ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ,
ਗਰੀਬ, ਮਾਸੂਮਾਂ ਦੀ ਖੋਂਹਦੇ ਛੱਤ ਹਾਂ,
ਰਾਵਣ ਨੇ ਨਾ-ਸਮਝੀ ਵਿੱਚ ਸਭ ਕੀਤਾ ਸੀ,
ਅਸੀਂ ਸੋਚ-ਸਮਝਕੇ ਕਰਦੇ ਅੱਤ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ |
ਅਸੀਂ ਵੀ ਤਾਂ ਉਸ ਵਾਂਗਰ ਪੌਣ ਨੂੰ ਬੰਨ੍ਹਕੇ ਰੱਖਿਆ ਹੈ,
ਅੱਗ ਬਣਾਈ ਹੈ ਗ਼ੁਲਾਮ ਜੀਵ ਖਾਣ ਲਈ ਭੱਖਿਆ ਹੈ,
ਰੋਜ਼ ਕਿਸੇ ਨਾ ਕਿਸੇ ਦੇ ਦਿਲ ਤੇ,
ਗੁੱਝੀ ਮਾਰਦੇ ਸੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ |
ਪਾਣੀ ਦਾ ਅਸੀਂ ਨਾਸ਼ ਹਾਂ ਕਰਦੇ ਉਹ ਕਰਦਾ ਸੀ ਪੂਜਾ,
ਡਰਕੇ ਮੌਤ ਸੀ ਪਾਵੇ ਬੰਨ੍ਹੀ ਤੈਨੂੰ ਨਾ ਡਰ ਕੋਈ ਦੂਜਾ,
ਖੁਸ਼ ਕਿਸੇ ਨੂੰ ਹੁੰਦਾ ਦੇਖ ਕੇ,
ਮੱਥੇ ਤੇ ਪਾਉਂਦੇ ਵੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ |
ਇੱਕ ਰਾਵਣ ਨੇ ਸੀਤਾ ਹਰ ਲਈ ਰੱਖੀ ਸੀ ਉਸ ਤੇ ਅੱਖ,
ਤੇ ਸਾਡੀਆਂ ਦੋਵੇਂ ਅੱਖਾਂ ਤੱਕਣ ਇੱਥੇ ਕਈ-ਕਈ ਲੱਖ,
ਥੋੜ੍ਹੇ ਦਿਨਾਂ ਦੀ ਜ਼ਿੰਦਗੀ ਵਿੱਚੋਂ ਯਸ਼ੂ,
ਕੀ ਲਵਾਂਗੇ ਖੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ |