“ਸਰ, ਹੁਣ ਤਾਂ ਤੁਸੀਂ ਮੇਰਾ ਕੇਸ ਸਮਝ ਹੀ ਗਏ ਹੋਵੋਂਗੇ?”
“ਹਾਂ।” ਉਹ ਐਨਕ ਦੇ ਪਿੱਛੋਂ ਨਜ਼ਰਾਂ ਨੀਵੀਆਂ ਕਰ ਫਾਈਲ ਉੱਪਰ ਕੁਝ ਲਿਖਦੇ ਹੋਏ ਬੋਲੇ।
“ਸਰ, ਸੱਚਮੁਚ ਹੀ ਮੈਂ ਬਹੁਤ ਪਰੇਸ਼ਾਨ ਹਾਂ।”
“ਫਿਰ?”
“ਪਲੀਜ!…ਹੈਲਪ ਮੀ ਸਰ!”
ਉਹ ਕੁਝ ਨਹੀਂ ਬੋਲੇ। ਫਾਈਲ ਵਿਚ ਕੁਝ ਲਿਖਦੇ ਰਹੇ। ਉਹ ਉਹਨਾਂ ਸਾਹਮਣੇ ਖਡ਼ਾ ਸੀ।
“ਜੋ ਹੋ ਸਕਿਆ ਕਰ ਦਿਆਂਗਾ।” ਉਹਨਾਂ ਨੇ ਸਿਗਰਟ ਦਾ ਕਸ਼ ਖਿੱਚਦੇ ਹੋਏ ਧੂਆਂ ਛੱਡਿਆ।
ਥੋਡ਼ੀ ਦੇਰ ਸ਼ਾਂਤੀ ਛਾਈ ਰਹੀ।
“ਤੁਸੀਂ ਨੇਹਾ ਦੇ ਡੈਡੀ ਹੋ ਨਾ?” ਉਹ ਗੱਲ ਜਾਰੀ ਰੱਖਣ ਲਈ ਬੋਲਿਆ।
“ਹਾਂ।”
“ਮੈਂ ਵਿਨੋਦ ਹਾਂ…ਨੇਹਾ ਦਾ ਕਲਾਸਮੇਟ।”
“ਰਿਅਲੀ!”
“ਯਸ ਸਰ।”
“ਨੇਹਾ ਨੇ ਦੱਸਿਆ ਸੀ ਤੁਹਾਡੇ ਬਾਰੇ…ਕਈ ਵਾਰ।…ਮੋਸਟ ਬ੍ਰਿਲੀਐਂਟ…ਸਕਾਲਰਸ਼ਿਪ ਹੋਲਡਰ…ਵੈਰੀ ਗੁੱਡ!”
“ਤੁਹਾਡਾ ਆਸ਼ੀਰਵਾਦ ਹੈ ਸਰ!”
“ਖਡ਼ੇ ਕਿਉਂ ਹੋ, ਬੈਠ ਜਾਓ।” ਉਹਨਾਂ ਨੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹ ਬੈਠ ਗਿਆ। ਉਹਨਾਂ ਉਸ ਵੱਲ ਦੇਖਦੇ ਹੋਏ ਸੋਚਿਆ– ਕੀ ਬੁਰਾ ਹੈ ਵਿਨੋਦ…ਨੇਹਾ ਤੇ ਵਿਨੋਦ ਇਕ ਦੂਜੇ ਨੂੰ ਚਾਹੁੰਦੇ ਵੀ ਹਨ।
“ਮੈਂ ਕੰਮ ਕਰ ਦਿਆਂਗਾ।”
“ਥੈਂਕਯੂ ਸਰ!…ਮੈਂ ਇੱਥੇ ਕਿਸੇ ਨੂੰ ਜਾਣਦਾ ਤੱਕ ਨਹੀਂ। ਚਾਰ ਦਿਨਾਂ ਤੋਂ ਚੱਕਰ ਕੱਟ ਰਿਹਾ ਹਾਂ।”
ਥੋਡ਼ੀ ਦੇਰ ਚੁੱਪ ਰਹਿਣ ਮਗਰੋਂ ਉਹਨਾਂ ਨੇ ਪੁੱਛਿਆ, “ਘਰ ’ਚ ਕੌਣ-ਕੌਣ ਹੈ?”
“ਤਿੰਨ ਛੋਟੇ ਭਰਾ, ਇਕ ਛੋਟੀ ਭੈਣ, ਪਿਤਾ ਜੀ, ਮਾਤਾ ਜੀ ਤੇ ਮੈਂ।”
“ਪਿਤਾ ਜੀ ਕੀ ਕਰਦੇ ਹਨ?”
“ਜੀ, ਮਿਡਲ ਸਕੂਲ ’ਚ ਹੈਡਮਾਸਟਰ ਹਨ।”
“ਹੈਡਮਾਸਟਰ!”
“ਯੈਸ।”
“ਓਹ!” ਉਹ ਸਿਗਰਟ ਦੇ ਗੁਲ ਨੂੰ ਐਸ਼ਟ੍ਰੇ ਵਿਚ ਝਾਡ਼ਕੇ ਫਿਰ ਤੋਂ ਫਾਈਲਾਂ ਵਿਚ ਗੁਆਚ ਗਏ।
ਅਚਾਨਕ ਕੁਰਸੀ ਉੱਤੇ ਬੈਠਾ ਹੋਇਆ ਉਹ ਆਪਣੇ ਆਪ ਵਿਚ ਹੀ ਸਿਮਟ ਗਿਆ।
–ਪਵਨ ਸ਼ਰਮਾ