ਝੋਨੇ ਦੀ ਸਾਂਭ-ਸੰਭਾਲ ਪਿੱਛੋਂ ਅਰਜਨ ਸਿੰਘ ਨੇ ਆੜ੍ਹਤੀ ਬਿਸ਼ੇਸ਼ਰ ਮੱਲ ਨੂੰ ਆਣ ਫ਼ਤਹਿ ਬੁਲਾਈ। ਬਿਸ਼ੇਸ਼ਰ ਮੱਲ ਨੇ ਅਰਜਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਆਪਣੇ ਕਰਿੰਦੇ ਨੂੰ ਪਾਣੀ ਪਿਆਉਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਅਰਜਨ ਸਿੰਘ ਕੋਈ ਗੱਲ ਕਰਦਾ, ਆੜਤੀ ਉਲ੍ਹਾਮੇ ਜਿਹੇ ਨਾਲ ਬੋਲਿਆ, “ਵੇਖ ਲਾ ਭਾਊ, ਐਤਕੀਂ ਵੀ ਤੇਰੇ ਭਤੀਜੇ ਨੇ ਦੂਸਰੀ ਆੜ੍ਹਤ ਤੇ ਝੋਨਾ ਸੁੱਟਿਐ। ਇਹ ਕੋਈ ਚੰਗੀ ਗੱਲ ਤਾਂ ਨਹੀਂ ਨਾ ਸਰਦਾਰ ਜੀ। ਤੁਹਾਡੇ ਕਰਕੇ ਈ ਤਾਂ ਉਹਦਾ ਲਿਹਾਜ ਕਰ ਰਿਹੈਂ, ਪਿਛਲਾ ਹਿਸਾਬ-ਕਤਾਬ ਅਜੇ ਖੜੈ…।”
“ਕੋਈ ਨ੍ਹੀਂ ਸ਼ਾਹ ਜੀ, ਆ ਜਾਣਗੇ ਪੈਸੇ ਪਰਸੋਂ ਤੀਕ, ਉਹਨੂੰ ਸਾਰੀ ਰਕਮ ਮਿਲ ਜਾਣੀ ਐ ਵੱਟਕ ਦੀ। ਮੇਰਾ ਹਿਸਾਬ-ਕਿਤਾਬ ਬਣਾਇਐ? ਘਰ ਵਾਲੀ ਜਿੱਦ ਕਰੀ ਬੈਠੀ ਆ ਕਿ ਕੁੜੀ ਤੋਰਨ ਲੱਗਿਆਂ ਨਿੱਕ-ਸੁੱਕ ਜਿਹਾ ਬਣਾ ਕੇ ਦੇਣੈ।”
“ਐਹ ਲਓ ਪਰਚੀ, ਹਿਸਾਬ ਬਣਾਇਆ ਪਿਆ, ਪਿਛਲਾ ਹੱਥ-ਹੁਦਾਰ ਤੇ ਵਿਆਜ ਪਾ ਕੇ ਜੋ ਬਚਦੈ ਹੱਥੀ-ਬੱਧੀ ਦੇਣੈ।”
ਅਰਜਨ ਸਿੰਘ ਨੇ ਸਰਸਰੀ ਜਿਹੀ ਨਜ਼ਰ ਪਰਚੀ ਉੱਤੇ ਮਾਰੀ ਤਾਂ ਉਹਦੇ ਚਿਹਰੇ ਉੱਪਰ ਰੌਣਕ ਆ ਗਈ। ਉਸ ਨੂੰ ਐਨੀ ਰਕਮ ਬਚਣ ਦੀ ਆਸ ਨਹੀਂ ਸੀ।
“ਸੇਠ ਜੀ ਆਹ ਲਓ ਪਰਚੀ ਤੇ ਪੰਜ ਕੁ ਹਜ਼ਾਰ ਦਿਓ ਹੁਣ ਤੇ ਬਾਕੀ ਹਫ਼ਤੇ ਪੰਦਰਾਂ ਦਿਨਾਂ ਤੀਕ ਕਰ ਦਿਉ। ਲੈਣ ਦੇਣ ਕਰਕੇ ਸੁਰਖਰੂ ਹੋਈਏ।”
“ਐਹ ਲਓ ਪੰਜ ਹਜ਼ਾਰ ਤੇ ਬਾਕੀ ਦੇ ਪੈਸਿਆਂ ਦੀ ਤਰੀਕ ਲਿਖ ਦਿੱਤੀ ਐ। ਤਿੰਨ ਕੁ ਮਹੀਨੇ ਤੀਕ…।”
“ਤਰੀਕ!…ਕਾਹਦੀ ਤਰੀਕ? ਦੇਣਦਾਰਾਂ ਨੂੰ ਲਾਰਾ ਲਾਇਐ ਕਿ ਝੋਨੇ ’ਤੇ ਨਿਬੇੜਾ ਕਰ ਦਿਆਂਗਾ। ਫਿਰ ਘਰ ਦਾ ਖਰਚਾ ਵੀ ਇਸੇ ਤੋਂ ਤੋਰਨਾ ਹੋਇਆ… ਤੇ ਤੁਸੀਂ ਤਿੰਨ ਮਹੀਨੇ ਦੀ ਤਰੀਕ ਦੇ ਰਹੇ ਓ!”
“ਐਨੀ ਜਲਦੀ ਤਾਂ ਮੁਸ਼ਕਲ ਐ ਫਿਰ…।”
“ਸੋਚ ਲਓ ਸ਼ਾਹ ਜੀ, ਰਣਜੀਤ ਹੁਰੀਂ ਅਗਾਊ ਪੈਸੇ ਦੇਣ ਦਾ ਕਹਿੰਦੇ ਐ ਤੇ ਫਸਲ ਦੀ ਬਚਦੀ ਰਕਮ ਮਹੀਨੇ ਵਿਚ ਦੇਣ ਦਾ ਵਾਇਦਾ। ਦੇਰੀ ਹੋਣ ਤੇ ਵਿਆਜ ਵੀ ਦੇਣਗੇ। ਅੱਗੋਂ ਤੁਸੀਂ ਸਿਆਣੇ ਓਂ…ਕਿਤੇ ਭਤੀਜੇ ਆਂਗੂੰ ਉਸੇ ਆੜ੍ਹਤ ਤੇ…।”
ਅਰਜਨ ਸਿੰਘ ਦੇ ਚਿਹਰੇ ਤੇ ਫੈਲੀ ਦ੍ਰਿੜਤਾ ਵੇਖ ਬਿਸ਼ੇਸ਼ਰ ਮੱਲ ਤਿਲਮਿਲਾਇਆ। ਆਪਣੇ ਪਿਤਾ ਦੇ ਬੋਲ ਕਿ ਜਿਮੀਂਦਾਰਾਂ ਦੇ ਸਿਰ ਤੇ ਹੀ ਇਹ ਠਾਠ-ਬਾਠ ਨੇ, ਇਨ੍ਹਾਂ ਨੂੰ ਹਰ ਹੀਲੇ ਕੀਲ ਕੇ ਰੱਖਣ ਨਾਲ ਹੀ ਇੱਜ਼ਤ ਕਾਇਮ ਰਹਿੰਦੀ ਏ, ਉਹਦੇ ਕੰਨਾਂ ਵਿਚ ਗੂੰਜੇ। ਉਹ ਹੱਸਦਾ ਹੋਇਆ ਬੋਲਿਆ, “ਸਰਦਾਰ ਜੀ, ਆਪਾਂ ਕਿਤੇ ਪੈਸਿਆਂ ਨਾਲ ਵਰਤਣੈ…ਪੰਦਰਾਂ ਦਿਨਾਂ ਨੂੰ ਆਪਣੀ ਰਕਮ ਲੈ ਜਾਣੀ ਤੇ ਕਣਕ ਬੀਜਣ ਵਾਸਤੇ ਜਿੰਨੀਆਂ ਬੋਰੀਆਂ ਚਾਹੀਦੀਆਂ ਹੋਣ, ਉਹ ਵੀ। ਹਿਸਾਬ ਹਾੜੀ ਤੇ ਕਰ ਲਵਾਂਗੇ।”
ਅਰਜਨ ਸਿੰਘ ਨੇ ਪੰਜ ਹਜ਼ਾਰ ਦੀ ਗੱਠੀ ਹੇਠਲੀ ਜੇਬ ਵਿਚ ਪਾਈ ਤੇ ਪੰਦਰਾਂ ਦਿਨਾਂ ਦਾ ਇਕਰਾਰ ਲੈ ਮੁਸਕਰਾਂਦਾ ਹੋਇਆ ਥੜ੍ਹੇ ਤੋਂ ਹੇਠਾਂ ਉਤਰ ਆਇਆ।
–ਹਰਭਜਨ ਖੇਮਕਰਨੀ