ਬੱਸ ਵਿਚ ਚੜ੍ਹਦਿਆਂ ਉਹਨੇ ਵੇਖਿਆ ਕਿ ਉਹਨੂੰ ਕੋਈ ਘੂਰ ਰਿਹਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖਾੜਕੂ ਕਿਸਮ ਦੀ ਕੁੜੀ ਮੰਨੀ ਜਾਂਦੀ ਸੀ। ਹੁਣ ਕਾਲਜ ਵਿਚ ਲੈਕਚਰਾਰ ਬਣਨ ਦੇ ਬਾਵਜੂਦ ਉਹਦਾ ਖਾੜਕੂ ਸੁਭਾ ਕਾਇਮ ਸੀ। ਅੱਜ ਉਹਨੇ ਪੱਕਾ ਧਾਰ ਲਿਆ ਸੀ ਕਿ ਇਸ ਘੂਰੀਬਾਜ਼ ਨੂੰ ਮਜਾ ਦੱਸਣਾ ਹੀ ਦੱਸਣਾ ਹੈ। ਸਫਰ ਦੌਰਾਨ ਜਿੰਨੀ ਵਾਰ ਵੇਖਿਆ, ਉਹ ਘੂਰਦਾ ਜਿਹਾ ਹੀ ਲੱਗਾ। ‘ਆ ਜਾਣ ਦੇ ਬੱਚੂ ਮੇਰਾ ਸਟਾਪ…ਤੇਰੀ ਭੁਗਤ ਮੈਂ ਸੰਵਾਰੂੰ’, ਉਹ ਮਨ ਵਿਚ ਬੜਬੜ ਕਰੀ ਜਾਂਦੀ ਸੀ।
ਉਹ ਬਸ ਸਟਾਪ ਉੱਤੇ ਉਤਰ ਕੇ ਆਪਣੇ ਵੀਰਾਂ ਨੂੰ ਫੋਨ ਕਰਨ ਹੀ ਲੱਗੀ ਸੀ ਕਿ ਉਹੀ ਘੂਰੀਬਾਜ਼ ਉਹਦੇ ਕੋਲ ਆ ਗਿਆ ਤੇ ਪੈਰੀਂ ਹੱਥ ਲਾਉਂਦਾ ਬੋਲਿਆ, “ਮੈਂ ਤੁਹਾਡੇ ਕੋਲੋਂ ਪੜ੍ਹਿਐਂ। ਤੁਸੀਂ ਮੈਨੂੰ ਪਛਾਣਿਆ ਨਹੀਂ?”
ਉਹ ਮਨ ਹੀ ਮਨ ਪਛਤਾ ਰਹੀ ਸੀ ਕਿ ਉਹ ਸੱਚੀ ਪਹਿਚਾਣ ਕਰਨ ਵੱਚ ਧੋਖਾ ਖਾ ਗਈ ।
–ਦੀਪ ਜ਼ੀਰਵੀ