ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ।
ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ।
ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੇ ਹੋਰ।
ਘੋੜੇ ਖੀਵੇ ਖ਼ਾਨ ਦੇ ਬੜੇ ਮੁਰਾਤਿਬ ਖੌਰ।
ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ। 155 ।
ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ।
ਕੰਨ ਲੰਮੇ ਖੁਰ ਪਤਲੇ, ਦੁੰਮ ਬੱਕੀ ਦੀ ਸਿਆਹ।
ਦੇਖ ਕੇ ਮੇਰੀ ਟੈਰ ਨੂੰ, ਝੋਰੇ ਚਿਤ ਨਾ ਪਾ।
ਬਾਈ ਡੋਗਰ ਜਿਨ੍ਹਾਂ ਦੇ ਬਹਿਣ ਪੁਆਂਦੀ ਆ।
ਬਾਪ ਦੇ ਖੱਤਿਆਂ ਚਾਰ ਕੇ, ਬੱਕੀ ਨੂੰ ਲਇਆ ਬਣਾ। 160 ।
ਦਸ ਮਹੀਆਂ ਦਾ ਘਿਉ ਦਿੱਤਾ, ਬੱਕੀ ਦੇ ਢਿੱਡ ਪਾ।
ਬੱਕੀ ਤੋਂ ਡਰਨ ਫ਼ਰਿਸ਼ਤੇ, ਮੈਥੋਂ ਡਰੇ ਖ਼ੁਦਾ।
ਚੁੱਭੇ ਵਿੱਚ ਪਤਾਲ, ਉੱਡ ਕੇ ਚੜ੍ਹੇ ਅਕਾਸ਼।
ਚੜ੍ਹਨਾ ਆਪਣੇ ਸ਼ੌਕ ਨੂੰ, ਬੱਕੀ ਨੂੰ ਲਾਜ ਨਾ ਲਾ।
ਬੂਹੇ ਤੇ ਟੰਮਕ ਵੱਜਿਆ, ਸਾਹਿਬਾਂ ਘੱਤੇ ਤੇਲ। 165 ।
ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ।
ਥਾਲੀ ਬਟੂਵਾ ਰਹਿ ਗਿਆ, ਕੁੱਪੇ ਅਤਰ ਫੁਲੇਲ।
ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ।
ਫੀਰੋਜ਼ ਡੋਗਰ ਕੂਕਿਆ, ਸੁਣੀਂ ਖ਼ਾਨ ਖ਼ੀਵੇ ਮੇਰੀ ਬਾਤ।
ਸਾਹਿਬਾਂ ਨੂੰ ਮਿਰਜ਼ਾ ਲੈ ਗਿਆ, ਰੋਂਦੀ ਸੰਡੇ ਦੀ ਬਾਰ। 170 ।
ਲਾ ਗਿਆ ਲਾਜ ਸਿਆਲਾਂ ਨੂੰ, ਗਿਆ ਸੀ ਦਾਗ਼ ਲਗਾ।
ਘੋੜੇ ਪਾਓ ਪਾਖਰਾਂ, ਪੈਦਲ ਹੋ ਜਾਓ ਅਸਵਾਰ।
ਰਸਤੇ ਪਵੋ ਪੈਦਲੋ, ਮੁੱਛ ਮੱਲੋ ਅਸਵਾਰ।
ਸ਼ਾਵਾ ਮਿਰਜ਼ਾ ਮਾਰਨਾ, ਕਰਕੇ ਕੌਲ ਕਰਾਰ।
ਇਸ਼ਕ ਲਿਤਾੜੇ ਆਦਮੀ, ਬਰਫ਼ ਲਿਤਾੜੇ ਰੁੱਖ। 175 ।
ਨੀਂਦ ਨਾ ਆਉਂਦੀ ਚੋਰ ਨੂੰ, ਆਸ਼ਿਕ ਨਾ ਲੱਗੇ ਭੁੱਖ।
ਸਾਹਿਬਾਂ ਮਿਰਜ਼ੇ ਦੀ ਦੋਸਤੀ, ਜੱਗ ਨਾ ਰਹਿਣੀ ਲੁੱਕ।
ਲੈ ਚਲ ਦਾਨਾਬਾਦ ਨੂੰ, ਜਾਨ ਲੁਕਾਵੇ ਮੁੱਖ।
ਜੰਡ ਦੇ ਹੇਠ ਜੱਟਾ! ਸੌਂ ਰਹਿਓਂ, ਉਠ, ਸੁਰਤ ਸੰਭਾਲ।
‘ਬੱਕੀ’ ਤੈਨੂੰ ਛੱਡ ਕੇ ਉੱਠ ਗਈ, ਜਿਸ ਦੇ ਉੱਤੇ ਬੜਾ ਇਤਬਾਰ। 180 ।
ਨਾਰਦ ਛੱਡ ਕੇ ਉੱਠ ਗਿਆ, ਤੇਰਾ ਮੁੱਢ-ਕਦੀਮਾਂ ਦਾ ਯਾਰ।
ਮਾਰਨ ਸਾਹਿਬਾਂ ਨੂੰ ਆ ਗਿਆ, ਜੈਂਦ੍ਹਾ ਕਰਦਾ ਨਾ ਸੀ ਇਤਬਾਰ।
ਮੇਰੇ ਉੱਪਰ ਨਾ ਕੋਈ ਦੀਹਦਾ ਸੂਰਮਾ, ਜਿਹੜਾ ਮੇਰੇ ਪੁਰ ਵਾਰ ਕਰੇ।
ਮਾਰ ਕੋਹਾਂ ਤੇਰੇ ਜਿੰਨੇ ਨੇ ਪਾਸ, ਤੇਰੇ ਵੀਰ ਖੜੇ!
ਝਟ ਕੁ ਝੂਟਾ ਜੰਡ ਹੇਠ ਲੈਣ ਦੇ, ਮੁੜ ਜਿਹੜੀ ਰੱਬ ਕਰੇ। 185 ।
ਅੱਜ ਦੀ ਘੜੀ ਸੌਂ ਲੈਣ ਦੇ, ਦੂਜੀ ਘੜੀ ਵੜਾਂ ਦਾਨਾਬਾਦ।
ਜੰਡ ਦੇ ਹੇਠਾਂ ਜੱਟਾ ਸੌਂ ਰਹਿਓਂ ਲਾਲ ਦੁਸ਼ਾਲਾ ਤਾਣ।
ਵਹੀ ਚਲਾਈਆਂ ਕਾਨੀਆਂ, ਮੌਤ ਨਾ ਦੇਂਦੀ ਜਾਣ।
ਮੱਥੇ ਵਿੱਚ ਕਲਜੋਗਣਾਂ, ਫ਼ਤਹਿ ਨਾ ਦਿੱਤੀ ਹੋਣ।
ਲਿਕੀਆਂ ਡਾਢੇ ਰੱਬ ਦੀਆਂ, ਮੇਟਣ ਵਾਲਾ ਕੌਣ। 190 ।
ਉੱਠੀਂ ਮਿਰਜ਼ਿਆ ਸੁੱਤਿਆ, ਖੱਬੇ ਆਏ ਅਸਵਾਰ।
ਹੱਥੀਂ ਤੇਗ਼ਾਂ ਰੰਗਲੀਆਂ, ਕਰਦੇ ਮਾਰੋ ਮਾਰ।
ਮੇਰੇ ਬਾਬਲ ਵਰਗੀਆਂ ਘੋੜੀਆਂ, ਵੀਰ ਮੇਰੇ ਅਸਵਾਰ।
ਕੀ ਢੂੰਡਾਊ ਅਸਾਂ ਦੇ, ਕੀ ਕੋਈ ਮੀਰ-ਸ਼ਿਕਾਰ?
ਜੰਡ ਦੇ ਜੰਡੂਰਿਆ! ਤੂੰ ਹੀ ਕਰੀਂ ਨਿਆਉਂ। 195 ।
ਹੋਵੇਂ ਦੂਣਾ ਫਲੇਂ ਚੌਗੁਣਾ, ਤੇਰੀ ਮਹਿੰਦੀ ਮਾਣੇ ਛਾਉਂ।
ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਰੱਬ ਦੇ ਨਾਂ।
ਧੁਰ ਨਾ ਅਪੜੀ ਰੰਨ ਸਾਹਿਬਾਂ, ਮੇਰੀ ਵਿਚਾਲਿਓਂ ਟੁੱਟੀ ਲਾਂ।
ਜੇ ਨਾ ਸੀ ਤੋੜ ਨਿਭਾਉਣੀ, ਤੇਰੀ ਕਾਹਨੂੰ ਪਕੜੀ ਬਾਂਹ।
ਬਚਾਅ ਕਰੇਂਦੇ ਆਸ਼ਿਕਾ, ਨਾ ਅੱਗੇ ਮਿਲਣਾ ਤੈਨੂੰ ਥਾਂ। 200 ।