ਮਾਟੀ ਕਦਮ ਕਰੇਂਦੀ ਯਾਰ
ਮਾਟੀ ਕਦਮ ਕਰੇਂਦੀ ਯਾਰ
ਮਾਟੀ ਜਵਾੜਾ, ਮਾਟੀ ਘੋੜਾ
ਮਾਟੀ ਦਾ ਅਸਵਾਰ
ਮਾਟੀ ਮਾਟੀ ਨੂੰ ਦੋੜਾਏ
ਮਾਟੀ ਦਾ ਖੜਕਾਰ
ਮਾਟੀ ਕਦਮ ਕਰੇਂਦੀ ਯਾਰ
ਮਾਟੀ ਮਾਟੀ ਨੂੰ ਮਾਰਨ ਲੱਗੀ
ਮਾਟੀ ਦੇ ਹਥਿਆਰ
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਹੰਕਾਰ
ਮਾਟੀ ਕਦਮ ਕਰੇਂਦੀ ਯਾਰ
ਮਾਟੀ ਬਾਗ਼ ਬਗ਼ੀਚਾ ਮਾਟੀ
ਮਾਟੀ ਦੀ ਗੁਲਜ਼ਾਰ
ਮਾਟੀ ਮਾਟੀ ਨੂੰ ਵੇਖਣ ਆਈ
ਮਾਟੀ ਦੀ ਏ ਬਹਾਰ
ਮਾਟੀ ਕਦਮ ਕਰੇਂਦੀ ਯਾਰ
ਹੱਸ ਖੇਡ ਮੁੜ ਮਾਟੀ ਹੋਈ
ਮਾਟੀ ਪਾਉਂ ਪਸਾਰ
ਬੁਲ੍ਹਾ ਇਹ ਬੁਝਾਰਤ ਬੁਝੇਂ
ਲਾਹ ਸਿਰੀਂ ਭੋਏਂ ਮਾਰ
ਔਖੇ ਲਫ਼ਜ਼ਾਂ ਦੇ ਮਾਅਨੇ
ਮਾਟੀ। ਮਿੱਟੀ
ਕਦਮ ਕਰੇਂਦੀ। ਅੱਗੇ ਵਧਦੀ, ਪੇਸ਼ ਕਦਮੀ ਕਰਦੀ, ਧਾਵਾ ਬੋਲਦੀ
ਖੜਕਾਰ। ਰੌਲਾ, ਤੂਫ਼ਾਨ
ਹੰਕਾਰ। ਗ਼ਰੂਰ, ਮਾਣ
ਪਾਉਂ ਪਸਾਰ। ਪੈਰ ਲੰਮੇ ਕਰ ਕੇ