ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> ਨਾਦਰਸ਼ਾਹ ਦੀ ਵਾਰ ਬੰਦ: 36-38

ਨਾਦਰਸ਼ਾਹ ਦੀ ਵਾਰ ਬੰਦ: 36-38

36. ਨਿਜ਼ਾਮ-ਉਲ-ਮੁਲਕ ਦਾ ਖ਼ਤ ਨਾਦਰ ਸ਼ਾਹ ਦੇ ਨਾਮ

ਨਿਜਾਮੰਦ ਖ਼ਤ ਭਲੇਰਾ, ਵਾਚੇ ਨਾਜ਼ਰ ਸ਼ਾਹ :
‘ਅੱਗੇ ਲਸ਼ਕਰ ਮੇਰਾ, ਪਿਛੇ ਈਰਾਨੀਆਂ।
ਦਰਮਿਆਨ ਦੋਹਾਂ ਦਾ ਡੇਰਾ, ਮੁਹੰਮਦ ਸ਼ਾਹ ਦਾ।
ਤੂੰ ਰਾਤੀਂ ਘੱਤੀਂ ਘੇਰਾ, ਛੇਕੜ ਤਲਫ਼ ਕਰ।
ਕੀਚੀਂ ਬੇਰਾ ਬੇਰਾ, ਦੌਰਾਂ ਨੂੰ ਪਗੜ ਕੇ।
ਨਾ ਕਰਨਾ ਜ਼ੋਰ ਭਲੇਰਾ, ਕਿਸੇ ਮੁਕਾਬਲਾ।
ਇਹ ਤਖ਼ਤ ਮੁਬਾਰਕ ਤੇਰਾ, ਕੁਲ ਵਲਾਇਤਾਂ।
ਘਰ ਦਾ ਭੇਦ ਚੰਗੇਰਾ, ਕਿਸੇ ਨ ਸਾਧਿਆ।’

ਨਿਜ਼ਾਮ-ਉਲ-ਮੁਲਕ ਦਾ ਖ਼ਤ ਨਾਦਰ ਸ਼ਾਹ ਨੇ ਚੰਗੀ ਤਰ੍ਹਾਂ ਪੜ੍ਹਿਆ। ਉਸ ਵਿਚ ਲਿਖਿਆ ਸੀ, ‘ਅੱਗੇ ਮੇਰੀ ਫੌਜ ਹੈ ਤੇ ਪਿੱਛੇ ਈਰਾਨੀ ਸਰਦਾਰ ਖਾਨ ਦੌਰਾਂ ਦੀ ਹੈ। ਸਾਡੇ ਦੋਹਾਂ ਦੇ ਵਿਚਕਾਰ ਬਾਦਸ਼ਾਹ ਮੁਹੰਮਦ ਸ਼ਾਹ ਦਾ ਡੇਰਾ ਹੈ। ਤੂੰ ਰਾਤ ਸਮੇਂ ਘੇਰਾ ਪਾਈਂ ਤੇ ਪਿਛਲਿਆਂ ਨੂੰ ਤਬਾਹ ਕਰ ਦਈਂ। ਤੂੰ ਖ਼ਾਨ ਦੌਰਾਂ ਨੂੰ ਫੜ ਕੇ ਉਹਦੀ ਬੋਟੀ ਬੋਟੀ ਚੀਰ ਸੁੱਟੀਂ। ਸਾਡੇ ਵਿਚੋਂ ਕਿਸੇ ਨੇ ਡਟ ਕੇ ਤੇਰਾ ਮੁਕਾਬਲਾ ਨਹੀਂ ਕਰਨਾ ਅਤੇ ਨਾ ਹੀ ਬਹੁਤਾ ਜ਼ੋਰ ਲਾਉਣਾ ਹੈ।

ਦਿੱਲੀ ਦਾ ਤਖ਼ਤ ਤੇ ਹਿੰਦੁਸਤਾਨ ਦੇ ਸਭ ਇਲਾਕੇ ਤੈਨੂੰ ਮਿਲਣ ਦੀ ਵਧਾਈ ਦਿੰਦਾ ਹੈ। ਘਰ ਦਾ ਭੇਦ ਦੇਣ ਦਾ ਕੰਮ ਕਦੀ ਕਿਸੇ ਨੇ ਏਨੀ ਚੰਗੀ ਤਰ੍ਹਾਂ ਹੀ ਕੀਤਾ ਹੋਣਾ (ਜਿੰਨੀ ਚੰਗੀ ਤਰ੍ਹਾਂ ਮੈਂ ਕੀਤਾ ਹੈ)।

37. ਸੰਨਿਆਸੀਆਂ ਦਾ ਹਮਲਾ

ਸ਼ਾਹ ਨਦਾਰ ਗੱਲ ਅਲਾਈ, ਸਖ਼ਤੀ ਬੋਲ ਕੇ :
‘ਤੁਸੀਂ ਹੈਸੋ ਟੁਗੜ੍ਹ-ਗਦਾਈ, ਹਿੰਦੁਸਤਾਨ ਦੇ।
ਕੋਈ ਦੇਂਦੇ ਲੋਗ ਗਵਾਹੀ, ਤੁਹਾਡੇ ਫਕਰ ਦੀ।
ਹੁਣ ਜਾਂਦੇ ਹੋ ਹੈਫ਼ ਕਮਾਈ, ਲੱਜ ਨ ਵਤਨ ਦੀ।
ਸਿਰ ਖ਼ਾਕ ਤੁਹਾਡੇ ਪਾਈ, ਜਾਓ ਨੱਸ ਕੇ।’
ਸ਼ਾਹ ਨਾਜ਼ਰ ਕਹਿੰਦਾ ਜਾਇ, ਸਾਰੀ ਫੌਜ ਵਿਚ।
ਕਿਸੇ ਜਾ ਇਹ ਗੱਲ ਸੁਮਾਈ, ਭੂਪਤ ਨਾਥ ਨੂੰ।
ਹੋ ਮੁੜ੍ਹਕੇ ਮੁੜ੍ਹਕਾ ਜਾਏ, ਗੁੱਸਾ ਕਹਿਰ ਦਾ :
‘ਤੁਸਾਂ ਕਰਨੀ ਖ਼ੂਬ ਲੜਾਈ, ਜਿਤਨੇ ਸੂਰਮੇ।’
ਭੂਪਤ ਰਾਇ ਸੰਨਿਆਸੀ, ਸੱਦ ਪੁਛੇ ਬੀਰਾਂ :
‘ਇਹ ਉਤਰੇ ਦੇ ਵਲਾਇਤੋਂ ਹੱਥ ਪਗੜ ਗੰਡੀਰਾਂ।

ਨਾਦਰ ਸ਼ਾਹ ਨੇ ਇਕ ਸਖਤ ਚੋਟ ਭਰੀ ਗੱਲ ਸੰਨਿਆਸੀਆਂ ਨੂੰ ਕਹੀ, ‘ਤੁਸੀਂ ਹਿੰਦੁਸਤਾਨ ਦੇ ਮੰਗਤੇ ਰਹੇ ਹੋ ਤੇ ਇਹਦੇ ਟੁਕੜਿਆਂ ‘ਤੇ ਪਲਦੇ ਰਹੇ ਹੋ।

ਕਈ ਲੋਕ ਇਸ ਗੱਲ ਦੇ ਗਵਾਹ ਹਨ ਕਿ ਤੁਸੀਂ ਪੁਰਾਣੇ ਫਕੀਰ ਹੋ। ਹੁਣ (ਦੇਸ਼-ਰੱਖਿਆ ਵੱਲੋਂ ਮੂੰਹ ਮੋੜ ਕੇ) ਕਿਉਂ (ਕਿਰਤਘਣ ਹੋਣ ਦਾ) ਪਾਪ ਕਮਾ ਰਹੇ ਹੋ? ਕੀ ਤੁਹਾਨੂੰ ਆਪਣੇ ਦੇਸ਼ ਦੀ ਕੋਈ ਸ਼ਰਮ ਨਹੀਂ? ਹੁਣ ਜੇ ਨੱਸ ਕੇ ਜਾਓਗੇ ਤਾਂ ਤੁਹਾਨੂੰ ਹਰ ਥਾਂ ਤੋਂ ਲਾਹਨਤਾਂ ਪੈਣਗੀਆਂ’੩ਇਹ ਗੱਲ ਨਾਦਰ ਸ਼ਾਹ ਨੇ ਆਪਣੀ ਸਾਰੀ ਫੌਜ ਵਿਚ ਕਹੀ ਸੀ। ਕਿਸੇ ਨੇ ਇਹ ਗੱਲ ਭੂਪਤ ਨਾਥ (ਸੰਨਿਆਸੀਆਂ ਦੇ ਆਗੂ) ਨੂੰ ਵੀ ਜਾ ਦੱਸੀ। ਉਹਨੂੰ ਇਹ ਸੁਣ ਕੇ ਅਤਿ ਦਾ ਗੁੱਸਾ ਚੜ੍ਹ ਗਿਆ ਤੇ ਗੁੱਸੇ ਨਾਲ ਮੁੜ੍ਹਕੋ ਮੁੜ੍ਹਕੀ ਹੋ ਗਿਆ। ਸੰਨਿਆਸੀ ਭੂਪਤ ਨਾਥ ਨੇ ਆਪਣੇ ਯੋਧਿਆਂ ਨੂੰ ਕਿਹਾ, ‘ਤੁਸੀਂ ਜਿੰਨੇ ਵੀ ਸੂਰਮੇ ਹੋ, ਡਟ ਕੇ ਯੁੱਧ ਕਰੋ।’ ਭੂਪਤ ਰਾਏ ਸੰਨਿਆਸੀ ਨੇ ਆਪਣੇ ਵੀਰਾਂ ਨੂੰ ਬੁਲਾ ਕੇ ਕਿਹਾ, ‘ਇਹ ਦਿਓਆਂ ਦੇ ਕੱਦ ਵਾਲੇ ਵਲਾਇਤੀ (ਈਰਾਨੀ ਤੇ ਅਫ਼ਗਾਨੀ) ਲੋਕ ਹੱਥਾਂ ਵਿਚ ਨੇਜ਼ੇ ਫੜੀ ਆ ਗਏ ਹਨ।

ਉਹ ਦੇਣ ਧੱਕਾ ਦਿਵਾਲ ਨੂੰ, ਕਰ ਸਟਣ ਲੀਰਾਂ।
ਕਦ ਜਿਨ੍ਹਾਂ ਦੇ ਓਜ ਵਾਂਗ ਯਾ, ਮੁਨਕਰ ਨਕੀਰਾਂ।
ਅਸਾਂ ਭੀ ਫਕਰ ਕਦੀਮ ਦੇ, ਵਾਂਗ ਸ਼ਾਹ ਮਹੀਰਾਂ।
ਸਾਡਾ ਮੁਲਕ ਪੰਜਾਬ ਵਲਾਇਤ, ਤੇ ਹਿੰਦ ਜਗੀਰਾਂ।’
ਰਾਏ ਭੂਪਤ ਖਲਾ ਵੰਗਾਰੇ, ਸਾਰੇ ਪੰਥ ਨੂੰ :
‘ਦੁਨੀਆ ਜੇ ਚਾਰ ਦਿਹਾੜੇ, ਕਿਚਰ ਕੁ ਜੀਵਣਾ।
ਜੋ ਲਿਖਿਆ ਕਰਤਾਰੇ, ਸੋਈਓ ਵਰਤਸੀ।
ਤੁਸੀਂ ਹੋ ਬਲਵੰਤ ਕਰਾਰੇ, ਸਾਰੇ ਲੜ ਮਰੋ।
ਕਰਨ ਫ਼ਕੀਰ ਤਿਆਰੇ, ਆਉਣ ਜੰਗ ਤੇ।
ਜਿਉਂ ਸ਼ੇਰ ਮਾਰਨ ਭਕਾਰੇ, ਪਹੁੰਚਣ ਮਾਰ ਤੇ।
ਜਿਉਂ ਬੰਨ੍ਹਣ ਬਾਜ ਤਰਾਰੇ, ਵੇਖ ਸ਼ਿਕਾਰ ਨੂੰ।

ਇਹ ਕੰਧ ਨੂੰ ਧੱਕਾ ਮਾਰ ਕੇ ਚੂਰ ਚੂਰ ਕਰ ਸੁੱਟਦੇ ਸਨ। ਇਨ੍ਹਾਂ ਦੇ ਕੱਦ ਹਜ਼ਰਤ ਓਜ ਵਾਂਗ ਉੱਚੇ ਹਨ ਜਾਂ ਮੁਨਕਰ ਤੇ ਨਕੀਰ ਫਰਿਸ਼ਤਿਆਂ ਦੇ ਕੱਦ ਨਾਲ ਮਿਲਦੇ ਹਨ। ਪਰ ਅਸੀਂ ਵੀ ਸੱਯਦ ਮੀਰਾਂ ਸ਼ਾਹ ਭੀਖ ਵਾਂਗ ਪੁਰਾਣੇ ਫ਼ਕੀਰ ਹਾਂ। ਪੰਜਾਬ ਸਾਡਾ ਮੁਲਕ ਹੈ ਤੇ ਹਿੰਦੁਸਤਾਨ ਦਾ ਸਾਰਾ ਇਲਾਕਾ ਸਾਡੀਆਂ ਜਾਗੀਰਾਂ ਹਨ।’ ਭੂਪਤ ਰਾਏ ਨੇ ਖੜ੍ਹੇ ਹੋ ਕੇ ਆਪਣੇ ਸਾਰੇ ਸੰਨਿਆਸੀ ਪੰਥ ਨੂੰ ਵੰਗਾਰਿਆ : ‘ਤੁਹਾਡੀ ਸੰਸਾਰਕ ਜ਼ਿੰਦਗੀ ਗਿਣੀ ਮਿਥੀ ਚਾਰ ਕੁ ਦਿਨਾਂ ਦੀ ਹੈ। ਅੰਤ ਕਿੰਨੀ ਕੁ ਦੇਰ ਤਕ ਜੀ ਲਵੋਗੇ? ਸਿਰਜਣਹਾਰ ਪ੍ਰਭੂ ਨੇ ਮਨੁੱਖ ਦੀ ਕਿਸਮਤ ਵਿਚ ਜੋ ਲੇਖ ਲਿਖ ਦਿੱਤੇ ਹਨ, ਉਹ ਹੀ ਵਾਪਰ ਕੇ ਰਹਿੰਦਾ ਹੈ। ਤੁਸੀਂ ਸਾਰੇ ਹੀ ਲੜਾਕੇ ਤੇ ਬਲਵਾਨ ਹੋ; ਦੁਸ਼ਮਣ ਨਾਲ ਲੜ ਕੇ ਸ਼ਹੀਦ ਹੋ ਜਾਓ। ਸਭ ਸੰਨਿਆਸੀ ਤਿਆਰੇ ਕੱਸਣ ਤੇ ਯੁੱਧ-ਭੂਮੀ ਵਿਚ ਲੜਨ ਲਈ ਇੰਝ ਪਹੁੰਚਣ ਜਿਸ ਤਰ੍ਹਾਂ ਸ਼ੇਰ ਭਬਕ ਮਾਰ ਕੇ ਸ਼ਿਕਾਰ ਮਾਰਨ ਲਈ ਨਿਕਲਦਾ ਹੈ ਜਾਂ ਜਿਸ ਤਰ੍ਹਾਂ ਸ਼ਿਕਾਰ ਨੂੰ ਦੇਖ ਕੇ ਬਾਜ ਬੰਨ੍ਹਣ ਤੁੜਾ ਕੇ ਤੇਜ਼ ਉਡਾਰੀ ਮਾਰਦਾ ਹੈ।

ਉਹ ਦੇਵਣ ਖੋਲ੍ਹ ਭੰਡਾਰੇ, ਤੇਗਾਂ ਵਾਹ ਕੇ।
ਹੋ ਨੱਠਣ ਲਸ਼ਕਰ ਸਾਰੇ, ਵਾਂਗਰ ਲੂੰਬੜਾਂ।
ਤੇ ਨਾਵੇਂ ਦਫ਼ਤਰ ਚਾੜ੍ਹੋ, ਮੁਹੰਮਦ ਸ਼ਾਹ ਦੇ।’
ਪਹਿਲਾ ਜੰਗ ਸੰਨਿਆਸੀ, ਕਰਦੇ ਓਕੜਾ।
ਖ਼ਾਕ ਜਿਨ੍ਹਾਂ ਦੀ ਬਾਸੀ, ਜਾਤੀ ਦੇ ਸੂਰਮੇਂ।
ਉਹ ਅੱਠੇ ਪਹਿਰ ਉਦਾਸੀ, ਭੇਖ ਫ਼ਕੀਰ ਦਾ।
ਉਨ੍ਹਾਂ ਦੀ ਨ ਕੋਈ ਫੁਫੀ ਮਾਸੀ, ਕਿਸੇ ਨ ਰੋਵਣਾ।
ਉਨ੍ਹਾਂ ਦੇ ਦੀਵੇ ਬਲਨ ਅਕਾਸ਼ੀਂ, ਵਾਉ ਝਟਕਿਆਂ।
ਉਨ੍ਹਾਂ ਦੀਆਂ ਆਉਣ ਬਲਦੀਆਂ ਅੱਖੀਂ, ਲਹੂ ਛਟੀਆਂ।
ਇਕ ਰੱਬ ਤਿੰਨਾ ਦਾ ਸਾਥੀ, ਆਏ ਸਾਹਮਣੇ।

ਸਭ ਸੰਨਿਆਸੀ ਤਲਵਾਰਾਂ ਦੇ ਵਾਰਾਂ ਨਾਲ ਦੁਸ਼ਮਣ ਦੀਆਂ ਲੋਥਾਂ ਦੇ ਢੇਰ ਲਾ ਦੇਣ। ਤੁਹਾਡੇ ਸਾਹਮਣੇ ਨਾਦਰੀ ਫੌਜ ਲੂੰਬੜਾਂ ਵਾਂਗ ਨੱਸ ਉੱਠੇ। ਸਭ ਸੰਨਿਆਸੀ ਆਪਣੇ ਨਾਂ ਮੁਹੰਮਦ ਸ਼ਾਹ ਦੇ ਸਰਕਾਰੀ ਕਾਗਜ਼ਾਂ ਵਿਚ ਲਿਖਵਾਉਣ।’ ਸੰਨਿਆਸੀਆਂ ਨੇ ਪਹਿਲੇ ਲੜਾਈ ਬੜੇ ਚਾਅ ਨਾਲ ਅੱਗੇ ਵਧ ਵਧ ਕੇ ਕੀਤੀ। ਉਹ ਮਿੱਟੀ ਵਿਚ ਰਹਿ ਰਹੇ ਸਨ ਤੇ ਉਨ੍ਹਾਂ ਦੀ ਜਾਤੀ ਬੜੀ ਬਹਾਦਰ ਸੀ। ਉਹ ਫ਼ਕੀਰੀ ਦੇ ਕੱਪੜੇ ਪਾ ਕੇ ਦਿਨ-ਰਾਤ ਸੰਸਾਰ ਵੱਲੋਂ ਉਪਰਾਮ ਰਹਿੰਦੇ ਸਨ। ਉਨ੍ਹਾਂ ਦੀ ਕੋਈ ਭੂਆ ਜਾਂ ਮਾਸੀ ਨਹੀਂ ਸੀ ਜਿਸ ਨੇ ਇਨ੍ਹਾਂ ਦੇ ਮਰਨ ਪਿੱਛੋਂ ਵੈਣ ਪਾਉਣੇ ਸਨ। ਚੰਦ ਤੇ ਸੂਰਜ ਉਨ੍ਹਾਂ ਦੇ ਆਕਾਸ਼ ਵਿਚ ਬਲਦੇ ਦੀਵੇ ਸਨ ਜੋ ਹਵਾ ਦੇ ਝਟਕਿਆਂ ਨਾਲ ਵੀ ਨਹੀਂ ਸਨ ਬੁਝਦੇ। ਉਨ੍ਹਾਂ ਦੀਆਂ ਅੱਖਾਂ ਵਿਚ ਲਹੂ ਉਤਰਿਆ ਹੋਇਆ ਸੀ ਤੇ ਗੁੱਸੇ ਨਾਲ ਅੱਗ ਵਾਂਗ ਬਲਦੀਆਂ ਜਾਪਦੀਆਂ ਸਨ। ਉਹ ਇਕ ਰੱਬ ਨੂੰ ਹੀ ਆਪਣਾ ਸਾਥੀ ਜਾਣ ਕੇ ਨਾਦਰੀ ਫੌਜ ਦੇ ਸਾਹਮਣੇ ਜਾ ਪਹੁੰਚੇ।

ਉਨ੍ਹਾਂ ਕੋਲ ਛੁਰੀ, ਕੁਹਾੜੀ, ਕਾਤੀ, ਇਹ ਹਥਿਆਰ ਸਨ।
ਉਹ ਭੱਜਣ ਵਾਂਗ ਇਰਾਕੀ, ਤੇਗਾਂ ਵਾਹੁੰਦੇ।
ਉਹ ਖਾਂਦੇ ਖਾਸ ਗੁਟਾਕੀ, ਵਗਣ ਨਾਵਕਾਂ।
ਉਨ੍ਹਾਂ ਪੰਜ ਹਜ਼ਾਰ ਚੁਰਾਸੀ, ਗੁਰਜ਼ੀ ਮਾਰਿਆ।
ਪਰ ਕਰਕੇ ਗਏ ਖਲਾਸੀ, ਚੜ੍ਹੇ ਪਹਾੜ ਨੂੰ।

ਉਨ੍ਹਾਂ ਦੇ ਕੋਲ ਛੁਰੀ, ਕੁਹਾੜੀ ਤੇ ਛੋਟੀ ਤਲਵਾਰ ਆਦਿ ਹੀ ਹਥਿਆਰ ਸਨ। ਤਲਵਾਰਾਂ ਚਲਾਉਂਦੇ ਹੋਏ ਉਹ ਇਰਾਕੀ ਘੋੜਿਆਂ ਵਾਂਗ ਨੱਸੇ ਫਿਰਦੇ ਸਨ।

ਦੁਸ਼ਮਣ ਦੇ ਵਰ੍ਹਦੇ ਹੋਏ ਤੀਰਾਂ ਵਿਚ ਵੀ ਉਹ ਉਨ੍ਹਾਂ ਦਾ ਮਾਸ ਚੱਕ ਮਾਰ-ਮਾਰ ਕੇ ਖਾਈ ਜਾ ਰਹੇ ਸਨ। ਉਨ੍ਹਾਂ ਨੇ ਪੰਜ ਹਜ਼ਾਰ ਚੁਰਾਸੀ ਗੁਰਜਿਸਤਾਨੀ (ਈਰਾਨ ਦਾ ਇਕ ਇਲਾਕਾ) ਸਿਪਾਹੀ ਮਾਰ ਦਿੱਤੇ। ਅੰਤ ਜਦੋਂ ਉਹ ਯੁੱਧ ਵਿਚ ਤਰਥੱਲੀ ਮਚਾ ਕੇ ਪਹਾੜ ਨੂੰ ਜਾ ਚੜ੍ਹੇ ਤਾਂ ਨਾਦਰੀ ਫੌਜ ਦੀ ਖਲਾਸੀ ਹੋਈ।

38. ਕਰਨਾਲ ਦੀ ਲੜਾਈ

ਦੋਹੀਂ ਦਲੀਂ ਮੁਕਾਬਲਾ, ਰਣ ਸੂਰੇ ਗੜ੍ਹਕਣ।
ਚੜ੍ਹ ਤੋਫ਼ਾਂ ਗਡੀਂ ਢੁੱਕੀਆਂ, ਲੱਖ ਸੰਗਲ ਖੜਕਣ।

ਦੋਹਾਂ ਫੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਯੁੱਧ ਭੂਮੀ ਵਿਚ ਸੂਰਮੇ ਗੱਜ ਰਹੇ ਸਨ। ਤੋਪਾਂ ਗੱਡਿਆਂ ‘ਤੇ ਲੱਦ ਕੇ ਮੈਦਾਨ-ਏ-ਜੰਗ ਵਿਚ ਲਿਆਂਦੀਆਂ ਗਈਆਂ। (ਇਹ ਸੰਗਲਾਂ ਨਾਲ ਬੱਝੀਆਂ ਹੋਈਆਂ ਸਨ) ਅਤੇ ਲੱਖਾਂ ਸੰਗਲ ਖੜਕ ਰਹੇ ਸਨ।

ਉਹ ਦਾਰੂ ਖਾਂਦੀਆਂ ਕੋਹਲੀ, ਮਣ ਗੋਲੇ ਰੜਕਣ।
ਉਹ ਦਾਗ਼ ਪਲੀਤੇ ਛੱਡੀਆਂ, ਵਾਂਗ ਬੱਦਲ ਕੜਕਣ।
ਜਿਉਂ ਦਰ ਖੁਲ੍ਹੇ ਦੋਜ਼ਖਾਂ, ਮੂੰਹ ਭਾਹੀਂ ਭੜਕਣ।
ਜਿਉਂ ਝਾਂਬੇ ਮਾਰੇ ਪੰਖਣੂ, ਵਿਚ ਬਾਗਾਂ ਦੇ ਫੜਕਣ।
ਝੜੇ ਤਰਾਟੇ ਹੰਭਲਾਂ ਵਾਂਗ ਮਛਲੀਆਂ ਦੇ ਤੜਫਣ।
ਜਿਉਂ ਝੱਲੀਂ ਅੱਗਾਂ ਲੱਗੀਆਂ, ਰਣ ਸੂਰੇ ਤੜਕਣ।
ਉਹ ਹਸ਼ਰ ਦਿਹਾੜਾ ਵੇਖ ਕੇ, ਦਲ ਦੋਵੇਂ ਧੜਕਣ।

ਉਹ ਕੋਹਲੂ ਜਿੰਨਾ ਬਾਰੂਦ ਖਾਂਦੀਆਂ ਸਨ। ਇਨ੍ਹਾਂ ਦੇ ਢਿੱਡਾਂ ਵਿਚ ਮਣ ਮਣ ਦੇ ਗੋਲੇ ਰੜਕਦੇ ਸਨ। ਜਦੋਂ ਪਲੀਤਿਆਂ ਨੂੰ ਅੱਗ ਲਾ (ਦਾਗ) ਕੇ ਇਨ੍ਹਾਂ ਨੂੰ ਚਲਾਇਆ ਗਿਆ ਤਾਂ ਇਹ ਬੱਦਲਾਂ ਵਾਂਗ ਕੜਕੀਆਂ ਸਨ। ਇਨ੍ਹਾਂ ਦੇ ਮੂੰਹਾਂ ਵਿਚੋਂ ਬਲਦੀ ਹੋਈ ਅਥਾਹ ਅੱਗ ਨਿਕਲੀ ਦੇਖ ਕੇ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਨਰਕਾਂ ਦਾ ਦਰਵਾਜ਼ਾ ਖੁਲ੍ਹ ਗਿਆ ਹੋਵੇ। ਇਸ ਅੱਗ ਨਾਲ ਆਦਮੀ ਇੰਝ ਮਰ ਰਹੇ ਸਨ ਜਿਵੇਂ ਬਾਗ਼ਾਂ ਵਿਚ ਮੀਂਹ ਦੇ ਝਾਂਬੇ ਨਾਲ ਫੁੰਡੇ ਹੋਏ ਪੰਛੀ ਮਰਦੇ ਹਨ।

ਟੁੱਟੇ-ਭੱਜੇ ਅੰਗਾਂ ਵਾਲੇ ਸੂਰਮੇ ਮੱਛੀਆਂ ਵਾਂਗ ਤੜਫ਼ ਰਹੇ ਸਨ। ਤੋਪਾਂ ਦੀ ਅੱਗ ਨਾਲ ਸੂਰਮਿਆਂ ਦੇ ਸਰੀਰ ਇੰਝ ਤਿੜ ਤਿੜ ਕਰਕੇ ਸੜ ਰਹੇ ਸਨ ਜਿਵੇਂ (ਦਰਿਆ ਦੇ ਕੰਢੇ ਦੇ) ਜੰਗਲ ਨੂੰ ਅੱਗ ਲੱਗਣ ‘ਤੇ ਕਾਨ੍ਹੇ ਤਿੜਕਦੇ ਹਨ। ਪਰਲੋ ਦੀ ਇਹ ਝਾਕੀ ਦੇਖ ਕੇ ਦੋਵੇਂ ਫੌਜਾਂ ਕੰਬ ਰਹੀਆਂ ਸਨ।

ਧਰੱਗਾਂ ਦਿਆਂ ਧਰੇਵਾਣਾਂ, ਮਾਰੂ ਵਜਿਆ।
ਘੂਕਰ ਘੱਤੀ ਬਾਣਾਂ ਰਣ ਵਿਚ ਆਣ ਕੇ।
ਹਥਿਆਰ ਵਡਾ ਜਰਵਾਣਾ, ਬੇਹੱਦ ਮਖੌਲੀਆ।
ਉਹ ਅਹਰਿਣ ਵਾਂਗ ਵਦਾਣਾਂ, ਸਿਰ ਤੇ ਕੜਕਿਆ।
ਜਿਵੇਂ ਢਾਹੇ ਬਾਗ਼ ਤਰਖਾਣਾਂ, ਤੱਛਨ ਗੇਲੀਆਂ।
ਉਡ ਜਾਂਦੇ ਨੈਣ ਪਰਾਣਾਂ, ਮੁਣਸਾਂ ਤੇ ਘੋੜਿਆਂ।

ਨਗਾਰਚੀਆਂ ਨੇ ਜਦੋਂ ਨਗਾਰਿਆਂ ‘ਤੇ ਚੋਟਾਂ ਮਾਰੀਆਂ ਤਾਂ ਭਿਅੰਕਰ ਜੰਗੀ ਸੰਗੀਤ ਦੀ ਗੂੰਜਾਰ ਫੈਲ ਗਈ। ਰਣ ਵਿਚ ਯੋਧਿਆਂ ਦੇ ਬਾਣਾਂ ਦੀ ਘੂਕਰ ਸੁਣਾਈ ਦੇਣ ਲੱਗੀ। ਇਕ ਵੱਡਾ ਜੰਗੀ ਹਥਿਆਰ, ਜਿਸ ਨੂੰ ਦੇਖ ਕੇ ਹਾਸਾ ਵੀ ਆਉਂਦਾ ਸੀ, ਯੁੱਧ ਭੂਮੀ ਵਿਚ ਚਲਾਇਆ ਗਿਆ। ਇਹ ਹਥਿਆਰ ਵਿਰੋਧੀ ਦਲ ਦੇ ਸਿਰਾਂ ‘ਤੇ ਇੰਝ ਵੱਜਦਾ ਸੀ ਜਿਵੇਂ ਅਹਿਰਣ ਦੇ ਉੱਤੇ ਵਧਾਣ ਵੱਜਦਾ ਹੈ। (ਸੂਰਮੇ ਆਪਣੇ ਦੁਸ਼ਮਣ ਸੈਨਿਕਾਂ ਦੇ ਸਰੀਰਾਂ ਨੂੰ ਇੰਝ ਟੋਟੇ ਕਰ ਕਰਕੇ ਸੁੱਟ ਰਹੇ ਸਨ) ਜਿਵੇਂ ਤਰਖਣ ਬਾਗ ਕੱਟਣ ਤੋਂ ਬਾਅਦ ਗੇਲੀਆਂ ਨੂੰ ਵੱਢ ਵੱਢ ਕੇ ਸੁੱਟੀ ਜਾਂਦੇ ਹਨ। ਮਨੁੱਖ ਤੇ ਘੋੜੇ ਇਸ ਹਥਿਆਰ ਅੱਗੇ ਨੈਣਾਂ ਪ੍ਰਾਣਾਂ ਸਮੇਤ ਉੱਡਦੇ ਜਾਂਦੇ ਸਨ।

ਹੋਇਆ ਹੁਕਮ ਜੰਬੂਰਚੀਆਂ, ਆ ਊਠ ਝੁਕਾਏ।
ਬਾਹੀ ਜਿਵੇਂ ਪਹਾੜ ਦੀ, ਕਰ ਕੋਟ ਬਹਾਏ।
ਉਨ੍ਹਾਂ ਧੌਣਾਂ ਕਰਕੇ ਲੰਮੀਆਂ, ਬੱਦਲ ਗਿਰੜਾਏ।
ਦਾਗ ਪਲੀਤੇ ਛੱਡੀਆਂ, ਡੌਂ ਝੱਲੀਂ ਲਾਏ।
ਪੈ ਰਹੇ ਹਜ਼ਾਰ ਮੈਦਾਨ ਵਿਚ, ਦੋਪਾਏ ਚੌਪਾਏ।
ਹਾਥੀ ਢਹਿੰਦੇ ਦਲਾਂ ਵਿਚ, ਹੋ ਸਿਰ ਤਲਵਾਏ।
ਜਿਵੇਂ ਢਹਿਣ ਮਣਾਂ ਦਰਿਆ ਦੀਆਂ, ਸਾਵਣ ਹੜ੍ਹ ਆਏ।

ਜਦੋਂ (ਊਠਾਂ ਉੱਤੇ ਲੱਦੇ ਹੋਏ ਤੋਪਖਾਨੇ ਨੂੰ) ਹੁਕਮ ਮਿਲਿਆ ਤਾਂ ਤੋਪਚੀਆਂ ਨੇ ਊਠਾਂ ਨੂੰ ਬਿਠਾਉਣ ਲਈ ਝੁਕਾਇਆ, ਤਾਂ ਊਠਾਂ ਦੇ ਬੈਠ ਜਾਣ ਨਾਲ ਇੰਝ ਜਾਪਿਆ ਜਿਵੇਂ ਕਿਸੇ ਪਹਾੜ ਦੀ ਇਕ ਬਾਹੀ ਡਿੱਗ ਪਈ ਹੋਵੇ। ਊਠਾਂ ਨੇ ਧੌਣਾਂ ਲੰਮੀਆਂ ਕੀਤੀਆਂ ਤੇ ਬੱਦਲਾਂ ਵਾਂਗ ਅਰੜਾਏ। ਜਦੋਂ ਤੋਪਾਂ ਦੇ ਪਲੀਤਿਆਂ ਨੂੰ ਅੱਗ ਲਾ ਕੇ ਚਲਾਇਆ ਗਿਆ ਤਾਂ ਇੰਝ ਜਾਪਦਾ ਸੀ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਈ ਹੋਵੇ। ਹਜ਼ਾਰਾਂ ਆਦਮੀ ਤੇ ਪਸੂ ਮੈਦਾਨ ਵਿਚ ਮਰ ਕੇ ਡਿੱਗ ਪਏ। ਫੌਜਾਂ ਵਿਚ ਹਾਥੀ (ਗੋਲੇ ਵੱਜਣ ਨਾਲ) ਸਿਰ ਪਰਨੇ ਮੂਧੇ ਹੋ ਕੇ ਡਿੱਗ ਰਹੇ ਸਨ ਜਿਸ ਤਰ੍ਹਾਂ ਕਿ ਸਾਉਣ ਦੇ ਮਹੀਨੇ ਹੜ੍ਹ ਦੇ ਕਾਰਨ (ਝਾਹ ਲੱਗਣ ‘ਤੇ) ਦਰਿਆ ਦੀਆਂ ਮਣਾਂ ਡਿੱਗਦੀਆਂ ਹਨ।

ਜਵਾਨਾਂ ਤੁਫੰਗਾਂ ਪਗੜੀਆਂ ਕਰ ਸ਼ਿਸਤ ਸੰਭਾਲੇ.
ਉਨ੍ਹਾਂ ਲੱਪੀਂ ਦਾਰੂ ਠੇਲ੍ਹਿਆਂ, ਅੱਗ ਲਾ ਪਿਆਲੇ।
ਸੜਕ ਘੱਤੀ ਸੀ ਗੋਲੀਆਂ, ਲਹੂ ਪਰਨਾਲੇ।
ਜਿਉਂ ਭਠ ਭੜਕਣ ਧਾਣਿਆਂ, ਪੈ ਜੇਠ ਪੁਰਾਲੇ।
ਜਿਵੇਂ ਭਉਰ ਗੁਲਾਂ ਪਰ ਗੂੰਜਦੇ, ਹੋ ਮੋਹਰੇ ਫਾਲੇ।
ਵੱਸੇ ਗੜਾ ਤੂਫਾਨ ਦਾ, ਹੋਣ ਬੱਦਲ ਕਾਲੇ।
ਜਿਉਂ ਕੈਫੀ ਝੜਨ ਹੁੰਗਲਾ ਕੇ, ਹੋ ਖੀਵੇ ਮਤਵਾਲੇ।
ਜਿਵੇਂ ਰੁਪਿਆ ਤਾ ਕੇ, ਵਿੱਚ ਪਾਣੀ ਦੇ ਡਾਲੇ।

ਜਵਾਨਾਂ ਨੇ ਬੰਦੂਕਾਂ ਫੜ ਲਈਆਂ ਤੇ ਨਿਸ਼ਾਨੇ ਬੰਨ੍ਹ ਲਏ। ਉਨ੍ਹਾਂ ਨੇ ਬੰਦੂਕਾਂ ਦੇ ਪਿਆਲਿਆਂ ਵਿਚ ਲੱਪਾਂ ਨਾਲ ਬਾਰੂਦ ਪਾਇਆ ਤੇ ਪਲੀਤਿਆਂ ਨੂੰ ਅੱਗ ਲਾਈ।

ਗੋਲੀਆਂ ਠਾਹ ਠਾਹ ਚਲ ਰਹੀਆਂ ਸਨ ਤੇ ਜਵਾਨਾਂ ਦਾ ਲਹੂ ਪਰਨਾਲਿਆਂ ਵਾਂਗ ਵਗ ਰਿਹਾ ਸੀ। ਜਿਉਂ ਭੱਠੀ ਵਿਚ ਧਾਨ ਭੁੱਜਦੇ ਹਨ, ਜਾਂ ਜਿਸ ਤਰ੍ਹਾਂ ਜੇਠ ਦੇ ਮਹੀਨੇ ਵਿਚ ਪਰਾਲੀ ਸੜਦੀ ਹੈ ਇੰਝ ਜਵਾਨ ਭੁੱਜ ਰਹੇ ਸਨ ਤੇ ਭੌਰਿਆਂ ਦੇ ਫੁੱਲਾਂ ਉੱਤੇ ਅੱਗੇ ਵਧਵਧ ਕੇ ਡਿੱਗਣ ਵਾਂਗ ਜਵਾਨ ਮੌਤ ਕਬੂਲ ਕਰ ਰਹੇ ਸਨ। ਗੋਲੀਆਂ ਗੜਿਆਂ ਦੇ ਮੀਂਹ ਵਾਂਗ ਵਰ੍ਹ ਰਹੀਆਂ ਸਨ ਤੇ ਧੂਏਂ ਨਾ ਅਸਮਾਨ ‘ਤੇ ਕਾਲੇ ਬੱਦਲ ਛਾ ਰਹੇ ਸਨ। ਜਵਾਨ ਗੋਲੀਆਂ ਖਾ ਕੇ ਇੰਝ ਡਿੱਗ ਰਹੇ ਸਨ ਜਿਵੇਂ ਸ਼ਰਾਬ ਨਸ਼ਿਆਏ ਹੋਏ ਹੁੰਘਲਾ ਕੇ ਡਿੱਗ ਪੈਂਦੇ ਹਨ। ਤਪੇ ਹੋਏ ਰੁਪਈਏ ਨੂੰ ਪਾਣੀ ਵਿਚ ਪਾਉਣ ਨਾਲ ਜਿਹੋ ਜਿਹਾ ਖੜਕਾ ਹੁੰਦਾ ਹੈ ਇਹੋ ਜਿਹੀ ਆਵਾਜ਼ ਗੋਲੀਆਂ ਦੇ ਚੱਲਣ ਦੀ ਆ ਰਹੀ ਸੀ।

ਧੰਨਵਾਂ ਪਗੜ ਬਹਾਦਰਾਂ, ਹੱਥ ਖੱਬੇ ਫੜੀਆਂ।
ਉਨ੍ਹਾਂ ਸੱਜੇ ਚਿਲਾ ਖਿੱਚਿਆ, ਖਿੱਚ ਕੰਨੀਂ ਖੜੀਆਂ।
ਜੋਗ ਜਿਵੇਂ ਸੰਨਿਆਸੀਆਂ, ਚਕ ਬਾਹੀਂ ਖੜੀਆਂ।
ਗੁਣ ਬੋਲਣ ਮਾਰੂ ਲੱਖ ਰਾਗ, ਬੰਦ ਰੋਗਨ ਜੜੀਆਂ।
ਉਹ ਨਿਵੀਆਂ ਸਫ਼ਾਂ ਰਕ ਨੂੰ, ਤਸਬੀਹਾਂ ਪੜ੍ਹੀਆਂ।
ਪਰ ਘਤ ਉਡਣ ਕਾਨੀਆਂ, ਦੁਕਾਨੀਂ ਘੜੀਆਂ।
ਜਿਉਂ ਤੀਰ ਸੜੱਕੇ ਭਾਦਰੋਂ, ਬੰਨ੍ਹ ਢੁਕੇ ਝੜੀਆਂ।
ਉਹ ਮਾਰਨ ਸੂਰੇ ਸੂਰਿਆਂ, ਵਿਚ ਜ਼ਿਰ੍ਹਾ ਨ ਅੜੀਆਂ।
ਜਿਉਂ ਮੇਖਾਂ ਬੇੜੀ ਠੁੱਕੀਆਂ, ਧਸ ਗੁੱਝਾਂ ਵੜੀਆਂ।
ਜਿਉਂ ਪਹਾੜਾਂ ਦੇ ਦਾ ਤੇ, ਸੈ ਪਈਆਂ ਪੜੀਆਂ।
ਪਰ ਸੂਰੇ ਝੱਠੇ ਨੇ ਬੀਰ ਖੇਤ, ਮੱਲ ਸੁੱਤੇ ਨੇ ਰੜੀਆਂ।

ਬਹਾਦਰਾਂ ਨੇ ਕਮਾਨਾਂ ਖੱਬੇ ਹੱਥ ਵਿਚ ਫੜ ਲਈਆਂ। ਉਹ ਸੱਜੇ ਹੱਥ ਨਾਲ ਤੰਦੀ ਖਿੱਚ ਕੇ ਕੰਨ ਤੱਕ ਲੈ ਜਾਂਦੇ ਸਨ ਤੇ ਫੇਰ ਤੀਰ ਛੱਡਦੇ ਸਨ। ਉਨ੍ਹਾਂ ਦੀਆਂ ਬਾਹਾਂ ਉੱਪਰ ਚੁੱਕੀਆਂ ਰਹਿੰਦੀਆਂ ਸਨ ਜਿਵੇਂ ਸੰਨਿਆਸੀ ਜੋਗ ਦੀ ਤਪੱਸਿਆ ਕਰ ਰਹੇ ਹੋਣ। ਕਮਾਨਾਂ ਦੀਆਂ ਕਮਾਨੀਆਂ ਇੰਜ ਧੁਣਖਦੀਆਂ ਸਨ ਜਿਵੇਂ ਲੱਖਾਂ ਮਾਰੂ ਰਾਗ ਵੱਜ ਰਹੇ ਹੋਣ : ਜਾਂ ਜਿਵੇਂ ਕਿਸੇ ਬੀਮਾਰ ਰੋਗਣ ਨੂੰ ਕਮਰੇ ਅੰਦਰ ਬੰਦ ਕਰ ਕੇ ਜਾਦੂ ਖਿਡਾਏ ਜਾਂਦੇ ਹਨ। ਉਹ ਇੰਝ ਝੁਕ ਜਾਂਦੇ ਸਨ ਜਿਵੇਂ ਨਮਾਜ਼ੀਆਂ ਦੀਆਂ ਪੰਗਤਾਂ ਨਮਾਜ਼ ਸਮੇਂ ਗੋਡੇ ਨਿਵਾ ਕੇ ਰੱਬ ਦਾ ਨਾਂ ਧਿਆਉਂਦੀਆਂ ਹਨ। ਲੁਹਾਰਾਂ ਦੀਆਂ ਦੁਕਾਨਾਂ ‘ਤੇ ਘੜੇ ਹੋਏ ਤੀਰ (ਪੰਛੀਆਂ ਵਾਂਗ) ਪਰ ਲਾ ਕੇ ਉੱਡਦੇ ਜਾ ਰਹੇ ਸਨ। ਜਿਵੇਂ ਭਾਦਰੋਂ ਦੇ ਮਹੀਨੇ ਝੜੀ ਵਰ੍ਹਦੀ ਹੈ ਇੰਝ ਤੀਰਾਂ ਦਾ ਛੜਾਕਾ ਵਰ੍ਹ ਰਿਹਾ ਸੀ। ਸੂਰਮੇ ਆਪਣੇ ਦੁਸ਼ਮਣ ਦੇ ਜਵਾਨਾਂ ‘ਤੇ ਏਨੇ ਜ਼ੋਰ ਨਾਲ ਤੀਰ ਚਲਾ ਰਹੇ ਸਨ ਕਿ ਤੀਰਾਂ ਦੀਆਂ ਨੋਕਾਂ ਦੁਸ਼ਮਣ ਦੇ ਜ਼ਰਾ ਬਕਤਰ ਵਿਚੋਂ ਲੰਘ ਕੇ ਸਰੀਰ ਵਿਚ ਜਾ ਖੁਭਦੀਆਂ ਸਨ। ਜਿਵੇਂ ਕਿੱਲ ਬੇੜੀ ਵਿਚ ਠੁਕ ਜਾਂਦੇ ਹਨ, ਇਵੇਂ ਤੀਰ ਸਾਹਮਣੇ ਪਾਸੇ ਦੇ ਜਵਾਨਾਂ ਦੇ ਸਰੀਰਾਂ ਵਿਚ ਧੱਸ ਜਾਂਦੇ ਸਨ ਤੇ ਇੰਝ ਜਾਪਦੇ ਸਨ ਜਿਵੇਂ ਪਹਾੜਾਂ ਦੀ ਢਲਵਾਨ ‘ਤੇ ਅਨੇਕਾਂ ‘ਪਈਆਂ’ ਬਾਂਸ ਉੱਗੇ ਹੁੰਦੇ ਹਨ। ਯੁੱਧ ਭੂਮੀ ਵਿਚ ਡਿੱਗੇ ਹੋਏ ਸੂਰਮੇ ਵੱਡੇ ਮੈਦਾਨ ‘ਤੇ ਸੁੱਤੇ ਹੋਏ ਪਹਿਲਵਾਨਾਂ ਵਾਂਗ ਜਾਪਦੇ ਸਨ।

ਨੇਜ਼ੇ ਆਏ ਨੇ ਢੁਕ ਕੇ, ਜਿਵੇਂ ਪਾਣੀ ਹੜ੍ਹ ਦੇ।
ਸਿਰ ਨਿਵਾਏ ਬਰਛਿਆਂ, ਤਸਬੀਹਾਂ ਪੜ੍ਹਦੇ।
ਬਰਛੇ ਲੈਣ ਭਵਾਲੀਆਂ, ਜਿਉਂ ਨਟ ਸੂਲੀ ਚੜ੍ਹਦੇ।
ਲੈ ਜਾਂਦੇ ਬਰਛੇ ਆਸਨੋਂ, ਸੈ ਪਰਨੇ ਪੜਦੇ।
ਜਿਵੇਂ ਕਬੂਤਰ ਫੜਕ ਕੇ, ਹੋ ਲੋਥਾਂ ਝੜਦੇ।
ਜਿਉਂ ਕਾਂ ਬਸੇਰਾ ਬਾਗ਼ ਵਿਚ, ਘੱਤ ਘੇਰਾ ਵੜਦੇ।

ਅੱਗੇ ਨੂੰ ਝੁਕੇ ਹੋਏ ਨੇਜ਼ੇ ਹੜ੍ਹ ਦੇ ਪਾਣੀ ਵਾਂਗ ਵਧੇ ਆ ਰਹੇ ਸਨ। ਬਰਛਿਆਂ ਦੇ ਸਿਰ ਅੱਗੇ ਨੂੰ ਇੰਝ ਝੁਕੇ ਹੋਏ ਸਨ ਜਿਵੇਂ ਨਿਮਾਜ਼ੀ ਗੋਡੇ ਝੁਕਾ ਕੇ ਨਮਾਜ਼ ਅਦਾ ਕਰਦੇ ਹਨ। ਬਰਛੇ ਇੰਜ ਭਵਾਟਣੀਆਂ ਲੈ ਰਹੇ ਸਨ ਜਿਵੇਂ ਨਟ ਜ਼ਮੀਨ ‘ਚ ਗੱਡੇ ਹੋਏ ਬਾਂਸ ਦੇ ਉਪਰਲੇ ਸਿਰੇ ‘ਤੇ ਚੜ੍ਹ ਕੇ ਨੱਚਦੇ ਟੱਪਦੇ ਹਨ। ਬਰਛੇ ਦੁਸ਼ਮਣਾਂ ਨੂੰ ਘੋੜੇ ਦੀ ਪਿੱਠ ਤੋਂ ਅੜੁੰਬ ਕੇ ਧਰਤੀ ‘ਤੇ ਸਿਰ ਪਰਨੇ ਸੁੱਟ ਦੇਂਦੇ ਸਨ। ਜਿਵੇਂ ਕਬੂਤਰ ਖੰਭ ਫੜਫੜਾ ਕੇ ਲੋਥ ਵਾਂਗ ਥੱਲੇ ਡਿੱਗ ਪੈਂਦੇ ਹਨ, ਜਿਵੇਂ ਕਾਂ ਆਪਣੇ ਆਲ੍ਹਣਿਆਂ ਵਿਚ ਜਾਣ ਲੱਗਿਆਂ ਟੋਲੀਆਂ ਬਣਾ ਕੇ ਬਾਗ਼ ਵਿਚ ਵੜਦੇ ਹਨ (ਇੰਜ ਸੂਰਮੇ ਧੜਾਧੜ ਮਰ ਰਹੇ ਸਨ)।

ਧਰੱਗਾਂ ਦਿਆਂ ਧਰੈਵਾਣਾਂ, ਮਾਰੂ ਵੱਜਿਆ।
ਜੁੜੀਆਂ ਆਣ ਕੰਧਾਰਾਂ, ਗਜਣ ਸੂਰਮੇ।
ਜੇਠ ਕੱਲਰ ਲਸ਼ਕਾਰਾਂ, ਭੜਕਣ ਭੱਠ ਜਿਉਂ।
ਸੈਜ਼ਾਤੀਂ ਤਲਵਾਰਾਂ, ਲਿਸ਼ਕਨ ਬਦਲੀਆਂ।
ਖਾਨ ਦੌਰਾਂ ਕਰੇ ਵੰਗਾਰਾਂ, ਸਦ ਸਿਪਾਹੀਆਂ।
ਮੁਜ਼ਫਰ ਛੋੜ ਅਸਵਾਰਾਂ, ਰਲਿਆ ਬੀਰ ਖੇਤ।
ਜਿਵੇਂ ਬਾਜ ਪਿਆ ਵਿਚ ਡਾਰਾਂ, ਰਣ ਸ਼ਾਦਾਦ ਖਾਂ।
ਤਲਵਾਰੀਂ ਦੀਆਂ ਝਬਕਾਰਾਂ, ਵੱਸੇ ਮੀਂਹ ਜਿਉਂ।
ਦੋ ਧੜ ਕਰਨ ਭੰਡਾਰਾਂ ਵਹਿਣ ਸਰਵਾਹੀਆਂ।
ਜਿਵੇਂ ਟਿੰਡਾਂ ਲਾਹ ਕੁੰਭਾਰਾ, ਧਰੀਆਂ ਚੱਕ ਤੋਂ।
ਤਿਵੇਂ ਸਿਰੀਆਂ ਬੇਸ਼ੁਮਾਰਾਂ, ਗੱਟੇ ਰੁਲਦੀਆਂ।
ਜਿਉਂ ਤਰਬੂਜ਼ ਬਾਜ਼ਾਰਾਂ, ਦਿੱਸਣ ਢੇਰੀਆਂ।

ਨਗਾਰਿਆਂ ਦੇ ਨਗਾਰਚੀਆਂ ਨੇ ਨਗਾਰੇ ਖੜਕਾਏ ਜਿਨ੍ਹਾਂ ਨਾਲ ਜੰਗੀ ਸੰਗੀਤ ਗੂੰਜ ਉਠਿਆ। ਫੌਜਾਂ ਇਕੱਠੀਆਂ ਹੋ ਗਈਆਂ, ਸੂਰਮੇ ਗੱਜਣ ਲੱਗ ਪਏ। ਇਨ੍ਹਾਂ ਦੀਆਂ ਤਲਵਾਰਾਂ ਦੀ ਚਮਕ ਭੱਠੀਆਂ ਦੇ ਤਪਣ ਵਾਂਗ ਸੀ ਜਾਂ ਇਨ੍ਹਾਂ ਦੀ ਲਸ਼ਕ ਜੇਠ ਮਹੀਨੇ ਵਿਚ ਕੱਲਰ ਦੇ ਲਿਸ਼ਕਣ ਵਾਂਗ ਸੀ। ਸੂਰਮਿਆਂ ਦੀਆਂ ਤਲਵਾਰਾਂ ਇੰਜ ਲਿਸ਼ਕ ਰਹੀਆਂ ਸਨ ਜਿਵੇਂ ਬੱਦਲਾਂ ਵਿਚ ਬਿਜਲੀਆਂ ਲਿਸ਼ਕਦੀਆਂ ਹਨ। ਖਾਨ ਦੌਰਾਂ ਨੇ ਜਦੋਂ ਆਪਣੇ ਸਿਪਾਹੀਆਂ ਨੂੰ ਬੁਲਾ ਕੇ ਵੰਗਾਰਿਆ ਤਾਂ (ਉਹਦਾ ਵੱਡਾ ਭਰਾ) ਮੁਜ਼ੱਫ਼ਰ ਆਪਣੇ ਅਸਵਾਰਾਂ ਤੋਂ ਅੱਗੇ ਲੰਘ ਕੇ ਯੁੱਧ-ਖੇਤਰ ਵਿਚ ਜਾ ਪਹੁੰਚਿਆ। ਸ਼ੱਦਾਦ ਖਾਂ ਦੁਸ਼ਮਣ ਦੀਆਂ ਸਫ਼ਾਂ ਉੱਤੇ ਇੰਜ ਝਪਟ ਕੇ ਪਿਆ ਜਿਵੇਂ ਬਾਜ਼ ਨਿਮਾਣੇ ਪੰਛੀਆਂ ਦੀਆਂ ਡਾਰਾਂ ਉੱਤੇ ਹਮਲਾ ਕਰਦਾ ਹੈ। ਤਲਵਾਰਾਂ ਦੀਆਂ ਲਿਸ਼ਕਾਂ ਮੀਂਹ ਦੇ ਵਰ੍ਹਨ ਵਾਂਗ ਪੈ ਰਹੀਆਂ ਸਨ। ਚਲਦੀਆਂ ਹੋਈਆਂ ਤਲਵਾਰਾਂ ਦੁਸ਼ਮਣ ਦੀਆਂ ਖੋਪੜੀਆਂ ਨੂੰ ਦੋ ਫਾੜ ਕਰ ਕੇ ਰੱਖੀ ਜਾਂਦੀਆਂ ਸਨ। ਅਣਗਿਣਤ ਵੱਢੇ ਹੋਏ ਸਿਰ ਘੱਟੇ ਵਿਚ ਇੰਜ ਰੁਲਦੇ ਪਏ ਸਨ ਜਿਵੇਂ ਘੁਮਿਆਰ ਨੇ ਚੱਕ ਤੋਂ ਟਿੰਡਾਂ ਲਾਹ ਲਾਹ ਕੇ ਰੱਖੀਆਂ ਹੁੰਦੀਆਂ ਹਨ ਜਾਂ, ਜਿਵੇਂ ਬਾਜ਼ਾਰ ਵਿਚ ਹਦਵਾਣਿਆਂ ਦੀਆਂ ਢੇਰੀਆਂ ਲੱਗੀਆਂ ਹੁੰਦੀਆਂ ਹਨ।

ਉਨ੍ਹਾਂ ਕੀਤੀ ਵਾਢ ਹਥਿਆਰਾਂ, ਸਾਢੇ ਸਤ ਕੋਹ।
ਜਿਉਂ ਖਾਧੀ ਭਾਂਜ ਕਫਾਰਾਂ, ਅੱਗੋਂ ਅਲੀ ਦੇ।
ਜਿਉਂ ਟੁਟੀ ਕਾਂਗ ਸੰਸਾਰਾਂ, ਪਏ ਬਰੇਤਿਆਂ।
ਕਲ ਦੇ ਨਾਰਦ ਗ਼ਾਰਾਂ, ਛਪੇ ਮੌਤ ਥੀਂ।
ਪਰ ਇਜ਼ਰਾਈਲ ਨ ਸਾਰਾਂ, ਮੂਲੇ ਲਧੀਆਂ।
ਕਾਤਲ ਕੁਲੀ ਸੰਭਾਲੀ, ਬਰਛੀ ਸਾਰ ਦੀ।
ਉਹ ਘੜੀ ਦੁਕਾਨ ਵਲਾਇਤ, ਡੇਢ ਹਜ਼ਾਰ ਦੀ।
ਜਿਉਂ ਸਿਆਹ ਨਾਗਨ ਕਾਲੀ, ਡੰਗ ਸਵਾਰਦੀ।
ਕਰ ਜ਼ੋਰ ਰਕਾਬਾਂ ਦੇ ਮਾਰੀ, ਲੱਗੀ ਨ ਕਾਰ ਦੀ।
ਸਟ ਬਧ ਬਰਛੀ ਤਰ ਗਈ, ਫ਼ਲ ਲਸ਼ਕਾਰਦੀ।

ਤਲਵਾਰਧਾਰੀ ਸਿਪਾਹੀਆਂ ਨੇ ਹਥਿਆਰਾਂ ਨਾਲ ਸਾਢੇ ਸੱਤ ਕੋਹਾਂ ਦੇ ਘੇਰੇ ਵਿਚ ਬੰਦੇ ਵੱਢ ਵੱਢ ਕੇ ਢੇਰ ਲਾ ਦਿੱਤੇ। ਨਾਦਰ ਸ਼ਾਹ ਦੇ ਮੋਏ ਪਏ ਸਿਪਾਹੀ ਇੰਜ ਲਗਦੇ ਸਨ ਜਿਵੇਂ ਹਜ਼ਰਤ ਅਲੀ ਤੋਂ ਹਾਰ ਖਾ ਕੇ ਕਾਫਰ ਮੋਏ ਪਏ ਸਨ : ਜਾਂ ਜਿਵੇਂ ਹੜ੍ਹ ਨਾਲ ਦਰਿਆ ਦਾ ਕੰਢਾ ਢੱਠਣ ਦੇ ਕਾਰਨ ਰੁੜ੍ਹ ਕੇ ਆਏ ਹੋਏ ਸੰਸਾਰ ਬਰੇਤੇ ਉੱਤੇ ਪਏ ਹੁੰਦੇ ਹਨ। ਮੌਤ ਦੇ ਇਸ ਭਿਆਨਕ ਦਿਡਸ਼ ਵੱਲ ਦੇਖ ਕੇ ਕਲ ਅਤੇ ਨਾਰਦ ਵੀ ਡਰਦੇ ਮਾਰੇ ਪਹਾੜ ਦੀਆਂ ਖੁੰਦਰਾਂ ਵਿਚ ਜਾ ਲੁਕੇ।

ਇਜ਼ਰਾਈਲ ਫਰਿਸ਼ਤੇ ਨੂੰ ਮੋਏ ਹੋਏ ਬੰਦਿਆਂ ਦੇ ਹਿਸਾਬ ਕਿਤਾਬ ਦੀ ਗਿਣਤੀ ਭੁੱਲ ਗਈ। ਈਰਾਨੀ ਫੌਜ ਦੀ ਤਬਾਹੀ ਦੇਖ ਕੇ ਨਾਦਰ ਸ਼ਾਹ ਦੇ ਇਕ ਜਰਨੈਲ ਕਾਤਲ ਕੁਲੀ ਨੇ ਲੋਹੇ ਦੀ ਬਰਛੀ ਫੜੀ। ਇਹ ਬਰਛੀ ਕਿਸੇ ਵਲਾਇਤੀ ਦੁਕਾਨ ਦੀ ਬਣੀ ਹੋਈ ਸੀ ਤੇ ਇਸ ਦਾ ਮੁੱਲ ਡੇਢ ਹਜ਼ਾਰ ਰੁਪਈਆ ਸੀ। ਜਿਸ ਤਰ੍ਹਾਂ ਕਾਲੀ ਸੱਪਣੀ ਡੰਗ ਸੰਵਾਰਦੀ ਹੈ ਇਸ ਤਰ੍ਹਾਂ ਹੀ ਕਾਤਲ ਕੁਲੀ ਨੇ ਇਹ ਬਰਛੀ ਪੂਰੇ ਜ਼ੋਰ ਨਾਲ ਆਪਣੇ ਦੁਸ਼ਮਣ (ਮੁਜ਼ੱਫਰ) ਦੇ ਘੋੜੇ ਦੀਆਂ ਰਕਾਬਾਂ ‘ਤੇ ਮਾਰੀ, ਪਰ ਨਿਸ਼ਾਨੇ ‘ਤੇ ਨਾ ਲੱਗੀ। ਬਰਛੀ ਬੰਨ੍ਹੇ ਹੋਏ ਨਿਸ਼ਾਨੇ ਦੇ ਉੱਪਰੋਂ ਦੀ ਆਪਣੇ ਫਾਲੇ ਦੀ ਲਿਸ਼ਕ ਦਿਖਾਉਂਦੀ ਹੋਈ ਤਿਲਕ ਕੇ ਨਿਕਲ ਗਈ।

ਜਿਵੇਂ ਤਾਰਾ ਟੁੱਟਾ ਅੰਬਰੋਂ, ਰਾਤ ਗੁਬਾਰ ਦੀ।
ਜਿਵੇਂ ਘੁਥੀ ਕੂਹੀ ਕੁਲੰਗ ਤੋਂ, ਮੀਰ ਸ਼ਕਾਰ ਦੀ।
ਮੁਜ਼ੱਫਰ ਘੋੜਾ ਛੇੜਿਆ, ਰਣ ਸ਼ੇਰ ਵਰਿੱਧਾ।
ਉਸ ਬਰਛਾ ਪਗੜ ਸੰਭਾਲਿਆ, ਤਪ ਗੁੱਸੇ ਗਿੱਧਾ।
ਉਸ ਮਾਰਿਆ ਕਾਤਲ ਕੁਲੀ ਨੂੰ, ਤਕ ਸੀਨੇ ਸਿੱਧਾ।
ਭੰਨ ਹਾਂ ਕਲੇਜਾ ਬੱਖੀਆਂ, ਲੈ ਲੁਕਮਾਂ ਥਿੱਧਾ।
ਮੁਰਗ ਜਿਵੇਂ ਕੁਬਾਬੀਆਂ, ਚਾ ਸੀਖੀਂ ਵਿੱਧਾ।
ਸਿਰ ਫੌਜ ਪੰਜਾਹ ਹਜ਼ਾਰ ਦਾ, ਮੁਜ਼ੱਫਰ ਗਿੱਧਾ।

ਇਸ ਦਾ ਫਾਲਾ ਲਿਸ਼ਕ ਰਿਹਾ ਇੰਝ ਜਾਪਦਾ ਸੀ ਜਿਵੇਂ ਘੱਟੇ ਨਾਲ ਕੱਜੇ ਹੋਏ ਅਸਮਾਨ ਵਿਚ ਰਾਤ ਦੇ ਸਮੇਂ ਟੁੱਟੇ ਹੋਏ ਤਾਰੇ ਦੀ ਲੀਕ ਨਜ਼ਰ ਆਉਂਦੀ ਹੈ। ਇਹ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਕਿਸੇ ਸ਼ਿਕਾਰੀ ਬਾਦਸ਼ਾਹ ਦਾ ਸ਼ਿਕਰਾ ਕਿਸੇ ਕੂੰਜ ਦੇ ਪਾਸੋਂ ਬਚ ਗਿਆ ਹੋਵੇ। ਮੁਜ਼ੱਫਰ ਨੇ ਜ਼ਖ਼ਮੀ ਹੋ ਕੇ ਗੁੱਸੇ ਵਿਚ ਆਏ ਹੋਏ ਸ਼ੇਰ ਵਾਂਗ ਘੋੜਾ ਵਧਾਇਆ। ਉਹਨੇ ਬਰਛਾ ਫੜ ਕੇ ਸੰਭਾਲਿਆ ਤੇ ਗੁੱਸੇ ਦੀ ਅੱਗ ਵਿਚ ਤਪਾਇਆ ਹੋਇਆ ਇਹ ਬਰਛਾ ਨਿਸ਼ਾਨਾ ਬੰਨ੍ਹ ਕੇ ਸਿੱਧਾ ਕਾਤਲ ਕੁਲੀ ਦੇ ਢਿੱਡ ਵਿਚ ਦੇ ਮਾਰਿਆ। ਇਹ ਬਰਛਾ ਉਹਦਾ ਕਾਲਜਾ ਤੇ ਵੱਖੀਆਂ ਭੰਨ ਕੇ ਲਹੂ-ਲਿਬੜੀ ਮਾਸ ਦੀ ਬੋਟੀ ਕੱਢ ਲਿਆਇਆ। ਇਹ ਇੰਝ ਜਾਪਦਾ ਸੀ ਜਿਵੇਂ ਕਬਾਬੀਆਂ ਨੇ ਕੁੱਕੜ ਨੂੰ ਸੀਖ ਨਾਲ ਵਿੰਨ੍ਹ ਕੇ ਅੱਗ ‘ਤੇ ਰੱਖਿਆ ਹੁੰਦਾ ਹੈ। ਮੁਜ਼ੱਫਰ ਨੇ ਨਾਦਰਸ਼ਾਹੀ ਫੌਜ ਦੇ ਪੰਜਾਹ ਹਜ਼ਾਰੀ ਸਰਦਾਰ ਕਾਤਲ ਕੁਲੀ ਦਾ ਸਿਰ ਵੱਢ ਲਿਆ।

ਸ਼ਾਹ ਤਵਾਚਾ ਆਇਆ, ਰਣ ਮੈਦਾਨ ਵਿਚ।
ਉਸ ਨੇਜ਼ਾ ਦਸਤ ਟਿਕਾਇਆ, ਕਿਸੇ ਕਮੈਤ ਦਾ।
ਮੇਲ ਧਾਤਾਂ ਅਹਿਰਣ ਪਾਇਆਂ, ਖਾਕੇ ਲਪੇਟਿਆ।
ਘੱਤ ਕੋਲੇ ਕਊ ਘੜਾਇਆ, ਲੰਬਾਂ ਛੁੱਟੀਆਂ।
ਉਹਨੂੰ ਚੱਕਰ ਸਾਣ ਚੜ੍ਹਾਇਆ, ਵਾਢਾਂ ਦਿੱਤੀਆਂ।
ਘੜ ਮੁੰਨਾ ਹੱਥ ਵਧਾਇਆ, ਸ਼ਕਲ ਕਟਾਰ ਦੀ।
ਉਹਨੂੰ ਛੜ ਦੇ ਨਾਲ ਜੜਾਇਆ, ਸੁੱਤਾ ਜਾਗਿਆ।
ਜਿਉਂ ਸਾਵਣ ਫਨੀਅਰ ਆਇਆ, ਡੰਗ ਉਲਾਰ ਕੇ।
ਤਰਗਸ਼ ਤੁੰਨੇ ਲਾਇਆ, ਮੋਹਢੇ ਛੋਹ ਗਿਆ।
ਪਰ ਮੁਜ਼ੱਫਰ ਰੱਬ ਬਚਾਇਆ, ਗੜੇ ਤੁਫਾਨ ਥੀਂ।

ਨਾਦਰੀ ਫੌਜ ਵੱਲੋਂ ਸ਼ਾਹ ਤਵਾਚਾ (ਮੁਜ਼ੱਫਰ ਨਾਲ ਲੜਨ ਲਈ) ਅੱਗੇ ਆਇਆ। ਉਹਨੇ ਹੱਥਾਂ ਵਿਚ ਨੇਜ਼ਾ ਫੜ ਲਿਆ ਜਿਹੜਾ ਵਧੀਆ ਫੌਲਾਦ ਦਾ ਬਣਿਆ ਹੋਇਆ ਸੀ। ਇਹ ਨੇਜ਼ਾ ਬਣਾਉਣ ਸਮੇਂ ਪਹਿਲਾਂ ਕਈ ਧਾਤਾਂ ਮਿਲਾ ਕੇ ਅਹਿਰਣ ‘ਤੇ ਕੁੱਟੀਆਂ ਗਈਆਂ ਸਨ ਤੇ ਫਿਰ ਮਿੱਟੀ ਨਾਲ ਲਬੇੜ ਕੇ ਕਾਊ ਦੇ ਕੋਲਿਆਂ ਦੀ ਅੱਗ ਦੀਆਂ ਲਾਟਾਂ ‘ਤੇ ਤਾਇਆ ਗਿਆ ਸੀ। ਫਿਰ ਇਹਨੂੰ (ਸਖਤ) ਖੁਰਦਰੇ ਪੱਥਰ ਦੇ ਚੱਕਰ ਨਾਲ ਰਗੜ ਕੇ ਇਹਦੇ ਉਭਰੇ ਹੋਏ ਪਾਸੇ ਛਿੱਲੇ ਗਏ ਸਨ ਅਤੇ ਇਕ ਹੱਥ ਲੰਮੇ ਇਸ ਮੁੰਨੇ ਜਿਹੇ ਨੂੰ ਕਟਾਰ ਦੀ ਸ਼ਕਲ ਬਣਾ ਦਿੱਤਾ ਸੀ। ਇਸ ਨੂੰ ਜਦੋਂ ਲੰਮੀ ਲਾਠੀ ਅੱਗੇ ਜੜਿਆ ਗਿਆ ਤਾਂ ਇਹ ਨੀਂਦ ਤੋਂ ਜਾਗ ਆਉਣ ਵਾਂਗ ਚਿਤੰਨ ਹੋ ਗਿਆ ਤੇ ਇੰਝ ਮਾਰ ਕਰਨ ਲੱਗਾ ਜਿਸ ਤਰ੍ਹਾਂ ਸਾਉਣ ਦੇ ਮਹੀਨੇ ਵਿਚ ਫਨੀਅਰ ਸੱਪ ਫੰਨ੍ਹ ਅੱਗੇ ਉਲਾਰ ਕੇ ਡਸਦੇ ਹਨ। ਸ਼ਾਹ ਤਵਾਚਾ ਨੇ ਇਹ ਬਰਛਾ ਮੁਜ਼ੱਫਰ ਦੇ ਤਰਗਸ਼ ਦੇ ਥੱਲੇ ਮਾਰਿਆ, ਪਰ ਇਹ ਮੁਜ਼ੱਫਰ ਦੇ ਮੋਢੇ ਨੂੰ ਛੁਹ ਕੇ ਹੀ ਅੱਗੇ ਲੰਘ ਗਿਆ੩ਰੱਬ ਨੇ ਮੁਜ਼ੱਫਰ ਨੂੰ ਏਸ ਗੜਿਆਂ ਦੇ ਮੀਂਹ ਵਿਚੋਂ ਬਚਾ ਲਿਆ।

ਮੁਜ਼ੱਫਰ ਘੋੜਾ ਛੇੜਿਆ, ਮੁੜ ਦੂਜੀ ਵਾਰੀ।
ਉਸ ਧੂਹ ਮਿਆਨੋਂ ਕਢਿਆ, ਮੁਲ ਬੇ-ਸ਼ੁਮਾਰੀ।
ਉਹਦੀ ਵਾਢ ਵਾ ਨਾਲੋਂ ਪਤਲੀ, ਉਸਤਾਦ ਸਵਾਰੀ।
ਉਹ ਅੜੇ ਨ ਜਿਰ੍ਹਾ ਤੇ ਬਰਕਤਰਾਂ, ਰਤ ਪੀਵਣਹਾਰੀ।
ਉਹ ਸ਼ਾਹ ਤਵਾਚੇ ਨੂੰ ਛਡਿਆ, ਸਿਰ ਲਗੀ ਕਾਰੀ।
ਉਸ ਜੁਦਾ ਕੀਤੀ ਵਢ ਖੋਪਰੀ, ਸਣੇ ਮਗਜ਼ ਉਡਾਰੀ।
ਜਿਵੇਂ ਹਾਂਡੀ ਟੁਟੀ ਖੀਰ ਦੀ, ਡਿਗ ਹਥੋਂ ਭਾਰੀ।
ਜਿਵੇਂ ਮਟਕੀ ਭੰਨੀ ਗੁੱਜਰੀ, ਚਾ ਦਹੀਂ ਖਲਾਰੀ।
ਦੋਵੇਂ ਦੀਵੇ ਵਿਝਵੇਂ, ਸਹੁ ਪਈ ਗੁਬਾਰੀ।
ਪਰ ਮਾਰ ਲਿਆ ਮੁਜ਼ੱਫਰ ਖਾਂ, ਉਮਰਾ ਹਫ਼ਤ ਹਜ਼ਾਰੀ।

ਫੇਰ ਦੂਜੀ ਵਾਰੀ ਮੁਜ਼ੱਫਰ ਨੇ ਘੋੜਾ ਵਧਾਇਆ। ਉਹਨੇ ਆਪਣੀ ਮਿਆਨ ‘ਚੋਂ ਇਕ ਅਤਿ ਵੱਡਮੁੱਲੀ ਤਲਵਾਰ ਕੱਢੀ। ਕਾਰੀਗਰ ਲੁਹਾਰ ਨੇ ਉਹਦੀ ਧਾਰ ਹਵਾ ਨਾਲੋਂ ਵੀ ਪਤਲੀ ਤੇ ਤੇਜ਼ ਬਣਾਈ ਸੀ। ਉਹ ਦੁਸ਼ਮਣ ਦਾ ਜ਼ਰਾਬਕਤਰ ਕੱਟ ਕੇ ਉਹਦਾ ਲਹੂ ਪੀ ਜਾਣ ਵਾਲੀ ਸੀ। ਇਸ ਤਲਵਾਰ ਦਾ ਵਾਰ ਮੁਜ਼ੱਫਰ ਨੇ ਨਾਦਰੀ ਜਰਨੈਲ ਸ਼ਾਹ ਤਵਾਚਾ ‘ਤੇ ਕੀਤਾ। ਇਹ ਵਾਰ ਤਵਾਚੇ ਦੇ ਸਿਰ ‘ਤੇ ਬੜਾ ਘਾਤਕ ਹੋ ਕੇ ਵੱਜਾ। ਇਸ ਨਾਲ ਉਹਦੀ ਖੋਪਰੀ ਵੱਢੀ ਗਈ ਤੇ ਸਣੇ ਮਗਜ਼ ਦੇ ਭੁੰਜੇ ਡਿੱਗ ਪਈ। ਖੋਪਰੀ ‘ਚੋਂ ਖਿਲਰੀ ਹੋਈ ਮਿੱਝ ਇੰਝ ਜਾਪਦੀ ਸੀ ਜਿਵੇਂ ਕਿਸੇ ਦੇ ਹੱਥੋਂ ਖੀਰ ਦੀ ਭਾਰੀ ਹਾਂਡੀ ਡਿੱਗ ਕੇ ਖੀਰ ਖਿਲਰ ਗਈ ਹੋਵੇ ਜਾਂ ਜਿਵੇਂ ਕਿਸੇ ਗੁੱਜਰੀ ਦੀ ਦਹੀਂ ਦੀ ਮਟਕੀ ਭੱਜਣ ਕਰਕੇ ਦਹੀਂ ਦੂਰ ਦੂਰ ਜਾ ਖਿਲਿਰਆ ਹੋਵੇ। ਏਨਾ ਘੱਟਾ ਉਡਿਆ ਕਿ ਦੋਵੇਂ ਦੀਵੇ (ਚੰਨ ਸੂਰਜ) ਢਕੇ ਗਏ੩ਇੰਝ ਮੁਜ਼ੱਫਰ ਖਾਂ ਨੇ ਸ਼ਾਹ ਤਵਾਚਾ, ਸੱਤ ਹਜ਼ਾਰੀ ਸਰਦਾਰ ਨੂੰ ਮਾਰ ਲਿਆ।

ਆਇਆ ਸ਼ਾਹ ਗਿਜ਼ਾਲੀ, ਦਸਤ ਕਮਾਨ ਲੈ।
ਉਸ ਕਾਨੀ ਪਕੜ ਸੰਭਾਲੀ, ਕਢੀ ਤਰਗਸ਼ੋਂ।
ਉਸ ਚਿੱਲੇ ਘੱਤ ਜਵਾਲੀ, ਪੁਰ ਕਰ ਛੱਡਿਆ।
ਜਿਵੇਂ ਖਾਧੀ ਗਿਰਝ ਭੰਵਾਲੀ, ਟੁਟੀ ਮਾਰ ਤੇ।
ਉਹ ਲਹੂ ਦੀ ਹੰਝਾਲੀ, ਭੁੱਖੀ ਭੂਤਨੀ।
ਫਲ ਦੇਂਦੀ ਸੁਰਖ ਵਖਾਲੀ, ਕਿਤ ਨਿਹਾਇਤੇ।
ਜਿਉਂ ਦਿਹੁੰ ਚੜ੍ਹਦੇ ਪਹਿਲੀ ਲਾਲੀ, ਸੂਹੇ ਰੰਗ ਦੀ।
ਮੁਜ਼ੱਫਰ ਆਸਨੋਂ ਖਾਲੀ, ਝੜਿਆ ਘੋੜਿਓਂ।
ਮਛ ਪਿਆ ਵਿਚ ਜਾਲੀ, ਤੜਫੇ ਸੂਰਮਾ।
ਕਰਕੇ ਨਿਮਕ ਹਲਾਲੀ, ਗਿਆ ਚੁਗੱਤਿੱਆਂ।
ਪਰ ਰਸਮ ਸ਼ਹੀਦਾਂ ਵਾਲੀ, ਖੜਾ ਬਹਿਸ਼ਤ ਵਿਚ।

ਫਿਰ ਨਾਦਰੀ ਫੌਜ ਵੱਲੋਂ ਸ਼ਾਹ ਗ਼ਜ਼ਾਲੀ ਹੱਥ ਵਿਚ ਕਮਾਨ ਫੜੀ ਅੱਗੇ ਵਧਿਆ। ਉਹਨੇ ਆਪਣੇ ਤਰਗਸ਼ ਵਿਚੋਂ ਬੜੀ ਸੰਭਾਲ ਨਾਲ ਇਕ ਤੀਰ ਕੱਢਿਆ ਅਤੇ ਚਿੱਲੇ ਨੂੰ ਪੂਰਾ ਖਿੱਚ ਕੇ ਇਹ ਤੇਜ਼ ਭੌਣ ਵਾਲਾ ਤੀਰ ਛੱਡ ਦਿੱਤਾ। ਇਹ ਤੀਰ ਇੰਝ ਅੱਗੇ ਗਿਆ ਜਿਵੇਂ ਗਿਰਝ ਭਵਾਟਣੀ ਖਾ ਕੇ ਇਕ ਦਮ ਸ਼ਿਕਾਰ ਉੱਤੇ ਝੱਪਟਾ ਜਾ ਮਾਰਦੀ ਹੈ। ਇਸ ਤੀਰ ਦਾ ਲਾਲ ਫਾਲਾ ਹੂ-ਬਹੂ ਲਹੂ ਦੀ ਪਿਆਸੀ ਭੁੱਖੀ ਭੂਤਨੀ (ਦੀ ਜੀਭ) ਵਾਂਗ ਦਿਖਾਈ ਦਿੰਦਾ ਸੀ, ਜਾਂ ਇਹ ਸਵੇਰ ਦੀ ਪਹਿਲੀ ਲਾਲ ਕਿਰਨ ਵਾਂਗ ਸੀ। ਮੁਜ਼ੱਫਰ ਘੋੜੇ ਤੋਂ ਡਿੱਗ ਪਿਆ ਤੇ ਕਾਠੀ ਖਾਲਮ ਖਾਲੀ ਰਹਿ ਗਈ। ਧਰਤੀ ‘ਤੇ ਡਿੱਗਾ ਹੋਇਆ ਇਹ ਸੂਰਮਾ ਜਾਲ ਵਿਚ ਫਸੀ ਹੋਈ ਮੱਛੀ ਵਾਂਗ ਤੜਫ ਰਿਹਾ ਸੀ। ਉਹ (ਤੈਮੂਰ ਤੇ ਬਾਬਰ ਵੰਸ਼ੀ) ਚੁਗੱਤੇ ਬਾਦਸ਼ਾਹ (ਮੁਹੰਮਦ ਸ਼ਾਹ) ਨਾਲ ਸਵਾਮੀ-ਭਗਤੀ ਦਿਖਾਉਣ ਲਈ ਗਿਆ ਸੀ ਉਹ ਆਪਣੇ ਮਾਲਕ ਲਈ ਜਾਨ ਵਾਰਨ (ਈਮਾਨ ਨਿਭਾਉਣ) ਦੇ ਕਾਰਨ ਸ਼ਹੀਦ ਹੋ ਗਿਆ ਤੇ ਫਲਸਰੂਪ ਉਸ ਨੂੰ ਸਵਰਗ ਵਿਚ ਜਗ੍ਹਾ ਮਿਲ ਗਈ।

ਆਕਿਲ ਤੁਬਕ ਵਜੁਤਿਆ ਭਰ ਵਜਨ ਸੰਭਾਲੀ।
ਉਹਨੂੰ ਡਾਂਢ ਅਲੰਭੇ ਆਤਸ਼ ਭੁਖ ਭੂਤੇ ਜਾਲੀ।
ਉਹਦਾ ਕੜਕ ਪਿਆਲਾ ਉਠਿਆ, ਭੁੰਨ ਗਈ ਹੈ ਨਾਲੀ।
ਉਸ ਦੂਰੋਂ ਡਿਠਾ ਆਂਵਦਾ, ਫਿਰ ਸ਼ਾਹ ਗ਼ਜ਼ਾਲੀ।
ਉਸ ਲਗਦੀ ਬਬਰ ਬੋਲਿਆ, ਜਿਵੇਂ ਖੋੜੀ ਥਾਲੀ।
ਜਿਵੇਂ ਲਾਟੂ ਟੁਟਾ ਡੋਰ ਤੋਂ, ਖਾ ਗਿਰਦ ਭਵਾਲੀ।
ਅੱਗ ਥੋੜ੍ਹੀ ਥੋੜ੍ਹੀ ਸੁਲਕਦੀ, ਫਿਰ ਆਕਲ ਬਾਲੀ।
ਪਰ ਖਾਨ ਦੌਰਾਂ ਦਾ ਨਿਮਕ ਸੀ, ਕਰ ਗਿਆ ਹਲਾਲੀ।

ਆਕਿਲ ਨੇ ਬੰਦੂਕ ਫੜੀ ਤੇ ਇਹਦੇ ਭਾਰ ਨੂੰ ਪੂਰੀ ਤਰ੍ਹਾਂ ਸੰਭਾਲਿਆ। ਇਸ ਬੰਦੂਕ ਨੂੰ ਬੜੀ ਦੇਰ ਤੋਂ ਅੱਗ ਦੀਆਂ ਲਾਟਾਂ ਛੱਡਣ ਦੀ ਪਿਆਸ ਸੀ ਤੇ ਭੂਤ ਵਾਂਗ ਭੁੱਖੀ ਸੀ। ਉਹਦਾ ਬਾਰੂਦ ਪਾਉਣ ਵਾਲਾ ਪਿਆਲਾ ਬਾਰੂਦ ਨੂੰ ਅੱਗ ਲੱਗਦੇ ਸਾਰ ਕੜਕ ਉਠਿਆ ਤੇ ਨਾਲੀ ਗੁੱਸੇ ਨਾਲ ਭੁੱਜਣ ਲੱਗ ਪਈ। ਉਹਨੂੰ ਨਾਦਰ ਸ਼ਾਹ ਦੇ ਪਾਸਿਓਂ ਕੁਝ ਦੂਰ ਤੋਂ ਸ਼ਾਹ ਗ਼ਜ਼ਾਲੀ ਆਉਂਦਾ ਦਿਸਿਆ। ਆਕਿਲ ਦੀ ਗੋਲੀ ਲੱਗਦੇ ਸਾਰ ਸ਼ਾਹ ਗ਼ਜ਼ਾਲੀ ਦੀ ਛਾਤੀ ਦੀਆਂ ਪੱਸਲੀਆਂ ਇੰਝ ਥਿੜਕੀਆਂ ਜਿਵੇਂ ਟੁੱਟੀ ਹੋਈ ਥਾਲੀ ਛਣਕਦੀ ਹੈ। ਉਹਨੇ ਇੰਝ ਭਵਾਟਣੀਆਂ ਖਾਧੀਆਂ ਜਿਵੇਂ ਡੋਰ ਟੁੱਟਣ ਨਾਲ ਲਾਟੂ ਭੌਂਦਾ ਫਿਰਦਾ ਹੈ। ਲੜਾਈ ਦੀ ਅੱਗ ਪਹਿਲਾਂ ਥੋੜ੍ਹੀ ਥੋੜ੍ਹੀ ਸੁਲਗਦੀ ਸੀ, ਪਰ ਆਕਿਲ ਨੇ ਇਹਨੂੰ ਤੇਜ਼ ਭਮਾਕਾ ਬਣਾ ਦਿੱਤਾ ਤੇ ਖ਼ਾਨ ਦੌਰਾਂ ਦੀ ਸਵਾਮੀ-ਭਗਤੀ ਦਾ ਸੱਚਾ ਸਬੂਤ ਦਿੱਤਾ।

ਫੇਰ ਆਇਆ ਤੁਰਾ ਨਚਾਂਦਾ, ਅਜ਼ੀਜ਼ ਖਾਂ ਕੰਧਾਰੀ।
ਓਸ ਰੱਖ ਕਵਾਇਦ ਸਜਿਓਂ, ਬਰਛੀ ਪੁਰਕਾਰੀ।
ਓਸ ਕਰਕੇ ਸਿੱਧੀ ਸਾਹਮਣੀ, ਆਕਲ ਨੂੰ ਮਾਰੀ।
ਉਹ ਬਰਛੀ ਘੁੱਥੀ ਆਕਲੋਂ, ਬਣ ਗਈ ਤਤਾਰੀ।
ਜਿਉਂ ਜੋਸ਼ ਰਕਾਬਾ ਦੇ ਛਡਿਆ, ਚਾ ਬਾਜ ਸ਼ਿਕਾਰੀ।
ਸ਼ਿਕਾਰਾ ਘੁਥਾ ਸਤੁੰਨਿਉਂ, ਬੰਨ੍ਹ ਗਿਆ ਉਡਾਰੀ।
ਜਿਉਂ ਖਿਡਾਰੀ ਰੱਖਿਆ, ਕਰ ਛਕੇ ਸਾਰੀ।
ਪਾਸਾ ਪਵੇ ਨਾ ਦਾਅ ਦਾ, ਕੀ ਕਰੇ ਖਿਡਾਰੀ?

ਫੇਰ, ਨਾਦਰੀ ਫੌਜ ਵੱਲੋਂ ਅਜ਼ੀਜ਼ ਖਾਂ ਕੰਧਾਰੀ ਘੋੜਾ ਨਚਾਉਂਦਾ ਟਪਾਉਂਦਾ ਸਾਹਮਣੇ ਵਧਿਆ। ਉਹਨੇ ਆਪਣੀ ਮਜ਼ਬੂਤ ਬਰਛੀ ਦਾ ਸੱਜੇ ਪਾਸਿਓਂ ਪੈਂਤੜਾ ਬੰਨ੍ਹਿਆ ਤੇ ਸਿੱਧੀ ਆਕਿਲ ਨੂੰ ਦੇ ਮਾਰੀ। ਉਹ ਬਰਛੀ ਆਕਿਲ ਨੂੰ ਨਿਸ਼ਾਨਾ ਨਾ ਬਣਾ ਸਕੀ ਤੇ ਇੰਝ ਤਿਲਕ ਗਈ ਜਿਵੇਂ ਠੀਪੀ ਛੱਪੜ ਦੇ ਪਾਣੀ ‘ਤੇ ਤਰਦੀ ਜਾਂਦੀ ਹੈ ਜਾਂ ਜਿਵੇਂ ਚਮੜੇ ਦੀਆਂ ਰਕਾਬਾਂ ਵਿਚੋਂ ਖੋਲ੍ਹ ਕੇ ਅਤੇ ਜੋਸ਼ ਵਿਚ ਲਿਆ ਕੇ ਸ਼ਿਕਾਰੀ ਆਪਣੇ ਬਾਜ਼ ਨੂੰ ਸ਼ਿਕਾਰ ਪਿੱਛੇ ਛੱਡਦਾ ਹੈ ਜਾਂ ਜਿਵੇਂ ਸ਼ਿਕਾਰ ਤੋਂ ਖੁੰਝਿਆ ਹੋਇਆ ਸ਼ਿਕਰਾ (ਛੋਟਾ ਬਾਜ਼) ਉਡਾਰੀ ਮਾਰ ਜਾਂਦਾ ਹੈ। ਜੇ ਜੂਏ ਦਾ ਖਿਡਾਰੀ ਆਪਣੀ ਗੀਟੀ ਨੂੰ ਛੇ ਕੌਡੀਆਂ ਦੇ ਸਿੱਧੇ ਪੈਣ ਦੇ (ਬਹੁਤ ਔਖੇ) ਦਾਅ ‘ਤੇ ਕਰ ਦੇਵੇ ਅਤੇ ਇਸ ਔਖੇ ਦਾਅ ‘ਤੇ ਉਹਦੀਆਂ ਕੌਡੀਆਂ ਸਿੱਧੀਆਂ ਨਾ ਪੈਣਗੀਆਂ ਤਾਂ ਉਹ ਕੀ ਕਰ ਲਏਗਾ?

ਜਦੋਂ ਬਾਰਾਂ ਮੰਗੇ ਤਡੈ ਪਏ, ਫੇਰ ਅਕਸਰ ਹਾਰੀ।
ਪਰ ਅਕਾਲ ਤੁਬਕ ਵਜੁੱਤਿਆ, ਮੁੜ ਦੂਜੀ ਵਾਰੀ।

ਜਿਸ ਖਿਡਾਰੀ ਦੀ ਕਿਸਮਤ ਏਨੀ ਖਰਾਬ ਹੋਵੇ ਕਿ ਉਹ ਕੌਡੀਆਂ ਨੂੰ ਬਾਰਾਂ ਬਣਾਉਣ ਲਈ ਸੁੱਟੇ ਪਰ ਬਾਰਾਂ ਦੀ ਥਾਂ ‘ਤੇ ਉਹਨੂੰ ਤਿੰਨ ਦਾਣੇ ਮਿਲਣ, ਉਹੋ ਜਿਹਾ ਬਦਕਿਸਮਤ ਖਿਡਾਰੀ ਅਕਸਰ ਹਾਰਦਾ ਹੀ ਹੈ। ਪਰ, ਆਕਿਲ ਨੇ ਫੇਰ ਦੂਜੀ ਵਾਰੀ ਬੰਦੂਕ ਫੜ ਲਈ।

ਆਕਲ ਤੁਬਕ ਵਜੁੱਤਿਆ, ਕਹੁ ਕਿਹੀ ਆਹੀ?
ਉਹ ਦਾਰੂ ਦੀ ਖਾਧੀ ਇਕ ਲੱਪ, ਗੋਲੀ ਸਿਰਸਾਹੀ।
ਉਹਦਾ ਕੜਕ ਪਿਆਲਾ ਉਠਿਆ, ਵਿਚ ਗੜਾ ਇਲਾਹੀ।
ਓਸ ਅਜ਼ੀਜ਼ ਖਾਂ ਕੰਧਾਰੀ ਨੂੰ ਮਾਰਿਆ, ਪੀ ਰਤ ਮਿਸਾਹੀ।
ਡਿੱਗਾ ਉਹ ਪਲੰਘ ਤੋਂ, ਪੀ ਕੈਫ਼ ਮਨਾਹੀ।
ਸੂਰੇ ਆਸਨ ਛਡਿਆ, ਜਿੰਦ ਹੋਈਊ ਸੁ ਰਾਹੀ।
ਪਰ ਹਫ਼ਤ ਹਜ਼ਾਰੀ ਸੂਰਮਾ, ਮਾਰ ਗਿਆ ਸਿਪਾਹੀ।

ਹੇ ਕਵੀ! ਆਕਿਲ ਨੇ ਜਦੋਂ ਬੰਦੂਕ ਫੜੀ ਤਾਂ ਉਹ ਦਿਡਸ਼ ਕਿਹਾ ਸੋਹਣਾ ਲੱਗਦਾ ਸੀ? ਇਸ ਬੰਦੂਕ ਦੇ ਪਿਆਲੇ ਵਿਚ ਇਕ ਲੱਪ ਬਾਰੂਦ ਪੈਂਦਾ ਸੀ ਤੇ ਉਸ ਦੀ ਗੋਲੀ ਇਕ ਸਿਰਸਾਹੀ ਦੂਰ ਜਾਂਦੀ ਸੀ। ਉਹਦਾ ਬਾਰੂਦ ਵਾਲਾ ਪਿਆਲਾ ਪਲੀਤੇ ਨੂੰ ਅੱਗ ਲਗਦੇ ਸਾਰ ਕੜਕ ਉਠਿਆ, ਇਸ ਦੇ ਕੜਕਣ ਦੀ ਆਵਾਜ਼ ਰੱਬੀ ਗੜਗੱਜ ਵਰਗੀ ਡਰਾਉਣੀ ਸੀ। ਇਸ ਨੇ ਅਜ਼ੀਜ਼ ਖ਼ਾਂ ਕੰਧਾਰੀ ਨੂੰ ਮਾਰ ਦਿੱਤਾ ਤੇ ਇਹ ਇਕੋ ਡੀਕ ਨਾਲ ਉਹਦਾ ਲਹੂ ਪੀ ਗਈ। ਉਹ ਇੰਝ ਡਿੱਗਾ ਜਿਵੇਂ ਕੋਈ ਵਿਅਕਤੀ ਸ਼ਰਹ ਵੱਲੋਂ ਵਰਜਿਤ ਸ਼ਰਾਬ ਦੇ ਪੀਣ ਕਾਰਨ ਪਲੰਘ ਤੋਂ ਥੱਲੇ ਡਿੱਗ ਪਿਆ ਹੋਵੇ। ਬਹਾਦਰ ਅਜ਼ੀਜ਼ ਖ਼ਾਂ ਕੰਧਾਰੀ ਘੋੜੇ ਦੀ ਕਾਠੀ ਤੋਂ ਥੱਲੇ ਡਿੱਗ ਪਿਆ ਤੇ ਉਹਦੀ ਰੂਹ ਪਰਲੋਕ ਦੇ ਸਫ਼ਰ ਲਈ ਤੁਰ ਪਈ। ਸ਼ਾਬਾਸ਼ ਆਕਿਲ ਦੇ! ਜਿਸ ਨੇ ਮਾਮੂਲੀ ਸਿਪਾਹੀ ਹੁੰਦਿਆਂ ਹੋਇਆਂ ਸੱਤ ਹਜ਼ਾਰੀ ਅਫ਼ਸਰ ਅਜ਼ੀਜ਼ ਖਾਂ ਕੰਧਾਰੀ ਨੂੰ ਮਾਰ ਦਿੱਤਾ!!

ਆਇਆ ਇਕ ਮਰਵਾਣੀ, ਨਾਂ ਸੂ ਬਦਰ ਬੇਗ਼।
ਉਹ ਕੱਢਨਹਾਰਾ ਜਾਨੀਂ, ਵਾਂਗਰ ਰਾਸ਼ਕਾਂ।
ਉਸ ਧੂਹ ਲਈ ਕਰਪਾਨੀ, ਸੁਧੇਂ ਸਾਰ ਦੀ।
ਉਸ ਕਰਕੇ ਫ਼ਿਕਰ ਅਲਸਾਨੀ, ਆਕਲ ਨੂੰ ਛੰਡਿਆ।
ਉਸ ਪਲ ਵਿਚ ਕੀਤਾ ਫਾਨੀ, ਏਸ ਜਹਾਨ ਤੋਂ।
ਜਿਉਂ ਟੁੱਟੀ ਰੱਸੀ ਕਰਵਾਨੀ, ਲੋਥਾਂ ਢੁੱਠੀਆਂ।
ਜਿਵੇਂ ਤਖ਼ਤੇ ਚੀਰਨ ਸਾਨੀ, ਸੁਟੇ ਤਾਕ ਤੇ।
ਪਰ ਆਕਲ ਭੀ ਕੁਰਬਾਨੀ, ਨਾਮ ਚੁਗੱਤਿਆਂ।

ਫਿਰ ਨਾਦਰੀ ਫੌਜ ਵੱਲੋਂ ਇਕ ਮਰਵਾਣੀ ਅੱਗੇ ਆਇਆ ਜਿਸ ਦਾ ਨਾਂ ਬਦਰ ਬੇਗ ਸੀ। ਉਹ ਰਾਖ਼ਸ਼ਾਂ ਵਾਂਗ ਆਦਮੀਆਂ ਦੀਆਂ ਜਾਨਾਂ ਕੱਢ ਲੈਣ ਦੀ ਤਾਕਤ ਰੱਖਦਾ ਸੀ। ਉਸ ਨੇ ਮਿਆਨ ‘ਚੋਂ ਤਲਵਾਰ ਕੱਢ ਲਈ, ਜੋ ਕਿ ਖਾਲਸ ਲੋਹੇ ਦੀ ਬਣੀ ਹੋਈ ਸੀ। ਉਹਨੇ ਸਿਆਣੇ ਆਦਮੀ ਵਾਂਗ ਪੂਰੀ ਤਰ੍ਹਾਂ ਸੋਚ ਕੇ ਆਕਿਲ ਨੂੰ ਤਲਵਾਰ ਨਾਲ ਛੰਡ ਦਿੱਤਾ ਤੇ ਇਸ ਲੋਕ ‘ਚੋਂ ਉਹਦਾ ਖਾਤਮਾ ਕਰ ਦਿੱਤਾ। ਆਕਿਲ ਦੀ ਲੋਥ ਇੰਝ ਡਿੱਗੀ ਜਿਵੇਂ ਰੱਸੀ ਦੇ ਟੁੱਟਣ ਨਾਲ (ਊਠ ਦੇ) ਕਚਾਵੇ ‘ਚੋਂ ਚੀਜ਼ ਵਸਤ ਡਿੱਗਦੀ ਹੈ ਜਾਂ ਜਿਵੇਂ ਤਖ਼ਤਾ ਚੀਰ ਲੈਣ ਤੋਂ ਬਾਅਦ ਆਰੇ ਕੱਸ਼ ਫੱਟੇ ਨੂੰ ਅੱਡੇ ਤੋਂ ਥੱਲੇ ਸੁੱਟ ਦੇਂਦੇ ਹਨ। ਆਕਿਲ ਨੇ ਆਪਣਾ ਆਪ (ਤੈਮੂਰੀ ਤੇ ਬਾਬਰੀ ਵੰਸ਼ ਦੇ) ਚੁਗੱਤਾ ਬਾਦਸ਼ਾਹ ਮੁਹੰਮਦ ਸ਼ਾਹ ਲਈ ਕੁਰਬਾਨ ਕਰ ਦਿੱਤਾ।

ਆਇਆ ਮਿਰਜ਼ਾ ਨੂਰ ਬੇਗ, ਇਕ ਮੁਗਲ ਈਰਾਨੀ।
ਪੇਟ ਭੁਲੱਥੋ ਨੇਜ਼ਿਉਂ, ਬਾਜ਼ ਜ਼ਿਰਮ ਕਮਾਨੀ।
ਉਹ ਜਮਧਰ ਛੁਰੀ ਕਟਾਰੀਓਂ, ਰੋਸ਼ਨ ਮੈਦਾਨੀ।
ਉਹ ਨਾਹਰੇ ਕਰਦਾ ਦਲਾਂ ਵਿਚ, ਬਲ ਰੁਸਤਮ ਸਾਨੀ।
ਕਰ ਸ਼ੇਰ ਕਲਾਂਚਾ ਪਗੜਿਆਸ, ਬਦਰ ਬੇਗ ਮਰਵਾਨੀ।
ਉਹਨੂੰ ਦੱਬ ਕੇ ਕੁਟਿਓ ਸੂ ਲੱਤ ਹੇਠ, ਕਹੁ ਕਿਤ ਨਸ਼ਾਨੀ?
ਉਹ ਤੌਬਾ ਕਰੇ ਹਜ਼ਾਰ ਵਾਰ, ਪੁਕਾਰ ਜ਼ਬਾਨੀ।
ਜਿਉਂ ਦਿੱਤਾ ਹਜ਼ਰਤ ਇਬਰਾਹੀਮ ਨੇ, ਦੁੰਬਾ ਕੁਰਬਾਨੀ।

ਫਿਰ ਮੁਹੰਮਦ ਸ਼ਾਹ ਵੱਲੋਂ ਮਿਰਜ਼ਾ ਨੂਰ ਬੇਗ ਇਕ ਈਰਾਨੀ ਮੁਗਲ ਆਇਆ। ਉਹ ਪੱਟੇ (ਗਤਕੇ), ਬਾਣ (ਭੁਲੱਥ), ਨੇਜ਼ੇ ਅਤੇ ਕਮਾਨ ਚਲਾਉਣ ਦੀ ਵਿੱਦਿਆ ਵਿਚ ਬੜਾ ਨਿਪੁੰਨ ਸੀ। ਉਹਨੂੰ ਜੰਗ ਵਿਚ ਜਮਧੜ, ਛੁਰੀ ਅਤੇ ਕਟਾਰ (ਖੰਜਰ) ਆਦਿ ਚਲਾਉਣ ਦਾ ਪੂਰਾ ਗਿਆਨ ਸੀ। ਉਹਦੇ ਵਿਚ ਰੁਸਤਮ ਪਹਿਲਵਾਨ ਜਿੰਨਾ ਬਲ ਸੀ ਤੇ ਉਹ ਫੌਜਾਂ ਵਿਚ ਲਲਕਾਰਦਾ ਫਿਰਦਾ ਸੀ। ਇਸ ਸ਼ੇਰ ਨੇ ਛਾਲ (ਕਲਾਚ) ਮਾਰ ਕੇ ਬਦਰ ਬੇਗ ‘ਮਰਵਾਨੀ’ ਨੂੰ ਫੜ ਲਿਆ ਅਤੇ ਲੱਤ ਹੇਠ ਦੇ ਕੇ ਦੱਬ ਕੇ ਕੁੱਟਿਆ। ਇਸ ਬਦਰ ਬੇਗ ਦਾ ਹਾਲ ਕੀ ਦੱਸਾਂ? ਉਹ ਹਜ਼ਾਰ ਵਾਰੀ ਖਿਮਾ ਮੰਗਦਾ ਸੀ ਤੇ ਇੰਝ ਤਰਲੇ ਕੱਢਦਾ ਸੀ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ ਹੱਥੋਂ ਕੁਰਬਾਨ ਹੋਣ ਵਾਲਾ ਦੁੰਬਾ ਮਿਆਂਕ ਮਿਆਂਕ ਕੇ ਮਰ ਗਿਆ ਸੀ।

ਅਫ਼ਜ਼ਲ ਕੁਲੀ ਮੈਦਾਨ ਵਿਚ, ਦੋਵੇਂ ਮੁੱਛ ਸੰਵਾਰੇ।
ਉਹ ਛੇੜ ਅਰਾਕੀ ਪਲਕਿਆ, ਕਰਦਾ ਲਲਕਾਰੇ।
ਉਹ ਸਜਿਓ ਮਿਰਜ਼ਾ ਨੂਰ ਬੇਗ, ਨਾਂ ਆਣ ਪੁਕਾਰੇ।
ਖਾ ਗੁੱਸਾ ਪਰਤਿਆ ਨੂਰ ਬੇਗ, ਦਿਲ ਫਿਰੀ ਕਰਾਰੇ।
ਜਿਉਂ ਵਿਰਧਿਆ ਹੋਇਆ ਮਾਰ ਤੇ, ਤੜ ਸ਼ੇਰ ਚਾ ਮਾਰੇ।
ਉਹ ਜੁੱਟ ਪਏ ਦੋ ਸੂਰਮੇ, ਰਣ ਘਾਘੇਹਾਰੇ।
ਜਿਉਂਕਰ ਉਤੇ ਅਹਿਰਣੇ, ਤੜ ਧਰੇ ਲੁਹਾਰੇ।
ਉਹ ਮਾਰਨ ਸੱਟ ਵਦਾਣ ਵਾਂਗ, ਹੋ ਪੱਬਾਂ ਭਾਰੇ।

ਨਾਦਰ ਸ਼ਾਹੀ ਫੌਜ ਵੱਲੋਂ ਅਫ਼ਜ਼ਲ ਕੁਲੀ, ਮੁੱਛਾਂ ‘ਤੇ ਤਾਅ ਦੇਂਦਾ ਹੋਇਆ ਮੈਦਾਨ ਵਿਚ ਅੱਗੇ ਵਧਿਆ। ਉਹਨੇ ਆਪਣੇ ਇਰਾਕੀ ਘੋੜੇ ਨੂੰ ਅੱਡੀ ਲਾ ਕੇ ਤੇਜ਼ ਕੀਤਾ ਤੇ ਲਲਕਾਰਦਾ ਹੋਇਆ ਅੱਗੇ ਝਪਟਿਆ। ਉਹਨੇ ਸੱਜੇ ਪਾਸੇ ਵਲ ਹੋ ਕੇ ਮਿਰਜ਼ਾ ਨੂਰ ਬੇਗ਼ ਨੂੰ ਵੰਗਾਰਿਆ। ਇਹ ਸੁਣ ਕੇ ਮਿਰਜ਼ਾ ਨੂਰ ਬੇਗ਼ ਦੇ ਦਿਲ ਵਿਚ ਬੜਾ ਗੁੱਸਾ ਆਇਆ ਅਤੇ ਉਹ ਵਾਪਸ ਮੁੜ ਪਿਆ ਕਿਉਂਕਿ ਅਫ਼ਜ਼ਲ ਕੁਲੀ ਦੀ ਵੰਗਾਰ ਨੇ ਉਹਦਾ ਸੀਨਾ ਵਿੰਨ੍ਹ ਸੁੱਟਿਆ ਸੀ। ਜਿਉਂ ਗੁੱਸੇ ਵਿਚ ਆਇਆ ਹੋਇਆ ਸ਼ੇਰ ਝਪੱਟਾ ਮਾਰ ਕੇ ਸ਼ਿਕਾਰ ‘ਤੇ ਜਾ ਪੈਂਦਾ ਹੈ (ਇੰਝ ਹੀ ਮਿਰਜ਼ਾ ਨੂਰ ਬੇਗ ਅਫ਼ਜ਼ਲ ਕੁਲੀ ਉੱਤੇ ਝਪਟ ਕੇ ਜਾ ਪਿਆ) ਇਹ ਦੋਵੇਂ ਸੂਰਮੇ, ਜੋ ਯੁੱਧ-ਕਲਾ ਵਿਚ ਬੜੇ ਉਸਤਾਦ ਸਨ, ਲੜਨ ਡਹਿ ਪਏ। ਜਿਵੇਂ ਅਹਿਰਣ ‘ਤੇ ਲੁਹਾਰ ਨੇ ਲੋਹਾ ਤਾਅ ਕੇ ਰੱਖਿਆ ਹੋਵੇ ਅਤੇ ਅੰਤ ਉਹਦੇ ਉੱਤੇ ਵਦਾਨ ਨਾਲ ਸੱਟਾਂ ਮਾਰ ਰਿਹਾ ਹੋਵੇ ਇੰਝ ਹੀ ਉਹ ਪੱਬਾਂ ਭਾਰ ਹੋ ਕੇ ਪੂਰੇ ਜ਼ੋਰ ਨਾਲ ਇਕ ਦੂਜੇ ‘ਤੇ ਵਾਰ ਕਰ ਰਹੇ ਸਨ।

ਕਰ ਝੜ ਕੜਕ ਕੜਾਕ, ਕੜਕ ਢਾਲੀਂ ਬਲਖਾਰੇ।
ਹਥੇ ਰਹੀਆਂ ਗੱਡੀਆਂ, ਉਡ ਗਏ ਕਨਾਰੇ।
ਫੁੱਲ ਢਾਲਾਂ ਦੇ ਝੜ ਪਏ, ਕਹੁ ਕਿਤ ਹਨਾਰੇ।
ਜਿਉਂ ਆਤਸ਼ਬਾਜ਼ਾਂ ਫੂਕੀਆਂ, ਫੁਲਝੜੀ ਅਨਾਰੇ।
ਉਹ ਚੱਪਾ ਚਲ ਨਹੀਂ ਜਾਣਦੇ, ਹੈਣ ਵਡੇ ਹੈਂਸਿਆਰੇ।
ਪਰ ਵੇਖ ਰਜ਼ਾ ਖ਼ੁਦਾ ਦੀ, ਕੌਣ ਜਿੱਤੇ ਕੌਣ ਹਾਰੇ?

ਇਨ੍ਹਾਂ ਬਲਕਾਰ ਯੋਧਿਆਂ ਦੀਆਂ ਢਾਲਾਂ ਉੱਤੇ ਤਲਵਾਰਾਂ ਵੱਜਣ ਦੀ ਆਵਾਜ਼ ਇੰਝ ਸੀ੩’ਕਰ’ ‘ਝੜ’ ‘ਕੜਕ’ ‘ਕੜਾਕ-ਕੜਾਕ’ ਆਦਿ। ਤਲਵਾਰਾਂ ਵੱਜ ਵੱਜ ਕੇ ਢਾਲਾਂ ਦੀਆਂ ਗੱਡੀਆਂ ਹੀ ਇਨ੍ਹਾਂ ਦੇ ਹੱਥਾਂ ਵਿਚ ਰਹਿ ਗਈਆਂ ਸਨ ਤੇ ਬਾਹਰਲੇ ਸਾਰੇ ਕੰਢੇ ਭੁਰ ਗਏ ਸਨ। ਢਾਲਾਂ ਦੇ ਉੱਪਰ ਜੜੇ ਹੋਏ ਲੋਹੇ ਦੇ ਫੁੱਲ ਜਦੋਂ ਝੜ ਗਏ ਤਾਂ ਇਹ ਕਿਹੋ ਜਿਹੀਆਂ ਲੱਗਦੀਆਂ ਸਨ? ਇੰਝ ਜਿਸ ਤਰ੍ਹਾਂ ਆਤਸ਼ਬਾਜ਼ ਜਦੋਂ ਫੁੱਲਝੜੀ ਜਾਂ ਅਨਾਰ ਨੂੰ ਚਲਾ ਚੁੱਕਦਾ ਹੈ ਤੇ ਉਹਦੇ ਹੱਥ ਵਿਚ ਨਿਰਾ ਖੋਲ ਹੀ ਰਹਿ ਜਾਂਦਾ ਹੈ। ਉਹ ਏਡੇ ਲੜਾਕੇ ਸਨ ਕਿ ਆਪਣੀਆਂ ਥਾਵਾਂ ਤੋਂ ਚੱਪਾ ਵੀ ਪਿੱਛੇ ਨਾ ਹਟੇ੩ਪਰ ਦੇਖੋ ਰੱਬ ਦੀ ਕੀ ਮਰਜ਼ੀ ਹੈ? ਉਹ ਕਿਸ ਨੂੰ ਜਿਤਾਉਂਦਾ ਤੇ ਕਿਸ ਨੂੰ ਹਰਾਉਂਦਾ ਹੈ?

ਖ਼ਾਨ ਦੌਰਾਨ ਦੀ ਅਸਵਾਰੀ, ਆਈ ਲੁੱਝ ਤੇ।
ਬਲਖ਼ ਇਰਾਕ ਬੁਖ਼ਾਰੀ, ਤੁਰੇ ਵਲਾਇਤੀ।
ਅਰਬੀ ਤੇ ਕੰਧਾਰੀ, ਫਿਰੇ ਮਦਾਨ ਵਿਚ।
ਲੈ ਜਮਧਰ ਛੁਰੀ ਕਟਾਰੀ, ਡਹੇ ਕਸੂਰੀਏ।
ਤੇ ਵਸੇ ਛੱਜੀਂ ਖਾਰੀ, ਲੋਹਾ ਮੀਂਹ ਵਾਂਙ।
ਤੰਗ ਲਹੂ ਦੇ ਤਾਰੀ, ਮੋੜਿਆ ਹਨਫ਼ੀਏ।
ਪਰ ਬਾਜ਼ੀ ਆਹੀ ਹਾਰੀ, ਨਾਜ਼ਰ ਸ਼ਾਹ ਨੇ।

ਖ਼ਾਨ ਦੌਰਾਂ ਦੀ ਅਸਵਾਰੀ ਯੁੱਧ ਅਸਥਾਨ ‘ਤੇ ਪਹੁੰਚ ਗਈ। ਉਹਦੀ ਫ਼ੌਜ ਵਿਚ ਬਲਖੀ, ਇਰਾਕੀ, ਬੁਖਾਰੀ, ਵਲਾਇਤੀ (ਈਰਾਨੀ ਤੇ ਅਫ਼ਗਾਨੀ), ਅਰਬੀ ਤੇ ਕੰਧਾਰੀ ਘੋੜੇ ਸਨ ਜੋ ਮੈਦਾਨ ਵਿਚ ਫਿਰ ਰਹੇ ਸਨ। ਕਸੂਰ ਦੀ ਮੁਗ਼ਲ ਫੌਜ ਵੀ ਜਮਧੜਾਂ, ਛੁਰੀਆਂ, ਕਟਾਰੀਆਂ ਫੜ ਕੇ ਲੜਨ ਡਹਿ ਪਈ। ਲੋਹੇ ਦੇ ਹਥਿਆਰ ਮੀਂਹ ਵਾਂਗ ਮਣਾਂ ਮੂੰਹੀਂ ਚੱਲ ਰਹੇ ਸਨ। ਸੱਚੇ ਦੀਨੀ ਮੁਸਲਮਾਨ, ਖ਼ਾਨ ਦੌਰਾਂ ਨੇ ਆਪਣਾ ਘੋੜਾ ਮੋੜਿਆ ਜਿਸ ਦੀ ਕਾਠੀ ਲਹੂ ਨਾਲ ਤਰ-ਬਤਰ ਹੋ ਚੁੱਕੀ ਸੀ, ਨਾਦਰ ਸ਼ਾਹ ਦੀ ਇਸ ਸਮੇਂ ਜੰਗ ਵਿਚ ਹਾਰ ਹੋਣ ਹੀ ਵਾਲੀ ਸੀ।

ਮਨਸੂਰ ਅਲੀ ਤੇ ਕਮਰਦੀਨ, ਬਹਿ ਪਛੋਤਾਂਦੇ।
ਤੇ ਸੇਈ ਗਾਉਣ ਸੋਹਿਲੇ, ਵਿਵਾਹ ਜਿਨ੍ਹਾਂ ਦੇ।
ਭਲਕੇ ਜਿਉਂ ਲਗਣ ਏਤ ਫ਼ਿਕਰ ਅਸਾਂ ਦੇ।
ਪਰ ਇਹ ਗੱਲ ਨਾਹੀਂ ਮੁਕਦੀ, ਜਿਚਰ ਜੀਉਂਦੇ ਜਾਂਦੇ।

ਮਨਸੂਰ ਅਲੀ (ਨਿਜ਼ਾਮ-ਉਲ-ਮੁਲਕ) ਤੇ ਕਮਰ ਦੀਨ ਬੈਠੇ ਪਛਤਾ ਰਹੇ ਸਨ ਤੇ ਦੂਜੇ ਪਾਸੇ ਖ਼ਾਨ ਦੌਰਾਂ ਦੇ ਧੜੇ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤੇ ਸੋਹਿਲੇ ਗਾਏ ਜਾ ਰਹੇ ਸਨ। ਮਨਸੂਰ ਅਲੀ ਤੇ ਕਮਰਦੀਨ ਨੂੰ ਇਹ ਫ਼ਿਕਰ ਸੀ ਕਿ ਕੱਲ੍ਹ ਉਨ੍ਹਾਂ ਨਾਲ ਕੀ ਵਾਪਰੇਗੀ? (ਭਾਵ, ਉਹ ਡਰਦੇ ਸਨ ਕਿ ਉਨ੍ਹਾਂ ਨੂੰ ਮੁਹੰਮਦ ਸ਼ਾਹ ਵੱਲੋਂ ਗ਼ੱਦਾਰੀ ਦੀ ਸਜ਼ਾ ਮਿਲੇਗੀ)। ਫੇਰ, ਉਨ੍ਹਾਂ ਨੇ ਆਪਣੇ ਮਨ ਨੂੰ ਤਸੱਲੀ ਦਿੱਤੀ ਕਿ ਜਿੰਨੀ ਦੇਰ ਸਾਡੇ ਸਰੀਰ ਵਿਚ ਜਾਨ ਹੈ, ਓਨੀ ਦੇਰ ਤੱਕ ਅਸੀਂ ਜੰਗ ਦਾ ਫ਼ੈਸਲਾ (ਮੁਹੰਮਦ ਸ਼ਾਹ ਦੇ ਹੱਕ ਵਿਚ) ਨਹੀਂ ਹੋਣ ਦਿਆਂਗੇ।

ਦੋਹੀਂ ਦਲੀਂ ਮੁਕਾਬਲਾ, ਦਮਾਮਾ ਵਾਹਿਆ।
ਤੋਫਾਂ ਕੜਕਣ ਬੱਦਲੀਆਂ, ਘੁੜਨਾਲ ਵਜਾਇਆ।
ਸ਼ਦਾਦ ਖਾ ਹਾਥੀ ਪੇਲਿਆ, ਚੀਰ ਲਸ਼ਕਰ ਆਇਆ।
ਪਰ ਸਿਰ ਹਾਥੀ ਦੇ ਨੇਜ਼ਾ, ਕੜਕ ਬੇਗ ਚਲਾਇਆ।
ਮੀਰ ਸੈਦ ਗੁਲੂ ਓਸ ਥਾਂ, ਆਨ ਤੁਰਾ ਧਸਾਇਆ।
ਉਸ ਝਲਿਆ ਆਨ ਕੜਕ ਬੇਗ ਨੂੰ, ਤੋਲ ਬਰਛਾ ਲਾਇਆ।
ਮਾਰ ਬਰਛਾ ਬੇਗ ਕੜਕ ਨੂੰ, ਭੰਨ ਜਿਕਰ ਚਿੰਘਾਇਆ।
ਮੁਰਗ ਜਿਵੇਂ ਕਬਾਬੀਆਂ, ਚਾ ਸੀਖੀਂ ਲਾਇਆ।
ਜਿਉਂ ਹਜ਼ਰਤ ਮੁਹੰਮਦ ਹਨਫੀਏ, ਯਜ਼ੀਦ ਕੁਹਾਇਆ।

ਵੱਡਾ ਜੰਗੀ ਨਗਾਰਾ ਵੱਜਿਆ ਤੇ ਦੋਹਾਂ ਫੌਜਾਂ ਦਾ ਬੜੇ ਜ਼ੋਰ ਸ਼ੋਰ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਤੋਪਾਂ ਦੇ ਚੱਲਣ ਦੀ ਆਵਾਜ਼ ਬੱਦਲੀਆਂ ਦੇ ਕੜਕਣ ਵਾਂਗ ਸੀ। ਘੋੜਿਆਂ ‘ਤੇ ਰੱਖੀਆਂ ਹੋਈਆਂ ਤੋਪਾਂ (ਘੁੜਨਾਲਾਂ) ਚਲਾਈਆਂ ਗਈਆਂ। ਸ਼ੱਦਾਦ ਖਾਂ ਨੇ ਆਪਣਾ ਹਾਥੀ ਅੱਗੇ ਵਧਾਇਆ ਜੋ ਫੌਜ ਨੂੰ ਚੀਰਦਾ ਹੋਇਆ ਅੱਗੇ ਵਧਿਆ ਪਰ ਕੜਕ ਬੇਗ ਨੇ ਸ਼ਦਾਦ ਖਾਂ ਦੇ ਹਾਥੀ ਦੇ ਸਿਰ ਵਿਚ ਨੇਜ਼ੇ ਦਾ ਵਾਰ ਕੀਤਾ। ਐਨ ਓਸ ਸਮੇਂ ਹੀ ਮੀਰ ਸੈਦ ਗੁੱਲੂ ਨੇ ਉਨ੍ਹਾਂ ਦੋਹਾਂ ਦੇ ਵਿਚ ਆਪਣਾ ਘੋੜਾ ਆਣ ਧਸਾਇਆ। ਉਹਨੇ ਕੜਕ ਬੇਗ ਦਾ ਵਾਰ ਰੋਕ ਲਿਆ ਤੇ ਬਰਛਾ ਚੰਗੀ ਤਰ੍ਹਾਂ ਸੰਭਾਲ ਕੇ ਉਹਦੇ ‘ਤੇ ਵਾਰ ਕੀਤਾ। ਉਹਨੇ ਕੜਕ ਬੇਗ ਨੂੰ ਬਰਛਾ ਮਾਰ ਕੇ ਉਹਦੇ ਜਿਗਰ ‘ਚੋਂ ਪਾਰ ਲੰਘਾ ਦਿੱਤਾ (ਕੜਕ ਬੇਗ ਦੇ ਸਰੀਰ ਵਿਚ ਖੁੱਭਿਆ ਹੋਇਆ ਬਰਛਾ ਇੰਝ ਲੱਗਦਾ ਸੀ) ਜਿਵੇਂ ਕਬਾਬ ਭੁੰਨਣ ਵਾਲਿਆਂ ਨੇ ਸੀਖ ਨਾਲ ਕੁੱਕੜ ਵਿੰਨ੍ਹਿਆ ਹੁੰਦਾ ਹੈ ਜਾਂ ਜਿਵੇਂ ਪੱਕੇ ਹਨਫੀ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਨੇ ਯਜ਼ੀਦ ਨੂੰ ਮਰਵਾਇਆ ਸੀ :

ਜਿਉਂ ਹਜ਼ਰਤ ਮੂਸਾ ਪਗੜ ਕੇ, ਫ਼ਰਊਨ ਡੁਬਾਇਆ।
ਉਸ ਸਯਦ ਹੋਰ ਭੀ ਕਿਤਨੇ ਕੁ ਮਾਰਿਓ ਸੂ, ਆਪ ਮੂਲ ਨਾ ਆਯਾ।
ਦੋਹੀਂ ਦਲੀਂ ਮੁਕਾਬਲੇ, ਦਮਾਮਾ ਕੜਿਆ।
ਖ਼ਾਨ ਦੌਰਾਂ ਘੋੜਾ ਛੇੜਿਆ, ਝਾਗ ਲਸ਼ਕਰ ਵੜਿਆ।
ਤੇ ਖੰਡਾ ਧਰੂ, ਮਿਆਨ ਤੋਂ, ਹੱਥ ਸੱਜੇ ਫੜਿਆ।
ਉਸ ਗਰਮੀ ਖਾਧੀ ਅਹਿਰਣੋਂ, ਰੱਤ ਮੰਗੇ ਸੜਿਆ।
ਅੱਗੇ ਆਹਾ ਨਾਜਰ ਸ਼ਾਹ, ਲੋਹ ਬਖ਼ਤਰ ਜੜਿਆ।
ਉਸ ਸੱਤ ਸਿਰੋ-ਸਿਰ ਮਾਰੀਆਂ, ਨ ਰਹਿੰਦਾ ਅੜਿਆ।

ਜਿਵੇਂ ਹਜ਼ਰਤ ਮੂਸਾ ਨੇ ਫਰਾਊਨ ਬਾਦਸ਼ਾਹ ਨੂੰ ਸਮੁੰਦਰ ਵਿਚ ਡੁਬਵਾਇਆ ਸੀ। ਉਸ ਮੀਰ ਸੈਦ ਗੁੱਲੂ ਨੇ ਦੂਜੇ ਪਾਸੇ ਦੇ ਹੋਰ ਵੀ ਬਥੇਰੇ ਬੰਦੇ ਮਾਰੇ, ਪਰ ਆਪ ਬਿਲਕੁਲ ਬਚਿਆ ਰਿਹਾ। ਇਕ ਵਾਰ ਫੇਰ ਵੱਡਾ ਜੰਗੀ ਨਗਾਰਾ ਖੜਕਿਆ ਤੇ ਦੋਹਾਂ ਫੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਖ਼ਾਨ ਦੌਰਾਂ ਨੇ ਘੋੜਾ ਤੋਰਿਆ ਤੇ ਬੜੇ ਸ਼ੌਕ ਨਾਲ ਲੜ ਰਹੀ ਫੌਜ ਵਿਚ ਦਾਖਲ ਹੋਇਆ। ਉਹਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਸੱਜੇ ਹੱਥ ਵਿਚ ਸੂਤ ਲਈ। ਇਹ ਤਲਵਾਰ ਲੁਹਾਰ ਦੀ ਅਹਿਰਨ ‘ਤੇ ਸੱਟਾਂ ਖਾ ਖਾ ਕੇ ਗਰਮੀ ਨਾਲ ਸੜ ਰਹੀ ਸੀ ਤੇ ਪਿਆਸ ਮਿਟਾਉਣ ਲਈ ਦੁਸ਼ਮਣ ਦੀ ਰੱਤ ਪੀਣਾ ਚਾਹੁੰਦੀ ਸੀ। ਸਾਹਮਣੇ ਨਾਦਰ ਸ਼ਾਹ ਲੋਹੇ ਦਾ ਜ਼ੱਰਾ ਬਕਤਰ ਪਾਈ ਖੜ੍ਹਾ ਸੀ। ਖ਼ਾਨ ਦੌਰਾਂ ਨੇ ਨਾਦਰ ਸ਼ਾਹ ਉੱਤੇ ਸੱਤ ਲਗਾਤਾਰ ਵਾਰ ਕੀਤੇ। ਇਨ੍ਹਾਂ ਵਾਰਾਂ ਨਾਲ ਨਾਦਰ ਸ਼ਾਹ ਬਚ ਨਹੀਂ ਸੀ ਸਕਦਾ।

ਲੋਹੇ ਨੂੰ ਲੋਹੇ ਝੱਲਿਆ, ਫੱਟ ਕਰੇ ਨ ਸੜਿਆ।
ਜਿਉਂ ਤਿੱਤਰ ਮੂੰਹ ਬਾਜ ਦੇ, ਵਿਚ ਚੁੰਗਲ ਅੜਿਆ।
ਘੁਰ ਪਲੰਘ ਚੀਤਾ ਨਿਹੰਗ ਦੇ, ਮੂੰਹ ਅੰਦਰ ਫੜਿਆ।
ਪਰ ਵਾਹ ਹਯਾਤੀ ਸ਼ਾਹ ਦੀ, ਸ਼ੁਕਰਾਨਾ ਪੜ੍ਹਿਆ।
ਖਲਕਤ ਆਖੇ ਵਾਹ! ਵਾਹ!! ਖ਼ਾਨ ਦੌਰਾਂ ਲੜਿਆ!!!
ਨਾਦਰ ਤੁਬਕ ਵਜੁੱਤਿਆ, ਸਾਰ ਦਾਨੇ ਘੜੀ ਫਰੰਗ ਦੀ।
ਉਹਦੀ ਮਾਂ ਕਲ ਤੇ ਪਿਉ ਨਾਰਦ, ਉਹ ਸਕੀ ਹੈ ਭੈਣ ਭੁਜੰਗ ਦੀ।
ਉਹ ਅੜੇ ਨ ਜ਼ਿਰਾ ਬਕਤਰਿਆਂ, ਰਤ ਪੀਂਦੀ ਮੂਲ ਨ ਸੰਗਦੀ।
ਉਸ ਧਰ ਤਲੀ ‘ਤੇ ਛਡਿਆ, ਛੋੜ ਪਿੱਠ ਗਿਆ ਤੁਰੰਜ ਦੀ।

ਨਾਦਰ ਸ਼ਾਹ ਦੀ ਫੌਲਾਦੀ ਜ਼ੱਰਾ ਬਖਤਰ ਉੱਤੇ ਖਾਨ ਦੌਰਾਂ ਦੇ ਵਾਰਾਂ ਦਾ ਕੋਈ ਅਸਰ ਨਾ ਹੋਇਆ। ਏਸ ਸਮੇਂ ਨਾਦਰ ਸ਼ਾਹ ਨੂੰ ਇੰਝ ਜਾਪਦਾ ਸੀ ਕਿ ਬਾਜ ਦੇ ਮੂੰਹ ਵਿਚ ਤਿੱਤਰ ਆ ਗਿਆ ਹੋਵੇ। ਜਾਂ ਜਿਵੇਂ ਗੁੱਸੇ ਵਿਚ ਆਇਆ ਹੋਇਆ ਚੀਤਾ ਮਗਰਮੱਛ ਦੇ ਮੂੰਹ ਵਿਚ ਫਸ ਗਿਆ ਹੋਵੇ ਪਰ ਖਾਨ ਦੌਰਾਂ ਦੀ ਮਾਰ ਤੋਂ ਨਾਦਰ ਸ਼ਾਹ ਬਚ ਗਿਆ ਕਿਉਂਕਿ ਉਹਦੀ ਕਿਸਮਤ ਵਿਚ ਅਜੇ ਹੋਰ ਜੀਣਾ ਲਿਖਿਆ ਹੋਇਆ ਸੀ। ਖ਼ਾਨ ਦੌਰਾਂ ਤੋਂ ਬਚਣ ਤੋਂ ਬਾਅਦ ਨਾਦਰ ਸ਼ਾਹ ਨੇ ਰੱਬ ਦਾ ਧੰਨਵਾਦ ਕੀਤਾ। ਕੁਲ ਲੋਕ ਖ਼ਾਨ ਦੌਰਾਂ ਦੇ ਲੜਨ ‘ਤੇ ਉਹਦੀ ਬਹਾਦਰੀ ਦੀ ਤਾਰੀਫ ਕਰ ਰਹੇ ਸਨ।

ਨਾਦਰ ਸ਼ਾਹ ਨੇ ਤੁਬਕ (ਛੋਟੀ ਤੋਪ, ਬੰਦੂਕ) ਫੜ ਲਈ ਜਿਸ ਦਾ ਲੋਹਾ ਯੂਰਪ ਦੇ ਸਿਆਣਿਆਂ ਦਾ ਘੜਿਆ ਹੋਇਆ ਸੀ। ਇਸ ਬੰਦੂਕ ਦੀ ਮਾਂ ਕਲ ਸੀ, ਪਿਓ ਨਾਰਦ ਸੀ ਤੇ ਇਹ ਸੱਪ ਦੀ ਸਕੀ ਭੈਣ ਸੀ। ਇਸ ਦੀ ਗੋਲੀ ਨੂੰ ਲੋਹੇ ਦੇ ਜ਼ੱਰਾ ਬਕਤਰ ਵੀ ਨਹੀਂ ਸਨ ਰੋਕ ਸਕਦੇ ਤੇ ਇਹ ਮਨੁੱਖੀ ਲਹੂ ਪੀਣ ਲੱਗੀ ਜ਼ਰਾ ਨਹੀਂ ਸੀ ਸ਼ਰਮਾਉਂਦੀ। ਉਹਨੇ ਤਲੀ ‘ਤੇ ਬੰਦੂਕ ਟਿਕਾ ਕੇ ਚਲਾ ਦਿੱਤੀ। ਖ਼ਾਨ ਦੌਰਾਂ ਗੋਲੀ ਲੱਗਦੇ ਸਾਰ ਘੋੜੇ ਦੀ ਪਿੱਠ ਤੋਂ ਡਿੱਗ ਪਿਆ।

ਨਜ਼ਾਬਤ ਗੱਲਾਂ ਅਗਲੀਆਂ, ਵਡੀ ਗੋਟ ਮਾਰੀ ਸ਼ਤਰੰਜ ਦੀ।
ਨਾਦਰ ਸ਼ਾਹ ਵਾਜੇ ਫ਼ਤਹ ਦੇ, ਸ਼ਾਦਿਆਨੇ ਵਾਹੇ।
ਮਨਸੂਰ ਅਲੀ ਤੇ ਕਮਰ ਦੀਨ, ਸ਼ਰੈ ਛਡਿ ਆਏ।
ਤੁਬਕਾਂ ਤੋਫਾਂ ਰਹਿਕਲੇ, ਦੱਬ ਮਾਸੇ ਲਾਏ।
ਬੁਰਜ ਬਾਜ਼ੀ ਸ਼ਤਰੰਜ ਦੀ, ਮਾਰ ਰੁਕ ਉਡਾਏ।
ਪਰ ਧਰੋਈ ਨਾਦਰ ਸ਼ਾਹ ਦੀ, ਹਿੰਦ ਸਾਰੀ ਪਾਏ।

ਨਜਾਬਤ! ਅੱਗੇ ਜੇ ਹੋਊ ਸੋ ਹੋਊ। ਪਰ ਏਸ ਸਮੇਂ ਤਾਂ ਨਾਦਰ ਸ਼ਾਹ ਨੇ ਖ਼ਾਨ ਦੌਰਾਂ ਨੂੰ ਮਾਰ ਲਿਆ ਸੀ ਤੇ ਨਾਦਰ ਸ਼ਾਹ ਲਈ ਇਹ ਪ੍ਰਾਪਤੀ ਏਡੀ ਵੱਡੀ ਸੀ ਜਿਵੇਂ ਕਿਸੇ ਸ਼ਤਰੰਜ ਦੇ ਖਿਡਾਰੀ ਨੇ ਆਪਣੇ ਵਿਰੋਧੀ ਦੀ ਕੋਈ ਵੱਡੀ ਨਰਦ (ਗੋਟ) ਮਾਰ ਲਈ ਹੋਵੇ। ਨਾਦਰ ਸ਼ਾਹ ਨੇ ਜਿੱਤ ਦੇ ਵਾਜੇ ਵਜਾ ਦਿੱਤੇ ਤੇ ਖੁਸ਼ੀ ਦਾ ਸੰਗੀਤ ਵੱਜਣ ਲੱਗ ਪਿਆ। ਮਨਸੂਰ ਅਲੀ ਤੇ ਕਮਰ ਦੀਨ ਸਭ ਦੇ ਸਾਹਮਣੇ ਮੁਹੰਮਦ ਸ਼ਾਹ ਦਾ ਸਾਥ ਛੱਡ ਕੇ ਨਾਦਰ ਸ਼ਾਹ ਨਾਲ ਆ ਮਿਲੇ।

ਬੰਦੂਕਾਂ ਤੋਪਾਂ ਤੇ ਰਹਿਕਲਿਆਂ ਨੇ ਰੱਜ ਕੇ ਮਾਸ ਖਾਧਾ। ਜਦੋਂ ਸ਼ਤਰੰਜੀ ਦਾ ਵੱਡਾ ਮੁਹਰਾ ‘ਰੁਖ਼’ ਮਰ ਜਾਏ ਤਾਂ ਉਹਦੀ ਬਾਜ਼ੀ ਨਿਸਚਿਤ ਹੀ ਹਰ ਜਾਂਦੀ ਹੈ। (ਇੰਝ ਹੀ ਖ਼ਾਨ ਦੌਰਾਂ ਦੇ ਮਰਨ ਨਾਲ ਮੁਹੰਮਦ ਸ਼ਾਹ ਜੰਗ ਹਾਰ ਗਿਆ) ਪਰ (ਖਾਨ ਦੌਰਾਂ ਨੂੰ) ਮਰਵਾਉਣ ਲਈ ਬੁਲਾਏ ਹੋਏ ਨਾਦਰ ਸ਼ਾਹ ਦਾ

ਜ਼ੁਲਮ ਸਾਰੇ ਹਿੰਦੁਸਤਾਨ ਨੂੰ ਸਹਿਣਾ ਪਿਆ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar