ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਮਨ-ਮੰਦਰ

ਮਨ-ਮੰਦਰ

ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ।
ਹਸ ਹਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ।

ਤਕ ਤਕ ਨੀ ਔਹ ਨੀਮ-ਉਨਾਭੀ ਧੂੜਾਂ,
ਆ ਉਹਨਾਂ ਵਿੱਚ ਨੂਰ ਨੂਰ ਹੋ ਰਲੀਏ।

ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ,
ਜਿਉਂ ਸ਼ਣਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ।

ਫਰ ਫਰ ਵਗਣ ਹਵਾਵਾਂ ਮਲ ਖੁਸ਼ਬੋਈਆਂ,
ਆ ਇਹਨਾਂ ਸੰਗ ਦੂਰ ਕਿਤੇ ਟੁਰ ਚੱਲੀਏ।

ਔਹ ਵੇਖ ਨੀ! ਬੱਦਲੀ ਲਾਲ ਬਿੰਬ ਜਿਹੀ ਉੱਡਦੀ।
ਜਿਉਂ ਦੂਹਰਾ ਘੁੰਡ ਕੋਈ ਕੱਢ ਪੰਜਾਬਣ ਆਈ।

ਔਹ ਵੇਖ ਨੀ ਕਾਹੀਆਂ ਕੱਢ ਲਏ ਬੁੰਬਲ ਲੈਰੇ,
ਹਾਏ ਵੇਖ ਸਾਉਣ ਦੀਆਂ ਝੜੀਆਂ ਧਰਤ ਨੁਹਾਈ।

ਹਰ ਧੜਕਣ ਬਣ ਮਰਦੰਗ ਹੈ ਡਗ-ਡਗ ਮੱਚਦੀ,
ਹਰ ਸਾਹ ਵਿੱਚ ਵੱਜਦੀ ਜਾਪੇ ਨੀ ਸ਼ਹਿਨਾਈ।

ਅੱਜ ਫੇਰੇ ਕੀ ਕੋਈ ਅੜੀਏ ਮਨ ਦੇ ਮਣਕੇ।
ਅੱਜ ਪ੍ਰਭੱਤਾ ਦੇ ਮਨ ਦੀ ਹੈ ਟੇਕ ਗੁਆਚੀ।

ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾਂਡਵ,
ਅੱਜ ਭਾਰ ਜਿਹਾ ਦਿਸਦੀ ਹੈ ਪਾਕ ਹਯਾਤੀ।

ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਹਣੀ,
ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ ਛਾਤੀ।

ਅੱਜ ਰੋਟੀ ਹੈ ਬਸ ਜੱਗ ਦਾ ਇਸ਼ਟ ਮੁਨਾਰਾ,
ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ।

ਮੈਂ ਆਪੇ ਆਪਣੀ ਡੋਬ ਲੈਣੀ ਹੈ ਬੇੜੀ,
ਮੈਨੂੰ ਜਚਦੇ ਨਹੀਂ ਨੀ ਅੜੀਏ ਹੁਸਨ ਕਿਨਾਰੇ।

ਮੇਰੇ ਰਥ ਤਾਂ ਉੱਡ ਸਕਦੇ ਸਨ ਤਾਰਾ-ਗਣ ਵਿੱਚ,
ਪਰ ਕੀ ਕਰਨੇ ਸਨ ਅੜੀਏ ਮੈਂ ਇਹ ਤਾਰੇ।

ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ,
ਨਹੀਂ ਹੋ ਸਕਦੇ ਨੀ ਰੰਗਪੁਰ ਕਦੇ ਹਜ਼ਾਰੇ।

ਤਕ ਪ੍ਰੀਤ ‘ਚ ਚਕਵੀ ਆਪੇ ਹੋ ਗਈ ਬੌਰੀ,
ਕਿਸੇ ਚੰਨ ਭੁਲੇਖੇ ਫੱਕਦੀ ਪਈ ਅੰਗਿਆਰੇ।

ਜੀਣ ਜੀਣ ਕੋਈ ਆਖਰ ਕਦ ਤੱਕ ਲੋੜੇ।
ਮੌਤ ਮੌਤ ਵਿੱਚ ਵਟ ਜਾਵਣ ਜਾਦ ਚਾਹਾਂ।

ਡੋਲ੍ਹ ਡੋਲ੍ਹ ਮੈਂ ਚੱਟਾਂ ਕਦ ਤੱਕ ਹੰਝੂ,
ਖੋਰ ਖੋਰ ਕੇ ਪੀਵਾਂ ਕਦ ਤੱਕ ਆਹਾਂ।

ਸਾਥ ਵੀ ਦੇਂਦਾ ਕਦ ਤੱਕ ਮੇਰਾ ਸਾਥੀ,
ਅੱਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ।

ਇਸ਼ਕ ਦੇ ਵਣਜੋਂ ਕੀ ਕੁਝ ਖੱਟਿਆ ਜਿੰਦੇ?
ਦੋ ਤੱਤੀਆਂ, ਦੋ ਠੰਡੀਆਂ ਠੰਡੀਆਂ ਸਾਹਵਾਂ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar