ਅਰਸ਼ੋਂ ਉਤਰੇ ਛੇ ਜਣੇ, ਛੀਏ ਭੈਣ ਭਰਾ।
‘ਦੁਲਦਲ’ ਲਈ ਸ਼ਾਹ ਅਲੀ ਨੇ, ਪਾਈ ਕਾਅਬੇ ਦੀ ਰਾਹ।
ਇਕ ਲਿਆ ਗੁੱਗੇ ਚੌਹਾਨ ਨੇ, ਬਾਗੜਾਂ ਦਿੱਤੀਆਂ ਢਾਹ।
ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲਈ ਛੁਡਾ ।
ਗਰਾੜ ਜੈਮਲ ਫੱਤੇ ਸੌਦਲ, ਬੇਟੀ ਨਾ ਦਿੱਤੀ ਵਿਆਹ। 205 ।
‘ਲੱਖੀ’ ਲੈ ਲਈ ਦੁੱਲੇ ਜਵਾਨ ਨੇ, ਮਾਰੇ ਅਕਬਰ ਦੀ ਰਾਹ।
‘ਕੱਕੀ’ ਘਰ ਸੁਲਤਾਨ ਦੇ, ਚਾਰੇ ਕੂੰਟਾਂ ਲਈਆਂ ਨਿਵਾ।
ਸਭਨਾਂ ਤੋਂ ਛੋਟੀ ਹੈ ‘ਬੱਕੀ’, ਚੱਲ ਕੇ ਆਈ ਮਿਰਜ਼ੇ ਦੇ ਪਾਸ।
ਮੂੰਹ ਕਢਿਆਲਾ ਜੱਟ ਨੇ ਦੇ ਲਿਆ, ਪੰਜੇ ਪੀਰ ਮਨਾ।
ਛਿੱਕ ਕੇ ਤੰਗ ਕੱਸਿਆ, ਲਏ ਨੇ ਸ਼ਗਨ ਮਨਾ। 210 ।
ਸਿਰ ਸਿਆਲਾਂ ਦੇ ਵੱਢ ਕੇ, ਦੇਵਾਂ ਜੰਡ ਚੜ੍ਹਾ।
ਬੱਕੀ ਬੇਲ ਪਰ ਬਹਿ ਕੇ, ‘ਬੱਕੀ’ ਨੂੰ ਲਾਜ ਨਾ ਲਾ।
ਸ਼ੇਰ ਵ ਕਲਿਆਰ ਭੌਂਕਦੇ, ਵੇਖ ਜਿਨ੍ਹਾਂ ਦੀ ਧੂੰ।
ਜਿਉਂ ਮੱਕਾ ਲੱਭਾ ਹਾਜੀਆਂ, ਮੈਨੂੰ ਲੱਭਾ ਤੂੰ।
ਸ਼ਹਿਰ ਸ਼ਿਆਲਾਂ ਦੇ ਆ ਲੱਗੇ, ਜਿਉਂ ਫੱਟਾਂ ਉੱਤੇ ਲੂਣ। 215 ।
ਤੇਗ਼ਾਂ ਮਾਰ ਉਡਾਉਣਗੇ, ਜਿਉਂ ਪੇਂਜਾ ਪਿੰਜਦਾ ਰੂੰ।
ਮਿਰਜ਼ਾ ਆਖੇ ਕੋਈ ਨਾ ਦੀਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਭੀ ਰਾਠ ਡਰੇ।
ਵਲ ਵਲ ਵੱਢ ਦੇਊਂ ਸੂਰਮੇ, ਜਿਉਂ ਖੇਤੀ ਨੂੰ ਪੈਣ ਗੜ੍ਹੇ।
ਸਿਰ ਸਿਆਲਾਂ ਦੇ ਵੱਢ ਕੇ, ਸੁੱਟਾਂਗਾ ਵਿੱਚ ਰੜ੍ਹੇ। 220 ।
ਇਹ ਥਾਂ ਵਕਤ ਢਲਦਾ, ਜਿਉਂ ਸੁਬਹ ਸੇ ਹੋਇ ਸ਼ਾਮ।
ਧਰਤੀ ਤਾਂਬਾ ਹੋ ਗਈ, ਸਿਆਹੀ ਫੜੀ ਅਸਮਾਨ।
ਘਰ ਬਿਗਾਨੇ ਮਾਰ ਕੇ, ਸੌਂ ਰਿਹਾ ਵਿੱਚ ਮੈਦਾਨ।
ਤੇਰੇ ਸਿਰ ਸਾਂਗਾਂ ਵਜਦੀਆਂ, ਜਿਉਂ ਲੋਹੇ ਪੜੇ ਧੰਗਾਨ।
ਚੰਧੜ ਢੁਕੇ ਜੰਨ ਬਣ ਕੇ, ਮਾਰੇ ਤੈਨੂੰ ਬਾਝ ਨਾ ਜਾਣ। 225 ।
ਛੇੜ ਬੱਕੀ ਚੱਲੀਏ ਦਾਨਾਬਾਦ, ਕਿਉਂ ਪਿਐ ਵਿੱਚ ਮੈਦਾਨ?
ਮੇਰੇ ਮਿਰਜ਼ੇ ਦੇ ਹੱਥੋਂ ਪਈਆਂ ਭਾਜੜਾ, ਅੰਬਰ ਕੋਈ ਨਾ ਪੈਂਦੀ ਠੱਲ।
ਰਾਣੀ ਮਹਿਲੀ ਤਿਡਾੰਲਣੀ, ਟੁਰ ਪਈ ਮਿਰਜ਼ੇ ਦੀ ਗੱਲ।
ਮੈਂ ਬੈਠਾਂ ਵਿੱਚ ਕਚਹਿਰੀਆਂ, ਰਾਜੇ ਹੁੰਦੇ ਮੇਰੀ ਵੱਲ।
ਮਾਰਾਂ ਰਾਹ ਲਾਹੌਰ ਦਾ, ਸ਼ਹਿਰੀਂ ਘੱਤਾਂ ਹਲਚਲ। 230 ।
ਚਾਰ ਕੂੰਨਾਂ ਲੁਟ ਲਈਆਂ, ਸਾਂਗਾਂ ਨਾਲ ਉੱਥਲ।
ਮਰਨਾ ਤੇ ਜੱਗ ਛੱਡਣਾ, ਮੇਰੀ ਜੱਗ ਵਿੱਚ ਰਹਿ ਜਾਇ ਗੱਲ।
ਚੰਧੜ ਸਿਆਲ ਚੜ੍ਹ ਪਏ, ਰਾਹੀਂ ਘੱਤ ਵਹੀਰ।
ਫੌਜਾਂ ਘੇਰਾ ਘੱਤਿਆ, ਕਰਕੇ ਬੜੀ ਤਦਬੀਰ।
ਕੜ ਕੜ ਚਲਣ ਗੋਲੀਆਂ, ਮਿਰਜ਼ੇ ਨੂੰ ਪੈਂਦੇ ਬਹੁਤੇ ਤੀਰ। 235 ।
ਉਹ ਸੁੱਤਾ ਨਹੀਂ ਜਾਗਦਾ, ਕਾਇਮ ਨਹੀਂ ਹੁੰਦਾ ਸਰੀਰ।
ਵੇਖ ਜੰਡੂਰੇ ਦੀ ਛੱਤਰੀ, ਸਿਰ ਪਰ ਬੋਲੇ ਕਾਂ।
ਟਾਂਗੂ ਵੱਜੇ ਮਲਕੁਲ ਮੌਤ ਦੇ, ਕਿਤੇ ਨਹੀਂ ਦੇਂਦੇ ਜਾਣ।
ਚੰਧੜ ਸਿਆਲ ਮਾਰਨਗੇ ਗੁੜੇ ਸੂਰਮੇ ਜਵਾਨ।
ਉਠੀਂ ਵੇ ਮਿਰਜ਼ਿਆ ਸੁੱਤਿਆ, ਕਿਉਂ ਪਿਆ ਬੜੇ ਗੁਮਾਨ? । 240 ।
ਘੋੜੀ ਆਉਂਦੀ ਵੀਰ ਸ਼ਮੀਰ ਦੀ, ਆਉਂਦੀ ਹੀ ਬੜੇ ਤਾਣ।
ਸੁੱਤਾ ਏਂ ਤੂੰ ਉੱਠ ਖੜ, ਜੇ ਰੱਬ ਰੱਖੇ ਸਿਦਕ ਈਮਾਨ।
ਮਿਰਜ਼ੇ ਆਉਂਦਾ ਵੇਖਿਆ, ਸਾਹਿਬਾਂ ਦਾ ਵੀਰ ਸ਼ਮੀਰ।
ਤੇ ਮਿਰਜ਼ੇ ਨੇ ਗੋਸ਼ੇ ਵਿੱਚੋਂ ਕੱਢਿਆ, ਕਰੜੇ ਨੁੱਕੇ ਦਾ ਤੀਰ।
ਕਰ ਬਿਸਮਿੱਲਾਹ ਮਾਰਿਆ, ਭੌਂਦਾ ਵਾਂਗ ਭੰਬੀਰ। 245 ।
ਘੋੜੀ ਉੱਤੋਂ ਲਾਹ ਲਿਆ, ਸਾਹਿਬਾਂ ਦਾ ਵੀਰ ਸ਼ਮੀਰ।
ਅੱਗੋਂ ਸਾਹਿਬਾਂ ਬੋਲਦੀ, ਮੰਨ ਮਿਰਜ਼ਿਆ! ਮੇਰੀ ਸਲਾਹ।
ਛੇੜ ਬੱਕੀ ਨੂੰ ਤੂੰ ਰਾਹ ਖਰਲਾਂ ਦੇ, ਲੈ ਚੱਲ ਦਾਨਾਬਾਦ।
ਸਿਆਲਾਂ ਦੀਆਂ ਘੋੜੀਆਂ ਆਦਮ-ਖਾਣੀਆਂ, ਨਿੱਤ ਰੋਕ ਲੈਂਦੀਆਂ ਰਾਹ।
ਜੇ ਤੂੰ ਮਿਰਜ਼ਾ ਸੂਰਮਾ! ਮੇਰੀ ਸਾਹਿਬਾਂ ਦੀ ਓੜ ਨਿਭਾਹ। 250 ।