“ਗੁੱਡ ਮਾਰਨਿੰਗ ਸਰ!”
ਉਹ ਚੌਂਕ ਗਏ। ਬਿਸਕੁਟ ਖਾਣ ਲਈ ਉੱਠਿਆ ਹੱਥ, ਜਿੱਥੇ ਸੀ ਉੱਥੇ ਹੀ ਰਹਿ ਗਿਆ, “ਮਾਰਨਿੰਗ!”
“ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ ਸਰ!” ਸਾਹਮਮੇ ਖਡ਼ਾ ਨੌਜਵਾਨ ਬੋਲਿਆ।
ਉਹਨਾਂ ਦੇਖਿਆ–ਦੋ ਸਟਾਰ ਲਾਈ ਤੇ ਹੱਥ ਵਿਚ ਕੈਪ ਫਡ਼ੀ ਇਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਖਡ਼ਾ ਹੈ। ਕੌਣ ਹੈ? ਦਿਮਾਗ ਉੱਤੇ ਜ਼ੋਰ ਪਾਇਆ, ਫਿਰ ਵੀ ਯਾਦ ਨਹੀਂ ਆਇਆ। ਉਹਨਾਂ ਦੀ ਨਿਗ੍ਹਾ ਫਿਰ ਤੋਂ ਉਠੀ, ਛੋਟੀ ਜਿਹੀ ਨੇਮ ਪਲੇਟ ਲੱਗੀ ਹੈ, ਕਮੀਜ ਦੀ ਜੇਬ ਉੱਤੇ–ਜੇ. ਐਸ. ਸਿੰਘ। ਪਰੰਤੂ ਫਿਰ ਵੀ ਕੁਝ ਯਾਦ ਨਹੀਂ ਆਇਆ।
“ਸਰ! ਜਦੋਂ ਛੋਟਾ ਸੀ, ਅਖਬਾਰ ਵੇਚਦਾ ਹੁੰਦਾ ਸੀ। ਮਾਂ ਕੰਮ ਕਰਨ ਆਉਂਦੀ ਸੀ ਤੁਹਾਡੇ ਘਰ…ਬਿਲਾਸਪੁਰ ਵਿਚ।”
“ਅੱਛਾ-ਅੱਛਾ, ਯਾਦ ਆਇਆ। ਬਹੁਤ ਵੱਡੇ ਹੋ ਗਏ। ਅੱਜ ਇੱਧਰ ਕਿਵੇਂ?” ਉਹ ਬੋਲੇ।
“ਮੈਂ ਪੁਲਿਸ ’ਚ ਆਂ ਤੇ ਮੇਰੀ ਬਦਲੀ ਇਸ ਸ਼ਹਿਰ ’ਚ ਹੋਈ ਐ।” ਨੌਜਵਾਨ ਉਤਸ਼ਾਹਿਤ ਹੁੰਦਾ ਬੋਲਿਆ।
“…ਤੇ ਤੇਰੀ ਮਾਂ?”
“ਗੁਜ਼ਰ ਗਈ ਸਰ!…ਬਹੁਤ ਪਹਿਲਾਂ। ਇਕੱਲਾ ਹਾਂ। ਯਾਦ ਹੈ ਸਰ, ਇਕ ਵਾਰ ਤੁਸੀਂ ਕਿਹਾ ਸੀ– ਅਖਬਾਰ ਵੇਚਣਾ ਛੱਡ, ਪਡ਼੍ਹਾਈ ਕਰ। ਆਦਮੀ ਬਣ ਜੇਂਗਾ। ਤੁਹਾਡੀ ਗੱਲ ਯਾਦ ਰੱਖੀ ਸਰ। ਅਖਬਾਰ ਵੀ ਵੇਚੇ, ਪਡ਼੍ਹਾਈ ਵੀ ਕੀਤੀ। ਹੁਣ ਪੁਲਿਸ ’ਚ ਇੰਸਪੈਕਟਰ ਹਾਂ। ਸਭ ਤੁਹਾਡਾ ਆਸ਼ੀਰਵਾਦ ਐ। ਤੁਹਾਡਾ ਪਤਾ ਲੱਗਾ ਕਿ ਇੱਥੇ ਓਂ ਤਾਂ ਆ ਗਿਆ, ਫਿਰ ਤੋਂ ਤੁਹਾਡਾ ਆਸ਼ੀਰਵਾਦ ਲੈਣ।” ਕਹਿੰਦਾ ਹੋਇਆ ਨੌਜਵਾਨ ਉਹਨਾਂ ਦੇ ਪੈਰਾਂ ਵਿਚ ਝੁਕ ਗਿਆ।
ਉਹਨਾਂ ਦਾ ਮਨ ਭਰ ਆਇਆ–ਕਾਸ਼! ਮੇਰਾ ਦਿਨੇਸ਼ ਵੀ ਅਜਿਹਾ ਹੀ ਨਿਕਲ ਜਾਂਦਾ। ਆਵਾਰਾਗਰਦੀ ਤੋਂ ਫੁਰਸਤ ਮਿਲੇ ਤਾਂ ਨਾ। ਤੇ ਹੌਲੀ-ਹੌਲੀ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋਣ ਲੱਗੀਆਂ।
–ਪਵਨ ਸ਼ਰਮਾ