰਹੇ ਹਾਂ ਤੇ ਬਾਦਸ਼ਾਹ ਦੇ ਪੁਰਾਣੇ ਜੱਦੀ-ਪੁਸ਼ਤੀ ਸਵਾਮੀ-ਭਗਤ ਸੇਵਕ ਚਲੇ ਆ ਰਹੇ ਹਾਂ।’ ਉਨ੍ਹਾਂ ਨੇ ਮੁੱਛਾਂ ਨੂੰ ਵੱਟ ਦਿੱਤਾ ਤੇ ਠੂਹਿਆਂ ਵਾਂਗ ਤਿੱਖੀਆਂ ਕੀਤੀਆਂ। ਉਨ੍ਹਾਂ ਨੇ ਤਲਵਾਰਾਂ ਖਿੱਚ ਲਈਆਂ, ਹੱਥਾਂ ਵਿਚ ਢਾਲਾਂ ਫੜ ਲਈਆਂ ਤੇ ਕਹਿਣ ਲੱਗੇ, ‘ਅਸੀਂ ਹਜ਼ਰਤ ਅਲੀ ਦੇ ਜੰਗ ਕਰਨ ਵਾਂਗ ਦੁਸ਼ਮਣ ਦੀ ਫੌਜ ਵਿਚ ਕਤਲ-ਆਮ ਮਚਾ ਕੇ ਖੱਪੇ ਪਾ ਕੇ ਰੱਖ ਦਿਆਂਗੇ।

(ਆਪਣੇ ਪਤੀਆਂ ਦੀ ਮੌਤ ਸੁਣ ਕੇ) ਕਾਬਲ ਦੀਆਂ ਪਠਾਣੀਆਂ ਚੂੜੇ ਤੇ ਗੋਖੜੂ ਭੰਨ-ਤੋੜ ਕੇ ਰੋਣਗੀਆਂ। ਜੇ ਅਸੀਂ ਇੰਝ ਸਵਾਮੀ-ਭਗਤੀ ਦਿਖਾਵਾਂਗੇ ਤਾਂ ਹੀ ਤੁਸੀਂ ਸਾਨੂੰ ਸਾਡੇ ਸਿਰਾਂ ‘ਤੇ ਬੱਧੀਆਂ ਪੱਗਾਂ ਦੀ ਅਣਖ ਬਚਾਉਣ ਦੀ ਸ਼ਾਬਾਸ਼ ਦੇਣਾ।’

35. ਰਾਜਪੂਤਾਨੇ ਦੇ ਅਮੀਰ

ਚੜ੍ਹੇ ਔਰੰਗਾ-ਬਾਦ ਥੀਂ, ਭੇਰੀਂ ਘੁਰਲਾਵਣ।
ਅਗੇ ਅੰਬੇਰੀ ਤੇ ਮਾਰਵਾੜ, ਬੂੰਦੀ ਘਲਿਆਵਣ।
ਇਕ ਘੋੜੇ ਮਰਦ ਨੂੰ, ਕਰ ਜਸ਼ਨ ਵਿਖਾਵਣ।
ਉਹ ਪਾ ਪਾ ਫੀਮਾ ਟਾਂਕਦੇ, ਕੈਫੀ ਝੁੱਟ ਲਾਵਣ।
ਜਿਵੇਂ ਜਹਾਜ਼ ਸਮੁੰਦਰੀ, ਗਿਰਦਾਵਾਂ ਖਾਵਣ।

ਔਰੰਗਾਬਾਦ ਦੀ ਰਾਜਪੂਤ ਫੌਜ ਨੇ ਨਗਾਰੇ ਗਜਾਏ ਤੇ ਚੜ੍ਹਾਈ ਲਈ ਚੱਲ ਪਈ। ਉਨ੍ਹਾਂ ਦੇ ਅੱਗੇ-ਅੱਗੇ ਅਜਮੇਰ, ਮਾਰਵਾੜ ਤੇ ਬੂੰਦੀ (ਰਿਆਸਤਾਂ) ਦੇ ਰਾਜਪੂਤ ਫੌਜੀ ਨੱਚਦੇ ਟੱਪਦੇ ਆ ਰਹੇ ਸਨ। ਕਈਆਂ ਦੇ ਘੋੜੇ ਨੱਚ ਨੱਚ ਕੇ ਸਵਾਰਾਂ ਨੂੰ ਖੁਸ਼ ਕਰ ਰਹੇ ਸਨ। ਉਹ ਪਾ ਪਾ ਫੀਮ ਖਾ ਜਾਂਦੇ ਹਨ ਤੇ ਡੀਕਾਂ ਲਾ ਕੇ ਸ਼ਰਾਬ ਪੀਂਦੇ ਹਨ ਤੇ ਫਿਰ ਭੰਵਰ ਵਿਚ ਫਸੇ ਹੋਏ ਸਮੁੰਦਰੀ ਜਹਾਜ਼ ਵਾਂਗ ਘੁੰਮਣ ਘੇਰੀਆਂ ਖਾਂਦੇ ਹਨ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar