ਨਸੀਬੋ ਨੇ ਮਾਲਕਣ ਵੱਲੋਂ ਦਿੱਤੇ ਪੈਸਿਆਂ ਨੂੰ ਇਕ ਵਾਰ ਫੇਰ ਗਿਣਿਆ ਤੇ ਬੋਲੀ, “ ਚਾਰ ਸੌ ਦੀ ਥਾਂ ਸਿਰਫ ਤਿੰਨ ਸੌ ਚਾਲ੍ਹੀ…ਬੀਬੀ ਜੀ ਪੈਸੇ ਘੱਟ ਕਿਉਂ ਦੇ ਰਹੇ ਹੋ? ਮੈਂ ਤਾਂ ਪੂਰਾ ਮਹੀਨਾ ਕੰਮ ਕੀਤੈ…ਬਮਾਰ-ਛਮਾਰ ਹੋ ਜਾਏ ਤਾਂ ਉਹ ਵੱਸ ਦੀ ਗੱਲ ਨਹੀਂ ਨਾ…ਐਵੇਂ ਨਾ ਕਰੋ…ਮੈਂ ਕੁੜੀ ਦਾ ਦਾਖਲਾ ਭਰਨੈ…।”
“ਦੇਖ ਨਸੀਬੋ, ਹਿਸਾਬ ਕਿਤਾਬ ਮਾਵਾਂ-ਧੀਆਂ ਦਾ…ਤੇਰੇ ਘਰ ਨਾਲ ਮੈਨੂੰ ਕੋਈ ਮਤਲਬ ਨਹੀਂ, ਨਾਗੇ ਤੇ ਅੱਧੀਆਂ ਦਿਹਾੜੀਆਂ ਕੱਟ ਕੇ ਐਨੇ ਹੀ ਪੈਸੇ ਬਣਦੇ ਨੇ…।”
“ਚੰਗਾ ਬੀਬੀ ਜੀ, ਤੁਹਾਡੀ ਮਰਜੀ।” ਕਹਿੰਦਿਆਂ ਨਸੀਬੋ ਨੇ ਇਕ ਹਉਕਾ ਭਰਿਆ ਤੇ ਲੀੜੇ ਪੱਲੇ ਪੈਸੇ ਬੰਨ੍ਹ ਘਰ ਨੂੰ ਤੁਰ ਪਈ।
ਘਰ ਦੀ ਮਾਲਕਣ ਨੇ ਘਰ ਦੇ ਹਰ ਜੀਅ ਨੂੰ ਬੜੇ ਫ਼ਖਰ ਨਾਲ ਨੌਕਰਾਣੀ ਦੇ ਪੈਸੇ ਕੱਟਣ ਦੀ ਗੱਲ ਦੱਸੀ। ਸਭ ਖੁਸ਼ ਸਨ ਕਿ ਹੁਣ ਅੱਗੇ ਤੋਂ ਨੌਕਰਾਣੀ ਨੂੰ ਨਾਗੇ ਕਰਨ ਦਾ ਹੌਂਸਲਾ ਨਹੀਂ ਪਏਗਾ।
ਦੋ ਕੁ ਦਿਨਾਂ ਬਾਅਦ ਘਰ ਵਿਚ ਹੋ ਰਹੀ ਕਿੱਟੀ ਪਾਰਟੀ ਤੇ ਘਰ ਦੀ ਮਾਲਕਣ ਨੇ ਨਸੀਬੋ ਨੂੰ ਰੁਕਣ ਲਈ ਕਿਹਾ ਤਾਂ ਉਹ ਰੁਕ ਗਈ। ਸਾਰਾ ਕੰਮ ਨਿਪਟਾ ਕੇ ਤੁਰਨ ਲੱਗਿਆਂ ਨਸੀਬੋ ਨੇ ਮਾਲਕਣ ਨੂੰ ਕਿਹਾ, “ਲਿਆਓ ਬੀਬੀ ਜੀ, ਓਵਰਟੈਮ ਦੇ ਪੈਸੇ।”
“ਕਿਹੜਾ ਓਵਰਟਾਈਮ?” ਮਾਲਕਣ ਤਮਕ ਕੇ ਬੋਲੀ।
“ਦੇਖੋ ਬੀਬੀ ਜੀ, ਚਾਰ ਜੀਆਂ ਦੇ ਕੱਪੜੇ, ਭਾਂਡੇ ਤੇ ਸਫਾਈਆਂ ਬਦਲੇ ਚਾਰ ਸੌ ਦੀ ਗੱਲ ਹੋਈ ਏ। ਅੱਜ ਪਾਰਟੀ ਵਿਚ ਵੀਹ ਬੀਬੀਆਂ ਆਈਆਂ ਸਨ ਤੇ ਜੂਠੇ ਭਾਂਡਿਆਂ ਦਾ ਢੇਰ ਸਾਫ ਕੀਤੈ। ਕਮਰਿਆਂ ਨੂੰ ਦੁਬਾਰਾ ਸਾਫ ਕੀਤੈ। ਮਿਹਨਤਾਨੇ ਦੇ ਤੀਹ ਰੁਪਏ ਬਣਦੇ ਨੇ। ਜੇਕਰ ਮੇਰੇ ਨਾ ਆਉਣ ਤੇ ਤੁਸੀਂ ਪੈਸੇ ਕੱਟ ਸਕਦੇ ਓ ਤਾਂ ਵਾਧੂ ਕੰਮ ਮੈਂ ਮੁਫਤ ’ਚ ਕਿਉਂ ਕਰਾਂ? ਅੱਗੋਂ ਵੀ ਜੇਕਰ ਮਹਿਮਾਨ ਆਉਣਗੇ ਤਾਂ ਇੰਜ ਈ ਵੱਖਰੇ ਪੈਸੇ ਲਵਾਂਗੀ। ਮੰਜੂਰ ਏ ਤਾਂ ਕੱਲ੍ਹ ਤੋਂ ਕੰਮ ਤੇ ਆਵਾਂਗੀ, ਨਹੀਂ ਤਾਂ ਹੋਰ ਬੰਦੋਬਸਤ ਕਰ ਲਓ।”
ਘਰ ਦੀ ਮਾਲਕਣ ਪਰੇਸ਼ਾਨ ਹੋ ਉੱਠੀ। ਪਹਿਲਾਂ ਹੀ ਬੜੀ ਖੁਆਰੀ ਪਿੱਛੋਂ ਇਹ ਨੌਕਰਾਣੀ ਮਿਲੀ ਸੀ, ਜੇਕਰ ਕੰਮ ਤੇ ਨਾ ਆਈ ਤਾਂ ਇਹਨੂੰ ਹੋਰ ਘਰਾਂ ਵਾਲੇ ਰੱਖਣ ਨੂੰ ਤਿਆਰ ਹੋ ਜਾਣਗੇ। ਉਹਨੇ ਪਰਸ ਵਿਚੋਂ ਸੌ ਦਾ ਨੋਟ ਕੱਢਿਆ ਤੇ ਨਸੀਬੋ ਵੱਲ ਵਧਾਉਂਦਿਆ ਕਿਹਾ, “ਪਿਛਲੇ ਮਹੀਨੇ ਦੇ ਬਾਕੀ ਦੇ ਤੇ ਅੱਜ ਦੇ, ਆਹ ਲੈ ਸੌ ਰੁਪਈਏ। ਹੁਣ ਤਾਂ ਖੁਸ਼ ਏਂ?”
–ਹਰਭਜਨ ਖੇਮਕਰਨੀ