ਬੇਟੇ ਨੇ ਉਹਨਾਂ ਨੂੰ ਸਾਬਨ ਨਾਲ ਨੁਹਾਇਆ। ਕਪੜੇ ਬਦਲੇ। ਨੂੰਹ ਨੇ ਨਾਸ਼ਤੇ ਵਿਚ ਕੜਾਹ ਤੇ ਦੁੱਧ ਦਿੱਤਾ। ਤਦ ਉਹਨਾਂ ਦੀ ਸਮਝ ਵਿਚ ਆਇਆ ਕਿ ਅੱਜ ਪੈਨਸ਼ਨ ਮਿਲਣ ਦਾ ਦਿਨ ਹੈ।
ਹੱਟਾ ਕੱਟਾ ਪੁੱਤਰ ਉਹਨਾਂ ਨੂੰ ਬਾਹਾਂ ਵਿਚ ਚੁੱਕ ਕੇ ਪੈਨਸ਼ਨ ਖਿੜਕੀ ਤਕ ਲੈ ਗਿਆ। ਫਾਰਮ ਉੱਤੇ ਉਹਨਾਂ ਦੇ ਨਾਂ ਸਾਹਮਣੇ ਕੰਬਦਾ ਹੱਥ ਫੜਕੇ ਅੰਗੂਠਾ ਲੁਆਇਆ। ਫਿਰ ਖੁਸ਼ ਹੁੰਦਿਆਂ ਨੋਟ ਗਿਣਕੇ ਜੇਬ ਵਿਚ ਰੱਖੇ ਤੇ ਰਿਕਸ਼ਾ ਵਾਲੇ ਨੂੰ ਕਿਹਾ, “ਪਿਤਾ ਜੀ ਨੂੰ ਆਰਾਮ ਨਾਲ ਘਰ ਛੱਡ ਦੀਂ।”
“ਸੁਖੀ ਰਹਿ ਬੇਟੇ! ਅੱਜ ਦੇ ਜ਼ਮਾਨੇ ’ਚ ਕਿਹੜਾ ਬੇਟਾ ਬੁੱਢੇ ਬਾਪ ਦਾ ਏਨਾ ਖਿਆਲ ਰੱਖਦੈ।” ਉਹਨਾਂ ਨੇ ਆਸ਼ੀਰਵਾਦ ਦਿੱਤਾ ਤੇ ਬੇਟੇ ਨੇ ਕੰਬਦਾ ਹੋਇਆ ਬੁੱਢਾ ਸਰੀਰ ਰਿਕਸ਼ੇ ਉੱਤੇ ਸੁੱਟ ਦਿੱਤਾ।
–ਸੁਰੇਸ਼ ਸ਼ਰਮਾ