ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ। ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ। ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ। ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ਉਸ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ, ਦਿਲ ਵਿਚ ਮਿਠਾਸ ਭਰ ਦੇਣ ਵਾਲਾ ਉਸ ਦਾ ਨਾਂ ਜਾਣਨਾ ਚਾਹੁੰਦਾ ਸੀ। ਪਰ ਨਹੀਂ, ਉਹ ਪਰੀ ਕੋਈ ਮੌਕਾ ਨਹੀਂ ਸੀ ਦੇ ਰਹੀ।
‘ਮੈਂ ਉਸ ਨੂੰ ਕਹਾਂਗਾ…’ ਇਹ ਵਾਕ ਕਿੰਨੀ ਵਾਰੀ ਦਲਜੀਤ ਦੇ ਹੋਠਾਂ ਉੱਤੇ ਆਇਆ ਤੇ ਇਕ ਅਨਹਦ ਜਿਹੀ ਝੁਨਕਾਰ ਦਾ ਸੰਚਾਰ ਕਰਦਾ ਚਲਾ ਗਿਆ। ‘ਬਿਜਲੀ ਦੀ ਲਿਸ਼ਕ’ ਇੱਧਰ-ਉੱਧਰ ਟਪੂੰ-ਟਪੂੰ ਕਰਦੀ ਫਿਰ ਰਹੀ ਸੀ। ਸਜੇ-ਸੰਵਰੇ ਵਾਲ, ਸੁਰਮਈ ਅੱਖਾਂ ਤੇ ਹੋਠਾਂ ਤੇ ਲਾਲੀ।
ਦਲਜੀਤ ਸੋਚ ਰਿਹਾ ਸੀ– ਕਿਸ ਖੁਸ਼ਕਿਸਮਤ ਦੇ ਘਰ ਦਾ ਸ਼ਿੰਗਾਰ ਬਣੀ ਹੋਵੇਗੀ ਇਹ? ਉਸ ਨੇ ਦਲਜੀਤ ਵੱਲ ਵੇਖਿਆ ਵੀ ਸੀ ਜਾਂ ਨਹੀਂ, ਪਰ ਇਕ ਮਿੱਠੇ-ਮਿੱਠੇ ਅਹਿਸਾਸ ਨੇ ਤਰਕਾਲਾਂ ਕਰ ਦਿੱਤੀਆਂ ਸਨ।
ਸੋਲ੍ਹਵੇਂ ਸਾਲ ਵਿਚ ਪੈਰ ਰੱਖ ਰਿਹਾ ਦਲਜੀਤ ਦਾ ਬੇਟਾ, ਜਿਹੜਾ ਸਵੇਰ ਦਾ ਪਤਾ ਨਹੀਂ ਕਿੱਥੇ ਰਿਹਾ ਸੀ, ਬਹੁਤ ਹੀ ਖੁਸ਼-ਖੁਸ਼ ਆਪਣੇ ਡੈਡੀ ਦੇ ਨੇੜੇ ਆਇਆ। ਪਹਿਲਾਂ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਫਿਰ ਬਹੁਤ ਹੀ ਸੁਭਾਵਕ ਲਹਿਜੇ ਵਿਚ ਕਹਿਣ ਲੱਗਾ, “ਡੈਡੀ ਜੀ, ਔਹ ਆਂਟੀ (ਉਸ ਦਾ ਇਸ਼ਾਰਾ ਉਸ ਪਰੀ ਵੱਲ ਸੀ) ਬਹੁਤ ਚੰਗੇ ਐ।”
ਦਲਜੀਤ ਤ੍ਰਭਕ ਗਿਆ ਸੀ। ਪਰ ਪ੍ਰੋੜ੍ਹ ਉਮਰ ਨੇ ਚਿਹਰੇ ਉੱਤੇ ਇਸ ਮਾਨਸਕ ਖਲਲ ਨੂੰ ਸਪਸ਼ਟ ਨਹੀਂ ਸੀ ਹੋਣ ਦਿੱਤਾ।
ਮੁੰਡਾ ਕਹਿੰਦਾ ਚਲਾ ਗਿਆ, “ਆਂਟੀ ਦਾ ਨਾਂ ਪੂਨਮ ਐ। ਗਿੱਧੇ ਵੇਲੇ ਉਹ ਮੇਰਾ ਹੱਥ ਫੜ ਕੇ ਨੱਚੇ ਵੀ ਸੀ।”
ਦਲਜੀਤ ਨੇ ਮੁੰਡੇ ਦੇ ਚਿਹਰੇ ਵੱਲ ਦੇਖਿਆ, ਜਿਸ ਉੱਤੇ ਲਾਲੀ ਫੈਲ ਗਈ ਸੀ। ਮੁੰਡੇ ਦਾ ਕੱਦ-ਕਾਠ ਉਸ ਨੂੰ ਆਪਣੇ ਤੋਂ ਤਕੜਾ ਤੇ ਉੱਚਾ ਜਾਪਿਆ, ਜਿਹੜਾ ਕਿ ਹੁਣੇ-ਹੁਣੇ ਹੀ ਹੋ ਗਿਆ ਹੋਵੇ।
ਉਸ ਨੇ ਆਪਣੀ ਗਰਦਨ ਦੂਜੇ ਪਾਸੇ ਘੁਮਾ ਲਈ ਤੇ ਆਪਣੇ ਅੰਦਰਲੇ ਸ਼ਬਦਾਂ ਨੂੰ ਅੰਦਰੋਂ-ਅੰਦਰ ਹੀ ਵਾਪਸ ਲੈ ਲਿਆ ।
–ਬਿਕਰਮਜੀਤ ਨੂਰ