ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ।
ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ।
ਰੱਜ ਦੁਆਈੰ ਦਿੱਤੀਆਂ, ਸੋਹਣੇ ਪਰਵਾਰ।
ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ।
ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ। 5 ।
ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ।
ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ।
ਐਸਾ ਮਿਰਜ਼ਾ ਸੂਰਮਾ, ਖਰਲਾਂ ਦਾ ਸਰਦਾਰ।
ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ।
ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ। 10 ।
ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਇ।
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ।
ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ।
ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ।
ਤੇਲ ਭੁਲਾਵੇ ਭੁੱਲਾ ਬਾਣੀਆ, ਦਿੱਤਾ ਸ਼ਹਿਤ ਉੱਲਟ। 15 ।
ਵਣਜ ਗਵਾ ਲੈ ਬਾਣੀਆਂ, ਬਲਦ ਗਵਾ ਲੈ ਜੱਟ।
ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ।
ਮਿਰਜ਼ੇ ਸਾਹਿਬਾਂ ਦੀ ਦੋਸਤੀ, ਰਹੂ ਵਿੱਚ ਜਗਤ।
ਘਰ ਤੋਂ ਸਾਹਿਬਾਂ ਟੁਰ ਪਈ, ਕਰ ਕੇ ਪੜ੍ਹਨ ਦੀ ਨੀਤ।
ਕਾਜ਼ੀ ਸਾਡਾ ਮਰ ਗਿਆ, ਸੁੰਨੀ ਪਈ ਮਸੀਤ। 20 ।
ਤੂੰ ਸੁਣ ਕਰਮੂੰ ਬਾਹਮਣਾ, ਕਦੀ ਨਾ ਆਇਓਂ ਕਾਮ।
ਘੋੜੀ ਦਿਆਂ ਤੇਰੇ ਚੜ੍ਹਨ ਨੂੰ ਕਾਠੀ ਸਣੇ ਲਗਾਮ।
ਹੱਥ ਦੀਆਂ ਦੇ ਦਿਆਂ ਚੂੜੀਆਂ, ਸੋਨਾ ਕਰਦੀ ਦਾਨ।
ਝੋਟੀ ਦਿਆਂ ਦੁੱਧ ਪੀਣ ਨੂੰ, ਹਲ ਦੀ ਜ਼ਿਮੀਂ ਇਨਾਮ।
ਜਬ ਲੱਗ ਜੀਵੇ ਸਾਹਿਬਾਂ, ਰੱਖੇ ਤੇਰਾ ਇਹਸਾਨ। 25 ।
ਚੌਥੇ ਨੂੰ ਚੰਧੜ ਵਿਆਹ ਲਿਜਾਣਗੇ, ਫਿਰ ਕੀ ਕਰੇਂਗਾ ਆਣ।
ਅੱਗੋਂ ਕਰਮੂੰ ਬੋਲਦਾ, ਸੱਚੀ ਦਿਆਂ ਸੁਣਾ।
ਚਾਲ੍ਹੀ ਕੋਹਾਂ ਦਾ ਪੈਂਡਾ ਹੈ, ਕੌਣ ਆਵੇ, ਕੌਣ ਜਾ।
ਘਰ ਮਿਰਜ਼ੇ ਦੇ ਹੋਰ ਇਸਤਰੀ, ਸੁਣੀਂਦੀ ਬੁਰੀ ਬਲਾ।
ਸੌਕਣ ਉੱਤੇ ਸੌਕਣ ਪਏ, ਲੇਵੇ ਅੱਧ ਵੰਡਾ। 30 ।
ਛੱਡ ਦੇ ਪੁਰਾਣੀ ਜੱਟ ਦੀ ਦੋਸਤੀ, ਨਵੀਂ ਕਰਮੂੰ ਵੱਲ ਲਾ।
ਘਰ ਵਿੱਚ ਲਾ ਲੈ ਦੋਸਤੀ, ਬਹਿ ਕੇ ਇਸ਼ਕ ਕਮਾ।
ਅੱਗੋਂ ਸਾਹਿਬਾਂ ਬੋਲਦੀ, ਤੇਰੇ ਮੂੰਹ ਵਿੱਚ ਸੁਆਹ।
ਮਾਰਾਂ ਚਪੇੜ ਤੇਰੇ ਗ਼ਜ਼ਬ ਦੀ, ਦਿਆਂ ਅਕਲ ਗਵਾ।
ਖ਼ਬਰ ਹੋ ਜਾਏ ਮੇਰੇ ਬਾਪ ਨੂੰ, ਤੈਨੂੰ ਸ਼ਹਿਰੋਂ ਦੇਇ ਉਜਾੜ। 35 ।
ਤੇ ਖ਼ਬਰ ਹੋ ਜਾਏ ਵੀਰ ਸ਼ਮੀਰ ਨੂੰ, ਤੈਨੂੰ ਕਰਹਿ ਮਾਰ।
ਜੇ ਖ਼ਬਰ ਹੋ ਜਾਏ ਪਿੰਡ ਦੇ ਮੁੰਡਿਆਂ, ਕਰਨ ਢੀਮਾਂ ਦੀ ਮਾਰ।
ਭਲਕੇ ਸਰਾਧ ਦਾਦਾ ਆਉਣਗੇ, ਨਿਉਂਦੇ ਖਾਣ ਤੇ ਜਾ।
ਲਗਨੀ ਆਂ ਮੈਂ ਤੇਰੀ ਪੋਤਰੀ, ਬਹਿ ਗਿਆਂ ਰੰਨ ਬਣਾ।
ਲੱਗੂ ਕਚਹਿਰੀ ਖੀਵੇ ਬਾਪ ਦੀ, ਤੈਨੂੰ ਬੰਨ੍ਹ ਕੇ ਲਊਂ ਮੰਗਾ। 40 ।
ਇਹ ਗੁਨਾਹ ਮੇਰਾ ਬਖ਼ਸ਼ ਲੈ, ਸਾਹਿਬਾਂ ਜਿੱਥੇ ਘੱਲੇਂ ਓਥੇ ਜਾ।
ਡੋਰਾ ਲੱਗਾ ਅਫ਼ੀਮ ਦਾ, ਸਾਡੀ ਅਕਲ ਟਿਕਾਣੇ ਨਾਹ।
ਮੈਂ ਤੇ ਭੋਲਾ ਗ਼ਰੀਬ ਹਾਂ, ਮੇਰੀ ਰੱਖ ਧੌਲਿਆਂ ਦੀ ਲਾਜ।
ਬੜੀ ਰਾਤੋਂ ਉੱਠ ਕੇ, ਟੁਰ ਪਵਾਂ ਖਰਲਾਂ ਦੀ ਰਾਹ।
ਸਿਆਲਾਂ ਤੋਂ ਬਾਹਮਣ ਟੁਰ ਪਿਆ, ਪਿਆ ਖਰਲਾਂ ਦੀ ਰਾਹ। 45 ।
ਕੋਲ ਮਿਰਜ਼ੇ ਦੇ ਆ ਕੇ, ਦੱਸ ਦਿੱਤੀ ਸਾਹੇ ਦੀ ਪਾ।
ਮਹਿੰਦੀ ਸਾਹਿਬਾਂ ਦੇ ਵਿਆਹ ਦੀ, ਚਲ ਕੇ ਹੱਥੀਂ ਆਪਣੇ ਲਾ।
ਭੇਜਿਆ ਸਾਹਿਬਾਂ ਦਾ ਆ ਗਿਆਂ, ਛੇਤੀ ਹੋ ਤਿਆਰ।
ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਛਹਿਤੀ ਕਰੇ ਜਵਾਬ।
”ਹਟ ਕੇ ਬੈਠੀਂ ਮਿਰਜ਼ਿਆ, ਘਰ ਵਿੱਚ ਕਰੀਂ ਸਲਾਹ। 50 ।