ਹੁਣ ਤਕ ਤਾਂ ਬੇਸ਼ਕ ਬੈਂਕ ਵਿਚ ਕਾਫੀ ਭੀੜ ਹੋ ਗਈ ਸੀ, ਪਰ ਜਦੋਂ ਬੰਸੋ ਬੁੱਢੀ ਆਈ ਸੀ ਉਦੋਂ ਤਾਂ ਸੋਫਾ ਖਾਲੀ ਪਿਆ ਸੀ। ਸੋਫਾ ਖਾਲੀ ਪਿਆ ਹੋਣ ਦੇ ਬਾਵਜੂਦ ਵੀ ਉਹ ਬਰਫ ਵਰਗੇ ਠੰਡੇ ਫਰਸ਼ ਉੱਤੇ ਹੀ ਬੈਠ ਗਈ ਸੀ, ਇਹ ਸੋਚ ਕੇ ਕਿ ਕਿਤੇ ਬੈਂਕ ਵਾਲੇ ਹੋਰ ਵੀ ਨਾਰਾਜ਼ ਨਾ ਹੋ ਜਾਣ। ਪਿਛਲੇ ਦੋ ਹਫਤਿਆਂ ਵਿਚ ਇਹ ਉਸ ਦਾ ਤੀਜਾ ਗੇੜਾ ਸੀ। ਪਿਛਲੇ ਦੋ ਮਹੀਨੇ ਤਾਂ ਉਹ ਸੌ-ਸੌ ਦੇ ਦੋ-ਦੋ ਨਵੇਂ ਨਕੋਰ ਨੋਟ ਇਕ ਮੈਲੇ-ਕੁਚੈਲੇ ਤੇ ਪੁਰਾਣੇ ਜਿਹੇ ਰੁਮਾਲ ਵਿੱਚ ਘੁੱਟ ਕੇ ਬੰਨ੍ਹ, ਚੰਗੀ ਤਰ੍ਹਾਂ ਗੀਜੇ ਵਿਚ ਪਾ-ਸੰਭਾਲ ਕੇ ‘ਛਾਲਾਂ’ ਮਾਰਦੀ ਪਿੰਡ ਆ ਜਾਇਆ ਕਰਦੀ ਸੀ।
ਬੰਸੋ ਬੁੱਢੀ ਦਾ ਅੱਗਾ ਨਾ ਪਿੱਛਾ। ਦੋ ਸੌ ਰੁਪਿਆ ਤਾਂ ਖਾਧਿਆਂ-ਪੀਤਿਆਂ ਨਹੀਂ ਸੀ ਮੁਕਦਾ।
‘ਬੇਬੇ ਤੇਰੀ ਪੈਨਸ਼ਨ ਲੁਆਤੀ। ਬੋਟ ਹੁਣ ਸਾਨੂੰ ਪਾਈਂ’ ਮਾਨਾਂ ਦੀ ਪੱਤੀ ਵਾਲਾ ਛਿੰਦਾ ਵੋਟਾਂ ਵਾਲਾ ਨਿਸ਼ਾਨ ਵੀ ਦੱਸ ਗਿਆ ਸੀ। ਫੋਟੋ ਕਰਵਾ ਕੇ ਉਸੇ ਨੇ ਹੀ ਬੈਂਕ ਦੀ ਕਾਪੀ ਬਣਵਾ ਕੇ ਦਿੱਤੀ ਸੀ। ਪਹਿਲੀ ਵਾਰੀ ਬੰਸੋ ਦੇ ਨਾਲ ਬੈਂਕ ਵੀ ਉਹੋ ਹੀ ਆਇਆ ਸੀ। ਪੈਨਸ਼ਨ ਲੈਣ ਦੋ ਵਾਰੀ ਡਿਗਦੀ-ਢਹਿੰਦੀ, ਪੁੱਛਦੀ-ਪੁਛਾਂਦੀ ਉਹ ਆਪ ਹੀ ਆ ਗਈ ਸੀ। ਪੈਨਸ਼ਨ ਤਾਂ ਪਿੰਡ ਦੇ ਹੋਰ ਵੀ ਬੰਦੇ-ਬੁੜ੍ਹੀਆਂ ਨੂੰ ਲੱਗੀ ਸੀ, ਪਰ ਨਿਮਾਣੀ-ਨਿਤਾਣੀ ਬੰਸੋ ਨੂੰ ਨਾਲ ਲੈ ਕੇ ਨਹੀਂ ਸੀ ਆਉਂਦਾ ਕੋਈ।
ਪਹਿਲੇ ਦੋ ਮਹੀਨੇ ਆਰਾਮ ਨਾਲ ਮਿਲਦੇ ਰਹੇ ਸਨ ਪੈਸੇ। ਇਸ ਮਹੀਨੇ ਕੀ ਚੱਕਰ ਪੈ ਗਿਆ ਸੀ? ਬੰਸੋ ਬੁੱਢੀ ਦੀ ਸਮਝ ਵਿਚ ਨਹੀਂ ਸੀ ਆਉਂਦਾ। ਇਕ ਵਾਰੀ ਤਾਂ ਬੈਂਕ ਦੇ ਬਾਬੂ ਨੇ ਜ਼ਰਾ ਆਰਾਮ ਨਾਲ ਕਿਹਾ ਸੀ, “ਅਜੇ ਥੋਡੀ ਪੈਨਸ਼ਨ ਦੇ ਪੈਸੇ ਨਹੀਂ ਆਏ ਮਾਈ, ਫੇਰ ਕਿਤੇ ਆ ਕੇ ਕਰ ਲੀਂ ਪਤਾ।”, ਪਰ ਦੂਜੀ ਵਾਰੀ ਤਾਂ ਟੁੱਟ ਕੇ ਹੀ ਪੈ ਗਿਆ ਸੀ, “ਸਿਰ ਕਿਉਂ ਖਾਈ ਜਾਨੀਂ ਐਂ? ਸੋਮਵਾਰ ਆਈਂ ਪਤਾ ਕਰਨ।”
“ਪੁੱਤ, ਸੋਮਵਾਰ ਕਿੰਨੇ ਦਿਨਾਂ ਨੂੰ ਆਊ?”
“ਐਤਵਾਰ ਤੋਂ ਅਗਲੇ ਦਿਨ।” ਤੇ ਬਾਬੂ ਬੰਸੋ ਬੁੱਢੀ ਨੂੰ ਹੋਰ ਚੱਕਰ ਵਿਚ ਪਾ ਕੇ ਆਪਣੇ ਕੰਮ ਵਿਚ ਰੁਝ ਗਿਆ ਸੀ।
ਅੱਜ ਵੀ ਦੁਬਲੇ-ਪਤਲੇ ਕਮਜ਼ੋਰ ਚਿਹਰੇ, ਅੰਦਰ ਨੂੰ ਧਸੀਆਂ ਨਿਰਜੋਤ ਜਿਹੀਆਂ ਅੱਖਾਂ ਉੱਤੇ ਮੈਲੇ ਸ਼ੀਸ਼ਿਆਂ ਵਾਲੀ ਐਨਕ ਲਾਈ ਕੰਬਦੇ ਹੱਥਾਂ ਵਿਚ ਪੈਨਸ਼ਨ ਵਾਲੀ ਕਾਪੀ ਲੈ ਕੇ ਉਹ ਕਿੰਨੇ ਚਿਰ ਤੋਂ ਕਾਉਂਟਰ ਤੇ ਕੂਹਣੀਆਂ ਟਿਕਾਈ ਖੜੀ ਸੀ। ਪਰ ਉਸਦੀ ਕਿਸੇ ਨੇ ਬਾਤ ਨਹੀਂ ਸੀ ਪੁੱਛੀ। ਬੇਸ਼ਕ ਗਾਹਕਾਂ ਦੀ ਭੀੜ ਹੋ ਜਾਣ ਤੋਂ ਪਹਿਲਾਂ ਉਹ ਕਿੰਨੇ ਹੀ ਵਾਰੀ ਵਿੰਗਾ ਜਿਹਾ ਮੂੰਹ ਕਰਕੇ ਫਰਿਆਦ ਕਰ ਚੁੱਕੀ ਸੀ, “ਵੇ ਪੁੱਤ, ਦੇਖੀਂ ਮੇਰੀ ਪਿਲਸਨ ਆ ਗਈ?”
ਆਖਿਰ ਘੰਟਾ ਭਰ ਖੜੀ ਰਹਿਣ ਤੋਂ ਬਾਅਦ ਗੰਨਮੈਨ ਨੇ ਝਿੜਕ ਦਿੱਤਾ ਸੀ–“ਮਾਈ, ਹੈਥੇ ਬਹਿਜਾ ’ਰਾਮ ਨਾਲ। ਅਸੀਂ ਆਪੇ ਦੇਖ ਕੇ ਦੱਸ ਦਿਆਂਗੇ।”
ਦੋ-ਢਾਈ ਵਜੇ ਬੋਂਕ ਦਾ ਅਮਲਾ-ਫੈਲਾ ਜਦੋਂ ਰੋਟੀ ਖਾਣ ਲਈ ਉੱਠਿਆ ਤਾਂ ਠੰਡ ਅਤੇ ਭੁੱਖ ਨਾਲ ਅੱਧਮੋਈ ਜਿਹੀ ਹਾਲਤ ਵਿਚ ਅਜੇ ਵੀ ਪੈਨਸ਼ਨ ਵਾਲੀ ਕਾਪੀ ਹੱਥ ਵਿਚ ਫੜੀ ਬੈਠੀ ਬੰਸੋ ਨੂੰ ਦੇਖ ਕੇ, ਇਕ ਮੁਲਾਜ਼ਮ ਨੇ ਤਰਸ ਖਾ ਉਸਦੇ ਨੇੜੇ ਜਾ ਉੱਚੀ ਬੋਲ ਕੇ ਸਮਝਾਉਣਾ ਚਾਹਿਆ, “ਤੇਰੀ ਪੈਨਸ਼ਨ ਬੰਦ ਹੋ ਗਈ।”
ਬੁੱਢੀ ਸੋਟੀ ਦੇ ਸਹਾਰੇ ਕਾਫੀ ਸਾਰਾ ਵਕਤ ਲਾ ਕੇ ਉੱਠ ਖੜੀ ਹੋਈ। ਦੋ-ਤਿੰਨ ਵਾਰੀ ਮੁਲਾਜ਼ਮ ਦੇ ਮੂੰਹੋਂ ਉਹੀ ਸ਼ਬਦ ਸੁਣ ਕੇ ਉਹ ਡੱਡੋਲਿਕੀ ਹੋ ਕੇ ਮੱਧਮ ਆਵਾਜ਼ ਵਿਚ ਬੋਲੀ, “ਕਿਉਂ ਪੁੱਤ?”
“ਮਾਤਾ, ਸਰਕਾਰ ਬਦਲ ਗਈ ਐ।” ਮੁਲਾਜ਼ਮ ਨੇ ਕਿਹਾ ਤੇ ਰੋਟੀ ਖਾਣ ਚਲਾ ਗਿਆ।
–ਬਿਕਰਮਜੀਤ ਨੂਰ