ਅਤੇ ਪਲੰਘ ‘ਤੇ ਬਹਿ ਕੇ, ਮੇਰਾ ਹੱਥੀਂ ਕਾਜ ਸੰਵਾਰ।
ਭੱਲ ਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬ ਸੰਡੇ ਬਾਰ”।
ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ।
ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ।
ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ। 55 ।
ਕਾਜ-ਵਿਹੂਣਾ ਮੈਂ ਫਿਰਾਂ, ਮੈਨੂੰ ਕੀ ਕਿਸੇ ਦੇ ਕਾਜਾਂ ਨਾਲ।
ਚੜ੍ਹਦੇ ਮਿਰਜ਼ੇ ਖਾਨ ਨੂੰ ਮੱਤਾਂ ਦੇਵੇ ਮਾਂ।
ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ।
ਬੁਰੀਆਂ ਸਿਅਲਾਂ ਦੀਆਂ ਔਰਤਾਂ, ਲੈਂਦੀਆਂ ਜਾਦੂ ਪਾ।
ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ। 60 ।
ਰੰਨ ਦੀ ਖ਼ਾਤਿਰ ਚਲਿਆਂ, ਆਵੇਂ ਜਾਨ ਗੰਵਾ।
ਆਖੇ ਮੇਰੇ ਲੱਗ ਜਾ, ਅੱਗੇ ਪੈਰ ਨਾ ਪਾ।
ਘਰ ਖੀਵੇ ਦੇ ਕਾਜ ਹੈ, ਲਾਗੀ ਭੇਜਿਆ ਮੇਰੇ ਦਾ।
ਘਰ ਮੇਰੇ ਆਣ ਕੇ ਦੱਸ ਦਿੱਤੀ, ਸਾਹੇ ਦੀ ਪਾ।
ਉਹ ਨਾਨਕੇ ਮੈਂ ਦੋਹਿਤਰਾ, ਜਾਂਦੇ ਨੂੰ ਮੋੜ ਨਾ ਪਾ। 65 ।
ਪੰਜ ਰੁਪਏ ਇੱਕ ਪੱਤਰਾ, ਮੈਂ ਨਿਉਂਦਾ ਪਾਊਂਗਾ ਜਾ।
ਮਿਰਜ਼ੇ ਨੇ ਘੋੜੀ ਸ਼ਿੰਗਾਰ ਲਈ, ਆਸਣ ਬੈਠਾ ਜਾ।
ਚੜ੍ਹਦੇ ਦਾ ਪੱਲਾ ਅਟਕਿਆ, ਛੀਂਕ ਸਾਮ੍ਹਣੇ ਆ।
ਮਿਰਜ਼ਾ ਸਿਆਲਾਂ ਨੂੰ ਚੱਲਿਆ, ਖੇੜੇ ਸੀਸ ਨਿਵਾ।
ਕੱਢ ਕਲੇਜਾ ਲੈ ਗਈ, ਖ਼ਾਨ ਖੀਵੇ ਦੀ ਧੀ। 70 ।
ਗਜ਼ ਗਜ਼ ਲੰਮੀਆਂ ਮੀਂਢੀਆਂ, ਰੰਗ ਜੋ ਗੋਰਾ ਸੀ।
ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ।
ਜੇ ਮਾਰੇ ਬਰਛੀ ਕੱਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ।
ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ।
ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਵੰਝਲ ਦੇਂਦਾ ਮੱਤ। 75 ।
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦੱਸ।
ਜਿਸ ਘਰ ਲਾਈ ਦੋਸਤੀ, ਮੂਲ ਨਾ ਘੱਤੇਂ ਲੱਤ।
ਲੱਥੀ ਹੱਥ ਨਾ ਆਂਵਦੀ, ਦਾਨਸ਼ਮੰਦਾਂ ਦੀ ਪੱਤ।
ਸਾਹਿਬਾਂ ਆਈਂ ਨਾ ਛੱਡ ਕੇ, ਸਿਰ ਨਾ ਰਹੂ ਸਾਡੀ ਪੱਤ। 80 ।
ਰਾਜਾ ਝੂਰੇ ਰਾਜ ਨੂੰ, ਬੁਧਿ ਨੂੰ ਝੂਰੇ ਚੋਰ।
ਗੋਰੀ ਝੂਰੇ ਰੂਪ ਨੂੰ, ਪੈਰਾਂ ਝੂਰੇ ਮੋਰ।
ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਮਾਂ ਮੱਤ ਦੇਂਦੀ ਖੜੀ।
ਸੱਪਾਂ ਸ਼ੇਰਾਂ ਦੀ ਦੋਸਤੀ, ਨਾ ਕਰ ਭਾਈ ਅੜੀ।
ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ। 85 ।
ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ।
ਪਰਬਤ ਵੜਦੇ ਟਕਰੇ, ਲੰਘਣ ਕਿਹੜੀ ਗਲੀ।
ਰੋਂਦੀ ਬੀਬੀ ਫ਼ਾਤਿਮਾ, ਕਰ ਕੇ ਬਾਂਹ ਖੜੀ।
ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖ਼ਾਕ ਰਲੀ।
ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀਂ ਜਾ ਵੜੀਂ। 90 ।
ਵਿਆਹੀ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾ।
ਜੇ ਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਲਾਜ।
ਪੁੱਤ ਮਿਰਜ਼ਾ ਨੂੰਹ ਸਾਹਿਬਾਂ, ਸਾਡੀ ਟੁਰਨੀ ਜੱਗ ਵਿਚ ਵਾਰ।
ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਮਾਂ ਮੱਤ ਦੇਂਦੀ ਖੜੀ।
ਯਾਰਾਂ ਚੋਰਾਂ ਵਿੱਚ ਬੈਠ ਕੇ, ਗੱਲ ਨਾ ਕਰੀੲ ਖਰੀ। 95 ।
ਅੱਜ ਦਾ ਵਾਰ ਬਚਾਅ ਲੈ, ਭਲਕੇ ਸਿਆਲੀਂ ਜਾ ਵੜੀਂ।
ਅੱਗੋਂ ਮਿਰਜ਼ਾ ਬੋਲਿਆ, ”ਦੇਵਾਂ ਸੱਚ ਸੁਣਾ।
ਘਰ ਵੰਝਲ ਦੇ ਜੰਮਿਆਂ, ਦਿੱਤੀ ਕੁਲ ਸੰਵਾਰ।
ਸੱਦਿਆ ਸਾਹਿਬਾਂ ਸਿਆਲ, ਕੀਕਰ ਦੇਵਾਂ ਜਵਾਬ।
ਜੀਉਂਦਾ ਰਿਹਾ ਤਾਂ ਆ ਮਿਲਾਂ, ਮੱਤ ਛੋਡੀਓਂ ਆਸ”। 100 ।