ਰਾਜੇ ਨੇ ਆਪਣੇ ਮਤਹਿਤਾਂ ਨੂੰ ਬੁਲਾ ਕੇ ਕਿਹਾ, “ਮੇਰੇ ਬਜ਼ੁਰਗ ਤੇ ਮੈਂ ਹਰ ਸਾਲ ਖਜ਼ਾਨੇ ਵਿੱਚੋਂ ਕਾਫੀ ਰਕਮ ਗਰੀਬਾਂ ਅਤੇ ਪਿਛੜੇ ਇਲਾਕੇ ਦੇ ਲੋਕਾਂ ਦੇ ਕਲਿਆਣ ਲਈ ਦਿੰਦੇ ਆਏ ਹਾਂ। ਮੈਂ ਇਕ ਦਿਨ ਪਿਛੜੇ ਇਲਾਕੇ ਵਿਚ ਜਾ ਕੇ ਦੇਖਣਾ ਚਾਹੁਂਦਾ ਹਾਂ ਕਿ ਤੁਸੀਂ ਅੱਜ ਤਕ ਕੀ ਕੀਤਾ ਹੈ।”
ਮਤਹਿਤਾਂ ਵਿਚ ਘਬਰਾਹਟ ਫੈਲ ਗਈ। ਪਰੇਸ਼ਾਨ ਹੋ ਕੇ ਸਲਾਹ-ਮਸ਼ਵਰਾ ਕਰਨ ਲੱਗੇ। ਸੋਚਣ ਲੱਗੇ–‘ਬੜਾ ਸਨਕੀ ਰਾਜਾ ਹੈ। ਅੱਜ ਤਕ ਇਸ ਦੇ ਪਿਓ-ਦਾਦਾ ਨਹੀਂ ਗਏ। ਹੁਣ ਇਹ ਜਾਵੇਗਾ ਪਿਛੜੇ ਇਲਾਕਿਆਂ ਵਿਚ!’
ਰਾਜਾ ਨਿਰਧਾਰਤ ਦਿਨ ਉੱਤੇ ਆਪਣੇ ਮਤਿਹਤਾਂ ਨਾਲ ਇਕ ਪਿੰਡ ਵਿਚ ਜਾ ਪਹੁੰਚਿਆ। ਉਹ ਲੋਕਾਂ ਨੂੰ ਦੇਖ ਕੇ ਖੁਸ਼ ਹੋਇਆ ਕਿ ਸਭਨਾਂ ਨੇ ਸਾਫ-ਸੁਥਰੇ ਕਪੜੇ ਪਾਏ ਹੋਏ ਸਨ। ਪਿਡ ਵਿਚ ਪੱਕੀਆਂ ਸੜਕਾਂ ਸਨ। ਬਿਜਲੀ ਸੀ। ਸਕੂਲ ਸੀ। ਰਾਜਾ ਖੁਸ਼ ਹੋਇਆ ਕਿ ਉਸ ਦੇ ਰਾਜ ਵਿਚ ਸਭ ਖੁਸ਼ਹਾਲ ਹਨ।
ਤਦੇ ਰਾਜਾ ਨੇ ਆਪਣੇਪਣ ਨਾਲ ਪੁੱਛਿਆ, “ਤੁਹਾਨੂੰ ਕੋਈ ਤਕਲੀਫ ਹੋਵੇ ਤਾਂ ਦੱਸੋ?”
ਡਰੀਆਂ ਹੋਈਆਂ ਨਜ਼ਰਾਂ ਨਾਲ ਸਾਰਿਆਂ ਨੇ ਮਤਹਿਤਾਂ ਦੀਆਂ ਘੂਰਦੀਆਂ ਅੱਖਾਂ ਵੱਲ ਦੇਖਿਆ ਤੇ ਸਹਿਮ ਗਏ।
“ਤੁਸੀਂ ਦੱਸੋ ਬਜ਼ਰਗੋ, ਕੀ ਤਕਲੀਫ ਹੈ ਤੁਹਾਨੂੰ?” ਰਾਜਾ ਨੇ ਇਕ ਬੁੱਢੇ ਦੇ ਮੋਢੇ ਉੱਤੇ ਹੱਥ ਰਖਦਿਆਂ ਪੁੱਛਿਆ।
“ਸਰਕਾਰ! ਇਹ ਦੋ-ਤਿੰਨ ਦਿਨ ਪਹਿਲਾਂ ਬਿਜਲੀ ਦੇ ਖੰਬੇ ਲੱਗੇ ਨੇ, ਬਸ ਹੁਣ ਕਨੈਕਸ਼ਨ ਮਿਲ ਜਾਵੇ ਤਾਂ ਪਿੰਡ ਵਿਚ ਰੋਸ਼ਨੀ ਹੋ ਜੂਗੀ।” ਕੰਬਦੀ ਆਵਾਜ਼ ਵਿਚ ਬਜ਼ੁਰਗ ਨੇ ਕਿਹਾ ਤਾਂ ਰਾਜਾ ਦੇ ਮੱਥੇ ਉੱਤੇ ਵੱਟ ਪੈ ਗਏ ਤੇ ਮਤਹਿਤਾਂ ਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾ ਉੱਭਰ ਆਈਆਂ।
ਫਿਰ ਰਾਜਾ ਨੇ ਇਕ ਬੁੱਢੀ ਔਰਤ ਨੂੰ ਪੁੱਛਿਆ, “ ਤੂੰ ਦੱਸ ਅੰਮਾਂ, ਤੂੰ ਕੀ ਚਾਹੁੰਦੀ ਐਂ?”
“ਸਾਰੇ ਪਿੰਡ ਨੂੰ ਜੋ ਇਹ ਕਪੜੇ ਵੰਡੇ ਗਏ ਨੇ, ਕਹਿੰਦੇ ਐ ਤੇਰੇ ਜਾਣ ਤੋਂ ਬਾਦ ਲੁਹਾ ਲੈਣਗੇ। ਅਸੀਂ ਬੁੱਢੇ ਤੇ ਬੱਚੇ ਤਾਂ ਬਿਨਾ ਕਪੜਿਆਂ ਤੋਂ ਰਹਿ ਲਾਂਗੇ। ਸਾਨੂੰ ਤਾਂ ਆਦਤ ਪੈ ਗੀ ਐ। ਪਰ ਪਿੰਡ ਦੀਆਂ ਜਵਾਨ ਨੂੰਹਾਂ-ਧੀਆਂ ਦੇ ਕਪੜੇ ਨਾ ਲੁਹਾਉਣਾ, ਉਹਨਾਂ ਨੂੰ ਨੰਗੀਆਂ ਨਾ ਕਰ ਦੇਣਾ, ਮਾਲਕ। ਇਹੀ ਬੇਨਤੀ ਐ ਸਰਕਾਰ!”
ਬਜ਼ੁਰਗ ਔਰਤ ਦੀ ਪੂਰੀ ਗੱਲ ਸੁਣਕੇ ਰਾਜਾ ਰੋਣ-ਹਾਕਾ ਹੋ ਗਿਆ। ਦੁਖੀ ਹੋਇਆ ਹੋਲੀ ਜਿਹੇ ਬੋਲਿਆ, “ ਮੈਂ ਕਿਸੇ ਨੂੰ ਕੀ ਨੰਗਾ ਕਰਾਂਗਾ ਅੰਮਾਂ, ਮੈਂ ਤਾ ਆਪ ਹੀ ਨੰਗਾ ਹੋ ਗਿਆ ਹਾਂ।”
–ਸੁਰੇਸ਼ ਸ਼ਰਮਾ