ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> ਨਾਦਰਸ਼ਾਹ ਦੀ ਵਾਰ: ਬੰਦ 6-10

ਨਾਦਰਸ਼ਾਹ ਦੀ ਵਾਰ: ਬੰਦ 6-10

6. ਨਿਜ਼ਾਮੁਲ ਮੁਲਕ ਦੀ ਸਾਜ਼ਿਸ਼

ਨਾ ਕੀਤੀ ਨਿਮਕ ਹਲਾਲੀ, ਜੂਫ ਤੂਰਾਨੀਆਂ।
ਉਨ੍ਹਾਂ ਘਰ ਚੁਗੱਤੇ ਦੇ ਬਾਲੀ, ਆਤਸ਼ ਆਣਕੇ।
ਉਨ੍ਹਾਂ ਰੁੱਕਾ ਲਿਖ ਜਵਾਲੀ, ਭੇਜਿਆ ਨਾਜ਼ਰਸ਼ਾਹ੩
‘ਮੈਦਾਨ ਦਿੱਲੀ ਦਾ ਖਾਲੀ, ਬੋਦਾ ਬਾਦਸ਼ਾਹ।

ਪਵੇ ਲਾਹਨਤ ਇਨ੍ਹਾਂ ਤੂਰਾਨੀਆਂ (ਨਿਜ਼ਾਮ-ਉਲ-ਮੁਲਕ ਦੇ ਟੋਲੇ) ਨੂੰ, ਜਿਨ੍ਹਾਂ ਨੇ ਆਪਣੇ ਮਾਲਕ (ਮੁਹੰਮਦ ਸ਼ਾਹ) ਦਾ ਲੂਣ ਹਰਾਮ ਕਰ ਦਿੱਤਾ। ਉਨ੍ਹਾਂ ਨੇ (ਤੈਮੂਰ ਤੇ ਬਾਬਰ ਦੇ ਉੱਤਰਾਧਿਕਾਰੀ) ਚੁਗੱਤੇ ਬਾਦਸ਼ਾਹ ਮੁਹੰਮਦ ਸ਼ਾਹ ਦੇ ਘਰ ਵਿਚ ਫਸਾਦ ਦੀ ਅੱਗ ਭੜਕਾਈ। ਉਨ੍ਹਾਂ ਨਾਦਰ ਸ਼ਾਹ ਵੱਲ ਇਕ ਬੇ-ਅਣਖੀ ਵਾਲਾ (ਗਿਰਾਵਟ ਭਰਿਆ) ਰੁੱਕਾ ਲਿਖ ਕੇ ਭੇਜਿਆ ਕਿ ‘ਦਿੱਲੀ ਦਾ ਮੈਦਾਨ ਖ਼ਾਲੀ ਪਿਆ ਹੈ ਕਿਉਂਕਿ ਬਾਦਸ਼ਾਹ ਮੁਹੰਮਦ ਸ਼ਾਹ ਬੇ-ਰੁਹਬ ਹੋ ਚੁੱਕਾ ਹੈ।’

ਏਹਦੀ ਕਾਈ ਨ ਚੱਲੇ ਚਾਲੀ, ਰਸਮ ਚੁਗੱਤਿਆਂ।
ਇਹਦੀ ਰੱਯਤ ਨਾ ਸੁਖਾਲੀ, ਕੂਕੇ ਰਾਤ ਦਿਨ।
ਤੂ ਚੜ੍ਹਕੇ ਦੇ ਵਿਖਾਲੀ, ਤਖਤ ਮੁਬਾਰਕੋਂ।
ਪਰ ਘਿਨ ਖਜ਼ਾਨਿਓਂ ਮਾਲੀ, ਜਿੱਨੀ ਚਾਹਿਨੈਂ।’
ਬੁਰਾ ਕੀਤਾ ਤੂਰਾਨੀਆਂ, ਮੁੜ ਦੂਜੀ ਵਾਰੀ।
ਉਨ੍ਹਾਂ ਦਸਤਾਰ ਮੁਬਾਰਕ ਆਪਣੀ, ਚਾ ਆਪ ਉਤਾਰੀ।
ਅਦਬ ਗਵਾਇਆ ਨੌਕਰਾਂ, ਕਰ ਬੇਇਤਬਾਰੀ।
ਦਾੜ੍ਹੀ ਕਿਸੇ ਨਾ ਵੇਚੀਆ, ਹਥ ਦੇ ਬਿਪਾਰੀ।
ਉਨ੍ਹਾਂ ਸੱਦ ਕੇ ਆਂਦਾ ਨਾਦਰਸ਼ਾਹ, ਦੇ ਰਿਸ਼ਵਤ ਭਾਰੀ।
ਉਸ ਕਾਲੀ ਧੌਲੀ ਪਕੜ ਕੇ, ਹਿੱਕ ਅੱਗੇ ਮਾਰੀ।

ਚੁਗੱਤਿਆਂ ਦੀ ਰਵਾਇਤ ਤੋਂ ਉਲਟ ਆਪਣੇ ਮਾਤਹਿਤਾਂ ਉੱਤੇ ਇਹਦਾ ਕੋਈ ਹੁਕਮ ਨਹੀਂ ਚੱਲਦਾ। ਇਹਦੀ ਪਰਜਾ ਬਹੁਤ ਦੁਖੀ ਹੈ ਤੇ ਦਿਨ ਰਾਤ ਵਿਲਦੀ ਰਹਿੰਦੀ ਹੈ। ਤੂੰ ਆਪਣੇ ਤਖ਼ਤ-ਮੁਬਾਰਕ ਤੋਂ ਏਥੇ ਆ ਕੇ ਹਿੰਦ ‘ਤੇ ਹੱਲਾ ਬੋਲ, ਤੂੰ ਦਿੱਲੀ ਦੇ ਖਜ਼ਾਨੇ ‘ਚੋਂ ਆਪਣੀ ਇੱਛਾ ਅਨੁਸਾਰ ਜਿੰਨੀ ਚਾਹੇਂ ਦੌਲਤ ਲੈ ਸਕਦਾ ਏਂ।’ ਤੂਰਾਨੀਆਂ (ਨਿਜ਼ਾਮ-ਉਲ-ਮੁਲਕ ਦੇ ਟੋਲੇ) ਨੇ (ਇਕ ਹੋਰ ਚਿੱਠੀ ਲਿਖ ਕੇ) ਫਿਰ ਦੂਜੀ ਵਾਰੀ ਧਰੋਹ ਕੀਤਾ। ਉਨ੍ਹਾਂ ਆਪਣੀ ਪਵਿੱਤਰ ਪੱਗ ਆਪ ਹੀ ਲੁਹਾ ਲਈ (ਆਪਣੀ ਬੇਇੱਜ਼ਤੀ ਆਪ ਹੀ ਕਰਵਾ ਲਈ)। ਮੁਹੰਮਦ ਸ਼ਾਹ ਦੇ ਕਰਮਚਾਰੀਆਂ ਨੇ ਆਪਣੇ ਮਾਲਕ ਨਾਲ ਧਰੋਹ ਕਰਕੇ ਆਪਣੀ ਇੱਜ਼ਤ ਗਵਾ ਲਈ। ਅੱਜ ਤਕ ਕਦੀ ਕਿਸੇ ਵਿਅਕਤੀ ਨੇ ਆਪਣੀ ਦਾੜ੍ਹੀ ਕਿਸੇ ਵਪਾਰੀ ਦੇ ਹੱਥ ਨਹੀਂ ਸੀ ਵੇਚੀ (ਪਰ ਇਨ੍ਹਾਂ ਤੂਰਾਨੀਆਂ੩ਨਿਜ਼ਾਮ-ਉਲਮੁਲਕ ਦੇ ਟੋਲੇ੩ਨੇ ਇਹ ਨੀਚ ਕੰਮ ਵੀ ਕਰ ਦਿਖਾਇਆ)। ਉਨ੍ਹਾਂ ਨੇ ਨਾਦਰਸ਼ਾਹ ਨੂੰ
ਬਹੁਤ ਵੱਡੀ ਰਕਮ ਵੱਢੀ ਦੇ ਕੇ ਹਿੰਦ ਵਿਚ ਬੁਲਾ ਲਿਆ। ਨਾਦਰ ਸ਼ਾਹੀ ਫੌਜ ਨੂੰ ਜੋ ਵੀ ਜਵਾਨ ਜਾਂ ਬੁੱਢਾ (ਕਾਲੀ ਜਾਂ ਧੌਲੀ ਦਾੜ੍ਹੀ ਵਾਲਾ) ਮਿਲਿਆ ਉਨ੍ਹਾਂ ਨੇ ਉਹਦੀ ਹੀ ਬੇਇੱਜ਼ਤੀ ਕਰ ਦਿੱਤੀ।

ਕੇਹਰ ਹਰਨ ਜਿਉਂ ਖਹਿੰਦਿਆਂ, ਲੜਦੇ ਵਿਚ ਬਾਰੀ।
ਚੁਕ ਲਈਆਂ ਸਭ ਸ਼ਿੱਦਤਾਂ, ਛੁਟਕਾਵਾਂ ਕਾਰੀ।

ਜਿਵੇਂ ਜੰਗਲਾਂ ਵਿਚ ਸ਼ੇਰ ਹਿਰਨਾਂ ਨਾਲ ਲੜ ਕੇ ਉਨ੍ਹਾਂ ਨੂੰ ਮਾਰ ਸੁੱਟਦਾ ਹੈ ਇਸੇ ਤਰ੍ਹਾਂ ਨਾਦਰੀ ਫੌਜ ਨੇ ਅਤਿ ਦਾ ਜ਼ੁਲਮ ਚੁੱਕ ਲਿਆ ਤੇ ਉਸ ਤੋਂ ਬਚਣਾ ਔਖਾ ਹੋ ਗਿਆ।

7. ਕਲ ਤੇ ਨਾਰਦ ਦਾ ਚੁੱਕਣਾ

ਬਣ ਦਿੱਲੀ ਮੁਹੰਮਦ ਸ਼ਾਹ ਅੱਗੇ, ‘ਕਲ’ ਅਰਜ਼ਾਂ ਕਰਦੀ :
‘ਕਿਬਲਾ! ਮੈਂ ਭੀ ਬਾਝ ਖ਼ੁਦਾ ਦੇ, ਹੋਰ ਕਿਸੇ ਨਾ ਡਰਦੀ।
ਨਾ ਮੈਨੂੰ ਰੀਝ ਔਲਾਦ ਦੀ, ਨਾ ਵੱਸੋਂ ਘਰ ਦੀ।
ਨਾ ਮੈਨੂੰ ਤਲਬ ਸ਼ਿੰਗਾਰ ਦੀ, ਨਾ ਤਾਲਬ ਜ਼ਰ ਦੀ।
ਨਾ ਮੈਨੂੰ ਧੁੱਪ ਨਾ ਛਾਂ ਹੈ, ਨਾ ਗਰਮੀ ਸਰਦੀ।
ਜੇਹੜਾ ਸਭ ਤੋਂ ਓਕੜਾ, ਮੈਂ ਖਾਂਵਦ ਕਰਦੀ।
ਮੈਂ ਰਹਾਂ ਸ਼ਿੰਗਾਰੀ ਰਾਤ ਦਿਨ, ਮਹੇਲੀ ਨਰ ਦੀ।
ਮੈਂ ਸਿਰੀਆਂ ਦੇ ਹਾਰ ਹੰਡਾਂਵਦੀ, ਰੱਤ ਮਾਂਗਾ ਭਰਦੀ।
ਮੈਂ ਮਾਸ ਖਾਵਾਂ ਰਜ-ਪੁੱਤਰਾਂ, ਸਨ ਗੋਸ਼ਤ ਚਰਬੀ।

ਦਿੱਲੀ ਦੀ ਪਰਜਾ ਦੇ ਰੂਪ ਵਿਚ ਕਲ ਨੇ ਮੁਹੰਮਦ ਸ਼ਾਹ ਅੱਗੇ ਇਹ ਅਰਜ਼ ਕੀਤੀ, ‘ਹਜ਼ੂਰ! ਸਿਵਾਏ ਰੱਬ ਦੇ ਮੈਂ ਹੋਰ ਕਿਸੇ ਪਾਸੋਂ ਨਹੀਂ ਡਰਦੀ। ਨਾ ਮੈਨੂੰ ਔਲਾਦ ਚਾਹੀਦੀ ਹੈ ਅਤੇ ਨਾ ਰਹਿਣ ਲਈ ਘਰ ਚਾਹੁੰਦੀ ਹਾਂ, ਨਾ ਮੈਂ ਸ਼ਿੰਗਾਰ ਕਰਨ ਦੀ ਇੱਛੁਕ ਹਾਂ ਅਤੇ ਨਾ ਹੀ ਸੋਨੇ (ਦੌਲਤ) ਦੀ ਚਾਹਵਾਨ ਹਾਂ੩ਨਾ ਹੀ ਮੈਨੂੰ ਧੁੱਪ, ਛਾਂ, ਗਰਮੀ ਜਾਂ ਸਰਦੀ ਹੀ ਚੰਗੀ ਲੱਗਦੀ ਹੈ। ਮੈਂ ਤਾਂ ਉਸ ਵਿਅਕਤੀ ਨੂੰ ਹੀ ਆਪਣਾ ਪਤੀ ਬਣਾਉਂਦੀ ਹਾਂ ਜਿਹੜਾ ਸਭ ਤੋਂ ਤਕੜਾ ਹੋਵੇ ਅਤੇ ਮੈਂ ਰਾਤ-ਦਿਨ ਉਸ ਆਦਮੀ ਲਈ ਬਣੀ ਫੱਬੀ ਰਹਿੰਦੀ ਹਾਂ। ਮੈਂ ਸਿਰੀਆਂ ਦੇ ਹਾਰ ਹੰਢਾਉਂਦੀ ਹਾਂ ਤੇ ਆਪਣੀ ਮਾਂਗ ਨੂੰ ਲਹੂ ਨਾਲ ਭਰਦੀ ਹਾਂ। ਮੈਂ ਸ਼ਹਿਜ਼ਾਦਿਆਂ ਦਾ ਮਾਸ ਸਣੇ ਚਰਬੀ ਦੇ ਖਾਂਦੀ ਹਾਂ।

ਜਿਤਨੇ ਤੇਰੇ ਉਮਰਾ, ਵਿਚ ਇਕ ਨਾ ਦਰਦੀ।
ਸਰਪਰ ਜੋੜਾ ਮਾਰੀਦੇ, ਜੁਗ ਫੁਟੇ ਨਰਦੀ।
ਤੂੰ ਛਡ ਦੇ ਮਾਨ ਜਹਾਨ ਦਾ, ਰਖ ਤਲਬ ਸਫ਼ਰ ਦੀ।
ਸਰਪਰ ਇਕ ਦਿਨ ਆਵਸੀ, ਉਹ ਰਾਤ ਕਬਰ ਦੀ।
ਤੇਰੇ ਪਿਛੇ ਬਾਦਸਾਹ, ਮੈਂ ਹੋਰ ਨਾ ਵਰਦੀ।
ਪਰ ਤੁਧੇ ਪਿੱਛੋਂ ਬਾਦਸ਼ਾਹ, ਪੈ ਜਾਣੀ ਏਂ ਗਰਦੀ

‘ਹੇ ਸ਼ਹਿਨਸ਼ਾਹ! ਤੇਰੇ ਅਮੀਰਾਂ-ਵਜ਼ੀਰਾਂ ਵਿਚੋਂ ਤੇਰਾ ਦਰਦ ਵੰਡਾਉਣ ਵਾਲਾ ਇਕ ਵੀ ਨਹੀਂ। (ਚੌਪੜ ਦੀ ਖੇਡ ਵਿਚ) ਜਦੋਂ ਨਰਦਾਂ (ਗੋਹਟੀਆਂ) ਜੋੜਾਂ ਨਾ ਰਹਿ ਕੇ ਇਕੱਲੀਆਂ-ਇਕੱਲੀਆਂ ਖਿੰਡ ਜਾਂਦੀਆਂ ਹਨ ਤਾਂ ਮਾਰੀਆਂ ਜਾਂਦੀਆਂ ਹਨ। ਤੂੰ ਏਸ ਦੁਨੀਆ ਦਾ ਹੰਕਾਰ (ਰਾਜਾ ਹੋਣ ਦਾ) ਛੱਡ ਕੇ (ਅਗਲੀ ਦੁਨੀਆ ਦੇ) ਸਫ਼ਰ ਲਈ ਇਰਾਦਾ ਧਾਰ ਕਿਉਂਕਿ ਮੌਤ ਤੋਂ ਬਾਅਦ ਕਬਰ ਦੇ ਦੁਖ ਸਹਿਣ ਦੀ ਲੰਮੀ ਰਾਤ ਤਾਂ ਕਦੀ ਨਾ ਕਦੀ ਜ਼ਰੂਰ ਆਉਣੀ ਹੀ ਹੈ। ਹੇ ਬਦਾਸ਼ਾਹ ਸਲਾਮਤ! ਤੇਰੇ ਪਿਆਰ ਦੇ ਕਾਰਨ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਂਦੀ। ਪਰ ਹਜ਼ੂਰ! ਤੁਹਾਥੋਂ ਬਾਅਦ ਤਾਂ ਬਿਲਕੁਲ ਹਨੇਰਗਰਦੀ ਹੀ ਮਚ ਜਾਣੀ ਏਂ।’

8. ਕਲ ਤੇ ਨਾਰਦ ਦਾ ਘਰ ਵਿਚ ਅਣਜੋੜ

‘ਕਲ’ ਤੇ ‘ਨਾਰਦ’ ਆਪ ਵਿਚ, ਹੋ ਖਲੇ ਅਜੋੜੇ।
ਬਹਿ ਲੜਦੇ ਆਮ੍ਹੋ-ਸਾਮ੍ਹਣੇ, ਸੱਟਣ ਤਰਫੋੜੇ।

ਕਲ ਤੇ ਨਾਰਦ ਦੀ ਆਪਸ ਵਿਚ ਬੇ-ਇਤਫ਼ਾਕੀ ਪੈ ਗਈ। ਉਹ ਆਮ੍ਹਣੇ-ਸਾਹਮਣੇ ਬਹਿ ਕੇ ਲੜਦੇ ਸਨ ਤੇ ਤੜਫਾ ਦੇਣ ਵਾਲੇ ਤਾਹਨੇ ਮਿਹਣੇ ਦੇਂਦੇ ਸਨ।

ਕਲ ਮੰਗੇ ਕੁਝ ਖਾਣ ਨੂੰ, ਨਾਰਦ ਮੂੰਹ ਮੋੜੇ।
ਨਾਰਦ ਦੇ ਨਾ ਸਕੇ ਖੱਟੀਆਂ, ਕਲ ਖਾਧਾ ਲੋੜੇ।
ਖਾਣੋਂ, ਪੀਣੋਂ ਤੇ ਪਹਿਨਣੋਂ, ਮਰਦ ਬੁਢੀ ਨੂੰ ਹੋੜੇ।
ਸਰਪਰ ਝੁੱਗਾ ਉਜੜੇ, ਦਿਨ ਵੱਸੇ ਥੋੜ੍ਹੇ।
ਕਦੇ ਨਾ ਹੁੰਦੇ ਉਜਲੇ, ਜੇਹੜੇ ਮੱਟੀਂ ਬੋੜੇ।
ਕਲ ਲੋੜੇ ਕੁਝ ਗੁੰਦਿਆਂ, ਨਾਰਦ ਹੱਦਰੋੜ੍ਹੇ :
‘ਮੈਨੂੰ ਬਹੁਤ ਜ਼ਨਾਨੀਆਂ, ਤੈਨੂੰ ਮਰਦ ਨਾ ਥੋੜ੍ਹੇ।
ਪਰ ਤੇਰੇ ਮੇਰੇ ਜੁੱਟ ਨੂੰ, ਵਿਧਮਾਤਾ ਤੋੜੇ।’
ਕਲ ਆਂਹਦੀ : ‘ਵੇ ਨਾਰਦਾ! ਤੂੰ ਕੇਹੜੇ ਚਾਈਂ?
ਤੇ ਤੇਰੇ ਮੇਰੇ ਜੁੱਟ ਵਿਚ, ਕਿਉਂ ਪਈ ਜੁਦਾਈ?
ਤੂੰ ਦਾਰੂ ਦੇ ਵਿਚ ਲੋੜਨੈਂ, ਕੁਝ ਅੱਗ ਛਪਾਈ?

ਕਲ ਖਾਣ ਨੂੰ ਮੰਗਦੀ ਸੀ ਪਰ ਨਾਰਦ ਕੁਝ ਵੀ ਦੇਣ ਤੋਂ ਇਨਕਾਰੀ ਸੀ। ਨਾਰਦ ਕੁਝ ਖੱਟ ਕਮਾ ਕੇ ਦੇ ਨਹੀਂ ਸੀ ਸਕਦਾ, ਪਰ ਕਲ ਖਾਣ-ਪੀਣ ਤੇ ਪਹਿਨਣ ਲਈ ਮੰਗਦੀ ਸੀ। ਜਿਹੜਾ ਆਦਮੀ ਆਪਣੀ ਪਤਨੀ ਨੂੰ ਖਾਣ-ਪੀਣ ਤੇ ਪਹਿਨਣ ਤੋਂ ਰੋਕਦਾ ਹੈ :
ਉਸ ਦਾ ਘਰ ਥੋੜ੍ਹੇ ਦਿਨ ਹੀ ਵਸਦਾ ਹੈ, ਸਗੋਂ ਜ਼ਰੂਰ ਹੀ ਉੱਜੜ ਜਾਂਦਾ ਹੈ। ਜਿਹੜੇ ਕੱਪੜੇ ਇਕ ਵਾਰੀ ਰੰਗ ਦੇ ਮੱਟਾਂ ਵਿਚ ਡੁੱਬ ਜਾਣ, ਉਹ ਮੁੜ ਕਦੀ ਚਿੱਟੇ ਨਹੀਂ ਹੁੰਦੇ (ਭਾਵ, ਵਿਗੜੀਆਂ ਹੋਈਆਂ ਆਦਤਾਂ ਕਦੀ ਨਹੀਂ ਸੁਧਰਦੀਆਂ)। ਕਲ ਤਾਂ ਕੁਝ
ਬਚਾਉਣਾ ਚਾਹੁੰਦੀ ਸੀ, ਪਰ ਨਾਰਦ ਹੱਦੋਂ ਵੱਧ ਰੋੜ੍ਹਦਾ ਰਹਿੰਦਾ ਸੀ। ਉਹ ਕਹਿੰਦਾ ਸੀ, ‘ਮੈਨੂੰ ਹੋਰ ਜ਼ਨਾਨੀਆਂ ਦਾ ਤੇ ਤੈਨੂੰ ਹੋਰ ਮਰਦਾਂ ਦਾ ਘਾਟਾ ਨਹੀਂ। ਪਰ ਤੇਰੇ ਮੇਰੇ ਜੋੜੇ ਨੂੰ (ਸਿਰਜਣਹਾ ਸ਼ਕਤੀ) ਕਿਸਮਤ ਦੀ ਦੇਵੀ ਤੋੜ ਰਹੀ ਹੈ।’ ਕਲ ਨੇ ਕਿਹਾ, ‘ਹੇ ਨਾਰਦ! ਤੂੰ ਕਿਹੜੇ ਚਾਵਾਂ ਵਿਚ ਫਿਰਦਾ ਏੰ? ਤੇਰੇ ਮੇਰੇ ਜੋੜ (ਮਿਲਾਪ) ਵਿਚ ਇਹ ਵਿਛੋੜਾ (ਫੁੱਟ) ਕਿਉਂ ਪੈ ਗਿਆ ਏ? ਕਿਉਂ ਤੂੰ ਬਾਰੂਦ ਵਿਚ ਅੱਗ ਲੁਕਾ ਕੇ ਰੱਖਣੀ ਚਾਹੁੰਦਾ ਏਂ?

ਮੈਂ ਵੀ ਤੇਰੇ ਰਾਜ ਵਿਚ, ਕੁਝ ਖੁਸ਼ੀ ਨਹੀਂ ਪਾਈ।
ਨਾ ਮੈਂ ਖਾਧਾ ਰੱਜ ਕੇ, ਨਾ ਕਿਸੇ ਖਲਾਈ।
ਨਾ ਚੜ੍ਹੇ ਸੁਤੀਆਂ ਪਲੰਘ ਤੇ, ਘਤ ਲੇਫ ਤੁਲਾਈ।
ਮਹਿੰਦੀ, ਮੌਲੀ, ਸਿਰਧੜੀ, ਨੱਕ ਨੱਥ ਨਾ ਪਾਈ।
ਮੈਨੂੰ ਕਿਉਂ ਨਾ ਗੁੜ੍ਹਤੀ ਜ਼ਹਿਰ ਦੀ, ਤਦੋਂ ਦਿੱਤੀ ਦਾਈ?
ਹੈਫ ਕੀਤਾ ਸੀ ਲਾਗੀਆਂ, ਕੀਤੀ ਕੁੜਮਾਈ।
ਤੇ ਪਾਪ ਕੀਤਾ ਸੀ ਉਨ੍ਹਾਂ ਬਾਮ੍ਹਣਾਂ, ਜਿਨ੍ਹਾਂ ਵੇਦ ਅਡਾਈ।
ਮੇਰੀਆਂ ਕਾਹਨੂੰ ਲਾਵਾਂ ਦਿੱਤੀਆਂ, ਕਿਉਂ ਗੰਢ ਚਿਤਰਾਈ?
ਤੁਧ ਮਖੱਟੂ ਖਸਮ ਨਾਲ, ਮੈਂ ਨਿਜ ਪਰਣਾਈ।

(ਜਿੰਨੀ ਦੇਰ ਮੈਂ ਤੇਰੇ ਨਾਲ ਵਿਆਹੀ ਰਹੀ ਹਾਂ) ਮੈਂ ਤੇਰੇ ਰਾਜ ਵਿਚ ਕੋਈ ਖੁਸ਼ੀ ਨਹੀਂ ਮਾਣੀ। ਨਾ ਤੂੰ, ਮੈਨੂੰ ਕਦੀ ਰਜਾ ਕੇ ਖਵਾਇਆ ਤੇ ਨਾ ਮੈਂ ਖਾਧਾ। ਨਾ ਮੈਂ ਕਦੀ ਰਜਾਈ ਤਲਾਈ ਲੈ ਕੇ ਪਲੰਘ ‘ਤੇ ਚੜ੍ਹ ਕੇ ਸੁੱਤੀ। ਨਾ ਮੈਂ ਕਦੀ ਹੱਥਾਂ ਨੂੰ ਮਹਿੰਦੀ ਲਾਈ, ਨਾ ਹੀ ਸਿਰ ਦੇ ਵਾਲਾਂ ਵਿਚ ਮੌਲੀ ਗੁੰਦੀ, ਨਾ ਹੀ ਬੁਲ੍ਹਾਂ ‘ਤੇ ਮਿੱਸੀ (ਸੁਰਖੀ) ਲਾਈ ਅਤੇ ਨਾ ਹੀ ਕਦੇ ਨੱਕ ਵਿਚ ਨੱਥ ਹੀ ਪਾਈ। ਹਾਏ! ਮੈਨੂੰ ਜੰਮਦੀ ਨੂੰ ਹੀ ਦਾਈ ਨੇ ਜ਼ਹਿਰ ਦੀ ਗੁੜ੍ਹਤੀ ਕਿਉਂ ਨਾ ਦੇ ਦਿੱਤੀ? ਜਿਨ੍ਹਾਂ ਲਾਗੀਆਂ ਨੇ ਮੇਰੀ ਕੁੜਮਾਈ ਤੇਰੇ ਨਾਲ ਕੀਤੀ ਸੀ, ਉਨ੍ਹਾਂ ਮੇਰੇ ‘ਤੇ ਬੜਾ ਜ਼ੁਲਮ ਕੀਤਾ ਸੀ। ਜਿਨ੍ਹਾਂ ਬ੍ਰਾਹਮਣਾਂ ਨੇ ਵੇਦੀ ਬਣਾ ਕੇ ਮੇਰਾ ਵਿਆਹ ਤੇਰੇ ਨਾਲ ਕਰ ਦਿੱਤਾ ਉਨ੍ਹਾਂ ਵੀ ਬੜਾ ਪਾਪ ਕੀਤਾ ਸੀ। ਕਿਉਂ ਉਨ੍ਹਾਂ ਨੇ ਮੇਰੀਆਂ ਤੇਰੇ ਨਾਲ ਲਾਵਾਂ ਕਰ ਦਿੱਤੀਆਂ? ਕਿਉਂ ਉਨ੍ਹਾਂ ਨੇ ਮੇਰੀ ਤੇ ਤੇਰੀ ਗੰਢ ਚਿੱਤਰੀ? ਤੇਰੇ ਜਿਹੇ ਨਿਖੱਟੂ ਪਤੀ ਨਾਲ ਮੈਂ ਨਾ ਹੀ ਵਿਆਹੀ ਜਾਂਦੀ ਤਾਂ ਚੰਗਾ ਸੀ।

ਬਾਪ ਤੇ ਦਾਦੇ ਦੀ ਲਾਜ ਨੂੰ, ਮੈਂ ਬਹੁਤ ਲੰਘਾਈ।
ਪਰ ਭਲਕੇ ਪੇਕੇ ਜਾਂ ਗੀ, ਨਾਲ ਲੈ ਕੇ ਨਾਈ।’
ਨਾਰਦ ਆਖੇ ਕਲ ਨੂੰ, ‘ਤੁਹੇ ਵਿਚ ਅਕਲ ਨਾ ਰੱਤੀ।
ਕਦੇ ਅੰਗਣ ਚਰਖਾ ਡਾਹ ਕੇ, ਤੁਹੇਂ ਤੰਦ ਨਾ ਕੱਤੀ।
ਨਾ ਤੂੰ ਭਰ ਅਟੇਰਿਆ, ਅਟਰੇਨ ਤੇ ਅੱਟੀ।
ਮੈਨੂੰ ਕਦੇ ਨਾ ਦਿੱਤੀ ਆ ਸਿਉਂਕੇ, ਚਾਦਰ ਚੌਪੱਟੀ।
ਮੈਂ ਚੌਂਕੇ ਬਹਿ ਨਾ ਜੇਵਿਆਂ, ਤੂੰ ਸਹਿਜ ਨਾ ਪੱਕੀ।
ਤੂੰ ਘਰ ਘਰ ਫਿਰਨੀਏਂ ਗਹਿਕਦੀ, ਜੋਬਨ ਦੀ ਮੱਤੀ।
ਤੇਰੀਆਂ ਗੱਲਾਂ ਪਰਹਿ ਮੁਹਾਇਨੀ, ਦਾਇਰੇ ਤੇ ਸੱਬੀ।
ਤੈਨੂੰ ਚਸਕਾ ਬਹੁਤ ਜ਼ਬਾਨ ਦਾ, ਲੇਖਾ ਹਰ ਹੱਟੀ।

ਆਪਣੇ ਪਿਓ-ਬਾਬੇ ਦੀ ਇੱਜ਼ਤ ਲਈ ਮੈਂ ਬਥੇਰਾ ਸਮਾਂ ਦੁੱਖ ਵਿਚ ਕੱਟ ਲਿਆ ਹੈ ਪਰ ਕਲ੍ਹ ਮੈਂ ਨਾਈ ਨੂੰ ਨਾਲ ਲੈ ਕੇ ਜ਼ਰੂਰ ਆਪਣੇ ਪੇਕੇ ਚਲੀ ਜਾਵਾਂਗੀ। ਨਾਰਦ ਕਲ ਨੂੰ ਕਹਿਣ ਲੱਗਾ, ‘ਤੇਰੇ ਵਿਚ ਤਾਂ ਰੱਤੀ ਜਿੰਨੀ ਵੀ ਅਕਲ ਨਹੀਂ। ਕਦੀ ਤੂੰ ਵਿਹੜੇ ਵਿਚ ਚਰਖਾ ਡਾਹ ਕੇ ਇਕ ਤੰਦ ਸੂਤਰ ਦੀ ਨਹੀਂ ਕੱਤੀ। ਨਾ ਤੂੰ ਕਦੀ ਅਟੇਰਨ ਅਟੇਰ ਕੇ ਕੋਈ ਅੱਟੀ ਬਣਾ ਕੇ ਲਾਹੀ ਹੈ। ਤੂੰ ਮੇਰੇ ਬੰਨ੍ਹਣ ਲਈ ਕਦੀ ਕੋਈ ਚਾਰ-ਪੱਟੀ ਚਾਦਰ ਸੀਂ ਕੇ ਨਹੀਂ ਦਿੱਤੀ। ਨਾ ਤੂੰ ਕਦੀ ਚੌਂਕੇ ਵਿਚ ਬਹਿ ਕੇ ਪਿਆਰ ਭਾਵ ਨਾਲ ਰੋਟੀ ਪਕਾਈ ਤੇ ਨਾ ਮੈਂ ਖਾਧੀ। ਤੂੰ ਜਵਾਨੀ ਦੇ ਨਸ਼ੇ ਵਿਚ ਝੂਮਦੀ ਘਰ ਘਰ ਤੁਰੀ ਫਿਰਦੀ ਏਂ। ਤੇਰੇ ਬਾਰੇ ਪੰਚਾਇਤਾਂ, ਪਰਿਵਾਰਾਂ, ਡੇਰਿਆਂ ਤੇ ਮਹਿਫ਼ਲਾਂ ਵਿਚ ਚਰਚਾ ਚਲਦੀ ਰਹਿੰਦੀ ਏ। ਤੈਨੂੰ ਚੰਗਾ ਚੋਖਾ ਖਾਣ ਦਾ ਬਹੁਤ ਭੁੱਸ ਪਿਆ ਹੋਇਆ ਹੈ। ਤੂੰ ਹਰ ਹੱਟੀ ‘ਤੇ ਹੁਦਾਰ-ਲੇਖਾ ਖੋਲ੍ਹਿਆ ਹੋਇਆ ਹੈ।

‘ਮੈਥੋਂ ਨਹੀਂ ਭਰੀ ਦੀ, ਏਹ ਤੇਰੀ ਚੱਟੀ।
ਜਾ ਟੁਰ ਜਾ ਪੇਕੇ ਆਪਣੇ, ਘਤ ਕੇਰੀ ਪੱਟੀ।’
ਕਲ ਆਂਹਦੀ : ‘ਵੇ ਨਾਰਦਾ, ਤੈਨੂੰ ਕੀ ਭਲਿਆਈ?
ਤੇ ਘਰੋਂ ਜ਼ਨਾਨੀ ਟੋਰਨੀ, ਖੂਬੀ ਨਹੀਓਂ ਕਾਈ!
ਇਕ ਹੱਸ ਹੱਸ ਕਰੇਂ ਖੁਸ਼ਾਮਦਾਂ, ਦੂਜਾ ਕਰੇਂ ਲੜਾਈ।
ਏਸ ਖੁਸ਼ਾਮਦ ਤੋਂ ਕੌਰਵਾਂ, ਚਾ ਜੱਦ ਕੁਹਾਈ।
ਤੇ ਰਾਵਣ ਏਸ ਖੁਸ਼ਾਮਦੋਂ, ਲੰਕਾ ਲੁਟਾਈ।
ਇਸ ਖੁਸ਼ਾਮਦ ਤੋਂ ਗੌਰੀਆਂ, ਦਿੱਲੀ ਮਰਵਾਈ।
ਮੈਂ ਟੁਰ ਜਾਂ ਕਿਸੇ ਵਲਾਇਤੀਂ, ਤੇਰੀ ਸਤਾਈ।
ਅੱਗੇ ਨਾਜ਼ਰ ਸ਼ਾਹ ਦੇ, ਜਾ ਦਿਆਂ ਦੁਹਾਈ।

ਮੈਥੋਂ ਤੇਰਾ ਇਹ ਵਾਧੂ ਦਾ ਖ਼ਰਚਾ ਨਹੀਂ ਭਰਿਆ ਜਾਂਦਾ। ਜਾਹ ਇਕਹਿਰੀ ਪੱਟੀ ਦੀ ਚਾਦਰ ਲੈ ਕੇ ਆਪਣੇ ਪੇਕੇ ਚਲੀ ਜਾਹ (ਪੁਰਾਣੇ ਜ਼ਮਾਨੇ ਵਿਚ ਅਤਿ ਗ਼ਰੀਬ ਇਸਤਰੀਆਂ ਇਕਹਿਰੀ ਪੱਟੀ ਦੀ ਚਾਦਰ ਸਿਰ ‘ਤੇ ਲੈਂਦੀਆਂ ਸਨ। ਚੰਗੇ ਘਰਾਂ ਦੀਆਂ ਦੋ-ਪੱਟਾ ਤੇ ਬਹੁਤ ਸਾਊ ਘਰਾਂ ਦੀਆਂ ‘ਦੋ ਦੁਪੱਟੇ’ ਜੋੜ ਕੇ ਲੈਂਦੀਆਂ ਸਨ। ਚੰਗੇ ਘਰਾਂ ਦੀਆਂ ਦੋ-ਪੱਟਾ ਤੇ ਬਹੁਤ ਸਾਊ ਘਰਾਂ ਦੀਆਂ ‘ਦੋ ਦੁਪੱਟੇ’ ਜੋੜ ਕੇ ਲੈਂਦੀਆਂ ਸਨ)। ਕਲ ਕਹਿਣ ਲੱਗੀ, ‘ਹੇ ਨਾਰਦ! ਆਪਣੇ ਘਰੋਂ ਇਸਤਰੀ ਨੂੰ ਕੱਢਣਾ ਕੋਈ ਭਲਾ ਕੰਮ ਨਹੀਂ, ਨਾ ਹੀ ਸਾਊਪੁਣਾ ਹੈ। ਹੋਰਨਾਂ ਦੀ ਤਾਂ ਹੱਸ ਹੱਸ ਕੇ ਚਾਪਲੂਸੀ (ਝੂਠੀ ਵਡਿਆਈ) ਕਰਦਾ ਏਂ, ਪਰ ਮੇਰੇ ਨਾਲ ਤੂੰ ਲੜਾਈ ਕਰਦਾ ਏਂ। (ਪਰ ਯਾਦ ਰੱਖ ਖੁਸ਼ਾਮਦ ਬੁਰੀ ਚੀਜ਼ ਹੁੰਦੀ ਏ) ਏਸ ਖੁਸ਼ਾਮਦ ਤੋਂ ਹੀ ਕੌਰਵਾਂ ਨੇ ਆਪਣਾ ਪਰਿਵਾਰ ਤਬਾਹ ਕਰਵਾ ਲਿਆ ਸੀ, ਰਾਵਣ ਨੇ ਝੂਠੀ ਵਡਿਆਈ ਕਰਨ ਵਾਲਿਆਂ ਦੇ ਕਹੇ ਲੱਗ ਕੇ ਆਪਣੀ ਲੰਕਾ ਤਬਾਹ ਕਰਵਾ ਲਈ ਸੀ। ਖੁਸ਼ਾਮਦ ਵਿਚ ਫਸੇ ਹੋਏ ਪ੍ਰਿਥਵੀ ਰਾਜ ਦੀ ਦਿੱਲੀ ਮੁਹੰਮਦ ਗੌਰੀ ਨੇ ਤਬਾਹ ਕਰ ਦਿੱਤੀ ਸੀ। ਤੈਥੋਂ ਦੁਖੀ ਹੋਈ ਮੈਂ ਕਿਸੇ ਬਾਹਰਲੇ ਮੁਲਕ (ਈਰਾਨ ਜਾਂ ਅਫ਼ਗਾਨਿਸਤਾਨ) ਵਿਚ ਚਲੀ ਜਾਵਾਂਗੀ ਤੇ ਨਾਦਰ ਸ਼ਾਹ ਦੇ ਅੱਗੇ ਜਾ ਕੇ ਸਹਾਇਤਾ ਲਈ ਬੇਨਤੀ ਕਰਾਂਗੀ।

ਓਥੋਂ ਲਸ਼ਕਰ ਚੜ੍ਹਨ ਈਰਾਨ ਥੀਂ, ਕਰ ਲੰਮੀ ਧਾਈ।
ਆ ਕੇ ਹਿੰਦੁਸਤਾਨ ਵਿਚ, ਕਰਨ ਜੁੱਧ ਲੜਾਈ।
ਰਣ ਕਹਾਣੇ ਹੋਣਗੇ, ਵੇਖੇ ਲੁਕਾਈ।
ਇਕ ਦੂਜਾ ਨਾ ਸੰਭਲੇ, ਬੇਟੇ ਨੂੰ ਮਾਈ।
ਕਦੇ ਗਾਂਹ ਗਾਂਹ ਰਲ ਬਹਿਣਗੇ, ਭੈਣਾਂ ਤੇ ਭਾਈ।
ਭਰ ਲੈਣ ਈਰਾਨੀ ਦਿੱਲੀਓਂ, ਟੋਪੇ ਤੇ ਪਾਈ।
ਮੈਂ ਭੀ ਬਦਲੇ ਲਹਾਂਗੀ, ਭਰ ਦੂਣ ਸਵਾਈ।
ਮੈਂ ਤਾਹੀਏਂ ਧੀ ਖੈਕਾਲ ਦੀ ਹੋਣੀ ਦੀ ਜਾਈ।’

ਓਥੋਂ, ਈਰਾਨ ਤੋਂ ਫੌਜਾਂ ਲੰਮਾ ਪੈਂਡਾ ਮਾਰ ਕੇ ਹਿੰਦੁਸਤਾਨ ਉੱਤੇ ਚੜ੍ਹਾਈ ਕਰਨਗੀਆਂ ਤੇ ਏਥੇ ਆ ਕੇ ਲੜਨਗੀਆਂ। ਯੁੱਧ ਵਿਚ ਏਨਾ ਕਤਲ ਮਚੇਗਾ ਕਿ ਦੁਨੀਆ ਦੇਖ ਕੇ ਦੰਗ ਰਹਿ ਜਾਏਗੀ। ਕੋਈ ਇਕ ਦੂਸਰੇ ਨੂੰ ਆਸਰਾ ਨਹੀਂ ਦੇ ਸਕੇਗਾ, ਨਾ ਮਾਵਾਂ ਪੁੱਤਾਂ ਨੂੰ ਸੰਭਾਲਣਗੀਆਂ। ਬੜਾ ਸਮਾਂ ਬੀਤਣ ਤੋਂ ਬਾਅਦ ਹੀ ਵਿੱਛੜੇ ਹੋਏ ਭੈਣਾਂ ਤੇ ਭਰਾ ਮੁੜ ਰਲ-ਮਿਲ ਕੇ ਬਹਿ ਸਕਣਗੇ। ਨਾਦਰ ਸ਼ਾਹ ਦੀ ਈਰਾਨੀ ਫੌਜ ਦਿੱਲੀਓਂ ਟੋਪੇ (ਚਾਰ ਸੇਰ ਤੋਲ) ਤੇ ਪਾਈਆਂ (ਬਾਰਾਂ ਸੇਰ) ਦੇ ਭਾਂਡੇ ਭਰ ਭਰ ਕੇ ਸੋਨਾ ਲਿਜਾਣਗੇ। ਮੈਂ ਵੀ ਉਸ ਸਮੇਂ ਦੂਣੇ ਚੌਣੇ ਬਦਲੇ ਲਵਾਂਗੀ। ਤਦ ਹੀ ਮੈਂ (ਬਦਕਿਸਮਤੀ ਦੀ ਜੋਗਣੀ) ਹੋਣੀ ਤੋਂ ਜਨਮੀ ਹੋਈ ਯਮਰਾਜ ਦੀ ਧੀ ਹੋਣ ਦਾ ਮਾਨ ਕਰ ਸਕਾਂਗੀ।’

ਨਾਰਦ ਆਂਹਦਾ : ‘ਓੜਕ ਹੋਸਣਗੇ ਓਹ ਕੰਮ, ਜੇਹੜੇ ਰੱਬ ਨੂੰ ਭਾਵਣ।
ਤੇ ਮੇਹਰੀਆਂ ਦੇ ਆਖੇ ਮਰਦ ਲੱਗਣ, ਮੁੜ ਪੱਛੋਤਾਵਣ।

ਨਾਰਦ ਨੇ ਕਿਹਾ, ‘ਕੰਮ ਤਾਂ ਅੰਤ ਉਹ ਹੀ ਹੋਣੇ ਹਨ ਜੋ ਪਰਮਾਤਮਾ ਨੂੰ ਮਨਜ਼ੂਰ ਹੋਣਗੇ। ਜਿਹੜੇ ਆਦਮੀ ਇਸਤਰੀ ਦੇ ਆਖੇ ਲੱਗ ਕੇ ਕੰਮ ਕਰਦੇ ਹਨ ਉਹ ਬਾਅਦ ਵਿਚ ਪਛਤਾਉਂਦੇ ਹਨ।

‘ਤੇਰੇ ਆਖੇ ਬਾਦਸ਼ਾਹ, ਈਰਾਨੋਂ ਧਾਵਣ।
ਤਦੋਂ ਨਦੀਆਂ ਵਹਿਣ ਅਪੁੱਠੀਆਂ, ਫਲ ਬੈਂਤ ਲਿਆਵਣ।
ਅਗੇ ਜੋ ਵਰਤੀ ਉਸ ਮੁਲਕ ਨਾਲ, ਆਕਲ ਸਮਝਾਵਣ।
ਓਥੇ ਕੀ ਤਾਕਤ ਹੈ ਮੇਹਰੀਆਂ, ਨੱਕ ਨੱਥਾਂ ਪਾਵਣ।
ਓਥੇ ਮਰਦਾਂ ਕਬਜ਼ੇ ਕਾਠ ਦੇ, ਸਿਰ ਕੁੱਲਾ ਹੰਡਾਵਣ।
ਘੋੜੀਆਂ ਦੇ ਮੂੰਹ ਨਹਾਰੀਆਂ, ਨਾ ਸਾਖਤ ਪਾਵਣ।
ਉਹ ਹੁਣ ਤਾਈਂ ਹੁਕਮ ਤੈਮੂਰ ਦੇ, ਬਰਜਾ ਲਿਆਵਣ।
ਜਿਉਂ ਲਛਮਣ ਦਾ ਛਲ ਕਰਨ ਨੂੰ, ਭੈਣ ਘੱਲੀ ਸੀ ਰਾਵਣ।
ਪਰ ਤੂੰ ਵੀ ਚੱਲੀਏਂ ਸੂਪ-ਨਖ ਵਾਂਗ, ਨੱਕ ਵਢਾਵਣ।’

ਜੇ ਤੇਰੇ ਆਖੇ ਲੱਗ ਕੇ ਬਾਦਸ਼ਾਹ ਨਾਦਰ ਸ਼ਾਹ ਈਰਾਨੋਂ ਹਿੰਦੁਸਤਾਨ ‘ਤੇ ਚੜ੍ਹਾਈ ਕਰ ਦੇਵੇ ਤਾਂ ਨਦੀਆਂ ਪੁੱਠੀਆਂ ਵਗਣ ਲੱਗ ਜਾਣਗੀਆਂ ਤੇ ਬੈਂਤ ਨੂੰ ਫਲ ਲੱਗਣ ਲੱਗ ਜਾਣਗੇ (ਭਾਵ, ਤੇਰੇ ਕਹੇ ‘ਤੇ ਨਾਦਰ ਸ਼ਾਹ ਦਾ ਚੜ੍ਹਾਈ ਲਈ ਮੰਨ ਜਾਣਾ ਅਣਹੋਣੀ ਗੱਲ ਹੈ। ਜੇ ਇਹ ਅਣਹੋਣੀ ਹੋਣੀ ਹੋ ਗਈ ਤਾਂ ਦੂਜੀਆਂ ਅਣਹੋਣੀਆਂ ਵੀ ਹੋਣ ਲੱਗ ਪੈਣਗੀਆਂ)। ਸਿਆਣੇ ਆਦਮੀ ਦੱਸਦੇ ਹਨ ਕਿ ਅੱਗੇ ਓਸ ਦੇਸ਼ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਉਥੇ (ਈਰਾਨ ਵਿਚ) ਇਸਤਰੀਆਂ ਦੀ ਏਨੀ ਹਿੰਮਤ ਨਹੀਂ ਕਿ ਨੱਕ ਵਿਚ ਨੱਥ ਪਾ ਸਕਣ। ਓਥੇ ਮਰਦਾਂ ਦੀਆਂ ਤਲਵਾਰਾਂ ਦੀਆਂ ਮੁੱਠਾਂ ਲੱਕੜੀ ਦੀਆਂ ਹਨ ਤੇ ਕੁੱਲਹ ਪਾਉਂਦੇ ਹਨ। ਉਨ੍ਹਾਂ ਨੂੰ ਏਨੀ ਆਗਿਆ ਨਹੀਂ ਕਿ ਉਹ ਘੋੜੇ ਨੂੰ ਨਿਹਾਰੀ ਖੁਆ ਸਕਣ ਜਾਂ ਉਹਦੇ ‘ਤੇ ਕਾਠੀ ਪਾ ਸਕਣ ਉਹ ਹੁਣ ਤਾਈਂ ਤੈਮੂਰ ਵੱਲੋਂ ਮਨਵਾਈਆਂ ਹੋਈਆਂ ਉਪਰੋਕਤ ਈਣਾਂ ਮੰਨਦੇ ਆ ਰਹੇ ਹਨ। ਜਿਸ ਤਰ੍ਹਾਂ ਲਮਛਣ ਨੂੰ ਧੋਖੇ ਵਿਚ ਫਸਾਉਣ ਲਈ ਰਾਵਣ ਨੇ ਆਪਣੀ ਭੈਣ ਸਰੂਪ-ਨਖਾ ਭੇਜੀ ਸੀ ਤੇ ਉਹ ਨੱਕ ਵਢਾ ਕੇ ਮੁੜੀ ਸੀ, ਇੰਝ ਹੀ ਤੂੰ ਵੀ ਸਰੂਪ-ਨਖਾ ਵਾਂਗ ਨੱਕ ਵਢਾਉਣ ਹੀ ਚੱਲੀ ਏਂ।’

9. ਕਲ ਦਾ ਨਾਦਰ ਸ਼ਾਹ ਕੋਲ ਜਾਣਾ

ਗੁੱਸਾ ਖਾ ਕੇ ਦੱਖਨੋਂ, ਕਲ ਰਾਣੀ ਜਾਗੀ।
ਅੱਗੇ ਨਾਦਰ ਸ਼ਾਹ ਦੇ, ਆਈ ਫਰਿਆਦੀ :
‘ਤੂੰ ਸੁਣ ਕਿਬਲਾ ਆਲਮੀ, ਫਰਿਆਦ ਅਸਾਡੀ।
ਮੇਰਾ ਖਸਮ ਨਿਖੱਟੂ ਤੇ ਆਲਸੀ, ਭੰਗੀ, ਸ਼ਰਾਬੀ।
ਅਫ਼ੀਮੀ ਤੇ ਜਵਾਰੀਆ, ਜ਼ਾਲਮ ਅਪਰਾਧੀ।
ਮੇਰੇ ਦੱਮ ਲਏ ਸਨ ਮਾਪਿਆਂ, ਲਈ ਵੱਢੀ ਲਾਗੀ।
ਮੇਰਾ ਸਾਕ ਚਾ ਕੀਤੋ ਨੇ ਓਸ ਨਾਲ, ਜਿਨੂੰ ਗ਼ਮੀ ਨਾ ਸ਼ਾਦੀ।
ਓਹ ਦੇ ਨਾਹੀਂ ਸਕਿਆ ਖੱਟੀਆਂ, ਭੁਖ ਘਰ ਬਹਿ ਝਾਗੀ।
ਜਿਸ ਦਿਹਾੜੇ ਲਛਮਣ ਜੋਧੇ, ਰਾਮਚੰਦ ਚੜ੍ਹ ਲੰਕਾ ਸਾਧੀ।
ਓਥੇ ਹਨੂਮਾਨ ਅਵਗਾਨ ਸੀ, ਦੇਹ ਲੂੰਬਾ ਦਾਗੀ।

ਦੱਖਣ ਤੋਂ ਕਲ-ਰਾਣੀ ਬੜੇ ਗੁੱਸੇ ਵਿਚ ਜਾਗੀ ਤੇ ਨਾਦਰ ਸ਼ਾਹ ਦੇ ਸਾਹਮਣੇ ਜਾ ਕੇ ਇੰਝ ਫਰਿਆਦ ਕਰਨ ਲੱਗੀ੩’ਹੇ ਦੁਨੀਆਂ ਦੇ ਸਤਿਕਾਰਯੋਗ! ਮੇਰੀ ਅਰਜ਼ ਸੁਣ। ਮੇਰਾ ਪਤੀ ਨਿਖੱਟੂ, ਆਲਸੀ, ਭੰਗੜ ਤੇ ਸ਼ਰਾਬੀ ਹੈ। ਉਹ ਅਫੀਮ ਖਾਂਦਾ ਹੈ, ਜੂਆ ਖੇਡਦਾ ਹੈ, ਜ਼ਾਲਮ ਤੇ ਅਪਰਾਧੀ ਹੈ। ਮੇਰੇ ਮਾਪਿਆਂ ਨੇ ਮੇਰੇ ਵਿਆਹ ਸਮੇਂ ਮੇਰਾ ਮੁੱਲ ਵੱਟਿਆ ਸੀ ਤੇ ਲਾਗੀ ਨੇ ਵੱਢੀ ਖਾ ਲਈ ਸੀ। ਮੇਰਾ ਰਿਸ਼ਤਾ ਉਸ ਬੰਦੇ ਨਾਲ ਕਰ ਦਿੱਤਾ ਜਿਹਨੂੰ ਲੱਥੀ ਚੜ੍ਹੀ ਦੀ ਕੋਈ ਪਰਵਾਹ ਨਹੀਂ। ਉਹ ਕਮਾ ਕੇ ਮੈਨੂੰ ਖੁਆ ਨਹੀਂ ਸਕਿਆ ਅਤੇ ਮੈਂ ਉਹਦੇ ਘਰ ਵਿਚ ਭੁੱਖੀ ਰਹਿ ਕੇ ਦਿਨ ਕੱਟਦੀ ਰਹੀ ਹਾਂ। ਜਿਸ ਦਿਨ ਸੂਰਬੀਰ ਲਛਮਣ ਤੇ ਰਾਮ ਚੰਦਰ ਨੇ ਲੰਕਾ ‘ਤੇ ਚੜ੍ਹਾਈ ਕਰਕੇ ਲੰਕਾ ਤਬਾਹ ਕੀਤੀ ਸੀ, ਉਥੇ ਹਨੂਮਾਨ ਸ਼ਹਿਰ ਨੂੰ ਲਾਂਬੂ ਲਾਉਣ ਦਾ ਆਗੂ ਸੀ।

ਲੱਖ ਮਾਰੇ ਦਾਨੋਂ ਤੇ ਦੇਵਤੇ, ਹਾੜੀ ਪੁਰ ਵਾਢੀ।
ਓਥੇ ਬਲੀਆਂ ਲੱਖ ਝਿਆਲੀਆਂ, ਅੱਗ ਬੇਲੇ ਲਾਗੀ।
ਜਿਵੇਂ ਰਾਤ ਦਿਵਾਲੀ ਹਿੰਦੂਆਂ, ਬਾਲ ਧਰੀ ਚਰਾਗੀ।
ਓਥੇ ਨਾਲੇ ਵਗੇ ਸਨ ਰੱਤ ਦੇ, ਮਿਝ ਬੇ-ਹਿਸਾਬੀ।
ਭਰ ਖੱਪਰ ਪੀਤੇ ਜੋਗਣਾਂ, ਥਹੁੰ ਹੋਈ ਸਾਂ ਰਾਜ਼ੀ।
ਤਿਸ ਦਿਹਾੜੇ ਮੈਂ ਭੀ ਚੌਕੇ ਬੈਠ ਕੇ, ਰੀਸੋਈ ਸੀ ਖਾਧੀ।
ਪਰ ਅੱਜ ਆਈਆਂ ਕਿਬਲਾ ਆਲਮੀ, ਕਰ ਆਸ ਤੁਸਾਡੀ।’

ਉਸ ਦਿਨ ਲੱਖਾਂ ਰਾਖਸ਼ ਤੇ ਦੇਵਤੇ ਮਰੇ ਪਏ ਇੰਝ ਜਾਪਦੇ ਸਨ ਜਿਸ ਤਰ੍ਹਾਂ ਹਾੜ੍ਹੀ ਦੀਆਂ ਫਸਲਾਂ ਕੱਟੀਆਂ ਪਈਆਂ ਹੋਣ। ਉਥੇ ਲੱਖਾਂ ਮੜ੍ਹੀਆਂ ਬਲ ਰਹੀਆਂ ਇੰਝ ਲੱਗਦੀਆਂ ਸਨ ਜਿਵੇਂ ਜੰਗਲ ਵਿਚ ਅੱਗ ਲੱਗੀ ਹੋਈ ਹੋਵੇ : ਜਾਂ ਜਿਵੇਂ ਹਿੰਦੂਆਂ ਨੇ
ਦੀਵਾਲੀ ਵਾਲੀ ਰਾਤ ਦੀਵੇ ਬਾਲੇ ਹੋਏ ਹੁੰਦੇ ਹਨ। ਉਥੇ ਲਹੂ ਦੀਆਂ ਨਹਿਰਾਂ ਵਗ ਪਈਆਂ ਸਨ ਤੇ ਅਥਾਹ ਮਿੱਝ (ਚਰਬੀ) ਵਗ ਰਹੀ ਸੀ। ਜੋਗਣਾਂ ਨੇ ਖੱਪਰ ਭਰ-ਭਰ ਕੇ ਲਹੂ-ਮਿੱਝ ਪੀਤਾ ਸੀ। ਮੈਂ ਵੀ ਉਦੋਂ ਬੜੀ ਖੁਸ਼ ਹੋਈ ਸਾਂ। ਉਸ ਦਿਨ ਮੈਂ ਵੀ ਚੌਂਕੇ ਵਿਚ ਬਹਿ ਕੇ ਰਸੋਈ ਖਾਧੀ ਸੀ੩ਪਰ, ਹੇ ਦੁਨੀਆ ਦੇ ਪਤਵੰਤੇ ਵਿਅਕਤੀ! ਅੱਜ ਮੈਂ ਤੁਹਾਡੀ ਆਸ ਕਰਕੇ ਆਈ ਹਾਂ।’

10. ਨਾਦਰ ਸ਼ਾਹ ਤੇ ਵਜ਼ੀਰ ਦੀਆਂ ਸਲਾਹਾਂ

ਬਾਦਸ਼ਾਹ ਆਖੇ ਵਜ਼ੀਰ ਨੂੰ, ‘ਇਕ ਅਜਬ ਜ਼ਨਾਨੀ।
ਉਹ ਆਵੇ ਸਾਡੇ ਸਾਮ੍ਹਣੇ, ਹਰ ਰੋਜ਼ ਮਦਾਮੀ।
ਉਹਦਾ ਸਿਰ ਖੁਲ੍ਹਾ, ਦਾਂਤ ਦਰਾਜ਼ ਤੇ ਸਿਆਹ ਪੇਸ਼ਾਨੀ।

ਨਾਦਰ ਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ੩’ਇਕ ਅਜੀਬ ਜਿਹੀ ਇਸਤਰੀ ਹਰ ਰੋਜ਼ ਨੇਮ ਨਾਲ ਮੇਰੇ ਸਾਹਮਣੇ ਆਉਂਦੀ ਹੈ। ਉਹਦੇ ਵਾਲ ਖੁੱਲ੍ਹੇ, ਦੰਦ ਲੰਮੇ ਤੇ ਮੱਥਾ ਕਾਲਾ ਹੈ।

ਉਹ ਆਦਮੀਆਂ ਦੀ ਰੱਤ-ਮਿਝ, ਮੰਗੇ ਮਿਜ਼ਮਾਨੀਂ।
ਨਾ ਹੀ ਉਸ ਦੇ ਕੋਲ ਲਿਖਿਆ, ਕੋਈ ਖ਼ਤਮ ਨਿਸ਼ਾਨੀ।
ਉਹ ਕੁਲ ਹਕੀਕਤ ਹਿੰਦ ਦੀ, ਦੱਸਦੀ ਜ਼ਬਾਨੀ।
ਆਂਹਦੀ ਅੱਜ ਨਾ ਕੋਈ ਹਿੰਦੁਸਤਾਨ ਵਿਚ, ਹੈ ਤੇਰਾ ਸਾਨੀ।
ਓਥੇ ਦੋਵੇਂ ਧਿਰਾਂ ਅਜੋੜੀਆਂ, ਈਰਾਨੀ ਤੂਰਾਨੀ।
ਤੈਨੂੰ ਰਾਤੀਂ ਦਿਨੇ ਉਡੀਕਦੇ, ਸਭ ਨਾਸਰ ਖਾਨੀ।
ਉਨਵਾਂ ਦੀਆਂ ਸ਼ਹਿਰੀਂ ਰਹੀਆਂ ਨੇ ਹੰਡੀਆਂ, ਹੱਥ ਪਵੇ ਖ਼ਜ਼ਾਨੀਂ।
ਸੂਬੇਦਾਰਾਂ ਸਾਂਭੀਆਂ, ਸਭ ਦਿਰਮਾਂ-ਦਾਮੀ।
ਓਥੋਂ ਗਏ ਹਜ਼ਾਰ ਬੇਤਰਫ਼ ਹੋ, ਸਿਪਾਹੀ ਨਾਮੀਂ।
ਤੇ ਪਹਿਦਾ ਸਾਡੇ ਬਾਦਸ਼ਾਹ, ਖਿਰਕਾ ਨਾਦਾਨੀ।
ਯਾ ਰੰਗ ਮਹੱਲੀਂ ਸਹੇਲੀਆਂ, ਮਲਕਾ ਜ਼ਮਾਨੀ।
ਉਸ ਮੂਲ ਨਾ ਪੁਛੀ ਮੁਲਕ ਦੀ, ਵੱਧਦੀ ਵੈਰਾਨੀ।
(ਪਰ) ਰਬ ਦਿੱਲੀ ਨੂੰ ਬਦਲਾ ਚੈਨ ਦਾ, ਦਿੱਤੀ ਗ਼ਮਦਾਨੀ।’

ਉਹ ਆਦਮੀਆਂ ਦੀ ਲਹੂ-ਮਿੱਝ ਦਾ ਖਾਣਾ ਮੰਗਦੀ ਹੈ। ਉਹਦੇ ਕੋਲ ਨਿਸ਼ਾਨੀ ਵਜੋਂ ਕਿਸੇ ਦਾ ਲਿਖਿਆ ਹੋਇਆ ਖ਼ਤ-ਪੱਤਰ ਤਾਂ ਹੈ ਨਹੀਂ, ਪਰ ਉਹ ਹਿੰਦੁਸਤਾਨ ਦੇ ਸਾਰੇ ਹਾਲਾਤ ਮੂੰਹ ਜ਼ਬਾਨੀ ਠੀਕ ਠੀਕ ਦੱਸੀ ਜਾਂਦੀ ਹੈ। ਉਹ ਕਹਿੰਦੀ ਹੈ ਕਿ ਅੱਜ ਹਿੰਦੁਸਤਾਨ ਵਿਚ ਤੇਰੇ ਨਾਲ ਬਰਾਬਰੀ ਕਰ ਸਕਣ ਵਾਲਾ ਕੋਈ ਮੌਜੂਦ ਨਹੀਂ। ਉਥੋਂ ਦੇ ਈਰਾਨੀ ਤੇ ਤੂਰਾਨੀ ਅਮੀਰਾਂ-ਵਜ਼ੀਰਾਂ ਵਿਚ ਫੁੱਟ ਪਈ ਹੋਈ ਹੈ। ਨਾਸਰ ਖਾਂ ਤੇ ਉਹਦੇ ਸਾਥੀ ਦਿਨ-ਰਾਤ ਤੇਰੀਆਂ ਉਡੀਕਾਂ ਕਰ ਰਹੇ ਹਨ। ਸਰਕਾਰੀ ਅਫ਼ਸਰ ਏਨੇ ਨਿਡਰ ਹਨ ਕਿ ਹੁੰਡੀਆਂ ਆਪਣੇ ਸ਼ਹਿਰ ਵਿਚ ਛੱਡ ਆਉਂਦੇ ਹਨ ਤੇ ਖਜ਼ਾਨੇ ਵਿਚੋਂ ਬਨਾਂ ਹੁੰਡੀਓਂ ਰੁਪਈਆ ਕਢਵਾ ਲੈਂਦੇ ਹਨ। ਸਥਾਨਕ ਸੂਬੇਦਾਰਾਂ ਨੇ ਕੇਂਦਰ ਨੂੰ ਟੈਕਸ ਭੇਜਣਾ ਬੰਦ ਕਰ ਦਿੱਤਾ ਹੈ ਤੇ ਲਗਾਨ ਦੀ ਉਗਰਾਹੀ (ਦਿਰਮਾ-ਦਾਮੀ) ਆਪ ਹੀ ਰੱਖਣੀ ਸ਼ੁਰੂ ਕਰ ਦਿੱਤੀ ਹੈ। ਉਥੇ ਕਈ ਹਜ਼ਾਰ ਮਸ਼ਹੂਰ ਸੈਨਿਕ ਨੌਕਰੀ ਛੱਡ ਗਏ ਹਨ ਤੇ ਸਾਡੇ ਬਾਦਸ਼ਾਹ ਮੁਹੰਮਦ ਸ਼ਾਹ ਨੇ ਮੂਰਖਤਾ ਦਾ ਚੋਲਾ ਪਹਿਨਿਆ ਹੋਇਆ ਹੈ। ‘ਉਹ ਜ਼ਨਾਨੇ ਮਹੱਲਾਂ ਵਿਚ ਮਲਕਾ ਜ਼ਮਾਨੀ ਨਾਲ ਤੇ ਜਾਂ ਉਹਦੀਆਂ ਸਹੇਲੀਆਂ ਨਾਲ ਐਸ਼-ਬਹਾਰ ਲੁੱਟਦਾ ਰਹਿੰਦਾ ਹੈ। ਉਹਨੇ ਆਪਣੇ ਦੇਸ਼ ਦੀ ਢਹਿੰਦੀ ਦਸ਼ਾ ਤੇ ਬਰਬਾਦੀ ਬਾਰੇ ਕਦੀ ਪੁੱਛ-ਗਿੱਛ ਨਹੀਂ ਕੀਤੀ ਪਰ, ਰੱਬ ਨੇ ਦਿੱਲੀ ਦੀ ਅਮਨ-ਪਸੰਦੀ ਦੇ ਬਦਲੇ ਵਿਚ ਇਸ ਨੂੰ ਦੁੱਖ ਤੇ ਸੋਗ ਹੀ ਦਿੱਤੇ ਹਨ।’

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar