ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਬਦਅਸੀਸ

ਬਦਅਸੀਸ

ਯਾਰੜਿਆ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜ੍ਹੇ ਵੇ|
ਨੈਣਾਂ ਦੇ ਸੰਦਲੀ ਬੂਹੇ
ਜਾਣ ਸਦਾ ਲਈ ਭੀੜ੍ਹੇ ਵੇ|

ਯਾਦਾਂ ਦਾ ਇੱਕ ਛੰਬ ਮਤੀਲਾ
ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ
ਆ ਕੋਈ ਢੇਰ ਲਤੀੜੇ ਵੇ|

ਬੰਨ੍ਹ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ|
ਐਸਾ ਸਰਦ ਭਰਾਂ ਇੱਕ ਹਾਉਕਾ
ਟੁੱਟ ਜਾਵਣ ਮੇਰੇ ਬੀੜੇ ਵੇ|

ਇਓਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ|
ਜਿਓਂ ਗਿਰਝਾਂ ਦਾ ਝੁੰਡ ਕੋਈ
ਮੋਇਆ ਕਰੰਗ ਧਰੀੜੇ ਵੇ|

ਲਾਲ ਬਿੰਬ ਹੋਠਾਂ ਦੀ ਜੋੜੀ
ਘੋਲ ਵਸਾਰਾ ਪੀਵੇ ਵੇ|
ਬੱਬਰੀਆ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ|

ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜੋਂ ਸੁੱਕ ਜਾਏ ਵੇ|
ਡਾਰ ਸ਼ੰਕ ਦੇ ਟੋਟਰੂਆਂ ਦੀ
ਗੋਲ੍ਹਾਂ ਬਾਝ ਮਰੀਏ ਵੇ|

ਮੇਰੇ ਦਿਲ ਦੀ ਹਰ ਇੱਕ ਹਸਰਤ
ਬਨਵਾਸੀਂ ਟੁਰ ਜਾਏ ਵੇ|
ਨਿੱਤ ਕੋਈ ਨਾਗ਼ ਗਮਾਂ ਦਾ
ਮੇਰੀ ਹਿਕ ਤੇ ਕੰਜ ਲਹਾਏ ਵੇ|

ਬਝੇ ਚੌਲ ਉਮਰ ਦੀ ਗੰਢੀ
ਸਾਹਵਾਂ ਦੇ ਡੁੱਲ ਜਾਵਣ ਵੇ|
ਚਾੜ੍ਹ ਗ਼ਮਾਂ ਦੇ ਛਜੀਂ ਕਿਸਮਤ
ਰੋ ਰੋ ਰੋਜ਼ ਛੱਟੀਏ ਵੇ|

ਐਸੀ ਪੀੜ ਰਚੀ ਮੇਰੇ ਹੱਡੀਂ
ਹੋ ਜਾਂ ਝੱਲ ਵਲੱਲੀ ਵੇ|
ਤਾਂ ਕੱਕਰਾਂ ’ਚੋਂ ਭਾਲਣ ਦੀ
ਮੈਨੂੰ ਪਏ ਜਾਏ ਛਾਤ ਅਵੱਲੀ ਵੇ|

ਭਾਸਣ ਰਾਤ ਦੀ ਹਿੱਕ ਤੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ|
ਦੱਸੇ ਬੱਦਲੀ ਦੀ ਟੁਕੜੀ
ਜਿਓਂ ਜ਼ਖਮੋਂ ਪੀਕ ਉਧੱਲੀ ਵੇ|

ਸੱਜਣਾ ਤੇਰਿ ਭਾਲ ’ਚ ਅੜਿਆ
ਇਓਂ ਕਰ ਉਮਰ ਵੰਝਾਵਾਂ ਵੇ|
ਜਿਓਂ ਕੋਈ ਵਿਚ ਪਹਾੜਾਂ ਕਿਧਰੇ
ਵੱਗੇ ਕੂਲ੍ਹ ਇੱਕਲੀ ਵੇ|

ਮੰਗਾਂ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿੱਖਿਆ ਵੇ|
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ|

ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ|

ਲੱਖ ਕੁ ਹੰਝੂ ਮੁੱਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ|
ਜਿਓਂ ਜਿਓਂ ਕਰਾਂ ਉਮਰ ’ਚੋਂ ਮਨਫ਼ੀ
ਤਿਓਂ ਤਿਓਂ ਵਧਦੀ ਜਾਏ ਵੇ|

ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ
ਵਧਦੀਆਂ ਜਾਣ ਉਜਾੜਾਂ ਵੇ|
ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ|

ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆਂ ਪਰ ਸਜਣਾ ਵੇ|
ਪਿਆਰ ਅਸਾਡੇ ਦੀ ਕਥਾ ਸੁੱਚੜੀ
ਆਲਮ ਕੁੱਲ ਸੁਣਾਏ ਵੇ|

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar